ਸਮਾਜੀ ਸੰਘਰਸ਼ ਅਤੇ ਸੰਸਾਰੀਕਰਨ ਪੁਸਤਕ ਟਰੇਡ ਯੂਨੀਅਨ ਵਰਤਾਰੇ ਦੀ ਕਹਾਣੀ - ਉਜਾਗਰ ਸਿੰਘ

ਡਾ ਲਕਸ਼ਮੀ ਨਰਾਇਣ ਭੀਖੀ ਦੀ ਪੁਸਤਕ ਟਰੇਡ ਯੂਨੀਅਨ ਦੇ ਵਰਤਾਰੇ ਦੀ ਕਹਾਣੀ ਹੈ, ਜਿਸ ਵਿਚ ਕਿਰਤੀ ਵਰਗ ਦੀ ਤ੍ਰਾਸਦੀ ਨੂੰ ਦਰਸਾਇਆ ਗਿਆ ਹੈ। ਇਸ ਪੁਸਤਕ ਵਿਚ ਕਿਰਤੀ ਵਰਗ ਦੇ ਸਰਮਾਏਦਾਰੀ ਅਤੇ ਕਾਰਪੋਰੇਟ ਜਗਤ ਵੱਲੋਂ ਕੀਤੇ ਸ਼ੋਸ਼ਣ ਬਾਰੇ ਜਾਣਕਾਰੀ ਦਿੱਤੀ ਗਈ ਹੈ। ਲਕਸ਼ਮੀ ਨਰਾਇਣ ਦੀ ਇਹ ਪੁਸਤਕ ਟਰੇਡ ਯੂਨੀਅਨ ਲਹਿਰ ਵਿਚ ਆਈ ਗਿਰਾਵਟ ਦਾ ਵੀ ਪਰਦਾ ਫਾਸ਼ ਕਰਦੀ ਹੈ। ਲਕਸ਼ਮੀ ਨਰਾਇਣ ਭੀਖੀ ਨੇ ਸਾਰੀ ਉਮਰ ਪੰਜਾਬ ਰਾਜ ਬਿਜਲੀ ਬੋਰਡ ਵਿਚ ਨੌਕਰੀ ਕਰਦਿਆਂ ਉਥੇ ਕਿਰਤੀ ਵਰਗ ਨਾਲ ਹੋ ਰਹੇ ਵਿਵਹਾਰ ਨੂੰ ਆਪਣੇ ਪਿੰਡੇ ਤੇ ਹੰਢਾਇਆ ਹੈ। ਉਹ ਟਰੇਡ ਯੂਨੀਅਨ ਅਤੇ ਖੱਬੇ ਪੱਖੀ ਜਥੇਬੰਦੀਆਂ ਵਿਚ ਕਾਰਜਸ਼ੀਲ ਵੀ ਰਿਹਾ ਹੈ। ਇਕ ਕਿਸਮ ਨਾਲ ਇਹ ਪੁਸਤਕ ਉਸਦੀ ਕਿਰਤੀ ਜ਼ਿੰਦਗੀ ਦੇ ਜ਼ਮੀਨੀ ਪੱਧਰ ਦੇ ਤਜਰਬੇ ਤੇ ਅਧਾਰਤ ਹੈ। ਉਸਦੀ ਕਮਾਲ ਇਹ ਹੈ ਕਿ ਉਸਨੇ ਟਰੇਡ ਯੂਨੀਅਨ ਲਹਿਰ ਬਾਰੇ ਪੁਸਤਕ ਲਿਖਕੇ ਸਾਹਿਤ ਦਾ ਇਕ ਨਵਾਂ ਰੂਪ ਦਿੱਤਾ ਹੈ। 221 ਪੰਨਿਆਂ ਦੀ ਇਹ ਪੁਸਤਕ ਗੁਸਈਆਂ ਪਬਲੀਕੇਸ਼ਨ ਪਟਿਆਲਾ ਵੱਲੋਂ ਪ੍ਰਕਾਸ਼ਤ ਕੀਤੀ ਗਈ ਹੈ। ਇਸਦੀ ਕੀਮਤ 300 ਰੁਪਏ ਹੈ। ਲੇਖਕ ਨੇ ਇਸ ਪੁਸਤਕ ਨੂੰ ਪੰਜ ਭਾਗਾਂ ਵਿਚ ਵੰਡਿਆ ਹੈ। ਇਨ੍ਹਾਂ ਪੰਜਾਂ ਭਾਗਾਂ ਵਿਚ ਲੇਖਕ ਨੇ ਬੜੇ ਹੀ ਸੰਜੀਦਾ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਹੈ, ਜਿਹੜੀ ਕਿਰਤੀ ਵਰਗ ਦੇ ਹਿੱਤਾਂ ਤੇ ਪਹਿਰਾ ਦੇਣ ਲਈ ਪ੍ਰੇਰਦੀ ਹੈ। ਪਹਿਲਾ ਭਾਗ 'ਸਮਕਾਲੀ ਜਥੇਬੰਦਕ ਵਰਤਾਰਾ' ਹੈ ਜਿਸ ਵਿਚ ਟਰੇਡ ਯੂਨੀਅਨ ਦੀ ਸੌੜੀ ਸਿਆਸਤ, ਧੜੇਬੰਦੀ, ਜਾਤ ਪਾਤ, ਧਰਮ ਅਤੇ ਕਿੱਤਿਆਂ ਤੇ ਅਧਾਰਤ ਪਈਆਂ ਵੰਡੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸੰਸਾਰ ਵਿਚ ਪ੍ਰਮੁੱਖ ਦੇਸ਼ਾਂ ਅਮਰੀਕਾ, ਰੂਸ ਅਤੇ ਇੰਗਲੈਂਡ ਵਿਚ ਟਰੇਡ ਯੂਨੀਅਨਾਂ ਦੀ ਭੂਮਿਕਾ ਬਾਰੇ ਵੀ ਦੱਸਿਆ ਗਿਆ ਹੈ। ਅਮਰੀਕਾ ਵਿਚ ਟਰੇਡ ਯੂਨੀਅਨਾਂ ਸਿਰਫ ਆਰਥਿਕ ਸੁਧਾਰਾਂ ਰਾਹੀਂ ਸਮਾਜਿਕ ਕ੍ਰਾਂਤੀ ਲਿਆਉਣ ਤੱਕ  ਸੀਮਤ ਸਨ। ਭਾਰਤ ਵਿਚ ਟਰੇਡ ਯੂਨੀਅਨਾਂ ਆਪਣੇ ਮਕਸਦ ਤੋਂ ਕਿਨਾਰਾ ਕਰਕੇ ਰਾਜਨੀਤਕ ਸ਼ਕਤੀ ਪ੍ਰਾਪਤ ਕਰਨ ਦੇ ਰਾਹ ਪੈ ਗਈਆਂ। ਇਨ੍ਹਾਂ ਦਾ ਮੁਕਾਬਲਾ ਕਰਨ ਲਈ ਅਧਿਕਾਰੀਆਂ ਨੇ ਆਪਣੀ ਜਥੇਬੰਦੀਆਂ ਬਣਾਕੇ ਜਮਾਤੀ ਹਿੱਤਾਂ ਤੇ ਪਹਿਰਾ ਦੇਣ ਲੱਗ ਪਏ। ਰਾਜਨੀਤਕ ਲੋਕ ਇਨ੍ਹਾਂ ਯੂਨੀਅਨਾਂ ਨੂੰ ਆਪਣੇ ਹਿੱਤਾਂ ਲਈ ਵਰਤਣ ਲੱਗ ਪਏ।  ਇਨ੍ਹਾਂ ਦੇ ਨੇਤਾ ਮੌਕਾ ਪ੍ਰਸਤ ਬਣਕੇ ਯੂਨੀਅਨਾਂ ਨੂੰ ਨਿੱਜੀ ਮੁਫ਼ਾਦਾਂ ਲਈ ਵਰਤਣ ਲੱਗ ਪਏ। ਰਹਿੰਦੀ ਕਸਰ ਤਕਨੀਕੀ ਯੁਗ ਨੇ ਕੱਢ ਦਿੱਤੀ। ਪੂੰਜੀਪਤੀ ਆਪਣਾ ਉਲੂ ਇਨ੍ਹਾਂ ਰਾਹੀਂ ਸਿੱਧਾ ਕਰਦੇ ਹਨ। ਲੇਖਕ ਨੇ ਸੁਝਾਅ ਦਿੱਤਾ ਹੈ ਕਿ ਇਕ ਅਦਾਰੇ ਵਿਚ ਇਕ ਯੂਨੀਅਨ ਹੋਣੀ ਚਾਹੀਦੀ ਹੈ। ਟਰੇਡ ਯੂਨੀਅਨ ਲਹਿਰ ਦਾ ਵਰਤਮਾਨ ਖ਼ਤਰੇ ਵਿਚ ਹੈ ਕਿਉਂਕਿ ਇਸ ਵਿਚ ਫੁੱਟ ਪਾ ਕੇ ਪੂੰਜੀਪਤੀ ਕਿਰਤੀਆਂ ਦਾ ਸ਼ੋਸ਼ਣ ਕਰ ਰਹੇ ਹਨ। ਸਿਆਸੀ ਪਾਰਟੀਆਂ ਨੇ ਆਪਣੇ ਮਜ਼ਦੂਰ ਵਿੰਗ ਬਣਾ ਲਏ ਹਨ। ਉਹ ਆਪਸ ਵਿਚ ਹੀ ਉਲਝੇ ਰਹਿੰਦੇ ਹਨ। ਕੁਝ ਯੂਨੀਅਨ ਜ਼ਾਤ ਪਾਤ ਤੇ ਅਧਾਰਤ ਹਨ। ਉਹ ਆਪੋ ਆਪਣੀਆਂ ਜ਼ਾਤਾਂ ਦੇ ਹਿੱਤਾਂ ਦੀ ਗੱਲ ਕਰਦੀਆਂ ਹਨ। ਧਰਮ ਅਤੇ ਕਿੱਤਿਆਂ ਤੇ ਅਧਾਰਤ ਵੀ ਯੂਨੀਅਨ ਹਨ। ਕੁਝ ਜਥੇਬੰਦੀਆਂ ਤਾਂ ਬਿਰਧ ਆਸ਼ਰਮ ਬਣ ਚੁੱਕੀਆਂ ਹਨ ਕਿਉਂਕਿ ਉਨ੍ਹਾਂ ਦੇ ਨੇਤਾ ਸੇਵਾ ਮੁਕਤ ਹੋਣਾ ਹੀ ਨਹੀਂ ਚਾਹੁੰਦੇ, ਜਿਸ ਕਰਕੇ ਨੌਜਵਾਨ ਵਰਗ ਨਿਰਾਸ਼ ਹੋ ਜਾਂਦਾ ਹੈ। ਇਸਤੋਂ ਸਾਫ ਸੰਕੇਤ ਮਿਲਦੇ ਹਨ ਕਿ ਮਜ਼ਦੂਰ ਜਥੇਬੰਦੀਆਂ ਵਿਚ ਏਕਤਾ ਨਹੀਂ, ਜਿਸ ਕਰਕੇ ਉਹ ਆਪਣੇ ਹਿੱਤਾਂ ਦੀ ਰਖਵਾਲੀ ਨਹੀਂ ਕਰ ਸਕਦੇ। ਮਈ ਦਿਵਸ ਜੋ ਮਜ਼ਦੂਰ ਏਕਤਾ ਦਾ ਪ੍ਰਤੀਕ ਹੋਣਾ ਚਾਹੀਦਾ ਹੈ ਪ੍ਰੰਤੂ ਹੋ ਇਸਦੇ ਉਲਟ ਰਿਹਾ ਹੈ ਕਿਉਂਕਿ ਮਜ਼ਦੂਰ ਸੰਗਠਤ ਨਹੀਂ ਹਨ। ਲੇਖਕ ਨੇ ਇਨ੍ਹਾਂ ਜਨਤਕ ਜਥੇਬੰਦੀਆਂ ਨੂੰ ਮਜ਼ਬੂਤ ਕਰਨ ਦੇ ਸੁਝਾਅ ਵੀ ਦਿੱਤੇ ਹਨ। ਲੇਖਕ ਅਨੁਸਾਰ ਜਥੇਬੰਦੀਆਂ ਦੀ ਬੌਧਿਕਤਾ ਵਿਚ ਖੜੋਤ ਆ ਗਈ ਹੈ। ਬੌਧਿਕਤਾ ਦੇ ਵਿਕਾਸ ਦੀ ਅਤਿਅੰਤ ਲੋੜ ਹੈ। ਮਜ਼ਬੂਤ ਲੀਡਰਸ਼ਿਪ ਬਣਾਉਣ ਤੇ ਜ਼ੋਰ ਦਿੱਤਾ ਗਿਆ ਹੈ। ਟਰੇਡ ਯੂਨੀਅਨਾਂ ਦੀ ਭੂਮਿਕਾ ਲੋਕ ਪੱਖੀ ਨਹੀਂ ਹੈ। ਦੂਜਾ ਭਾਗ 'ਕਰਮਚਾਰੀ ਵਰਗ ਦੀ ਦਸ਼ਾ ਅਤੇ ਦਿਸ਼ਾ' ਹੈ ਜਿਸ ਵਿਚ ਕਰਮਚਾਰੀਆਂ ਦੇ ਯੋਗਦਾਨ ਅਤੇ ਉਨ੍ਹਾਂ ਦੇ ਵਿਵਹਾਰ ਦਾ ਜ਼ਿਕਰ ਕੀਤਾ ਗਿਆ ਹੈ। ਲੇਖਕ ਅਨੁਸਾਰ ਕਰਮਚਾਰੀਆਂ ਦੀ ਦਫਤਰੀ ਕਾਰਜ਼ਸ਼ੈਲੀ ਲੋਕ ਵਿਰੋਧੀ ਹੋ ਗਈ ਹੈ। ਅਧਿਕਾਰੀ ਵੀ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹਨ ਪ੍ਰੰਤੂ ਫਰਜਾਂ ਤੋਂ ਕਿਨਾਰਾਕਸ਼ੀ ਕਰਦੇ ਹਨ। ਬਾਬੂ, ਅਧਿਕਾਰੀ ਅਤੇ ਸਿਆਸਤਦਾਨਾ ਦੀ ਮਿਲੀ ਭੁਗਤ ਹੈ। ਇਹ ਸਾਰੇ ਰਲਮਿਲਕੇ ਲੋਕਾਂ ਨੂੰ ਲੁਟਦੇ ਹਨ। ਇਹ ਲੋਕ ਆਪਣੇ ਆਪ ਨੂੰ ਹਾਕਮ ਸਮਝਦੇ ਹਨ, ਸੇਵਕ ਨਹੀਂ, ਇਸ ਕਰਕੇ ਇਨ੍ਹਾਂ ਦੀ ਮਾਨਸਿਕਤਾ ਬਦਲਣ ਦੀ ਲੋੜ ਹੈ। ਮੁਲਾਜ਼ਮ ਲਹਿਰ ਦੀ ਜੁਗਲਬੰਦੀ ਸਿਰਲੇਖ ਹੇਠ ਲੇਖਕ ਦਸਦਾ ਹੈ ਕਿ ਮੁਲਾਜ਼ਮ ਆਗੂਆਂ ਨੂੰ ਉਨ੍ਹਾਂ ਦੀ ਕਾਬਲੀਅਤ ਅਨੁਸਾਰ ਕੰਮ ਦੇਣਾ ਚਾਹੀਦਾ ਹੈ। ਕਈ ਆਗੂ ਸਾਰੇ ਕੰਮ ਨੂੰ ਆਪ ਹੀ ਜੱਫਾ ਮਾਰ ਲੈਂਦੇ ਹਨ, ਜਿਸ ਕਰਕੇ ਮੁਲਾਜ਼ਮਾ ਦੇ ਹਿਤ ਸੁਰੱਖਿਅਤ ਨਹੀ ਰਹਿੰਦੇ। ਕੱਚੀ ਨੌਕਰੀ ਦੇ ਡਰ ਦੀ ਤਲਵਾਰ ਹਮੇਸ਼ਾ ਲਟਕਦੀ ਰਹਿੰਦੀ ਹੈ। ਮੁਲਾਜ਼ਮ ਵਰਗ ਦਾ ਵਰਤਾਰਾ ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਕਰਕੇ ਕਮਜ਼ੋਰ ਹੁੰਦਾ ਜਾ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਕਿਰਤ ਸਭਿਆਚਾਰ ਤੋਂ ਵੀ ਅਸੀਂ ਦੂਰ ਹੁੰਦੇ ਜਾ ਰਹੇ ਹਾਂ। ਤੀਜਾ ਭਾਗ ' ਬੋਰਡਾਂ ਦਾ ਅਤੀਤ ਅਤੇ ਵਰਤਮਾਨ' ਬਾਰੇ ਜਿਸ ਵਿਚ ਬਿਜਲੀ ਬੋਰਡਾਂ ਵਿਚ ਹੋ ਰਹੇ ਭਰਿਸ਼ਟਾਚਾਰ, ਲੁੱਟ ਅਤੇ ਬੋਰਡ ਦਾ ਨਿਗਮੀਕਰਨ ਕਰਕੇ ਦੁਰਵਰਤੋਂ ਕੀਤੀ ਗਈ ਹੈ, ਜਿਸਦੇ ਨਤੀਜੇ ਚੰਗੇ ਨਹੀਂ ਰਹੇ। ਬੋਰਡਾਂ ਦਾ ਨਿਗਮੀਕਰਨ ਪੂੰਜੀਵਾਦੀ ਪ੍ਰਬੰਧ ਦੀ ਉਪਜ ਹੈ, ਜਿਸ ਕਰਕੇ ਸਰਕਾਰਾਂ ਬਹੁ ਕਰੋੜੀ ਕੰਪਨੀਆਂ ਤੇ ਨਿਰਭਰ ਹੋ ਜਾਂਦੀਆਂ ਹਨ। ਨਿਗਮੀਕਰਨ ਕੁਦਰਤੀ ਸੋਮਿਆਂ ਅਤੇ ਮਨੁੱਖੀ ਵਸੀਲਿਆਂ ਨੂੰ ਪ੍ਰਭਾਵਤ ਕਰਦਾ ਹੈ। ਇਸਦਾ ਮੁੱਖ ਮੰਤਵ ਮੁਨਾਫਾ ਕਮਾਉਣਾ ਹੁੰਦਾ ਹੈ।  ਬਿਜਲੀ ਨਿਗਮਾ ਦੇ ਸੁਧਾਰਾਂ ਦੀ ਪ੍ਰਕਿਰਿਆ ਦੇ ਸਿਰਲੇਖ ਹੇਠ ਦੱਸਿਆ ਗਿਆ ਹੈ ਕਿ ਇਨ੍ਹਾਂ ਸੁਧਾਰਾਂ ਦਾ ਬਹਾਨਾ ਬਣਾਕੇ ਸੰਸਾਰ ਵਿਚ ਫੇਲ੍ਹ ਹੋਏ ਤਜਰਬੇ ਅਪਣਾਏ ਜਾਂਦੇ ਹਨ।  ਨਿਜੀਕਰਨ ਅਤੇ ਬਿਜਲੀ ਨਿਗਮਾ ਦੀ ਸਥਿਤੀ ਵਿਚ ਵਿਚ ਲਿਖਿਆ ਗਿਆ ਹੈ ਕਿ ਵੋਟ ਬੈਂਕ ਦੀ ਰਾਜਨੀਤੀ ਲਈ ਬਿਜਲੀ ਬੋਰਡਾਂ ਨੂੰ ਵਰਤਿਆ ਜਾ ਰਿਹਾ ਹੈ। ਕਈ ਰਾਜਾਂ ਵਿਚ ਬਿਜਲੀ ਬੋਰਡਾਂ ਨੂੰ ਨਿੱਜੀ ਹੱਥਾਂ ਵਿਚ ਦੇ ਦਿੱਤਾ ਗਿਆ ਹੈ, ਜਿਸਦੇ ਨਤੀਜੇ ਸਾਰਥਿਕ ਨਹੀਂ ਰਹੇ। ਨਿਗਮੀਕਰਨ ਵਿਰੁਧ ਸਾਂਝੇ ਸੰਘਰਸ਼ ਸਿਰਲੇਖ ਵਿਚ ਲੇਖਕ ਨੇ ਦੱਸਿਆ ਹੈ ਕਿ ਪਾਣੀ ਨਾਲ ਬਿਜਲੀ ਤਿਆਰ ਕਰਨ ਦੇ ਸੋਮਿਆਂ ਦੀ ਵਰਤੋਂ ਦੀ ਥਾਂ ਥਰਮਲ ਪਲਾਂਟ ਲਗਾਏ ਜਾ ਰਹੇ ਹਨ, ਜਿਨ੍ਹਾਂ ਦੀ ਬਿਜਲੀ ਖ਼ਪਤਕਾਰਾਂ ਨੂੰ ਮਹਿੰਗੀ ਮਿਲਦੀ ਹੈ। ਇਸਨੂੰ ਰੋਕਣ ਲਈ ਸਾਂਝੇ ਤੌਰ ਤੇ ਸੰਗਠਤ ਹੋਣ ਦੀ ਲੋੜ ਹੈ। ਸਾਮਰਾਜੀ ਤਾਕਤਾਂ ਪਛੜੇ ਅਤੇ ਵਿਕਾਸਸ਼ੀਲ ਦੇਸਾਂ ਵਿਚ ਬਹੁ ਕਰੋੜੀ ਕੰਪਨੀਆਂ ਭੇਜਕੇ ਮਕੜਜਾਲ ਬੁਣਿਆਂ ਜਾ ਰਿਹਾ ਹੈ। ਬਿਜਲੀ ਦੀ ਮੰਗ ਅਤੇ ਚੋਰੀ ਸੰਬੰਧੀ ਅਧਿਅਏ ਵਿਚ ਲਿਖਿਆ ਹੈ ਕਿ ਬਿਜਲੀ ਦੀ ਚੋਰੀ ਮਨੁੱਖ ਦੀ ਚੋਰੀ ਵਾਲੀ ਮਾਨਸਿਕਤਾ ਨਾਲ ਜੁੜੀ ਹੋਈ ਹੈ। ਇਸ ਲਈ ਚੋਰੀ ਵਾਲੀ ਮਾਨਸਿਕਤਾ ਦਾ ਇਲਾਜ ਜ਼ਰੂਰੀ ਹੈ। ਲੋਕ ਸਰਕਾਰੀ ਚੋਰੀ ਨੂੰ ਚੋਰੀ ਹੀ ਨਹੀਂ ਸਮਝਦੇ। ਸੂਰਜੀ ਸ਼ਕਤੀ ਦੀ ਵਰਤੋਂ ਜ਼ਰੂਰੀ ਹੈ। ਪ੍ਰਮਾਣੂ ਬਿਜਲੀ ਸਸਤੀ ਹੈ ਪ੍ਰੰਤੂ ਖ਼ਤਰਨਾਕ ਨਤੀਜਿਆਂ ਤੋਂ ਲੋਕ ਡਰਦੇ ਹਨ। ਬਿਜਲੀ ਬੋਰਡਾਂ ਦੀ ਪ੍ਰਬੰਧਕੀ ਪ੍ਰਣਾਲੀ ਵਿਚ ਸੁਧਾਰਾਂ ਦੀ ਲੋੜ ਹੈ।  ਗਰਿਡਾਂ ਅਤੇ ਸਬ ਸਟੇਸ਼ਨਾ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸਹੂਲਤਾਂ ਦੀ ਘਾਟ ਹੁੰਦੀ ਹੈ। ਚੌਥਾ ਭਾਗ 'ਸਮਾਜਵਾਦੀ ਸਿਧਾਂਤ ਅਤੇ ਅਮਲ' ਹੈ ਜਿਸ ਵਿਚ ਸਮਾਜਵਾਦੀ ਸਿਧਾਂਤ ਉਪਰ ਕਿਸ ਤਰ੍ਹਾਂ ਪਹਿਰਾ ਦਿੱਤਾ ਜਾ ਸਕਦਾ ਹੈ ਤੇ ਇਸ ਸਮੇਂ ਕੀ ਵਾਪਰ ਰਿਹਾ ਹੈ? %ਖੱਬੇ ਪੱਖੀ ਲਹਿਰ ਦੇ ਖ਼ਾਤਮੇ ਨੂੰ ਕਿਵੇਂ ਰੋਕਿਆ ਜਾਵੇ। ਕਮਿਊਨਿਸਟਾਂ ਨੇ ਮੈਨੀਫੈਸਟੋ ਤੋਂ ਸਹੀ ਸੇਧ ਨਹੀਂ ਲਈ ਜਿਸ ਕਰਕੇ ਮਜ਼ਦੂਰ ਜਮਾਤ ਨੂੰ ਮੁਕਤੀ ਨਹੀਂ ਮਿਲੀ। ਮਜ਼ਦੂਰ ਜਮਾਤ ਦੀ ਰਣਨੀਤੀ ਵੀ ਸਹੀ ਨਹੀਂ। ਮਾਰਕਸਵਾਦੀ ਸਿਧਾਂਤ ਤੇ ਅਮਲ ਨਹੀਂ ਹੋਇਆ। ਮਜ਼ਦੂਰ ਵਰਗ ਪੜ੍ਹਿਆ ਲਿਖਿਆ ਨਾ ਹੋਣ ਕਰਕੇ ਖ਼ਪਤਕਾਰ ਕਲਚਰ ਦਾ ਸ਼ਿਕਾਰ ਹੋ ਗਿਆ। ਇਸ ਚੈਪਟਰ ਵਿਚ ਅਮਰ ਸ਼ਹੀਦ ਸੁਖਦੇਵ, ਚੰਦਰ ਸ਼ੇਖ਼ਰ ਅਜ਼ਾਦ, ਭਗਤ ਸਿੰਘ ਦੀ ਜੇਲ੍ਹ ਡਾਇਰੀ ਅਤੇ ਗ਼ਦਰ ਲਹਿਰ ਦੇ ਸੈਨਾਪਤੀ ਕਰਤਾਰ ਸਿੰਘ ਸਰਾਭਾ ਦੇ ਯੋਗਦਾਨ ਬਾਰੇ ਵੀ ਲਿਖਿਆ ਗਿਆ ਹੈ। ਪੰਜਵੇਂ ਭਾਗ 'ਸੰਸਾਰੀਕਰਨ ਦੇ ਪ੍ਰਭਾਵ' ਬਾਰੇ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਕਾਰਪੋਰੇਟ ਜਗਤ ਸੰਸਾਰੀਕਰਨ ਦੇ ਨਾਂ ਤੇ ਕਿਰਤੀ ਵਰਗ ਦਾ ਸ਼ੋਸ਼ਣ ਕਰ ਰਿਹਾ ਹੈ। ਮਾਨਵਵਾਦ ਕਿਰਤੀ ਕਾਮਿਆਂ ਦੇ ਹੱਕਾਂ ਲਈ ਯਤਨਸ਼ੀਲ ਹੈ। ਹੁਣ ਮਾਨਵਵਾਦੀ ਵਿਚਾਰਾਂ ਦਾ ਉਭਾਰ ਹੋਇਆ ਹੈ। ਦੇਸ਼ ਭਗਤਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਰਪੋਰੇਟ ਸੈਕਟਰ ਭਾਰੂ ਹੋ ਗਿਆ। ਭਾਰਤ ਵਿਚ ਆਰਥਕ ਵਿਕਾਸ ਸਮਤੁਲ ਨਹੀਂ। ਪੂੰਜੀਵਾਦ ਕਰਕੇ ਮਸ਼ੀਨੀਕਰਨ ਹੋ ਗਿਆ ਜਿਸ ਕਰਕੇ ਬੇਰੋਜ਼ਗਾਰੀ ਵੱਧ ਗਈ। ਅੰਬੇਦਕਰ ਦੀਆਂ ਨੀਤੀਆਂ ਤੇ ਅਮਲ ਨਹੀਂ ਹੋ ਰਿਹਾ। ਅਖੀਰ ਵਿਚ ਇੱਕ ਨਾਟਕ ਨਿੱਜੀਕਰਨ ਨਹੀਂ ਚਾਹੀਦਾ ਪ੍ਰਕਾਸ਼ਤ ਕੀਤਾ ਗਿਆ ਹੈ। ਲਕਸ਼ਮੀ ਨਰਾਇਣ ਭੀਖੀ ਨੇ ਹੁਣ ਤੱਕ ਪੰਜਾਬੀ ਭਾਸ਼ਾ ਦੀ ਝੋਲੀ ਵਿਚ 6 ਪੁਸਤਕਾਂ ਪਾਈਆਂ ਹਨ, ਜਿਨ੍ਹਾਂ ਵਿਚ ਤਿੰਨ ਮੌਲਿਕ ਅਤੇ 3 ਸੰਪਾਦਨਾ ਦੀਆਂ ਹਨ। ਉਸਦੀਆਂ 6 ਹੋਰ ਪੁਸਤਕਾਂ ਪ੍ਰਕਾਸ਼ਨਾ ਦੇ ਵੱਖ-ਵੱਖ ਪੱਧਰਾਂ ਤੇ ਹਨ। ਉਸਦੀ ਇਹ ਪੁਸਤਕ ਆਮ ਪੁਸਤਕਾਂ ਤੋਂ ਵੱਖਰੀ ਕਿਸਮ ਦੀ ਹੈ। ਇਸ ਪੁਸਤਕ ਵਿਚ ਕਿਰਤੀ ਸਮਾਜ ਦੀ ਮਿਹਨਤੀ ਪ੍ਰਵਿਰਤੀ ਦੇ ਬਾਵਜੂਦ ਉਸਦੀ ਸਮਾਜਿਕ ਲੁੱਟ ਖਸੁੱਟ ਨੂੰ ਨੰਗਿਆਂ ਕੀਤਾ ਹੈ। ਭੀਖੀ ਲੋਕ ਪੱਖੀ ਵਿਚਾਰਧਾਰਾ ਦਾ ਸਮਰਥਕ ਬਣਕੇ ਉਭਰਿਆ ਹੈ। ਜੇਕਰ ਉਸਨੂੰ ਸਮਾਜਕ ਚਿੰਤਕ ਕਹਿ ਲਿਆ ਜਾਵੇ ਤਾਂ ਕੋਈ ਅਤਕਥਨੀ ਨਹੀਂ ਕਿਉਂਕਿ ਉਸਨੇ ਕਿਰਤੀ ਵਰਗ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਉਹ ਸਮਾਜਿਕ ਸਰੋਕਾਰਾਂ ਪ੍ਰਤੀ ਜਾਗਰੂਕ ਹੈ, ਜਿਸ ਕਰਕੇ ਉਸਨੇ ਬਿਜਲੀ ਬੋਰਡਾਂ ਵਿਚ ਸਿਆਸੀ, ਸਮਾਜਿਕ ਅਤੇ ਆਰਥਿਕ ਭਰਿਸ਼ਟਾਚਾਰ ਦਾ ਭਾਂਡਾ ਫੋੜਿਆ ਹੈ। ਲੇਖਕ ਨੇ ਕਰਮਚਾਰੀਆਂ ਸਮੇਤ ਸਾਰੇ ਵਰਗਾਂ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ। ਇਕ ਕਿਸਮ ਨਾਲ ਉਸਨੇ ਸਮੁੰਦਰ ਵਿਚ ਰਹਿੰਦਿਆਂ ਮਗਰਮੱਛਾਂ ਨਾਲ ਵੈਰ ਪਾਇਆ ਹੈ। ਟਰੇਡ ਯੂਨੀਅਨ ਦੇ ਨੇਤਾਵਾਂ ਦੀਆਂ ਪਿਛਾਂਹਖਿਚੂ ਦ੍ਰਿਸ਼ਟੀਆਂ ਹੀ ਇਸ ਲਹਿਰ ਦੇ ਖ਼ਾਤਮੇ ਦਾ ਕਾਰਨ ਬਣਦੀਆਂ ਹਨ। ਇਸ ਕਰਕੇ ਹੀ ਕੰਮ ਸਭਿਆਚਾਰ ਖ਼ਤਮ ਹੋ ਗਿਆ ਹੈ। ਬਿਜਲੀ ਬੋਰਡਾਂ ਵਿਚ ਆਪੋ ਧਾਪੀ ਪਈ ਹੋਈ ਹੈ।
      ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਡਾ ਲਕਸ਼ਮੀ ਨਰਾਇਣ ਭੀਖੀ ਦਾ ਉਪਰਾਲਾ ਸਲਾਹਣਯੋਗ ਹੈ ਪ੍ਰੰਤੂ ਸਾਰੀ ਪੁਸਤਕ ਵਿਚ ਹੀ ਦੁਹਰਾਓ ਬਹੁਤ ਹੈ। ਉਨ੍ਹਾਂ ਗੱਲਾਂ ਅਤੇ ਵਿਚਾਰਾਂ ਨੂੰ ਵਾਰ ਵਾਰ ਹਰ ਚੈਪਟਰ ਵਿਚ ਲਿਖਿਆ ਗਿਆ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰ
ਮੋਬਾਈਲ-94178 13072
ujagarsingh48@yahoo.com

14 Feb. 2019