ਥਾਨੁ ਸੁਹਾਵਾ - ਸਵਰਾਜਬੀਰ
ਪਿਛਲੇ ਦਿਨੀਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਥਾਵਾਂ ਦੀ ਪੁਰਾਤਨ ਤੇ ਵਿਰਾਸਤੀ ਦਿੱਖ ਨੂੰ ਬਰਕਰਾਰ ਰੱਖਣ ਲਈ ਹਿੰਦੋਸਤਾਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿਸਤਾਨ ਦੇ ਵਜ਼ੀਰੇ-ਆਜ਼ਮ ਇਮਰਾਨ ਖ਼ਾਨ ਨੂੰ ਪੱਤਰ ਲਿਖਿਆ। ਇਸ ਵਿਚ ਸਿੱਧੂ ਨੇ ਕਰਤਾਰਪੁਰ ਸਾਹਿਬ ਅਤੇ ਡੇਰਾ ਬਾਬਾ ਨਾਨਕ ਦੇ ਗੁਰਦੁਆਰਿਆਂ ਅਤੇ ਨੇੜਲੇ ਇਲਾਕਿਆਂ ਦੀ ਪੁਰਾਤਨ ਦਿੱਖ ਬਹਾਲ ਰੱਖੇ ਜਾਣ ਬਾਰੇ ਕੁਝ ਸੁਝਾਅ ਦਿੱਤੇ ਹਨ : ਇਨ੍ਹਾਂ ਸਥਾਨਾਂ ਨੂੰ ਵਿਰਾਸਤੀ ਪਿੰਡਾਂ ਦਾ ਦਰਜਾ ਦਿੱਤਾ ਜਾਏ। ਸਬੰਧਿਤ ਥਾਵਾਂ ਦਾ ਵਿਕਾਸ ਇਸ ਤਰੀਕੇ ਨਾਲ ਕੀਤਾ ਜਾਏ ਕਿ ਉੱਥੋਂ ਦੀ ਪਵਿੱਤਰਤਾ ਤੇ ਪੁਰਾਤਨਤਾ ਭੰਗ ਨਾ ਹੋਵੇ ਅਤੇ ਇਨ੍ਹਾਂ ਨੂੰ ਕੰਕਰੀਟ ਦੇ ਜੰਗਲ ਨਾ ਬਣਾਇਆ ਜਾਏ, ਉਹ ਜ਼ਮੀਨ, ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਖ਼ੁਦ ਵਾਹਿਆ ਤੇ ਸਿੰਜਿਆ ਸੀ, ਉੱਤੇ ਕੋਈ ਉਸਾਰੀ ਨਾ ਕੀਤੀ ਜਾਏ, ਉੱਥੇ ਜੈਵਿਕ ਢੰਗ ਨਾਲ ਖੇਤੀ ਕੀਤੀ ਜਾਏ ਤੇ ਉੱਥੋਂ ਉਗਾਈ ਫ਼ਸਲ ਦਾ ਲੰਗਰ ਤਿਆਰ ਕਰਕੇ ਸੰਗਤ ਨੂੰ ਛਕਾਇਆ ਜਾਏ।
ਕਰਤਾਰਪੁਰ ਦੀ ਵਿਰਾਸਤੀ ਦਿੱਖ ਨੂੰ ਕਾਇਮ ਰੱਖਣ ਦੀ ਮੁਹਿੰਮ ਵਿਚ ਹੋਰ ਪੰਜਾਬੀ ਵੀ ਸ਼ਾਮਿਲ ਹਨ। ਬਾਲ ਸਾਹਿਤਕਾਰ ਗੁਰਮੀਤ ਕੌਰ ਦੇ 'ਪੰਜਾਬੀ ਟ੍ਰਿਬਿਊਨ' ਵਿਚ ਛਪੇ ਲੇਖ ਵਿਚ ਵੀ ਅਜਿਹੇ ਸੁਝਾਅ ਦਿੱਤੇ ਗਏ ਹਨ : ਕਰਤਾਰਪੁਰ ਵਿਚ ਪ੍ਰਕਿਰਤੀ ਦੇ ਵਾਸੇ ਵਾਸਤੇ ਗੁਰਦੁਆਰੇ ਦੇ ਆਲੇ-ਦੁਆਲੇ ਦੇ ਖੇਤਾਂ ਨੂੰ ਨਾ ਛੇੜਿਆ ਜਾਏ ਤੇ ਉੱਥੇ ਅੱਧੀ ਜ਼ਮੀਨ ਵਿਚ ਵਣ ਲਾ ਦਿੱਤੇ ਜਾਣ ਅਤੇ ਬਾਕੀ ਵਿਚ ਪਹਿਲਾਂ ਵਾਂਗ ਦੇਸੀ ਖੇਤੀ ਹੁੰਦੀ ਰਹੇ; ਨਵੀਂ ਉਸਾਰੀ ਦੀ ਦਿੱਖ ਪੁਰਾਤਨ ਸਮਿਆਂ ਵਾਲੀ ਹੋਵੇ, 20-20 ਮੰਜ਼ਿਲਾਂ ਵਾਲੀ ਅੱਜ ਦੀ ਕੋਝੀ ਮਾਡਰਨ ਦਿੱਖ ਵਾਲੀ ਨਹੀਂ, ਰਿਹਾਇਸ਼ੀ ਇਮਾਰਤਾਂ ਗੁਰਦੁਆਰੇ ਤੋਂ ਚੋਖੀ ਦੂਰੀ 'ਤੇ ਬਣਾਈਆਂ ਜਾਣ, ਆਵਾਜਾਈ ਵਧੇਰੇ ਪੈਦਲ ਰੱਖੀ ਜਾਏ ਅਤੇ ਬਜ਼ੁਰਗਾਂ ਤੇ ਹੋਰ ਲੋੜਵੰਦ ਸੰਗਤ ਵਾਸਤੇ ਬਿਜਲਈ ਗੱਡੀਆਂ ਹੋਣ, ਪਲਾਸਟਿਕ ਬੈਗਾਂ, ਬੋਤਲਾਂ ਤੇ ਜੰਕ ਫੂਡ 'ਤੇ ਸਖ਼ਤ ਰੋਕ ਲੱਗੇ। ਗੁਰਮੀਤ ਕੌਰ ਨੇ ਇਹ ਵਾਸਤਾ ਵੀ ਪਾਇਆ ਹੈ : ''ਰੱਬ ਦੇ ਵਾਸਤੇ ਕਰਤਾਰਪੁਰ ਨੂੰ ਕਰਤਾਰਪੁਰ ਹੀ ਰੱਖਣਾ, ਇਹਨੂੰ ਡਿਜ਼ਨੀਲੈਂਡ ਨਾ ਬਣਾ ਘੱਤਣਾ।''
ਇਨ੍ਹਾਂ ਦਿਨਾਂ ਵਿਚ ਇਹ ਚਰਚਾ ਵੀ ਸਾਹਮਣੇ ਆਈ ਕਿ ਲਾਂਘੇ ਲਈ ਪਹੁੰਚਣ 'ਤੇ ਵੀਜ਼ਾ (ਵੀਜ਼ਾ ਆਨ ਅਰਾਈਵਲ) ਸ਼ਾਇਦ ਸਿਰਫ਼ ਸਿੱਖ ਸ਼ਰਧਾਲੂਆਂ ਨੂੰ ਹੀ ਦਿੱਤਾ ਜਾਏਗਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦੇ ਕੇ ਇਸ ਦਾ ਵਿਰੋਧ ਕੀਤਾ। ਇਸ ਤਰ੍ਹਾਂ ਦੀ ਸੋਚ ਦਾ ਵਿਰੋਧ ਜ਼ਰੂਰੀ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਮਨੁੱਖਤਾ ਦੇ ਸਾਂਝੇ ਰਹਿਬਰ ਸਨ। ਉਨ੍ਹਾਂ ਦਾ ਸੰਦੇਸ਼ ਸਿਰਫ਼ ਸਿੱਖਾਂ ਲਈ ਹੀ ਨਹੀਂ ਸਗੋਂ ਸਾਰੀ ਮਨੁੱਖਤਾ ਵਾਸਤੇ ਹੈ। ਇਸ ਦੀ ਅਜ਼ੀਮ ਮਿਸਾਲ ਖ਼ੁਦ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਵਿਚ ਮਿਲਦੀ ਹੈ ਜਿੱਥੇ ਗੁਰੂ ਸਾਹਿਬ ਦਾ ਮਜ਼ਾਰ ਤੇ ਸਮਾਧੀ ਦੋਵੇਂ ਮੌਜੂਦ ਹਨ। ਗੁਰੂ ਸਾਹਿਬ ਦੀ ਕਰਮਭੂਮੀ ਸਿਰਫ਼ ਪੰਜਾਬ ਤਕ ਹੀ ਸੀਮਤ ਨਹੀਂ ਸੀ ਸਗੋਂ ਉਨ੍ਹਾਂ ਨੇ ਦੂਰ-ਦਰਾਜ ਦੇ ਇਲਾਕਿਆਂ ਵਿਚ ਜਾ ਕੇ 'ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ' ਦਾ ਸੰਦੇਸ਼ ਦਿੱਤਾ। ਸਮਾਜਿਕ ਏਕਤਾ ਤੇ ਸਮਤਾ ਕਾਇਮ ਕਰਨ ਦਾ ਸੰਦੇਸ਼ ਉਨ੍ਹਾਂ ਦੀ ਬਾਣੀ ਵਿਚ ਥਾਂ ਥਾਂ 'ਤੇ ਮਿਲਦਾ ਹੈ। ਜਦ ਬਾਬਰ ਦਾ ਹਮਲਾ ਹੁੰਦਾ ਹੈ ਤਾਂ ਗੁਰੂ ਸਾਹਿਬ ਸਿਰਫ਼ ਪੰਜਾਬ ਦੇ ਲੋਕਾਂ ਦੇ ਹੱਕਾਂ ਦੇ ਵਾਹਕ ਹੀ ਨਹੀਂ ਬਣਦੇ ਸਗੋਂ ਇਕ ਵੱਡੇ ਭੂਗੋਲਿਕ ਖ਼ਿੱਤੇ ਦੇ ਲੋਕਾਂ ਦੇ ਦੁੱਖ-ਦਰਦ ਨੂੰ ਜ਼ੁਬਾਨ ਦਿੰਦੇ ਹਨ ਜਿਸ ਨੂੰ ਉਹ ਆਪਣੀ ਬਾਣੀ ਵਿਚ 'ਹਿੰਦੁਸਤਾਨੁ' ਕਹਿੰਦੇ ਹਨ : ''ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥'' ਇਸ ਤਰ੍ਹਾਂ ਉਹ ਪੰਜਾਬ ਦੇ ਲੋਕਾਂ ਦੀ ਭਾਵੀ ਨੂੰ ਨਾਲ ਦੇ ਖੇਤਰਾਂ ਨਾਲ ਜੋੜਦੇ ਹਨ ਅਤੇ ਸਾਨੂੰ ਸੌੜੀਆਂ ਵਲਗਣਾਂ 'ਚੋਂ ਕੱਢਦੇ ਹਨ। ਇੱਥੇ ਇਹ ਯਾਦ ਰੱਖਣਾ ਵੀ ਬਣਦਾ ਹੈ ਕਿ ਸੰਤਾਂ, ਗੁਰੂਆਂ, ਪੀਰਾਂ, ਫ਼ਕੀਰਾਂ ਵਿਚੋਂ ਗੁਰੂ ਨਾਨਕ ਦੇਵ ਜੀ ਪਹਿਲੇ ਹਨ ਜੋ ਇਸ ਭੂਗੋਲਿਕ ਖ਼ਿੱਤੇ ਵਾਸਤੇ ਹਿੰਦੁਸਤਾਨੁ ਸ਼ਬਦ ਵਰਤ ਕੇ ਇੱਥੋਂ ਦੇ ਲੋਕਾਂ ਲਈ ਬੋਲਦੇ ਹਨ।
ਇਸੇ ਤਰ੍ਹਾਂ ਦਾ ਵਿਸ਼ਾਲ ਦ੍ਰਿਸ਼ਟੀਕੋਣ ਸਾਨੂੰ ਆਦਿ-ਗ੍ਰੰਥ ਦੀ ਸੰਪਾਦਨਾ ਵੇਲੇ ਮਿਲਦਾ ਹੈ ਜਦ ਗੁਰੂ ਅਰਜਨ ਦੇਵ ਜੀ ਦੂਰ-ਦੁਰਾਡੇ ਦੇ ਭਗਤਾਂ ਦੀ ਬਾਣੀ ਆਦਿ-ਗ੍ਰੰਥ ਵਿਚ ਸ਼ਾਮਿਲ ਕਰਦੇ ਹਨ। ਗੁਰੂ ਸਾਹਿਬਾਨ ਦੇ ਵਚਨ ਤੇ ਕੰਮ ਸਾਨੂੰ ਦੱਸਦੇ ਹਨ ਕਿ ਸਾਨੂੰ ਪੰਜਾਬ, ਪੰਜਾਬੀ, ਧਰਮ, ਜਾਤ, ਜਮਾਤ ਆਦਿ ਦੀਆਂ ਸੀਮਾਵਾਂ ਤਕ ਹੀ ਸੀਮਤ ਨਹੀਂ ਹੋ ਜਾਣਾ ਚਾਹੀਦਾ ਅਤੇ ਨਾਲ ਰਹਿੰਦੇ ਤੇ ਦੂਰ-ਦੁਰੇਡੇ ਵਸਦੇ, ਵੱਖ ਵੱਖ ਧਰਮਾਂ ਨਾਲ ਸਬੰਧ ਰੱਖਦੇ ਤੇ ਵੱਖ ਵੱਖ ਬੋਲੀਆਂ ਬੋਲਦੇ ਲੋਕਾਂ ਨਾਲ ਸਾਂਝ ਪਾਉਣੀ ਚਾਹੀਦੀ ਹੈ। ਗੁਰੂ ਨਾਨਕ ਦੇਵ ਜੀ ਨੇ ਉੱਤਰ, ਦੱਖਣ, ਪੂਰਬ, ਪੱਛਮ ਹਰ ਪਾਸੇ ਯਾਤਰਾ ਕੀਤੀ। ਉਦਾਹਰਨ ਦੇ ਤੌਰ 'ਤੇ ਉਹ ਉੜੀਸਾ ਵਿਚ ਪੁਰੀ ਗਏ। ਉੱਥੋਂ ਦੇ ਲੋਕਾਂ ਨਾਲ ਗੋਸ਼ਟਿ ਕੀਤੀ। ਪੁਰੀ ਵਿਚ ਜਗਨਨਾਥ ਦੀ ਬਹੁਤ ਵੱਡੀ ਯਾਤਰਾ ਨਿਕਲਦੀ ਹੈ। ਉਸ ਵਿਚ ਇਹ ਝਾਕੀ ਵੇਖਣ ਨੂੰ ਮਿਲਦੀ ਰਹੀ ਹੈ ਜਿਸ ਵਿਚ ਇਹ ਬੋਲਿਆ ਜਾਂਦਾ ਸੀ ''ਕਹਾਂ ਸੇ ਆਇਆ ਨਾਨਕ ਸਾਈਂ, ਕਹਾਂ ਤੁਮਾਰਾ ਡੇਰਾ। ਕਹਾਂ ਤੁਮਾਰਾ ਗੁਰੂ ਕਾ ਗੱਦੀ, ਕੌਣ ਦੇਵ ਕਾ ਪਹਿਰਾ।'' 18ਵੀਂ ਸਦੀ ਵਿਚ ਆਗਰੇ ਦਾ ਲੋਕ ਸ਼ਾਇਰ ਨਜ਼ੀਰ ਅਕਬਰਾਬਾਦੀ ਉਨ੍ਹਾਂ ਨੂੰ 'ਨਾਨਕਸ਼ਾਹ' ਕਹਿ ਕੇ ਯਾਦ ਕਰਦਾ ਹੈ ਤੇ 20ਵੀਂ ਸਦੀ ਵਿਚ ਮੁਹੰਮਦ ਇਕਬਾਲ 'ਮਰਦੇ ਕਾਮਲ' ਕਹਿ ਕੇ। 19ਵੀਂ ਤੇ 20ਵੀਂ ਸਦੀ ਵਿਚ ਰਾਜਾ ਰਾਮ ਮੋਹਨ ਰਾਏ, ਸਵਾਮੀ ਵਿਵੇਕਾਨੰਦ, ਦੇਬਿੰਦਰਾ ਨਾਥ, ਕੇਸ਼ਵ ਚੰਦਰ ਸੇਨ, ਰਾਬਿੰਦਰ ਨਾਥ ਟੈਗੋਰ ਅਤੇ ਹੋਰ ਬਹੁਤ ਸਾਰੇ ਚਿੰਤਕ ਗੁਰੂ ਨਾਨਕ ਦੇਵ ਜੀ ਦੇ ਚਿੰਤਨ ਤੋਂ ਪ੍ਰਭਾਵਿਤ ਹੁੰਦੇ ਹਨ। ਇਸ ਦੀਆਂ ਹੋਰ ਵੀ ਬਹੁਤ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਪਰ ਮੂਲ ਦਲੀਲ ਇਹੋ ਹੈ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦਾ ਹੱਕ ਸਾਰੇ ਧਰਮਾਂ ਦੇ ਲੋਕਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਦੇ ਵਾਦ-ਵਿਵਾਦ ਤੋਂ ਬਚਣਾ ਚਾਹੀਦਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਵੰਡ ਤੋਂ ਪਹਿਲਾਂ ਗੁਰਦੁਆਰੇ ਕੋਲ ਲਗਭਗ ਸੌ ਏਕੜ ਜ਼ਮੀਨ ਸੀ। ਇਹ ਉਹ ਜ਼ਮੀਨ ਹੈ ਜਿੱਥੇ ਗੁਰੂ ਸਾਹਿਬ ਨੇ ਖੇਤੀ ਕੀਤੀ। ''ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ'', ''ਹੋਇ ਕਿਰਸਾਣੁ ਈਮਾਨੁ ਜੰਮਾਇ'', ''ਇਹ ਤਨੁ ਧਰਤੀ ਬੀਜੁ ਕਰਮਾ ਕਰੋ ਸਲਿਲ ਆਪਾਉ ਸਾਰਿੰਗਪਾਣੀ'' ਜਿਹੇ ਬੋਲ ਕਿਰਤ, ਖੇਤੀ ਤੇ ਕਿਸਾਨੀ ਨਾਲ ਜੁੜੇ ਕੰਮਾਂ-ਕਾਰਾਂ ਵਿਚੋਂ ਹੀ ਨਿਕਲੇ ਹਨ। ਇਹ ਜ਼ਮੀਨ ਸਾਡੇ ਲਈ ਅਨਮੋਲ ਹੈ। ਹੁਣ ਇੱਥੋਂ ਦਾ ਪ੍ਰਬੰਧਕੀ ਟਰੱਸਟ ਕੁਝ ਜ਼ਮੀਨ ਵਿਚ ਦੇਸੀ/ਜੈਵਿਕ ਖੇਤੀ ਕਰਦਾ ਹੈ ਅਤੇ ਲੰਗਰ ਇਸ ਤਰੀਕੇ ਨਾਲ ਉਪਜੇ ਅੰਨ ਵਿਚੋਂ ਹੀ ਬਣਾਇਆ ਜਾਂਦਾ ਹੈ। ਗੁਰਦੁਆਰੇ ਵਿਚ ਮੁਸਲਮਾਨ ਤੇ ਇਸਾਈ ਸ਼ਰਧਾਲੂ ਵੀ ਆਉਂਦੇ ਹਨ। ਇਨ੍ਹਾਂ ਰਵਾਇਤਾਂ ਨੂੰ ਕਾਇਮ ਰੱਖਿਆ ਜਾਣਾ ਚਾਹੀਦਾ ਹੈ।
ਕਰਤਾਰਪੁਰ ਸਾਹਿਬ ਗੁਰਦੁਆਰੇ ਦੀ ਸਾਂਭ-ਸੰਭਾਲ ਦੀ ਜਿਸ ਤਰ੍ਹਾਂ ਦੀ ਮੰਗ ਕੀਤੀ ਜਾ ਰਹੀ ਹੈ, ਉਹ ਦੂਸਰੇ ਗੁਰਧਾਮਾਂ ਤੇ ਇਤਿਹਾਸਕ ਸਥਾਨਾਂ 'ਤੇ ਵੀ ਲਾਗੂ ਹੋਣੀ ਚਾਹੀਦੀ ਹੈ। ਕਈ ਵਾਰ ਅਸੀਂ ਭੁੱਲ ਜਾਂਦੇ ਹਾਂ ਕਿ ਇਨ੍ਹਾਂ ਸਥਾਨਾਂ ਦਾ ਮਹੱਤਵ ਇਤਿਹਾਸਕ ਹੈ ਅਤੇ ਇਨ੍ਹਾਂ ਦੀ ਪੁਰਾਤਨ ਦਿੱਖ ਨੂੰ ਬਰਕਰਾਰ ਰੱਖਣਾ ਇਸ ਲਈ ਜ਼ਰੂਰੀ ਹੈ ਕਿ ਜਦ ਕੋਈ ਸ਼ਰਧਾਲੂ ਇਨ੍ਹਾਂ ਦਾ ਦੀਦਾਰ ਕਰੇ ਤਾਂ ਉਸ ਨੂੰ ਆਪਣੇ ਵਿਰਸੇ ਦੀ ਯਾਦ ਆਏ। ਜੋਸ਼ ਤੇ ਉਤਸ਼ਾਹ ਵਿਚ ਅਸੀਂ ਇਨ੍ਹਾਂ ਅਸਥਾਨਾਂ ਨੂੰ ਆਧੁਨਿਕ ਤੇ ਦਿਖਾਵਾਮਈ ਬਣਾਉਣਾ ਸ਼ੁਰੂ ਕਰ ਦਿੰਦੇ ਹਾਂ, ਵੱਡੀਆਂ ਵੱਡੀਆਂ ਇਮਾਰਤਾਂ ਉਸਾਰ ਦਿੱਤੀਆਂ ਜਾਂਦੀਆਂ ਜੋ ਅੱਜ ਦੇ ਸੁਹਜ ਅਨੁਸਾਰ ਤਾਂ ਚੰਗੀਆਂ ਲੱਗਦੀਆਂ ਹਨ ਪਰ ਉਨ੍ਹਾਂ ਵਿਚੋਂ ਉਹ ਪੁਰਾਤਨਤਾ ਗਾਇਬ ਹੁੰਦੀ ਹੈ ਜਿਸ ਨੂੰ ਵੇਖ ਕੇ ਸ਼ਰਧਾਲੂ ਦੇ ਮਨ ਵਿਚ ਆਪਣੇ ਅਤੀਤ ਬਾਰੇ ਡੂੰਘੀਆਂ ਤਰਬਾਂ ਉੱਠਦੀਆਂ ਹਨ। ਵੈਭਵ ਤੇ ਬੇਲੋੜੀ ਸਜਾਵਟ ਬਹੁਤੀ ਵਾਰ ਸਥਾਨ ਦੀ ਇਤਿਹਾਸਕਤਾ ਤੇ ਉਸ ਦੇ ਆਂਤਰਿਕ ਸੁਹਜ ਦਾ ਮਲੀਆਮੇਟ ਕਰ ਦਿੰਦੇ ਹਨ।
ਇਸੇ ਤਰ੍ਹਾਂ ਕਈ ਗੁਰਦੁਆਰਿਆਂ ਵਿਚ ਪੁਰਾਣੇ ਚਿੱਤਰਕਾਰਾਂ ਤੇ ਨੱਕਾਸ਼ਾਂ ਦੁਆਰਾ ਗੁਰੂ ਸਾਹਿਬਾਨ ਦੇ ਚਿੱਤਰ ਬਣਾਏ ਗਏ ਅਤੇ ਨੱਕਾਸ਼ੀ ਕੀਤੀ ਗਈ ਹੈ। ਉਹ ਚਿੱਤਰ ਸਾਡੀ ਧਰੋਹਰ ਹਨ ਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ। ਕਈ ਵਾਰ ਸਾਨੂੰ ਲੱਗਦਾ ਹੈ ਕਿ ਇਹ ਚਿੱਤਰ ਪੁਰਾਣੇ ਹੋ ਚੁੱਕੇ ਹਨ ਤੇ ਅਸੀਂ ਇਸ ਲੋਭ ਵਿਚ ਪੈ ਜਾਂਦੇ ਹਾਂ ਕਿ ਇਨ੍ਹਾਂ ਦੀ ਥਾਂ 'ਤੇ ਸੰਗਮਰਮਰ ਲਾ ਦਿੱਤਾ ਜਾਏ। ਅਸਲ ਵਿਚ ਇਹੋ ਜਿਹੇ ਚਿੱਤਰ ਤੇ ਨੱਕਾਸ਼ੀ ਬੇਸ਼ਕੀਮਤੀ ਹਨ ਕਿਉਂਕਿ ਉਹ ਸਾਡੇ ਇਤਿਹਾਸ ਨਾਲ ਪਰਣਾਏ ਹੋਏ ਹਨ। ਵਧੀਆ ਸੰਗਮਰਮਰ ਜਾਂ ਸੋਨੇ ਦੀ ਜੜਤ ਪ੍ਰਵੀਨ ਤੇ ਸ਼ਰਧਾਲੂ ਚਿੱਤਰਕਾਰਾਂ ਤੇ ਨੱਕਾਸ਼ਾਂ ਵੱਲੋਂ ਬਣਾਈਆਂ ਕਲਾਕ੍ਰਿਤਾਂ ਦੀ ਥਾਂ ਨਹੀਂ ਲੈ ਸਕਦੀ। ਇਸ ਲਈ ਡੇਰਾ ਬਾਬਾ ਨਾਨਕ ਅਤੇ ਕਰਤਾਰਪੁਰ ਸਾਹਿਬ ਦੀ ਵਿਰਾਸਤੀ ਦਿੱਖ ਬਣਾਏ ਰੱਖਣ ਲਈ ਦਿੱਤੇ ਗਏ ਸੁਝਾਵਾਂ 'ਤੇ ਸੁਹਿਰਦਤਾ ਨਾਲ ਵਿਚਾਰ ਹੋਣਾ ਚਾਹੀਦਾ ਹੈ ਅਤੇ ਹੋਰ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੀ ਨਵਉਸਾਰੀ ਸਮੇਂ ਵੀ ਇਨ੍ਹਾਂ ਸੁਝਾਵਾਂ ਦਾ ਧਿਆਨ ਰੱਖਣ ਦੀ ਲੋੜ ਹੈ। ਵਿਰਾਸਤੀ ਸਰੋਤਾਂ ਤੇ ਸੋਮਿਆਂ ਦੀ ਸੰਭਾਲ ਲਈ ਮਾਹਿਰ ਲੋਕਾਂ ਦੀ ਰਾਏ ਲੈਣੀ ਚਾਹੀਦੀ ਹੈ। ਦੁਨੀਆਂ ਦੇ ਕੋਨੇ ਕੋਨੇ ਵਿਚ ਮਾਹਿਰ ਆਰਕੀਟੈਕਟ ਹਨ ਜੋ ਕਿਸੇ ਸਥਾਨ ਦੀ ਪੁਰਾਤਨ ਦਿੱਖ ਨੂੰ ਕਾਇਮ ਰੱਖਣ ਵਿਚ ਸਹਾਇਤਾ ਕਰ ਸਕਦੇ ਹਨ, ਪਰ ਚੜ੍ਹਦੇ ਤੇ ਲਹਿੰਦੇ ਪੰਜਾਬ ਅਤੇ ਬਾਕੀ ਦੇ ਹਿੰਦੋਸਤਾਨ ਵਿਚ ਵੀ ਬੜੀ ਉੱਚ-ਪੱਧਰ ਦੇ ਇਮਾਰਤਸਾਜ਼, ਕਾਰੀਗਰ, ਨੱਕਾਸ਼ ਤੇ ਚਿੱਤਰਕਾਰ ਹਨ ਅਤੇ ਧਾਰਮਿਕ ਅਸਥਾਨਾਂ ਦੀ ਸਾਂਭ-ਸੰਭਾਲ ਕਰਦਿਆਂ ਉਨ੍ਹਾਂ ਦੀ ਕਾਰਜਕੁਸ਼ਲਤਾ ਨੂੰ ਅਣਡਿੱਠ ਨਹੀਂ ਕਰਨਾ ਚਾਹੀਦਾ। ਇਹ ਕਾਰਜ ਇਸ ਸੰਵੇਦਨਸ਼ੀਲਤਾ ਤੇ ਸੁਹਜ ਨਾਲ ਕਰਾਇਆ ਜਾਣਾ ਚਾਹੀਦਾ ਹੈ ਜਿਸ ਨਾਲ ਇਨ੍ਹਾਂ ਸਥਾਨਾਂ ਦੀ ਧਾਰਮਿਕ ਅਤੇ ਇਤਿਹਾਸਕ ਦਿੱਖ ਉਸੇ ਰੂਪ ਵਿਚ ਸੰਭਾਲੀ ਜਾ ਸਕੇ ਜਿਹੋ ਜਿਹੀ ਪੁਰਾਣੇ ਵੇਲੇ ਦੇ ਇਮਾਰਤਸਾਜ਼ਾਂ, ਕਾਰੀਗਰਾਂ, ਕਲਾਕਾਰਾਂ ਅਤੇ ਨੱਕਾਸ਼ਾਂ ਨੇ ਚਿਤਵੀ ਸੀ।
03 Feb. 2019