ਦੇਸ਼ ਵਿੱਚ ਪੈ ਰਹੇ ਧਮੱਚੜ ਦੇ ਹੁੰਦਿਆਂ ਖੱਬੇ ਪੱਖੀਆਂ ਲਈ ਨਵੇਂ ਸਿਰਿਓਂ ਸੋਚਣ ਦਾ ਮੌਕਾ - ਜਤਿੰਦਰ ਪਨੂੰ
ਤੁਸੀਂ ਕਿਸੇ ਦਾ ਵੀ ਨੁਕਸ ਕੱਢਣ ਲਈ ਆਜ਼ਾਦ ਹੁੰਦੇ ਹੋ, ਪਰ ਜਿਨ੍ਹਾਂ ਨਾਲ ਕੋਈ ਚਿਰਾਂ ਤੱਕ ਦੀ ਸਾਂਝ ਹੋਵੇ, ਉਨ੍ਹਾਂ ਬਾਰੇ ਮਾਮੂਲੀ ਜਿਹੀ ਗੱਲ ਵੀ ਸੌ ਵਾਰੀ ਸੋਚ ਕੇ ਕਰਨੀ ਪੈਂਦੀ ਹੈ। ਇਹ ਧਰਮ ਸੰਕਟ ਮੇਰੇ ਪੱਲੇ ਵੀ ਹੈ। ਸਿਹਤ ਵਿਗੜ ਜਾਣ ਤੋਂ ਪਹਿਲਾਂ ਜਦੋਂ 'ਛੀਉੜੰਬਾ' ਦਾ ਕਾਲਮ ਲਿਖਦਾ ਹੁੰਦਾ ਸਾਂ ਤਾਂ ਕਦੇ-ਕਦੇ ਕਮਿਊਨਿਸਟਾਂ ਬਾਰੇ 'ਮਿੱਠੀ ਮਸ਼ਕਰੀ' ਭਾਵੇਂ ਕਰ ਜਾਂਦਾ ਹੁੰਦਾ ਸਾਂ, ਉਂਜ ਮੈਂ ਕਮਿਊਨਿਸਟਾਂ ਦੇ ਖਿਲਾਫ ਕਦੇ ਇਸ ਵਾਸਤੇ ਨਹੀਂ ਸੀ ਲਿਖਿਆ ਕਿ ਇਨ੍ਹਾਂ ਦਾ ਰਾਹ ਕਿਸੇ ਵਕਤ ਥਿੜਕਣ ਵਾਲਾ ਹੋ ਸਕਦਾ ਹੈ, ਲੀਡਰਾਂ ਦੇ ਨੁਕਸ ਕੱਢੇ ਜਾ ਸਕਦੇ ਹਨ, ਪਰ ਜਿਸ ਸੋਚ ਲਈ ਪ੍ਰਣਾਏ ਹਨ, ਉਸ ਦਾ ਬੁਨਿਆਦੀ ਸਿਧਾਂਤ ਮਨੁੱਖਵਾਦੀ ਹੈ ਤੇ ਉਸ ਵਿੱਚ ਨੁਕਸ ਨਹੀਂ। ਥਿੜਕਣ ਦੇ ਬਾਵਜੂਦ ਉਹ ਇੱਕੋ-ਇੱਕ ਰਾਹ ਏਦਾਂ ਦਾ ਜਾਪਦਾ ਸੀ, ਤੇ ਹੁਣ ਵੀ ਜਾਪਦਾ ਹੈ, ਜਿਹੜਾ ਲੁੱਟ ਤੋਂ ਰਹਿਤ ਸਰਬ ਸਾਂਝਾ ਸਮਾਜ ਸਿਰਜਣ ਦਾ ਸੰਕਲਪ ਲੈ ਕੇ ਚੱਲਦਾ ਹੈ। ਅਧਿਆਤਮਵਾਦੀ ਵਿਚਾਰਕਾਂ ਅਤੇ ਗੁਰੂ ਸਾਹਿਬਾਨ ਨੇ ਵੀ 'ਸਭੇ ਸਾਝੀਵਾਲ ਸਦਾਇਨਿ' ਦੇ ਸੰਦੇਸ਼ ਵਿੱਚ ਏਸੇ ਸਰਬ ਸਾਂਝੇ ਸਮਾਜ ਦਾ ਸੰਕਲਪ ਪੇਸ਼ ਕੀਤਾ ਸੀ। ਖੱਬੇ ਪੱਖੀ ਰਾਜਨੀਤੀ ਧਰਮ ਤੋਂ ਫਾਸਲਾ ਪਾ ਕੇ ਚੱਲਦੀ ਹੈ, ਪਰ ਸੁਫਨਾ ਸਾਂਝੀਵਾਲਤਾ ਹੀ ਹੈ। ਇਸ ਲਈ ਮੂਲ ਰੂਪ ਵਿੱਚ ਮਨੁੱਖਵਾਦੀ ਹਨ।
ਇਸ ਵਾਰੀ ਲਿਖਣ ਲਈ ਜਦੋਂ ਕਲਮ ਚੁੱਕੀ ਤਾਂ ਬਹੁਤ ਵਾਰੀ ਇਹ ਸੋਚਿਆ ਕਿ ਖੱਬੇ ਪੱਖੀਆਂ ਨੂੰ ਲਿਖਤ ਦੀ ਭਾਵਨਾ ਸਮਝ ਆਉਣੀ ਚਾਹੀਦੀ ਹੈ, ਆਪਣੇ ਪਿਛੋਕੜ ਉੱਤੇ ਝਾਤ ਮਾਰਨ ਦਾ ਚੇਤਾ ਆਉਣਾ ਚਾਹੀਦਾ ਹੈ, ਤੇ ਉਨ੍ਹਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਨ੍ਹਾਂ ਨੂੰ ਚਿੜਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਾਨੂੰ ਇਹ ਲਿਖਤ ਇਸ ਵਕਤ ਦਿੱਲੀ ਵਿੱਚ ਪੈ ਰਹੇ ਉਸ ਧਮੱਚੜ ਦੇ ਕਾਰਨ ਲਿਖਣੀ ਪੈ ਰਹੀ ਹੈ, ਜਿਸ ਦਾ ਨਿਸ਼ਾਨਾ ਖੱਬੇ ਪੱਖੀਏ ਹਨ।
ਭਾਰਤ ਦੀ ਪਾਰਲੀਮੈਂਟ ਵਿੱਚ ਹਾਕਮ ਧਿਰ ਇਹ ਕਹਿਣ ਲੱਗ ਗਈ ਹੈ ਕਿ ਖੱਬੇ ਪੱਖ ਇਸ ਦੇਸ਼ ਦੀ ਤਰੱਕੀ ਦਾ ਰਾਹ ਰੋਕਣ ਵਾਲੇ 'ਪ੍ਰੇਤ' ਹਨ। ਇਹ ਦਿਨ ਵੀ ਆਉਣੇ ਸਨ! ਜਿਸ ਦੇਸ਼ ਲਈ ਕਿਸੇ ਵੀ ਹੋਰ ਤੋਂ ਅੱਗੇ ਖੜੇ ਹੋ ਕੇ ਖੱਬੇ ਪੱਖੀਆਂ ਨੇ ਕੁਰਬਾਨੀਆਂ ਦਿੱਤੀਆਂ ਸਨ, ਉਸ ਦੇਸ਼ ਵਿੱਚ ਇਹ ਦਿਨ ਆਉਣੇ ਸਨ ਕਿ ਖੱਬੇ ਪੱਖੀਆਂ ਲਈ ਪ੍ਰੇਤ ਸ਼ਬਦ ਵਰਤਿਆ ਜਾਵੇ। ਕਹਿਣ ਵਾਲੇ ਆਗੂ 'ਸਾਮ, ਦਾਮ, ਦੰਡ, ਭੇਦ' ਹਰ ਗੱਲ ਦਾ ਸਹਾਰਾ ਲੈਂਦੇ ਹਨ। ਫਿਰਕੂ ਸੋਚ ਅਧੀਨ ਘੜੀਆਂ ਗਈਆਂ ਘਾੜਤਾਂ ਏਨੀਆਂ ਜ਼ੋਰਦਾਰ ਬਣਾ ਕੇ ਪੇਸ਼ ਕੀਤੀਆਂ ਜਾ ਰਹੀਆਂ ਹਨ ਕਿ ਸਾਡੇ ਵਰਗੇ ਲੋਕਾਂ ਨੂੰ ਵੀ ਵਕਤੀ ਤੌਰ ਉੱਤੇ ਉਹ ਸੱਚ ਜਾਪਣ ਲੱਗਦੀਆਂ ਹਨ। ਕਨ੍ਹਈਆ ਕੁਮਾਰ ਹੋਵੇ ਜਾਂ ਉਮਰ ਖਾਲਿਦ, ਜਾਂ ਫਿਰ ਰੋਹਿਤ ਵੇਮੁਲਾ, ਇਨ੍ਹਾਂ ਸਭਨਾਂ ਨੂੰ ਇਸ ਤਰ੍ਹਾਂ ਦੇਸ਼ ਧਰੋਹੀ ਬਣਾ ਕੇ ਪੇਸ਼ ਕੀਤਾ ਜਾਣ ਲੱਗਾ ਹੈ ਕਿ ਬਚਪਨ ਵਿੱਚ ਸੁਣੀ ਮੇਮਣਾ ਲਈ ਜਾਂਦੇ ਬੱਚੇ ਵਾਲੀ ਕਹਾਣੀ ਯਾਦ ਆਉਂਦੀ ਹੈ, ਜਿਸ ਨੂੰ ਚਾਰ ਜਣਿਆਂ ਨੇ ਵਾਰੀ-ਵਾਰੀ ਇਹੋ ਕਿਹਾ ਕਿ ਉਸ ਕੋਲ ਮੇਮਣਾ ਨਹੀਂ, ਕੁੱਤਾ ਹੈ, ਤੇ ਉਹ ਮੇਮਣੇ ਨੂੰ ਕੁੱਤਾ ਸਮਝ ਕੇ ਸੁੱਟ ਗਿਆ ਸੀ। ਅਸੀਂ ਕਈ ਵਾਰੀ ਇਸ ਤਰ੍ਹਾਂ ਦੀ ਚੁਸਤ ਚਾਲ ਤੋਂ ਭੁਲੇਖਾ ਖਾਧਾ ਹੈ, ਸ਼ਾਇਦ ਅੱਗੋਂ ਵੀ ਖਾ ਸਕਦੇ ਹਾਂ, ਕਿਉਂਕਿ ਜਿਹੜੇ ਰਾਹ-ਦਿਖਾਵੇ ਬਣ ਸਕਦੇ ਹਨ, ਉਹ ਦਬਾਅ ਹੇਠ ਵੀ ਹਨ ਤੇ ਆਪੋ ਵਿੱਚ ਵੰਡੇ ਹੋਏ ਹੋਣ ਕਾਰਨ ਗੋਇਬਲਜ਼ ਨਾਲੋਂ ਵੱਧ ਬੋਲੇ ਜਾਂਦੇ ਝੂਠ ਦਾ ਇੱਕ-ਸੁਰ ਹੋ ਕੇ ਮੁਕਾਬਲਾ ਕਰਨ ਦੀ ਸਮਰੱਥਾ ਵੀ ਅਜੇ ਤੱਕ ਪੈਦਾ ਨਹੀਂ ਕਰ ਸਕੇ।
ਕਦੇ ਖੱਬੇ ਪੱਖੀ ਇਸ ਦੇਸ਼ ਵਿੱਚ ਇੱਕ ਵੱਡੀ ਸਿਆਸੀ ਤਾਕਤ ਹੁੰਦੇ ਸਨ। ਫਿਰ ਇਹ ਪੱਛੜ ਗਏ। ਆਖਰ ਨੂੰ ਇਹ ਦਿਨ ਆ ਗਏ, ਜਦੋਂ ਪਾਰਲੀਮੈਂਟ ਵਿੱਚ ਹਾਕਮ ਧਿਰ ਉਨ੍ਹਾਂ ਨੂੰ ਪ੍ਰੇਤ ਕਹਿਣ ਤੱਕ ਪਹੁੰਚ ਗਈ, ਪਰ ਇਹੋ ਜਿਹੇ ਦਿਨ ਆਉਣ ਵਿੱਚ ਕਿਸੇ ਵੀ ਹੋਰ ਤੋਂ ਵੱਧ ਯੋਗਦਾਨ ਖੱਬੇ ਪੱਖੀਆਂ ਦਾ ਆਪਣਾ ਹੈ। ਮਾਮੂਲੀ ਗੱਲਾਂ ਤੋਂ ਫੁੱਟ ਪੈ ਗਈ ਤਾਂ ਖੱਬੇ-ਪੱਖੀਏ ਆਪੋ ਵਿੱਚ ਇੱਕ ਦੂਜੇ ਨੂੰ 'ਖੱਬੂ' ਅਤੇ 'ਸੱਜੂ' ਕਹਿ ਕੇ ਪੁਕਾਰਨ ਲੱਗ ਪਏ। ਇੱਕ ਵਾਰ ਇਹ ਖੇਡ ਸ਼ੁਰੂ ਹੋਈ ਤਾਂ 'ਸੋਧਵਾਦੀਏ' ਅਤੇ 'ਨਵ-ਸੋਧਵਾਦੀਏ' ਸਮੇਤ ਬਹੁਤ ਸਾਰੇ ਸ਼ਬਦ ਇਨ੍ਹਾਂ ਖੱਬੇ ਪੱਖੀਆਂ ਨੇ ਪੰਜਾਬੀ ਭਾਸ਼ਾ ਨੂੰ 'ਅਮੀਰ' ਕਰਨ ਲਈ ਦੇ ਦਿੱਤੇ। ਸਾਂਝੇ ਦੁਸ਼ਮਣ ਸਰਮਾਏਦਾਰ ਨਾਲ ਲੜਨ ਦੀ ਥਾਂ ਆਪੋ ਵਿੱਚ ਇਸ ਤਰ੍ਹਾਂ ਦਾ ਆਢਾ ਲਾ ਲਿਆ ਕਿ ਕਈ ਸਾਲਾਂ ਤੱਕ ਇੱਕ ਦੂਸਰੇ ਦੇ ਨਾਂਅ ਨਾਲ 'ਕਾਮਰੇਡ' ਲਿਖਣ ਦੀ ਥਾਂ ਉਚੇਚ ਨਾਲ 'ਸ੍ਰੀ' ਲਿਖਿਆ ਜਾਂਦਾ ਰਿਹਾ ਸੀ। ਹੁਣ 'ਭੱਜੀਆਂ ਬਾਹੀਂ' ਗਲ਼ ਨੂੰ ਆ ਰਹੀਆਂ ਹਨ। ਅਸੀਂ ਸ਼ੁਕਰ ਕਰ ਸਕਦੇ ਹਾਂ ਕਿ ਖੱਬੇ ਪੱਖੀਆਂ ਦੀਆਂ 'ਭੱਜੀਆਂ ਬਾਹੀਂ' ਗਲ਼ ਨੂੰ ਆਉਣ ਲੱਗੀਆਂ ਹਨ, ਪਰ ਇਹ ਬਾਂਹਾਂ ਏਨੀ ਬੁਰੀ ਤਰ੍ਹਾਂ ਭੰਨਣ ਅਤੇ ਭੰਨਵਾਉਣ ਦੀ ਕੀ ਲੋੜ ਸੀ? ਮੁੜ ਕੇ ਮਿਲਣ ਵਿੱਚ ਵੀ ਬਹੁਤ ਦੇਰ ਕਰ ਦਿੱਤੀ ਗਈ ਹੈ।
ਇੱਕ ਗੱਲ ਮਸ਼ਹੂਰ ਹੈ ਕਿ ਪਿੱਛਲ ਝਾਤ ਮਾਰਨ ਵਿੱਚ ਕਿਸੇ ਵੀ ਹੋਰ ਨਾਲੋਂ ਕਮਿਊਨਿਸਟ ਵੱਧ ਸਿਆਣੇ ਹੁੰਦੇ ਹਨ, ਪਰ ਇਸ ਕੰਮ ਵਿੱਚ ਵੀ ਆਪਣੀ ਗਲਤੀ ਨਹੀਂ ਮੰਨਣੀ ਹੁੰਦੀ, ਦੂਸਰੇ ਦੀ ਕੱਢੀ ਜਾਂਦੀ ਹੈ। ਜਦੋਂ ਇਮਾਨਦਾਰੀ ਨਾਲ ਇਹ ਵੇਖਣਾ ਹੋਵੇ ਕਿ ਅੱਜ ਵਾਲੇ ਹਾਲਾਤ ਨੂੰ ਕਮਿਊਨਿਸਟ ਕਿਉਂ ਪਹੁੰਚ ਗਏ ਤਾਂ ਫਿਰ ਪਿਛਲੇ ਜਲੌਅ ਵਾਲੇ ਦਿਨਾਂ ਦਾ ਲੇਖਾ-ਜੋਖਾ ਕਰਨ ਲਈ ਅੰਤਰਮੁਖੀ ਹੋਣ ਦੀ ਥਾਂ ਅੰਕੜਿਆਂ ਦੀ ਮਦਦ ਲੈਣੀ ਚਾਹੀਦੀ ਹੈ।
ਸਾਡੇ ਕੋਲ ਜਿਹੜੇ ਅੰਕੜੇ ਹਨ, ਅਤੇ ਜਿਹੜੇ ਝੁਠਲਾਏ ਨਹੀਂ ਜਾ ਸਕਦੇ, ਉਹ ਇਹ ਕਹਿੰਦੇ ਹਨ ਕਿ ਆਪਸ ਵਿੱਚ ਪਾਟ ਜਾਣ ਪਿੱਛੋਂ ਖੱਬੇ ਪੱਖੀਆਂ ਦਾ ਸਾਰਾ ਜ਼ੋਰ ਆਪੋ ਵਿੱਚ ਇੱਕ-ਦੂਸਰੇ ਦਾ ਰਾਹ ਰੋਕਣ ਉੱਤੇ ਲੱਗਣਾ ਸ਼ੁਰੂ ਹੋ ਗਿਆ ਸੀ। ਇਸ ਦੀਆਂ ਬਹੁਤ ਸਾਰੀਆਂ ਮਿਸਾਲਾਂ ਮੌਜੂਦ ਹਨ, ਜਿਨ੍ਹਾਂ ਵਿੱਚੋਂ ਕੁਝ ਇੱਕ ਦੀ ਚਰਚਾ ਕਰਨ ਲਈ ਇਹ ਛੋਟਾ ਜਿਹਾ ਬੰਦਾ ਆਗਿਆ ਚਾਹੇਗਾ। ਆਜ਼ਾਦੀ ਮਿਲਣ ਮਗਰੋਂ ਨਿਜ਼ਾਮ ਹੈਦਰਾਬਾਦ ਦੇ ਖਿਲਾਫ ਸਭ ਤੋਂ ਸਖਤ ਅਤੇ ਕੁਰਬਾਨੀਆਂ ਭਰੀ ਲੜਾਈ ਕਮਿਊਨਿਸਟਾਂ ਨੇ ਲੜੀ ਅਤੇ ਤੇਲੰਗਾਨਾ ਦੇ ਸੰਘਰਸ਼ ਪਿੱਛੋਂ ਆਂਧਰਾ ਪ੍ਰਦੇਸ਼ ਵਿੱਚ ਬਹੁਤ ਤਕੜੀ ਰਾਜਸੀ ਤਾਕਤ ਬਣ ਕੇ ਉੱਭਰੇ ਸਨ। ਜਦੋਂ ਪਾਟਕ ਪੈ ਗਿਆ ਤਾਂ ਦੋਵਾਂ ਦਾ ਆਪਸੀ ਆਢਾ ਦੁਸ਼ਮਣੀ ਦੀ ਹੱਦ ਤੱਕ ਪਹੁੰਚ ਗਿਆ। ਸਾਲ 1962 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਓਥੇ ਸਾਂਝੀ ਪਾਰਟੀ ਦੀਆਂ ਇਕਵੰਜਾ ਸੀਟਾਂ ਅਤੇ 19.53 ਫੀਸਦੀ ਵੋਟਾਂ ਸਨ। ਪੰਜ ਸਾਲ ਬਾਅਦ ਦੋ ਥਾਂਈਂ ਪਾਟ ਗਏ ਹੋਣ ਕਰ ਕੇ ਇੱਕ ਧਿਰ ਦੀਆਂ ਮਸਾਂ ਗਿਆਰਾਂ ਸੀਟਾਂ ਤੇ 7.78 ਫੀਸਦੀ ਵੋਟਾਂ ਸਨ ਤੇ ਦੂਸਰੀ ਦੀਆਂ ਨੌਂ ਸੀਟਾਂ ਅਤੇ 7.61 ਫੀਸਦੀ ਵੋਟਾਂ ਰਹਿ ਗਈਆਂ ਸਨ। ਸੀਟਾਂ ਦੀ ਗੱਲ ਛੱਡ ਕੇ ਸਿਰਫ ਵੋਟਾਂ ਵੇਖੀਏ ਤਾਂ ਦੋਵਾਂ ਦੀਆਂ 19.53 ਫੀਸਦੀ ਤੋਂ 15.39 ਹੋ ਗਈਆਂ, ਪਰ ਇੱਕ ਪਾਰਟੀ ਇਸ ਗੱਲ ਦੀ ਹਿੱਕ ਥਾਪੜਦੀ ਰਹੀ ਕਿ ਸਾਡੀਆਂ 0.17 ਫੀਸਦੀ ਵੋਟਾਂ 'ਵੱਧ' ਹਨ ਤੇ ਅਸੀਂ ਵੱਡੇ ਹਾਂ, ਪਰ ਦੂਸਰੀ ਇਹ ਕਹਿੰਦੀ ਰਹੀ ਕਿ 'ਸਿਰਫ' 0.17 ਫੀਸਦੀ ਹੀ ਵੱਧ ਹਨ, ਸਾਥੋਂ ਬਹੁਤੇ ਅੱਗੇ ਨਹੀਂ ਜਾ ਸਕੇ। ਇਸ ਤੋਂ ਵੀ ਭੈੜੀ ਗੱਲ ਅਗਲੀ ਹੈ ਤੇ ਉਹ ਇਹ ਕਿ ਪੰਜ ਸਾਲ ਪਹਿਲਾਂ ਇਕਵੰਜਾ ਸੀਟਾਂ ਜਿੱਤਣ ਵਾਲੇ ਖੱਬੇ ਪੱਖੀਆਂ ਨੇ ਬਵੰਜਾ ਸੀਟਾਂ ਉੱਤੇ ਇੱਕ ਦੂਜੇ ਵਿਰੁੱਧ ਉਮੀਦਵਾਰ ਖੜੇ ਕਰ ਕੇ ਸਾਰੀ ਤਾਕਤ ਝੋਕ ਰੱਖੀ ਸੀ। ਓਦੋਂ ਆਪੋ ਵਿੱਚ ਭੇੜ ਭਿੜਨ ਵਾਲੇ ਖੱਬੇ ਪੱਖੀਏ ਉਸ ਤੋਂ ਬਾਅਦ ਕਮਜ਼ੋਰ ਪੈਂਦੇ ਗਏ ਤੇ ਅੱਜ ਇਹ ਹਾਲਤ ਹੈ ਕਿ ਉਸ ਰਾਜ ਅੰਦਰ ਆਪਣੇ ਸਿਰ ਕੋਈ ਸੀਟ ਜਿੱਤ ਸਕਣ ਦੀ ਸਮਰੱਥਾ ਦਾ ਦਾਅਵਾ ਕਰਨ ਲਈ ਦੋਵਾਂ ਨੂੰ ਸੌ ਵਾਰੀ ਸੋਚਣਾ ਪੈ ਜਾਂਦਾ ਹੈ।
ਦੂਸਰੀ ਮਿਸਾਲ ਉਸ ਕੇਰਲਾ ਦੀ ਹੈ, ਜਿੱਥੇ ਭਾਰਤ ਵਿੱਚ ਪਹਿਲੀ ਵਾਰੀ ਰਾਜ ਸਰਕਾਰ ਕਮਿਊਨਿਸਟਾਂ ਕੋਲ ਆਈ ਸੀ। ਓਥੇ 1960 ਵਿੱਚ ਚੋਣਾਂ ਹੋਈਆਂ ਤਾਂ ਸਾਂਝੀ ਲਹਿਰ ਦੀਆਂ 39.14 ਫੀਸਦੀ ਵੋਟਾਂ ਸਨ, ਪਰ ਜਦੋਂ ਪੰਜ ਸਾਲ ਬਾਅਦ ਦੁਫਾੜ ਹੋਣ ਪਿੱਛੋਂ ਚੋਣ ਲੜੀ, ਇੱਕ ਧਿਰ ਦੀਆਂ ਮਸਾਂ 19.87 ਫੀਸਦੀ ਤੇ ਦੂਸਰੀ ਧਿਰ ਦੀਆਂ 8.30 ਫੀਸਦੀ ਰਹਿ ਜਾਣ ਕਾਰਨ ਕੁੱਲ 28.17 ਫੀਸਦੀ ਹੋ ਗਈਆਂ ਸਨ। ਕਮਾਲ ਦੀ ਗੱਲ ਇਹ ਕਿ ਏਥੇ ਵੀ ਦੋਵਾਂ ਧਿਰਾਂ ਨੇ ਵਿਧਾਨ ਸਭਾ ਦੀਆਂ 133 ਵਿੱਚੋਂ 45 ਸੀਟਾਂ ਉੱਤੇ ਇੱਕ-ਦੂਜੇ ਵਿਰੁੱਧ ਉਮੀਦਵਾਰ ਖੜੇ ਕਰ ਦਿੱਤੇ ਸਨ। ਇਸ ਦਾ ਚੰਗਾ ਸਿੱਟਾ ਕਦੇ ਹੋਣਾ ਵੀ ਨਹੀਂ ਸੀ ਤੇ ਹੋਇਆ ਵੀ ਨਹੀਂ ਸੀ। ਇਹ ਖੱਜਲ-ਖੁਆਰੀ ਦੀ ਸ਼ੁਰੂਆਤ ਸੀ। ਏਸੇ ਤਰ੍ਹਾਂ ਬਿਹਾਰ ਵਿੱਚ ਪਾਟਕ ਦੇ ਬਾਅਦ ਹੋਈਆਂ ਅਸੈਂਬਲੀ ਚੋਣਾਂ ਵਿੱਚ ਤੇਰਾਂ ਸੀਟਾਂ ਉੱਤੇ ਆਪਸੀ ਮੁਕਾਬਲਾ ਹੋ ਜਾਣ ਨਾਲ ਬਿਕਰਮਗੰਜ ਵਿੱਚ ਕਾਂਗਰਸੀ ਉਮੀਦਵਾਰ 11870 ਵੋਟਾਂ ਲੈ ਕੇ ਜਿੱਤ ਗਿਆ ਸੀ, ਜਦ ਕਿ ਇੱਕ ਖੱਬੇ ਪੱਖੀ ਧਿਰ ਦੇ ਉਮੀਦਵਾਰ ਦੀਆਂ 11415 ਵੋਟਾਂ ਸਨ ਅਤੇ ਉਹ ਸਿਰਫ 455 ਵੋਟਾਂ ਨਾਲ ਇਸ ਕਰ ਕੇ ਹਾਰ ਗਿਆ ਸੀ ਕਿ ਦੂਸਰੇ ਖੱਬੇ ਪੱਖੀ ਉਮੀਦਵਾਰ ਨੇ ਉਸ ਹਲਕੇ ਵਿੱਚੋਂ 3913 ਵੋਟਾਂ ਖਿੱਚ ਕੇ ਖਰਾਬ ਕਰ ਦਿੱਤੀਆਂ ਸਨ।
ਸਾਡੇ ਪੰਜਾਬ ਵਿੱਚ ਵੀ ਕਈ ਵਾਰੀ ਇਹੋ ਕੁਝ ਹੋਇਆ। ਪਾਰਟੀ ਦਾ ਪਾਟਕ ਪੈਣ ਪਿੱਛੋਂ ਅਟਾਰੀ, ਨੰਗਲ ਤੇ ਭਦੌੜ ਦੇ ਤਿੰਨ ਚੋਣ ਹਲਕਿਆਂ ਵਿੱਚ ਇੱਕ-ਦੂਸਰੇ ਵਿਰੁੱਧ ਉਮੀਦਵਾਰ ਖੜੇ ਕਰ ਦਿੱਤੇ ਸਨ ਤੇ ਅਟਾਰੀ ਵਾਲੀ ਸੀਟ ਤੋਂ 15,844 ਵੋਟਾਂ ਵਾਲਾ ਕਾਂਗਰਸੀ ਉਮੀਦਵਾਰ ਸਿਰਫ ਇਨ੍ਹਾਂ ਦੇ ਪਾਟਕ ਨੇ ਜਿਤਾ ਦਿੱਤਾ ਸੀ। ਇੱਕ ਖੱਬੀ ਪਾਰਟੀ ਦੇ ਉਮੀਦਵਾਰ ਨੂੰ 11624 ਵੋਟਾਂ ਮਿਲੀਆਂ ਤੇ ਦੂਸਰੀ ਖੱਬੀ ਪਾਰਟੀ ਦਾ ਉਮੀਦਵਾਰ ਓਥੇ 7528 ਵੋਟਾਂ ਲੈ ਗਿਆ ਸੀ। ਇਹ ਵੋਟਾਂ ਓਥੇ ਖੱਬੇ ਪੱਖੀਆਂ ਨੇ ਇੱਕੋ ਥਾਂ ਪਾਈਆਂ ਹੁੰਦੀਆਂ ਤਾਂ ਨਤੀਜਾ ਹੋਰ ਹੋਣਾ ਸੀ। ਹਾਲੇ ਬਹੁਤਾ ਸਮਾਂ ਨਹੀਂ ਹੋਇਆ, ਜਦੋਂ ਨੂਰਮਹਿਲ ਵਿੱਚ ਦੋ ਸਕੇ ਭਰਾਵਾਂ ਨੂੰ ਦੋ ਖੱਬੀਆਂ ਧਿਰਾਂ ਨੇ ਆਪੋ ਵਿੱਚ ਮੁਕਾਬਲੇ ਲਈ ਲਿਆ ਕੇ ਤਮਾਸ਼ਾ ਬਣਾ ਦਿੱਤਾ ਸੀ। ਦੋਵੇਂ ਭਰਾ ਨਾਮਣੇ ਵਾਲੇ ਮਰਹੂਮ ਆਗੂ ਦੇ ਪੁੱਤਰ ਸਨ, ਆਪਣੇ ਪਿਤਾ ਦੀ ਸ਼ਹੀਦੀ ਦਾ ਦੋਵਾਂ ਨੂੰ ਮਾਣ ਸੀ, ਪਰ ਚੋਣ ਵਿੱਚ ਇੱਕ ਦੂਸਰੇ ਦੇ ਮੋਢੇ ਲਾਉਣ ਲਈ ਸਾਰਾ ਜ਼ੋਰ ਲਾਈ ਗਏ ਸਨ।
ਹੁਣ ਇੱਕ ਵਕਤ ਹੈ, ਜਦੋਂ ਖੱਬੀ ਲਹਿਰ ਵਾਲਿਆਂ ਨੂੰ ਮੁੜ ਕੇ ਸੋਚਣਾ ਪਵੇਗਾ। ਸਰੀਰ ਅੰਦਰ ਜਾਨ ਨਾ ਹੋਵੇ ਤਾਂ ਖੋਖਲੇ ਕਲਬੂਤ ਤੋਂ ਇਨਕਲਾਬ ਦੇ ਨਾਅਰੇ ਲਾਉਣ ਵੇਲੇ ਬਾਂਹ ਨੂੰ ਅਕੜੱਲ ਪੈਣ ਦਾ ਡਰ ਹੁੰਦਾ ਹੈ। ਜਿਸਮ ਵਿੱਚ ਜਾਨ ਏਕੇ ਨਾਲ ਆਉਂਦੀ ਹੈ। ਪ੍ਰੋਫੈਸਰ ਮੋਹਣ ਸਿੰਘ ਨੇ ਲਿਖਿਆ ਸੀ; 'ਪਾਟੀ ਕਿਰਤ ਗੁਲਾਮੀ ਕਰਦੀ, ਜੁੜੀ ਜਿੱਤੇ ਬ੍ਰਹਿਮੰਡ ਓ ਯਾਰ'। ਇਹ ਸਿਧਾਂਤ ਸਿਰਫ ਕਿਰਤੀਆਂ ਲਈ ਨਹੀਂ, ਕਿਰਤ ਦੇ ਮੁੜ੍ਹਕੇ ਦਾ ਮੋਹ ਰੱਖਣ ਵਾਲਿਆਂ ਲਈ ਵੀ ਲਾਗੂ ਹੁੰਦਾ ਹੈ। ਅਸੀਂ ਇਹ ਲਿਖਤ ਲਿਖਣ ਦੀ ਗੁਸਤਾਖੀ ਸਿਰ ਨਾਲ ਸੋਚਣ ਵਾਲਿਆਂ ਲਈ ਕੀਤੀ ਹੈ, ਉਨ੍ਹਾਂ ਦੇ ਵਾਸਤੇ ਨਹੀਂ ਕੀਤੀ, ਜਿਹੜੇ ਚੌਥਾ ਪੈੱਗ ਲਾ ਕੇ ਅੱਧੀ ਰਾਤ ਇਨਕਲਾਬ ਦਾ ਨੰਬਰ ਡਾਇਲ ਕਰਨ ਲੱਗਦੇ ਹਨ। ਅਸਾਂ ਸ਼ੁਰੂ ਵਿੱਚ ਕਿਹਾ ਸੀ ਕਿ ਲਿਖਤ ਦੀ ਭਾਵਨਾ ਸਮਝਣੀ ਚਾਹੀਦੀ ਹੈ ਤੇ ਇਹੋ ਗੱਲ ਅੰਤ ਵਿੱਚ ਕਹਿਣਾ ਚਾਹੁੰਦੇ ਹਾਂ ਕਿ ਲਿਖਤ ਦੇ ਲਫਜ਼ਾਂ ਨੂੰ ਨਹੀਂ, ਲਿਖਤ ਦੇ ਵਕਤ ਵਿੱਚੋਂ ਕੂਕਾਂ ਮਾਰਦੀ ਭਾਵਨਾ ਨੂੰ ਸਮਝਣ ਦੀ ਲੋੜ ਹੈ।
28 Feb. 2016