ਸੱਤਾ ਧਿਰ ਅਤੇ ਦੇਸ਼ ਧ੍ਰੋਹ ਦੇ ਕਾਨੂੰਨ ਦੀ ਸਿਆਸਤ - ਅਭੈ ਸਿੰਘ
ਦਿੱਲੀ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਦੇ 10 ਵਿਦਿਆਰਥੀਆਂ ਖ਼ਿਲਾਫ਼ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਗਿਆ। ਪੁਲੀਸ ਨੇ 1200 ਸਫ਼ਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਹੈ ਜਿਸ ਦੀ ਅਖਬਾਰੀ ਰਿਪੋਰਟ ਸਿਰਫ਼ ਇੰਨੀ ਹੈ ਕਿ ਇਨ੍ਹਾਂ ਨੇ ਯੂਨੀਵਰਸਿਟੀ ਦੇ ਅਹਾਤੇ ਵਿਚ ਦੇਸ਼ ਵਿਰੋਧੀ ਨਾਹਰੇ ਲਗਾਏ ਸਨ। ਇਹ ਕੇਸ ਵਿਦਿਆਰਥੀ ਨੇਤਾ ਕਨੱਈਆ ਕੁਮਾਰ, ਉਮਰ ਖ਼ਾਲਿਦ, ਅਨਿਰਬਨ ਭੱਟਾਚਾਰੀਆ ਤੇ ਕੁਝ ਕਸ਼ਮੀਰੀ ਵਿਦਿਆਰਥੀਆਂ ਖ਼ਿਲਾਫ਼ ਦਰਜ ਕੀਤਾ ਗਿਆ। ਪੁਲੀਸ ਮੁਤਾਬਕ 6 ਵਿਦਿਆਰਥੀਆਂ ਨੇ ਇਨ੍ਹਾਂ ਦੇ ਖ਼ਿਲਾਫ਼ ਗਵਾਹੀਆਂ ਦਿੱਤੀਆਂ ਹਨ ਜਿਨ੍ਹਾਂ ਵਿਚੋਂ 5 ਭਾਜਪਾ ਨਾਲ ਸਬੰਧਤ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਅਹੁਦੇਦਾਰ ਹਨ।
ਅਖ਼ਬਾਰੀ ਖ਼ਬਰਾਂ ਮੁਤਾਬਕ ਸਿਰਫ਼ ਇੰਨਾ ਦੱਸਿਆ ਗਿਆ ਹੈ ਕਿ ਇਨ੍ਹਾਂ ਨੇ ਭਾਰਤ ਵਿਰੋਧੀ ਅਤੇ ਇਤਰਾਜ਼ ਯੋਗ ਨਾਹਰੇ ਲਗਾਏ ਸਨ। ਆਮ ਤੌਰ 'ਤੇ ਅਜਿਹੇ ਦੋਸ਼ਾਂ ਵਿਚ ਇਹੀ ਦੱਸਿਆ ਜਾਂਦਾ ਹੈ ਕਿ ਭਾਰਤ ਵਿਰੋਧੀ ਨਾਹਰੇ ਸਨ, ਤੇ ਜਾਂ ਅਪਮਾਨਜਨਕ ਸ਼ਬਦ ਕਹੇ ਗਏ। ਚਾਹੀਦਾ ਇਹ ਹੈ ਕਿ ਨਾਹਰਿਆਂ ਜਾਂ ਅਪਮਾਨਜਨਕ ਕਹੇ ਜਾਂਦੇ ਸ਼ਬਦਾਂ ਨੂੰ ਪੂਰੀ ਤਰ੍ਹਾਂ ਪੇਸ਼ ਕੀਤਾ ਜਾਵੇ ਕਿ ਉਹ ਕੀ ਸਨ ਤਾਂ ਜੋ ਲੋਕ ਵੀ ਅਨੁਮਾਨ ਲਗਾ ਸਕਣ ਤੇ ਆਪਣੀ ਰਾਏ ਬਣਾ ਸਕਣ ਕਿ ਕੀ ਉਹ ਸੱਚਮੁਚ ਦੇਸ਼ ਵਿਰੋਧੀ ਸਨ ਕਿ ਨਹੀਂ।
ਭਾਰਤ ਵਿਚ ਦੇਸ਼ ਧ੍ਰੋਹ ਦਾ ਕਾਨੂੰਨ ਅੰਗਰੇਜ਼ਾਂ ਦੇ ਬਣਾਏ 1870 ਦੇ ਕਾਨੂੰਨ ਦਾ ਹੀ ਰੂਪ ਹੈ ਜਿਸ ਵਿਚ ਬਾਦਸ਼ਾਹ ਖ਼ਿਲਾਫ਼ ਬਗਾਵਤ ਦੇ ਜੁਰਮ ਦੀ ਚਰਚਾ ਸੀ। ਪਿਤਾ ਪੁਰਖੀ ਰਾਜ ਬਚਾਉਣ ਵਾਸਤੇ ਸਾਰੀ ਦੁਨੀਆ ਵਿਚ ਅਜਿਹੇ ਕਾਨੂੰਨਾਂ ਦਾ ਲਿਖਤੀ ਜਾਂ ਗੈਰ ਲਿਖਤੀ ਸਿਲਸਿਲਾ ਚੱਲਦਾ ਰਿਹਾ ਹੈ। ਅੱਜ ਤਕਰੀਬਨ ਸਾਰੀ ਦੁਨੀਆਂ ਵਿਚੋਂ ਅਜਿਹੇ ਕਾਨੂੰਨ ਖ਼ਤਮ ਹੋ ਗਏ ਹਨ। ਪਹਿਲਾਂ ਪਿਤਾ ਪੁਰਖੀ ਬਾਦਸ਼ਾਹੀਆਂ ਖ਼ਤਮ ਹੋ ਗਈਆਂ ਜਾਂ ਸਿਰਫ਼ ਨਾਮ ਦੀਆਂ ਹੀ ਰਹਿ ਗਈਆਂ, ਹੁਣ ਹੌਲੀ ਹੌਲੀ ਦੇਸ਼, ਵਤਨ ਜਾਂ 'ਆਪਣੀ ਮਿੱਟੀ' ਦਾ ਸੰਕਲਪ ਵੀ ਧੁੰਦਲਾ ਹੁੰਦਾ ਜਾ ਰਿਹਾ ਹੈ। ਅੱਜ ਦੇ ਸਭਿਅਕ ਪੱਧਰ ਮੁਤਾਬਕ, ਸਾਰਾ ਗਲੋਬ ਹੀ ਬੰਦੇ ਦੀ 'ਆਪਣੀ ਮਿੱਟੀ' ਬਣ ਗਈ ਹੈ, ਸਾਰਾ ਸੰਸਾਰ ਹੀ ਉਸ ਦਾ ਵਤਨ ਤੇ ਕੁੱਲ ਖ਼ਲਕਤ ਉਸ ਦੀ ਕੌਮ।
ਕਿਸੇ ਵੇਲੇ ਬਾਦਸ਼ਾਹ ਰੱਬ ਦਾ ਰੂਪ ਹੁੰਦੇ ਸਨ। ਆਪਣੇ ਬਾਦਸ਼ਾਹ ਦੇ ਪ੍ਰਤਾਪ ਵਾਸਤੇ, ਉਸ ਦੇ ਝੰਡੇ ਬੁਲੰਦ ਕਰਨ ਤੇ ਉਸ ਦੀ ਸਲਤਨਤ ਨੂੰ ਦੂਰ ਦੂਰ ਤੱਕ ਪਹੁੰਚਾਉਣਾ ਬੰਦੇ ਦਾ ਫ਼ਰਜ਼ ਸੀ ਤੇ ਇਸ ਵਾਸਤੇ ਕੁਰਬਾਨ ਹੋ ਜਾਣਾ ਉਸ ਦਾ ਧਰਮ। ਫਿਰ ਬਾਦਸ਼ਾਹਤਾਂ ਨੇ ਦੇਸ਼ਾਂ ਦੇ ਰੂਪ ਧਾਰਨ ਕਰ ਲਏ। ਕਈ ਸਾਰੇ ਤਰੀਕਿਆਂ ਨਾਲ ਬੰਦੇ ਨੇ ਆਪਣੇ ਦੁਆਲੇ ਲਕੀਰਾਂ ਖਿੱਚ ਲਈਆਂ, ਖੁਦ ਉਨ੍ਹਾਂ ਲਕੀਰਾਂ ਵਿਚ ਕੈਦ ਹੋ ਗਿਆ ਤੇ ਖੁਦ ਹੀ ਉਨ੍ਹਾਂ ਲਕੀਰਾਂ ਦੀ ਰਾਖੀ ਕਰਨ ਲੱਗ ਪਿਆ। ਇਨ੍ਹਾਂ ਲਕੀਰਾਂ ਦੇ ਡਬਲ ਰਖਵਾਲੇ ਬਣ ਗਏ, ਦੋਹੀਂ ਪਾਸੇ ਤੇ ਇਕ ਦੂਜੇ ਨੂੰ ਮਾਰ ਕੇ ਮਾਣਮੱਤੀਆਂ ਸ਼ਹੀਦੀਆਂ ਪ੍ਰਾਪਤ ਕਰਨ ਲੱਗੇ। ਸਰਹੱਦਾਂ ਦੀਆਂ ਰਾਖੀਆਂ ਦੇ ਜੋਸ਼ੀਲੇ ਗੀਤ ਗਾਏ ਜਾਣ ਲੱਗੇ।
ਕਿਧਰੇ ਇਹ ਲਕੀਰਾਂ ਨਵੀਆਂ ਬਣ ਰਹੀਆਂ ਹਨ, ਕਿਧਰੇ ਪੱਕੀਆਂ ਹੋ ਰਹੀਆਂ ਹਨ, ਕਿਧਰੇ ਮਿਟ ਵੀ ਰਹੀਆਂ ਹਨ। ਬਹੁਤੀ ਜਗ੍ਹਾ ਮਿਟ ਤਾਂ ਨਹੀਂ ਰਹੀਆਂ ਪਰ ਧੁੰਦਲੀਆਂ ਹੋ ਰਹੀਆਂ ਹਨ। ਇੱਧਰ ਉੱਧਰ ਜਾਣਾ ਇੰਨਾ ਸੌਖਾ ਤੇ ਮਾਮੂਲ ਹੋ ਰਿਹਾ ਹੈ ਕਿ ਪਤਾ ਹੀ ਨਹੀਂ ਲੱਗਦਾ ਕਿ ਸਰਹੱਦ ਕਿਥੇ ਕੁ ਹੈ। ਇਸੇ ਕਰਕੇ ਅੱਜ ਯੂਰੋਪ ਵਿਚ ਸਰਹੱਦਾਂ ਦੀਆਂ ਰਾਖੀਆਂ ਦੇ ਜੋਸ਼ੀਲੇ ਗੀਤ ਨਹੀਂ, ਬਹਾਦਰ ਸਿਪਾਹੀਆਂ ਦੀਆਂ ਕੁਰਬਾਨੀਆਂ ਦੇ ਗੀਤ ਨਹੀਂ ਅਤੇ ਸਿਨਮਾਂ ਘਰਾਂ ਤੇ ਸਕੂਲਾਂ ਵਿਚ ਕੌਮੀ ਗੀਤਾਂ ਦਾ ਰੁਝਾਨ ਖ਼ਤਮ ਹੈ। ਸਿਰਫ਼ ਟੂਰਨਾਮੈਂਟਾਂ ਵਿਚ ਹੀ ਲੋਕ ਵੱਖ ਵੱਖ ਦੇਸ਼ ਦੇ ਕੌਮੀ ਤਰਾਨੇ ਅਤੇ ਝੰਡੇ ਵੇਖਦੇ ਹਨ। ਉਥੇ ਦੇਸ਼ ਭਗਤੀ ਦੇ ਜਜ਼ਬੇ ਵਾਸਤੇ ਕੋਈ ਥਾਂ ਨਹੀਂ, ਇਸ ਨੂੰ ਜਾਤੀਵਾਦ, ਫਿਰਕਾਪ੍ਰਸਤੀ ਤੇ ਇਲਾਕਾਪ੍ਰਸਤੀ ਵਾਂਗ ਹੀ ਦੇਖਿਆ ਜਾਂਦਾ ਹੈ।
ਇਕ ਨੁੱਕਰ ਤੋਂ ਚੱਲੇ ਇਸ ਰੁਝਾਨ ਨੇ ਇਕ ਦਿਨ ਸਾਰੀ ਦੁਨੀਆ ਨੂੰ ਇਸੇ ਰਸਤੇ 'ਤੇ ਤੋਰਨਾ ਹੈ। ਫਿਰ ਕੀ ਰਹਿ ਜਾਵੇਗਾ ਦੇਸ਼ ਭਗਤੀ ਦੇ ਜਜ਼ਬੇ ਦਾ ਤੇ ਦੇਸ਼ ਧ੍ਰੋਹ ਦੇ ਕਾਨੂੰਨਾਂ ਦਾ? ਬਿਲਕੁੱਲ ਇਸੇ ਚੌਖਟੇ ਵਿਚ ਕਾਂਗਰਸ ਦੇ ਲੀਡਰ ਕਪਿਲ ਸਿੱਬਲ ਨੇ ਕਿਹਾ ਹੈ ਕਿ ਦੇਸ਼ ਧ੍ਰੋਹ ਦਾ ਕਾਨੂੰਨ ਨਵੇਂ ਵਕਤ ਦਾ ਹਾਣੀ ਨਹੀਂ ਬਣ ਸਕਦਾ ਤੇ ਇਸ ਨੂੰ ਰੱਦ ਕਰ ਦੇਣਾ ਚਾਹੀਦਾ ਹੈ।
ਦੂਜੇ ਪਾਸੇ ਫਾਸ਼ੀਵਾਦ ਹਮੇਸ਼ਾਂ ਹੀ ਕੌਮਪ੍ਰਸਤੀ ਨੂੰ ਆਪਣਾ ਹਥਿਆਰ ਬਣਾਉਂਦਾ ਆਇਆ ਹੈ। ਇਸ ਦੀ ਤਾਜ਼ਾ ਮਿਸਾਲ ਇਹ ਹੈ ਕਿ ਨਾਗਰਿਕਤਾ ਬਿੱਲ ਪਾਸ ਹੋਣ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੰਬਈ ਵਿਚ ਭਾਸ਼ਨ ਕਰਦਿਆਂ ਆਪਣੀ ਹੀ ਤਰੰਗ ਵਿਚ ਸ਼ਬਦ ਬੋਲੇ- ਇਹ ਕਾਨੂੰਨ ਪਾਸ ਹੋਇਆ ਕਿ ਸਾਡੇ ਬੰਦੂ ਜੋ ਬੰਗਲਾਦੇਸ਼, ਪਾਕਿਸਤਾਨ ਜਾਂ ਅਫ਼ਗ਼ਾਨਿਸਤਾਨ ਤੋਂ ਇਥੇ ਸ਼ਰਨ ਲੈਣ ਆਏ ਹਨ, ਜੋ ਇਸ ਦੇਸ਼ ਦੀ ਮਿੱਟੀ ਨਾਲ ਸ਼ਰਧਾ ਰੱਖਦੇ ਹਨ, ਪ੍ਰੇਮ ਕਰਦੇ ਹਨ, ਭਾਰਤ ਮਾਤਾ ਕੀ ਜੈ ਬੋਲਣ ਵਾਲੇ, ਬੰਦੇ ਮਾਤ੍ਰਮ ਬੋਲਣ ਵਾਲੇ ਇਸ ਮੁਲਕ ਦੇ ਵਿਧੀਵਤ ਨਾਗਰਿਕ ਬਣ ਸਕਣਗੇ। ਉਸ ਨੇ ਇਹ ਸ਼ਬਦ ਪੂਰਾ ਸੋਚ ਸਮਝ ਕੇ ਤੇ ਇਹ ਜਾਣਦੇ ਹੋਏ ਵਰਤੇ ਹਨ ਕਿ ਭਾਰਤ ਮਾਤਾ ਦੀ ਜੈ ਅਤੇ ਬੰਦੇ ਮਾਤ੍ਰਮ ਬਾਰੇ ਵਿਵਾਦ ਹੈ।
ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਖ਼ਿਲਾਫ਼ ਕੇਸ ਦਾ ਪਤਾ ਲੱਗਿਆ ਹੈ ਕਿ ਉਨ੍ਹਾਂ ਉਪਰ ਦੋਸ਼ ਹੈ ਕਿ ਉਥੇ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਹਰੇ ਲਗਾਏ ਗਏ ਤੇ ਪਾਰਲੀਮੈਂਟ ਉਪਰ ਹਮਲੇ ਦੇ ਦੋਸ਼ੀ ਅਫ਼ਜ਼ਲ ਗੁਰੂ ਦੀ ਫਾਂਸੀ ਦਾ ਵਿਰੋਧ ਕੀਤਾ ਗਿਆ। ਇਹ ਵੀ ਦੋਸ਼ ਹੈ ਕਿ ਅਫ਼ਜ਼ਲ ਗੁਰੂ ਨੂੰ 'ਸ਼ਹੀਦ' ਦੱਸਿਆ ਗਿਆ। ਇਸ ਤੋਂ ਬਾਅਦ ਇਹ ਵੀ ਖ਼ਬਰ ਹੈ ਕਿ ਭਾਜਪਾ ਦੇ ਵਿਦਿਆਰਥੀ ਵਿੰਗ ਦੇ ਹੀ ਇਕ ਕਾਰਕੁਨ ਦਾ ਬਿਆਨ ਸੀ ਕਿ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਹਰੇ ਤਾਂ ਉਨ੍ਹਾਂ ਨੇ ਲਗਾਏ ਸਨ। ਇਥੇ ਪਹਿਲੀ ਗੱਲ ਇਹ ਹੈ ਕਿ ਇਸ ਮੁਲਕ ਵਿਚ ਪਾਕਿਸਤਾਨ ਜਾਂ ਕਿਸੇ ਵੀ ਹੋਰ ਮੁਲਕ ਦੀ ਜ਼ਿੰਦਾਬਾਦ ਦੇ ਨਾਹਰੇ ਲਗਾਉਣ ਦੀ ਨਾ ਮਨਾਹੀ ਹੈ ਤੇ ਨਾ ਹੀ ਇਹ ਗੈਰ ਕਾਨੂੰਨੀ ਹਨ। ਹਾਂ, ਜੇ ਕਿਸੇ ਨੇ ਬੇਲੋੜੇ ਹੀ ਬਿਨਾਂ ਕਿਸੇ ਪ੍ਰਸੰਗ ਤੋਂ ਪਾਕਿਸਤਾਨ ਜਾਂ ਕਿਸੇ ਹੋਰ ਮੁਲਕ ਦੀ ਜ਼ਿੰਦਾਬਾਦ ਦੇ ਨਾਹਰੇ ਲਗਾਏ ਹਨ ਤਾਂ ਉਸ ਦੀ ਨੁਕਤਾਚੀਨੀ ਕੀਤੀ ਜਾ ਸਕਦੀ ਹੈ, ਬਹਿਸ ਕਰਕੇ ਉਸ ਦੀ ਨਿੰਦਾ ਵੀ ਕੀਤੀ ਜਾ ਸਕਦੀ ਹੈ ਪਰ ਮੁਕੱਦਮਾ ਕਰਨ ਦਾ ਤਾਂ ਕੋਈ ਮਤਲਬ ਨਹੀਂ ਨਿਕਲਦਾ।
ਇਸੇ ਤਰ੍ਹਾਂ ਅਫ਼ਜ਼ਲ ਗੁਰੂ ਦੀ ਫਾਂਸੀ ਦੀ ਨਿੰਦਾ ਵੀ ਇਸ ਮੁਲਕ ਦੇ ਬਹੁਤ ਲੋਕਾਂ ਨੇ ਕੀਤੀ। ਇਨ੍ਹਾਂ ਸਤਰਾਂ ਦਾ ਲੇਖਕ ਵੀ ਲੁਧਿਆਣੇ ਦੀਆਂ ਸੜਕਾਂ ਉਪਰ ਅਫ਼ਜ਼ਲ ਦੀ ਫਾਂਸੀ ਖ਼ਿਲਾਫ਼ ਨਿਕਲੇ ਜਲੂਸ ਵਿਚ ਸ਼ਾਮਿਲ ਸੀ ਤੇ ਦੋ ਲੇਖ, ਇਕ ਪੰਜਾਬੀ ਤੇ ਦੂਜਾ ਉਰਦੂ ਵਿਚ, ਇਸੇ ਮਸਲੇ 'ਤੇ ਛਪੇ। ਬਹੁਤ ਲੋਕਾਂ ਦਾ ਵਿਰੋਧ ਇਸ ਪੱਖੋਂ ਵੀ ਸੀ ਕਿ ਦੁਨੀਆ ਦੇ ਦੋ ਤਿਹਾਈ ਦੇਸ਼ਾਂ ਨੇ ਫਾਂਸੀ ਦੀ ਸਜ਼ਾ ਖ਼ਤਮ ਕੀਤੀ ਹੈ, ਭਾਰਤ ਨੂੰ ਵੀ ਕਰਨੀ ਚਾਹੀਦੀ ਸੀ। ਵੱਡਾ ਵਿਰੋਧ ਇਸ ਕਰਕੇ ਸੀ ਕਿ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਸਿਰਫ਼ ਭਾਜਪਾ ਤੋਂ ਏਜੰਡਾ ਖੋਹਣ ਦੀ ਖਾਤਰ ਸਭ ਅਸੂਲਾਂ ਨੂੰ ਛਿੱਕੇ ਟੰਗ ਕੇ ਚੁੱਪ-ਚਪੀਤੇ ਅਫ਼ਜ਼ਲ ਗੁਰੂ ਨੂੰ ਫਾਂਸੀ ਦੇ ਦਿੱਤੀ ਸੀ। ਅਸੀਂ ਲੋਕ ਇਸ ਦੀ ਅੱਜ ਵੀ ਨਿੰਦਾ ਕਰਦੇ ਹਾਂ, ਸਾਡਾ ਹੱਕ ਹੈ। ਜਿਨ੍ਹਾਂ ਨੂੰ ਸਾਡੀ ਨਿੰਦਾ ਪਸੰਦ ਨਹੀਂ, ਉਨ੍ਹਾਂ ਨੂੰ ਸਾਡੀ ਨਿੰਦਾ ਕਰਨ ਦਾ ਵੀ ਹੱਕ ਹੈ, ਨਿਬੇੜਾ ਦਲੀਲਾਂ ਨਾਲ ਹੋਣਾ ਹੈ।
ਜਿੱਥੋਂ ਤੱਕ ਅਫ਼ਜ਼ਲ ਗੁਰੂ ਨੂੰ ਸ਼ਹੀਦ ਕਹਿਣਾ ਹੈ, ਇਸ ਬਾਰੇ ਵੀ ਮਤਭੇਦ ਹੋ ਸਕਦੇ ਹਨ, ਬਹਿਸ ਹੋ ਸਕਦੀ ਹੈ ਪਰ ਇਹ ਦੇਸ਼ ਧ੍ਰੋਹ ਦਾ ਕੇਸ ਨਹੀਂ ਬਣਦਾ। ਕੁਝ ਲੋਕ ਅਜੇ ਤੱਕ ਮੁਲਕ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਫੌਜਾਂ ਦੇ ਸਰਬਰਾਹ ਏਐੱਸ ਵੈਦਿਆ ਦੇ ਕਾਤਲਾਂ ਦੀਆਂ ਬਰਸੀਆਂ ਮਨਾਉਂਦੇ ਹਨ। ਕਿਸੇ ਨੂੰ ਚੰਗਾ ਲੱਗੇ ਜਾਂ ਨਾ ਲੱਗੇ, ਵੱਖਰੀ ਗੱਲ ਹੈ ਪਰ ਉਨ੍ਹਾਂ ਖਿਲਾਫ਼ ਦੇਸ਼ ਧ੍ਰੋਹ ਦੇ ਕੇਸ ਨਹੀਂ ਦਰਜ ਹੁੰਦੇ। ਪੰਜਾਬ ਦੇ ਮੁੱਖ ਮੰਤਰੀ ਅਤੇ ਉਸ ਨਾਲ ਖਲੋਤੇ 16 ਬੰਦਿਆਂ ਨੂੰ ਕਤਲ ਕਰਨ ਵਾਲੇ ਨੂੰ ਅਕਾਲੀ ਪਾਰਟੀ ਦੇ ਜ਼ੇਰੇ-ਅਸਰ ਚੱਲਦੀ ਸੰਸਥਾ ਨੇ ਜੇਲ੍ਹ ਵਿਚ ਜਾ ਕੇ ਸਿਰੋਪਾਓ ਦਿੱਤਾ ਤੇ 'ਜ਼ਿੰਦਾ ਸ਼ਹੀਦ' ਦਾ ਖਿਤਾਬ ਵੀ ਜਦੋਂ ਕਿ ਅਦਾਲਤ ਨੇ ਉਸ ਨੂੰ ਫਾਂਸੀ ਦਾ ਹੁਕਮ ਸੁਣਾਇਆ ਹੋਇਆ ਹੈ। ਇਸ ਬਾਰੇ ਭਾਜਪਾ ਨੇ ਆਪਣੇ ਵਿਚਾਰ ਕਦੇ ਨਹੀਂ ਰੱਖੇ।
ਦੇਸ਼ ਧ੍ਰੋਹ ਦੇ ਇਕ ਮੁਕਦਮੇ ਵਿਚ ਹੀ ਸਾਡੀ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਹੋਇਆ ਹੈ ਕਿ ਹਰ ਇਕ ਨੂੰ ਕਿਸੇ ਵੀ ਤਰ੍ਹਾਂ ਦੇ ਵਿਚਾਰ ਰੱਖਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਸਿਰਫ਼ ਅਜਿਹੇ ਵਿਚਾਰਾਂ ਦੀ ਮਨਾਹੀ ਹੈ ਜਿਨ੍ਹਾਂ ਵਿਚ ਹਿੰਸਾ ਜਾਂ ਮਾਰ-ਕੁਟਾਈ ਦਾ ਪ੍ਰਚਾਰ ਹੋਵੇ ਜੋ ਕਿਸੇ ਨੂੰ ਹਿੰਸਾ ਜਾਂ ਨਫ਼ਰਤ ਵਾਸਤੇ ਉਕਸਾਉਂਦਾ ਹੋਵੇ। ਵੱਡੇ ਦੁੱਖ ਦੀ ਗੱਲ ਹੈ ਕਿ ਕਿਸੇ ਜਾਤੀ ਜਾਂ ਧਰਮ ਦਾ ਨਾਮ ਲੈ ਕੇ ਨਿੰਦਿਆ ਜਾਂਦਾ ਹੈ, ਨਫ਼ਰਤ ਫੈਲਾਈ ਜਾਂਦੀ ਹੈ, ਉਸ ਬਾਰੇ ਦੇਸ਼ ਧ੍ਰੋਹ ਦਾ ਕਾਨੂੰਨ ਨਹੀਂ ਚੱਲਦਾ। ਦੇਸ਼ ਦੇ ਲੋਕਾਂ ਨੂੰ ਧਰਮ, ਜਾਤ ਜਾਂ ਇਲਾਕੇ ਦੇ ਆਧਾਰ ਤੇ ਤਕਸੀਮ ਕਰਨ ਦੇ ਉਪਰਾਲੇ ਤੋਂ ਵੱਡਾ ਦੇਸ਼ ਧ੍ਰੋਹ ਕਿਹੜਾ ਹੋ ਸਕਦਾ ਹੈ, ਲੇਕਿਨ ਉਸ ਬਾਰੇ ਕੋਈ ਕਾਨੂੰਨ ਨਹੀਂ। ਗਾਵਾਂ ਤੇ ਅਵਾਰਾ ਕੁੱਤਿਆਂ ਦੀ ਰਖਵਾਲੀ ਦੇ ਨਾਮ ਉਪਰ ਸ਼ਰੇਆਮ ਤਿੱਖੀ ਹਿੰਸਾ ਦੀਆਂ ਧਮਕੀਆਂ ਹੋ ਰਹੀਆਂ ਹਨ, ਲੇਕਿਨ ਉਨ੍ਹਾਂ ਬਾਰੇ ਕੋਈ ਦੇਸ਼ ਧ੍ਰੋਹ ਨਹੀਂ। ਗੁਆਂਢੀ ਦੇਸ਼ਾਂ ਪ੍ਰਤੀ ਨਫ਼ਰਤ ਦੇ ਨਾਹਰੇ ਤੇ ਮੁਲਕ ਨੂੰ ਲੜਾਈ ਵੱਲ ਧੱਕਣਾ ਵੱਡਾ ਦੇਸ਼ ਧ੍ਰੋਹ ਹੈ, ਲੇਕਿਨ ਉਸ ਬਾਰੇ ਵੀ ਕਾਨੂੰਨ ਨਹੀਂ।
ਅਗਰ ਇਨ੍ਹਾਂ ਵਿਦਿਆਰਥੀਆਂ ਨੇ ਆਪਣੇ ਜਲਸੇ ਵਿਚ ਕਿਸੇ ਖ਼ਿਲਾਫ਼ ਕੁੱਟ-ਮਾਰ ਦੀ ਗੱਲ ਕੀਤੀ ਹੈ, ਕਿਸੇ ਨੂੰ ਜ਼ਬਰਦਸਤੀ ਜਲਸੇ ਵਿਚ ਸ਼ਾਮਿਲ ਕੀਤਾ ਹੈ, ਕਿਸੇ ਦਾ ਰਸਤਾ ਰੋਕਿਆ ਹੈ, ਕਿਸੇ ਨੂੰ ਇੱਟ ਜਾਂ ਪੱਥਰ ਮਾਰਿਆ ਹੈ, ਇਥੋਂ ਤੱਕ ਕਿ ਜੇ ਜਲਸਾ ਕਿਸੇ ਅਜਿਹੀ ਜਗ੍ਹਾ ਕੀਤਾ ਹੈ ਕਿ ਹੋਰਨਾਂ ਲੋਕਾਂ ਨੂੰ ਪਰੇਸ਼ਾਨੀ ਪੈਦਾ ਹੋਈ ਹੋਵੇ ਤਾਂ ਜ਼ਰੂਰ ਐਕਸ਼ਨ ਲਿਆ ਜਾਣਾ ਚਾਹੀਦਾ ਹੈ ਤੇ ਸਜ਼ਾਵਾਂ ਵੀ ਮਿਲਣੀਆਂ ਚਾਹੀਦੀਆਂ ਹਨ। ਲੇਕਿਨ ਜੇ ਸਿਰਫ਼ ਵਿਚਾਰ ਪ੍ਰਗਟ ਕੀਤੇ ਜਾਣ ਦੀ ਗੱਲ ਹੈ ਤਾਂ ਉਸ ਬਾਰੇ ਬਹਿਸ ਕੀਤੀ ਜਾਣੀ ਚਾਹੀਦੀ ਹੈ। ਉਹ ਮਸਲਾ ਸਮਝਣ ਸਮਝਾਉਣ ਦਾ ਹੁੰਦਾ ਹੈ, ਵਿਦਿਆਰਥੀਆਂ ਦੇ ਸਿੱਖਣ ਸਿਖਾਉਣ ਦਾ ਹੁੰਦਾ ਹੈ, ਮੁਕੱਦਮਿਆਂ ਦਾ ਨਹੀਂ।
ਸੰਪਰਕ : 98783-75903
02 Feb. 2019