ਸੇਵਾ ਭਾਵਨਾ - ਜਸਪ੍ਰੀਤ ਕੌਰ ਮਾਂਗਟ

ਪਿਛਲੇ ਬਾਈਆਂ-ਤੇਈਆਂ ਸਾਲਾਂ ਤੋਂ ਦੇਖ ਰਹੇ ਹਾਂ, ਉਸਨੂੰ ਭਗਵਾਨ ਸਿਵਜ਼ੀ ਦੇ ਮੰਦਿਰ ਵਿੱਚ ਸੇਵਾ ਕਰਦੇ ਨੂੰ। ਉਹ ਗੂੰਗਾਂ ਵੀ ਆ ਤੇ ਬੋਲਾ ਵੀ। ਆਪਣੇ-ਆਪ 'ਚ ਮਸਤ ਰਹਿਣ ਵਾਲਾ ਸਵੇਰੇ ਉੱਠ ਕੇ ਧੂਫ-ਬੱਤੀ ਕਰਦਾ ਤੇ ਮੰਦਿਰ ਵਿੱਚ ਸਾਫ਼-ਸਫ਼ਾਈ ਕਰਦਾ ਏ। ਇੰਨੇ ਸਾਲਾਂ ਤੋਂ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਉਸ ਨਾਲ। ਨਾ ਉਸ ਨੇ ਕਦੇ ਕੁਝ ਬੋਲਿਆ ਨਾ ਸੁਣਿਆ ਬਸ ਇਸ਼ਾਰਿਆਂ ਨਾਲ ਸਮਝ ਜਾਂਦਾ ਏ ਹਰ ਗੱਲ ਅਤੇ ਆਪ ਵੀ ਇਸ਼ਾਰੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਏ। ਜਿਹਦੇ ਕੋਲ ਦੀ ਲੰਘਦਾ ਏ ਮੁਸਕਰਾ ਕੇ, ਬਸ ਉਸਦੀ ਮੁਸਕਰਾਹਟ ਹੀ ਸਭਦਾ ਹਾਲ-ਚਾਲ ਪੁੱਛ ਲੈਂਦੀ ਆ। ਇਸੇ ਮੁਸਕਰਾਹਟ ਨਾਲ ਉਹਦਾ ਹਾਲ ਜਾਣ ਜਾਂਦੇ ਨੇ ਸਾਰੇ। ਪਿੰਡ ਚੋਂ ਰੋਟੀ-ਦੁੱਧ ਉਸਨੂੰ ਮਿਲਦਾ ਰਿਹਾ ਅਤੇ ਮਿਲਦਾ ਰਹੁਗਾ ਕਿਉਂ ਕਿ ਇਹ ਉਸਦੀ ਇਮਾਨਦਾਰੀ ਅਤੇ ਸੇਵਾ ਦਾ ਫਲ ਹੈ। ਦਿਨ ਵਿੱਚ ਵਿਹਲੇ ਟਾਈਮ ਮਸ਼ੀਨ ਤੇ ਸਲਾਈ ਵੀ ਕਰਦਾ। ਮਰਦਾਂ ਦੇ ਕੱਪੜੇ ਸਿਲਾਈ ਕਰਨੇ ਜਾਣਦਾ। ਥੋੜ੍ਹਾ ਬਹੁਤ ਇਹ ਕੰਮ ਵੀ ਕਰ ਲੈਂਦਾ। ਜਦੋਂ ਵੀ ਕੋਈ ਮੰਦਿਰ 'ਚ ਦਰਸ਼ਨ ਕਰਨ ਜਾਂਦਾ ਤਾਂ ਜਿਹੜਾ ਚਾਅ ਉਸਦੇ ਚਿਹਰੇ ਤੇ ਦੇਖਣ ਨੂੰ ਮਿਲਦਾ, ਮੰਨ ਲੋ ਜਿਵੇਂ ਬਹੁਤ ਗੱਲਾਂ ਦੀ ਥਾਂ ਬਸ ਉਸਦੀ ਖੁਸ਼ੀ ਭਰੀ ਮੁਸਕਰਾਹਟ ਹੀ ਲੈ ਲੈਂਦੀ ਹੈ। ਇਸ਼ਾਰੇ ਨਾਲ ਬੈਠਣ ਨੂੰ ਕਹਿਣਾ ਤੇ ਪ੍ਰਸ਼ਾਦ ਵੰਡਣਾ, ਉਸਦਾ ਇਹੀ ਰੂਪ ਅੱਜ ਤੋਂ ਕਈ ਸਾਲ ਪਹਿਲਾਂ ਸੀ ਤੇ ਅੱਜ ਇੰਨੇ ਸਾਲਾਂ ਬਾਅਦ ਵੀ ਉਹੀ ਸੁਭਾਅ ਅਤੇ ਸੇਵਾ। ਪਿੰਡ ਦੇ ਲੋਕਾਂ ਦਾ ਮਨ ਮੋਹ ਲਿਆ ਉਸਨੇ। ਇਹੋ ਜਹੀ ਸੇਵਾ-ਭਾਵਨਾ ਦਾ ਕੋਈ ਮੁੱਲ ਨਹੀਂ।

ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ, ਦੋਰਾਹਾ (ਲੁਧਿਆਣਾ)
99143-48246