ਮੌਤ ਤੋਂ ਪਹਿਲਾਂ ਅਤੇ ਮੌਤ ਤੋਂ ਬਾਅਦ - ਗੁਰਸ਼ਰਨ ਸਿੰਘ ਕੁਮਾਰ
ਮੌਤ ਤੋਂ ਪਹਿਲਾਂ, ਜੀਣ ਦੇ ਸਾਰੇ ਫ਼ਰਜ਼ ਉਤਾਰ।
ਲੈਣੇ ਦੇਣੇ ਦਾ, ਰਹੇ ਸਿਰ ਤੇ ਨਾ ਕੋਈ ਭਾਰ। ਗਿੱਲ ਮੋਰਾਂਵਾਲੀ
ਸਾਡੇ ਧਾਰਮਿਕ ਲੋਕ ਕਹਿੰਦੇ ਹਨ ਕਿਸਾਡਾ ਇਹ ਸਰੀਰ ਨਾਸ਼ਵਾਨ ਹੈ। ਜਦ ਸਾਡੀ ਮੌਤ ਆਉਂਦੀ ਹੈ ਤਾਂ ਇਹ ਸਰੀਰ ਮਿੱਟੀ ਹੋ ਜਾਂਦਾ ਹੈ। ਇਸ ਵਿਚ ਕੋਈ ਹਰਕਤ ਨਹੀਂ ਰਹਿੰਦੀ। ਸਾਡਾ ਨਾਤਾ ਇਸ ਦੁਨੀਆਂ ਤੋਂ ਸਦਾ ਲਈ ਖ਼ਤਮ ਹੋ ਜਾਂਦਾ ਹੈ। ਉਹ ਇਹ ਵੀ ਕਹਿੰਦੇ ਹਨ ਕਿ ਕੇਵਲ ਸਾਡਾ ਸਰੀਰ ਹੀ ਮਰਦਾ ਹੈ। ਇਸ ਸਰੀਰ ਦੇ ਅੰਦਰ ਇਕ ਆਤਮਾ ਨਾਮ ਦੀ ਚੀਜ਼ ਵੀ ਹੈ ਜੋ ਕਦੀ ਨਹੀਂ ਮਰਦੀ ਭਾਵ ਆਤਮਾ ਅਮਰ ਹੈ। ਆਤਮਾ ਕੇਵਲ ਚੌਲਾ ਹੀ ਬਦਲਦੀ ਹੈ। ਇਕ ਸਰੀਰ ਨੂੰ ਛੱਡਣ ਤੋਂ ਬਾਅਦ ਉਹ ਕਿਸੇ ਦੂਸਰੇ ਸਰੀਰ ਵਿਚ ਜਨਮ ਲੈ ਲੈਂਦੀ ਹੈ।
ਅੱਜ ਕੱਲ੍ਹ ਪੁਨਰ ਜਨਮ ਦੀਆਂ ਕਈ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿੰਨਾਂ ਵਿਚ ਕਈ ਛੋਟੇ ਬੱਚੇ ਦੱਸ ਦਿੰਦੇ ਹਨ ਕਿ ਉਹ ਪਿਛਲੇ ਜਨਮ ਵਿਚ ਕੌਣ ਸਨ। ਉਹ ਲੋਕਾਂ ਨੂੰ ਆਪਣੇ ਪਿਛਲੇ ਜਨਮ ਵਾਲੇ ਸਥਾਨ 'ਤੇ ਲਿਜਾ ਕੇ ਇਸ ਬਾਰੇ ਸਬੂਤ ਵੀ ਦਿੰਦੇ ਹਨ। ਉਹ ਇਹ ਵੀ ਦਸਦੇ ਹਨ ਕਿ ਪਿਛਲੇ ਜਨਮ ਵਿਚ ਉਨ੍ਹਾਂ ਦੀ ਮੌਤ ਕਿਵੇਂ ਹੋਈ। ਉਨ੍ਹਾਂ ਦਾ ਕਿਸੇ ਨੇ ਕਤਲ ਕੀਤਾ ਸੀ ਜਾਂ ਉਹ ਕਿਸੇ ਦੁਰਘਟਨਾ ਨਾਲ ਮਰੇ ਸੀ ਆਦਿ। ਅਜਿਹੀਆਂ ਘਟਨਾਵਾਂ ਦਾ ਕੇ ਮੀਡੀਆ ਤੇ ਮਸਾਲੇ ਲਾ ਖ਼ੂਬ ਪਰਚਾਰ ਕੀਤਾ ਜਾਂਦਾ ਹੈ ਅਤੇ ਮਨੁੱਖ ਦਾ ਪੁਨਰ ਜਨਮ ਵਿਚ ਦ੍ਰਿੜ ਵਿਸ਼ਵਾਸ ਕਰਾਇਆ ਜਾਂਦਾ ਹੈ।
ਤਰਕਸ਼ੀਲ ਸਬੂਤਾਂ ਦੀ ਘਾਟ ਕਾਰਨ ਪੁਨਰ ਜਨਮ ਨੂੰ ਨਹੀਂ ਮੰਨਦੇ। ਉਹ ਆਪਣੀਆਂ ਦਲੀਲਾਂ ਦੁਆਰਾ ਪੁਨਰ ਜਨਮ ਦੇ ਸਿਧਾਂਤ ਨੂੰ ਮੁੱਢੋਂ ਹੀ ਨਕਾਰਦੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਲੜਕਾ ਇਹ ਕਿਉਂ ਨਹੀਂ ਕਹਿੰਦਾ ਕਿ ਉਹ ਪਿਛਲੇ ਜਨਮ ਵਿਚ ਲੜਕੀ ਜਾਂ ਕੋਈ ਜਾਨਵਰ ਸੀ। ਕਿਸੇ ਇਕ ਸੂਬੇ ਦਾ ਲੜਕਾ ਇਹ ਨਹੀ ਕਹਿੰਦਾ ਕਿ ਉਹ ਪਿਛਲੇ ਜਨਮ ਵਿਚ ਇੰਗਲੈਂਡ ਜਾਂ ਅਮਰੀਕਾ ਵਿਚ ਰਹਿੰਦਾ ਸੀ। ਇਸੇ ਤਰ੍ਹਾਂ ਕੋਈ ਬੱਚੀ ਇਹ ਨਹੀਂ ਕਹਿੰਦੀ ਕਿ ਉਹ ਪਿਛਲੇ ਜਨਮ ਵਿਚ ਉਹ ਲੜਕਾ ਜਾਂ ਮਰਦ ਸੀ। ਇਹ ਸਾਰੇ ਪੁਨਰ ਜਨਮ ਨੂੰ ਆਪਣੀ ਜਾਤ ਬਰਾਦਰੀ, ਧਰਮ ਅਤੇ ਸੂਬੇ ਤੱਕ ਹੀ ਸੀਮਤ ਰੱਖਦੇ ਹਨ ਕਿਉਂਕਿ ਉਨ੍ਹਾਂ ਦੇ ਬਜ਼ੁਰਗਾਂ ਨੂੰ ਵੀ ਇਸ ਤੋਂ ਵੱਧ ਸਬੂਤ ਜੁਟਾਣੇ ਮੁਸਕਲ ਹੁੰਦੇ ਹਨ। ਜੇ ਗ਼ਹਿਰਾਈ ਵਿਚ ਜਾਈਏ ਤਾਂ ਇਹ ਸਭ ਗੱਲਾਂ ਪਖੰਡ ਹੀ ਸਾਬਤ ਹੁੰਦੀਆਂ ਹਨ। ਬੱਚਿਆਂ ਦੇ ਮਾਤਾ ਪਿਤਾ ਨੇ ਲਾਲਚ ਵੱਸ ਉਨ੍ਹਾਂ ਨੂੰ ਇਹ ਸਭ ਰਟਾ ਕੇ ਲੋਕਾਂ ਨੂੰ ਐਵੇਂ ਭਰਮ ਜਾਲ ਵਿਚ ਪਾਇਆ ਹੁੰਦਾ ਹੈ।
ਸਾਡੇ ਸਾਇੰਸਦਾਨ ਵੀ ਲਗਾਤਾਰ ਇਹ ਖ਼ੋਜ ਕਰਨ ਵਿਚ ਲੱਗੇ ਹੋਏ ਹਨ ਕਿ ਮੌਤ ਤੋਂ ਬਾਅਦ ਜ਼ਿੰਦਗੀ ਹੈ ਕਿ ਨਹੀਂ। ਜੇ ਆਤਮਾ ਅਮਰ ਹੈ, ਉਹ ਨਹੀਂ ਮਰਦੀ ਤਾਂ ਬੰਦੇ ਦੇ ਮਰਨ ਉਪਰਾਂਤ ਉਸ ਨਾਲ ਕੀ ਬੀਤਦੀ ਹੈ? ਉਹ ਕਿੱਥੇ ਚਲੀ ਜਾਂਦੀ ਹੈ? ਕੀ ਉਹ ਸੱਚਮੁੱਚ ਦੁਬਾਰਾ ਕਿਸੇ ਸਰੀਰ ਨੂੰ ਧਾਰਨ ਕਰ ਕੇ ਜਨਮ ਲੈਂਦੀ ਹੈ? ਕਾਫ਼ੀ ਮੱਥਾ ਪੱਚੀ ਕਰਨ ਤੋਂ ਬਾਅਦ ਵੀ ਉਹ ਪੁਨਰ ਜਨਮ ਦੇ ਸਿਧਾਂਤ ਨੂੰ ਸਾਬਤ ਕਰਨ ਵਿਚ ਸਫ਼ਲ ਨਹੀਂ ਹੋ ਸੱਕੇ। ਉਨ੍ਹਾਂ ਦੇ ਹੱਥ ਇਸ ਸਮੇਂ ਵੀ ਖਾਲੀ ਦੇ ਖਾਲੀ ਹੀ ਹਨ।
ਅਸੀਂ ਪੈਸਾ ਕਮਾਉਣ ਲਈ ਬੁਰੀ ਤਰ੍ਹਾਂ ਰੁੱਝ ਗਏ ਹਾਂ ਕਿ ਸਾਨੂੰ ਆਪਣੀ ਜ਼ਿੰਦਗੀ ਜਿਉਣੀ ਹੀ ਭੁੱਲ ਗਈ ਹੈ। ਸਾਡੇ ਕੋਲ ਆਪਣੇ ਪਰਿਵਾਰ ਦੇ ਜੀਆਂ ਨਾਲ ਮੋਹ ਭਰਿਆ ਸਬੰਧ ਰੱਖਣ ਦਾ ਸਮਾਂ ਹੀ ਨਹੀਂ। ਅਸੀਂ ਆਪਣੇ ਛੋਟੇ ਬੱਚਿਆਂ ਦੇ ਜਜ਼ਬਾਤਾਂ ਦਾ ਵੀ ਧਿਆਨ ਨਹੀਂ ਰੱਖ ਪਾਉਂਦੇ।ਸਾਡੀ ਜ਼ਿੰਦਗੀ ਇਕ ਮਸ਼ੀਨ ਦੀ ਤਰ੍ਹਾਂ ਹੀ ਬਣ ਕੇ ਰਹਿ ਗਈ ਹੈ। ਸਾਡੇ ਕੋਲ ਸਹਿਜ ਨਾਲ ਖਾਣਾ ਖਾਣ ਦੀ ਵੀ ਫੁਰਸਤ ਨਹੀਂ। ਅਸੀਂ ਦਿਨ ਦੇ 24 ਘੰਟੇ ਇਕ ਬੱਝੀ ਹੋਈ ਰੁਟੀਨ ਵਿਚ ਹੀ ਜ਼ਿੰਦਗੀ ਬਸਰ ਕਰ ਰਹੇ ਹਾਂ। ਸਾਨੂੰ ਕੁਦਰਤ ਦੀ ਸੁੰਦਰਤਾ ਮਾਣਨ ਦੀ ਵੀ ਫ਼ੁਰਸਤ ਨਹੀਂ।ਕੀ ਇਕ ਮਸ਼ੀਨ ਦੀ ਰੁਟੀਨ ਨੂੰ ਜ਼ਿੰਦਗੀ ਕਿਹਾ ਜਾ ਸਕਦਾ ਹੈ?
ਜੇ ਅਸੀਂ ਆਪਣੇ ਆਲੇ ਦੁਆਲੇ ਝਾਤੀ ਮਾਰੀਏ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਪਸ਼ੂ ਪੰਛੀ ਅਤੇ ਬਾਕੀ ਜੀਵ ਵੀ ਆਪਸਵਿਚ ਕਿੰਨੇ ਮੋਹ ਅਤੇ ਪਿਆਰ ਦੇ ਰਿਸ਼ਤੇ ਨਿਭਾਉਂਦੇ ਹਨ। ਉਨ੍ਹਾਂ ਦਾ ਇਹ ਮੋਹ ਕੇਵਲ ਆਪਣੀ ਨਸਲ ਲਈ ਹੀ ਨਹੀਂ ਹੁੰਦਾ, ਸਗੋਂ ਉਹ ਜਦ ਕਿਸੇ ਦੂਸਰੀ ਨਸਲ ਵਾਲੇ ਜੀਵ ਨੂੰ ਵੀ ਕਿਸੇ ਮੁਸੀਬਤ ਵਿਚ ਦੇਖਦੇ ਹਨ ਤਾਂ ਉਹ ਯਥਾ ਸ਼ਕਤੀ ਉਸ ਦੀ ਸਹਾਇਤਾ ਲਈ ਬਹੁੜਦੇ ਹਨ ਅਤੇ ਇਕ ਦੂਸਰੇ ਦੀ ਮਦਦ ਕਰਦੇ ਹਨ। ਸਾਡੇ ਪਾਲਤੂ ਜਾਨਵਰ ਜਿਵੇਂ ਘੋੜਾ, ਕੁੱਤਾ ਜਾਂ ਬਿੱਲੀ ਆਦਿ ਆਪਣੀ ਜਾਨ ਦੀ ਬਾਜੀ ਲਾ ਕੇ ਵੀ ਆਪਣੇ ਮਾਲਕ ਦੀ ਰੱਖਿਆ ਕਰਦੇ ਹਨ। ਇਨ੍ਹਾਂ ਨੂੰ ਜਿੰਨਾ ਮਰਜ਼ੀ ਦੁਰਕਾਰੋ, ਇਹ ਆਪਣੇ ਮਾਲਕ ਦਾ ਦਰ ਨਹੀਂ ਛੱਡਦੇ। ਦੂਜੇ ਪਾਸੇ ਇਨਸਾਨ ਇਨਸਾਨ ਇਕ ਦੂਜੇ ਦੀ ਜਾਨ ਦੇ ਦੁਸ਼ਮਣ ਬਣੇ ਰਹਿੰਦੇ ਹਨ। ਅਸੀਂ ਧਰਮ ਦੇ ਨਾਮ ਤੇ ਇਕ ਦੂਜੇ ਦੇ ਖ਼ੂਨ ਦੇ ਪਿਆਸੇ ਬਣ ਜਾਂਦੇ ਹਾਂ। ਅਸੀਂ ਮੰਦਰ ਮਸਜ਼ਿਦ ਦੇ ਨਾਮ ਤੇ ਹੀ ਇਕ ਦੂਜੇ ਦੀ ਜਾਨ ਤੱਕ ਲੈ ਲੈਂਦੇ ਹਾਂ। ਵੈਸੇ ਅਸੀਂ ਕਹਿੰਦੇ ਹਾਂ ਕਿ ਸਾਡਾ ਦੇਸ਼ ਦੁਨੀਆਂ ਦਾ ਸਭ ਤੋਂ ਵੱਡਾ ਪਰਜਾ-ਤੰਤਰ ਹੈ । ਇੱਥੇ ਜਨਤਾ ਨੂੰ ਪੂਰੀ ਆਜ਼ਾਦੀ ਹੈ ਪਰ ਇੱਥੇ ਹਾਕਮ ਪਾਰਟੀ ਫ਼ੈਸਲਾ ਕਰਦੀ ਹੈ ਕਿ ਦੂਸਰੇ ਮਜ਼ਹਬ ਵਾਲੇ ਆਪਣੇ ਭੋਜਨ ਵਿਚ ਕੀ ਖਾਣ। ਇਕੱਲੇ ਬੰਦੇ ਨੂੰ ਜਨੂਨੀ ਭੀੜ ਦੁਆਰਾ ਬੇਰਹਿਮੀ ਨਾਲ ਕੁੱਟ ਕੁੱਟ ਕੇ ਮਾਰ ਦਿੱਤਾ ਜਾਂਦਾ ਹੈ। ਫਿਰ ਅਸੀਂ ਕਹਿੰਦੇ ਹਾਂ ਕਿ ਮਜ਼ਹਬ ਨਹੀਂ ਸਿਖਾਉਂਦਾ ਆਪਸ ਵਿਚ ਵੈਰ ਰੱਖਣਾ। ਅਸੀ ਧਰਮ ਦੇ ਨਾਮ ਤੇ ਹੀ ਦੀਵਾਰਾਂ ਜ਼ਿਆਦਾ ਖੜੀਆਂ ਕੀਤੀਆਂ ਹਨ ਅਤੇ ਦਿਲਾਂ ਤੱਕ ਪਹੁੰਚਣ ਲਈ ਪੁੱਲ ਘੱਟ ਬਣਾਏ ਹਨ।
ਜੇ ਕੋਈ ਘੱਟ ਗਿਣਤੀ ਕੌਮ ਆਪਣੇ ਗੁਣਾਂ ਅਤੇ ਬਹਾਦਰੀ ਦੁਆਰਾ ਉੱਚਾ ੳੇੱਠਦੀ ਹੈ ਤਾਂ ਉਹ ਬਹੁ ਗਿਣਤੀ ਦੇ ਕੁਝ ਕੱਟੜ ਲੋਕਾਂ ਨੂੰ ਘੱਟ ਗਿਣਤੀ ਦੀ ਇਹ ਉਨਤੀ ਹਜ਼ਮ ਨਹੀਂ ਹੁੰਦੀ। ਉਹ ਘੱਟ ਗਿਣਤੀ ਦੀ ਨਸਲਕੁਸ਼ੀ ਤੇ ਤੁਲ ਜਾਂਦੇ ਹਨ। ਭਾਰਤ ਵਿਚ 1984 ਦੀ ਸਿੱਖ ਨਸਲਕੁਸ਼ੀ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ। ਇਹ ਘਟਨਾਵਾਂ ਭਾਰਤ ਦੇ ਇਤਿਹਾਸ ਵਿਚ ਕਾਲੇ ਅੱਖ਼ਰਾਂ ਨਾਲ ਲਿਖਿਆਂ ਜਾਣ ਵਾਲੀਆਂ ਹਨਕਿ ਕਿਵੇਂ ਜਨੂਨੀ ਗੁੰਡਿਆਂ ਨੇ ਨਿਹੱਥੇ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ। ਜਿਉਂਦੇ ਸਿੱਖਾਂ ਦੇ ਗਲਾਂ ਵਿਚ ਟਾਇਰ ਪਾ ਕੇ ਬੇਰਹਿਮੀ ਨਾਲ ਸਾੜਿਆ। ਉਨ੍ਹਾਂ ਦੀਆਂ ਔਰਤਾਂ ਨਾਲ ਬਲਾਤਕਾਰ ਕੀਤੇ ਅਤੇ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਵੀ ਮੌਤ ਦੇ ਘਾਟ ਉਤਾਰਿਆ ਗਿਆ ਤਾਂ ਕਿ ਸਿੱਖਾਂ ਦੀ ਪੂਰੀ ਨਸਲਕੁਸ਼ੀ ਹੋ ਸੱਕੇ। ਸਰਕਾਰ ਨੇ ਕਿਸੇ ਮਜ਼ਲੂਮ ਦੀ ਰੱਖਿਆ ਤਾਂ ਕੀ ਕਰਨੀ ਸੀ, ਸਗੋਂ ਕਾਤਲਾਂ ਦੀ ਪੂਰੀ ਮਦਦ ਕੀਤੀ। ਹੋਰ ਸਿਤਮ ਦੀ ਇਹ ਗੱਲ ਦੇਖੋ ਕਿ ਹਜ਼ਾਰਾਂ ਕਾਤਲਾਂ ਵਿਚੋਂ ਕਿਸੇ ਇਕ ਨੂੰ ਵੀ ਉਸ ਦੇ ਗੁਨਾਹ ਦੀ ਸਜਾ ਨਹੀਂ ਮਿਲੀ। ਉਹ ਕਾਤਲ ਕੋਈ ਕਿਸੇ ਬਾਹਰਲੇ ਦੇਸ਼ 'ਚੋਂ ਤਾਂ ਨਹੀਂ ਸਨ ਆਏ ਜੋ ਫੜੇ ਨਾ ਜਾ ਸੱਕੇ। ਇੱਥੇ ਤਾਂ ਉਹ ਹਿਸਾਬ ਹੈ:
ਹਮ ਆਹ ਭੀ ਭਰਤੇ ਹੈਂ ਤੋ ਹੋ ਜਾਤੇ ਹੈ ਬਦਨਾਮ,
ਵੋਹ ਕਤਲ ਭੀ ਕਰਤੇ ਹੈਂ, ਮਗਰ ਚਰਚਾ ਤੱਕ ਨਹੀਂ ਹੋਤਾ।
ਕੀ ਅਜਿਹੇ ਵਹਿਸ਼ੀ ਕਾਤਲਾਂ ਨੂੰ ਮਨੁੱਖ ਕਿਹਾ ਜਾ ਸੱਕਦਾ ਹੈ? ਕੀ ਉਹ ਇਨਸਾਨੀ ਜ਼ਿੰਦਗੀ ਜਿਉਂਦੇ ਹਨ? ਉਹ ਤਾਂ ਜਾਨਵਰਾਂ ਤੋਂ ਵੀ ਗਏ ਗੁਜ਼ਰੇ ਹਨ ਅਤੇ ਮਨੁੱਖ ਕਹਾਉਣ ਦੇ ਕਾਬਲ ਨਹੀਂ। ਨਸ਼ਿਆਂ ਵਿਚ , ਵਿਸ਼ੇ ਵਿਕਾਰਾਂ ਵਿਚ ਜਾਂ ਗ਼ੈਰ-ਮਨੁੱਖੀ ਕੰਮਾਂ ਕਾਰਾਂ ਵਿਚ ਬਿਤਾਏ ਸਮੇਂ ਨੂੰ ਕਿਸੇ ਵੀ ਤਰ੍ਹਾਂ ਜਿਉਣਾ ਨਹੀਂ ਕਿਹਾ ਜਾ ਸੱਕਦਾ। ਜਿੰਨਾਂ ਲੋਕਾਂ ਵਿਚ ਮਨੁੱਖਤਾ ਹੀ ਮਰ ਗਈ ਹੋਵੇ, ਉਨ੍ਹਾਂ ਦੇ ਘਿਨਾਉਣੇ ਕੰਮਾਂ ਕਾਰਨ ਸਾਰੀ ਮਨੁੱਖਤਾ ਨੂੰ ਹੀ ਸ਼ਰਮਸਾਰ ਹੋਣਾ ਪੈਂਦਾ ਹੈ। ਇੰਜ ਜਾਪਦਾ ਹੈ ਕਿ ਹਾਲੀ ਅਸੀਂ ਪੂਰਨ ਰੂਪ ਵਿਚ ਮਨੁੱਖ ਨਹੀਂ ਬਣੇ।
ਅਸੀਂ ਕਿੰਨੀ ਲੰਮੀ ਉਮਰ ਭੋਗੀ? ਭਾਵ ਅਸੀਂ ਕਿੰਨੇ ਸਾਲ ਜੀਏ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਕੋਈ ਜ਼ਰੂਰੀ ਨਹੀਂ ਕਿ ਜ਼ਿਆਦਾ ਸਾਲ ਉਮਰ ਭੋਗਣ ਵਾਲੇ ਲੋਕ ਮਹਾਨ ਹੋਣ। ਬਿਮਾਰ ਹੋ ਕੇ ਬਿਸਤਰ ਤੇ ਪੈ ਕੇ ਉਮਰ ਭੋਗਣ ਵਾਲਿਆਂ ਦੀ ਜ਼ਿੰਦਗੀ ਨੂੰ ਕੋਈ ਜ਼ਿੰਦਗੀ ਨਹੀਂ ਕਿਹਾ ਜਾ ਸੱਕਦੇ। ਉਹ ਤਾਂ ਜਿਉਂਦੇ ਜਾਗਦੇ ਹੀ ਇਸ ਧਰਤੀ ਤੇ ਨਰਕ ਭੋਗਦੇ ਹਨ। ਉਹ ਆਪਣੇ ਘਰ ਅਤੇ ਸਨੇਹੀਆਂ ਦੀ ਜ਼ਿੰਦਗੀ ਨੂੰ ਹੀ ਨਰਕ ਬਣਾ ਕੇ ਰੱਖ ਦਿੰਦੇ ਹਨ।
ਅਸੀਂ ਜ਼ਿੰਦਗੀ ਵਿਚ ਕੀ ਕੀ ਮੱਲਾਂ ਮਾਰੀਆਂ? ਕੀ ਕੀ ਹਾਸਲ ਕੀਤਾ? ਕਿੰਨੀ ਜਾਇਦਾਦ ਬਣਾਈ ਅਤੇ ਕਿੰਨਾ ਧਨ ਕਮਾਇਆ? ਇਹ ਸਭ ਕੋਈ ਮਾਇਨੇ ਨਹੀਂ ਰੱਖਦਾ। ਇਸ ਗੱਲ ਦੀ ਕੋਈ ਗਰੰਟੀ ਨਹੀਂ ਕਿ ਜਿੰਨਾ ਧਨ ਅਸੀਂ ਕਮਾਇਆ ਹੈ ਉਹ ਅਸੀਂ ਆਪ ਜਾਂ ਸਾਡੇ ਬੱਚੇ ਵਰਤਣਗੇ। ਇਹ ਵੀ ਹੋ ਸੱਕਦਾ ਹੈ ਕਿ ਉਹ ਸਰਕਾਰ ਹੀ ਸਾਂਭ ਲਏਜਾਂ ਸ਼ੂਮ ਦੇ ਧਨ ਦੀ ਤਰ੍ਹਾਂ ਜ਼ਮੀਨ ਵਿਚ ਹੀ ਦੱਬਿਆ ਰਹਿ ਜਾਏ। ਇਸੇ ਲਈ ਕਹਿੰਦੇ ਹਨ:
ਜਿਸਦੀ ਕੋਈ ਗਰੰਟੀ ਨਹੀਂ, ਉਹ ਹੈ ਜ਼ਿੰਦਗੀ।
ਜਿਸ ਦੀ ਪੂਰੀ ਗਰੰਟੀ ਹੈ, ਉਹ ਹੈ ਮੌਤ।
ਜੇ ਕਦੀ ਆਪਣੇ ਹੁਸਨ, ਦੌਲਤ ਜਾਂ ਤਾਕਤ ਦਾ ਘੁਮੰਢ ਹੋ ਜਾਵੇ ਤਾਂ ਇਕ ਚੱਕਰ ਸ਼ਮਸ਼ਾਨ ਘਾਟ ਦਾ ਲਾ ਆਓ, ਤੁਹਾਡੇ ਤੋਂ ਦੌਲਤਮੰਦ, ਸੋਹਣੇ ਸੋਹਣੇ ਅਤੇ ਵੱਡੇ ਵੱਡੇ ਲੋਕ ਉੱਥੇ ਰਾਖ ਬਣੇ ਪਏ ਹਨ। ਇਸ ਦੁਨੀਆਂ 'ਤੇ ਤਾਂ ਸਾਰੇ ਹੀ ਨੰਗੇ ਆਏ ਅਤੇ ਨੰਗੇ ਹੀ ਜਾਣਾ ਹੈ। ਨਾ ਕੁਝ ਇੱਥੇ ਲੈ ਕੇ ਆਏ ਅਤੇ ਨਾ ਹੀ ਕੁਝ ਲੈ ਕੇ ਜਾਣਾ ਹੈ।ਕੱਫ਼ਣ ਦੀ ਤਾਂ ਗੱਲ ਛੱਡੋ, ਸਾਡਾ ਸਰੀਰ ਵੀ ਨਾਲ ਨਹੀਂ ਜਾਣਾ। ਮਹੱਤਤਾ ਇਸ ਗੱਲ ਦੀ ਹੈ ਕਿ ਅਸੀਂ ਕਿੰਨੇ ਪਲ ਆਪਣੀ ਜ਼ਿੰਦਗੀ ਨੂੰ ਖ਼ੁਸ਼ੀ ਨਾਲ ਮਾਣਿਆ ਹੈ। ਅਸੀਂ ਕਿੰਨੀਆਂ ਜ਼ਿੰਦਗੀਆਂ ਦੇ ਮੁੰਹ ਤੇ ਖੇੜਾ ਦਿੱਤਾ ਹੈ। ਸਾਡੇ ਕਾਰਨ ਕਿੰਨੇ ਲੋਕ ਖ਼ੁਸ਼ ਹੋਏ ਹਨ?
ਮੌਤ ਤੋਂ ਬਾਅਦ ਜੀਵਨ ਹੈ ਜਾਂ ਨਹੀਂ, ਇਹ ਤਾਂ ਕੁਦਰਤ ਦਾ ਗੁੱਝਾ ਭੇਦ ਹੈ, ਜਿਸ ਨੂੰ ਹਾਲੀ ਕੋਈ ਨਹੀਂ ਖੋਲ੍ਹ ਸੱਕਿਆ। ਸਾਨੂੰ ਇਹ ਵਿਚਾਰ ਕਰਨ ਦੀ ਲੋੜ ਹੈ ਕਿ ਮੌਤ ਤੋਂ ਪਹਿਲਾਂ ਸਾਡੇ ਵਿਚ ਜੀਵਨ ਹੈ ਜਾਂ ਨਹੀਂ। ਜਿਹੜੀ ਜ਼ਿੰਦਗੀ ਅਸੀਂ ਜੀ ਰਹੇ ਹਾਂ ਕੀ ਵਾਕਿਆ ਹੀ ਉਹ ਜ਼ਿੰਦਗੀ ਹੈ?
ਜੇ ਤੁਹਾਨੂੰ ਲੱਗੇ ਕਿ ਤੁਹਾਡੀ ਜ਼ਿੰਦਗੀ ਬਹੁਤ ਕਠਿਨ ਅਤੇ ਮੁਸੀਬਤਾਂ ਭਰੀ ਹੈ, ਤੁਸੀਂ ਉਸ ਦਾ ਮੁਕਾਬਲਾ ਨਹੀਂ ਕਰ ਸੱਕਦੇ ਤਾਂ ਕਮਜੋਰ ਹੋਣ ਦੇ ਬਾਵਜ਼ੂਦ ਵੀ ਹੌਸਲਾ ਨਾ ਛੱਡੋ ਕਿਉਂਕਿ ਪ੍ਰਮਾਤਮਾ ਤੁਹਾਡੇ ਨਾਲ ਹੈ। ਇਹ ਸਮਝ ਲਓ ਕਿ ਜ਼ਿੰਦਗੀ ਇਕ ਸੜਕ ਦੀ ਤਰ੍ਹਾਂ ਹੈ। ਇਹ ਕਦੀ ਵੀ ਸਿੱਧੀ ਨਹੀਂ ਹੁੰਦੀ। ਕੁਝ ਦੇਰ ਚੱਲਣ ਤੋਂ ਬਾਅਦ ਮੋੜ ਜ਼ਰੂਰ ਆਉਂਦਾ ਹੈ। ਇਸ ਲਈ ਧੀਰਜ ਨਾਲ ਚੱਲਦੇ ਰਹੋ। ਤੁਹਾਡੀ ਜ਼ਿੰਦਗੀ ਦਾ ਸਰਲ ਮੋੜ ਜ਼ਰੂਰ ਕਿਧਰੇ ਨਾ ਕਿਧਰੇ ਤੁਹਾਡਾ ਇੰਤਜਾਰ ਕਰ ਰਿਹਾ ਹੋਵੇਗਾ।
ਦੁਨੀਆਂ ਦੇ ਰੈਣ ਬਸੇਰੇ ਵਿਚ ਪਤਾ ਨਹੀਂ ਕਿੰਨੇ ਦਿਨ ਰਹਿਣਾ ਹੈ?
ਜਿੱਤ ਲਓ ਸਾਰੇ ਦਿਲਾਂ ਨੂੰ, ਬਸ ਇਹੋ ਹੀ ਇਕ ਗਹਿਣਾ ਹੈ।
ਮੌਤ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਹੁੰਦਾ। ਮੌਤ ਕਦੀ ਵੀ, ਕਿਸੇ ਵੀ ਉਮਰ ਵਿਚ, ਕਿਸੇ ਵੀ ਢੰਗ ਨਾਲ ਅਤੇ ਕਿਸੇ ਵੀ ਹਾਲਤ ਵਿਚ ਆ ਸਕਦੀ ਹੈ। ਜਦ ਕਿਸੇ ਗੰਭੀਰ ਬਿਮਾਰੀ ਜਾਂ ਸੱਟ ਨਾਲ ਕਿਸੇ ਬੰਦੇ ਨੂੰ ਆਪਣੀ ਮੌਤ ਪਰਤੱਖ ਨਜ਼ਰ ਆਉਂਦੀ ਹੈ ਤਾਂ ਉਹ ਮਰਨਾ ਨਹੀਂ ਚਾਹੁੰਦਾ। ਉਸ ਦੇ ਮਨ ਵਿਚ ਹੋਰ ਜਿਉਣ ਦੀ ਹਸਰਤ ਪੈਦਾ ਹੁੰਦੀ ਹੈ। ਉਸ ਨੂੰ ਆਪਣੀ ਗੁਜ਼ਰੀ ਹੋਈ ਜ਼ਿੰਦਗੀ ਤੇ ਅਫ਼ਸੋਸ ਹੁੰਦਾ ਹੀ ਹੈ। ਉਸ ਨੂੰ ਆਪਣੇ ਅਧੂਰੇ ਕੰਮਾ ਦਾ ਚੇਤਾ ਆਉਂਦਾ ਹੈ। ਉਸ ਨੂੰ ਇਹ ਗੱਲ ਵੀ ਕਟੋਚਦੀ ਹੈ ਕਿ ਉਸ ਨੇ ਆਪਣੇ ਬੱਚਿਆਂ, ਘਰਵਾਲਿਆਂ ਅਤੇ ਸਨੇਹੀਆਂ ਨਾਲ ਪੂਰਾ ਪਿਆਰ ਨਹੀਂ ਕੀਤਾ। ਉਹ ਅਸਲ ਜ਼ਿੰਦਗੀ ਤਾਂ ਜੀਵਿਆ ਹੀ ਨਹੀਂ। ਇਸ ਜ਼ਿੰਦਗੀ ਦਾ ਅਨੰਦ ਤਾਂ ਉਸ ਨੇ ਮਾਣਿਆ ਹੀ ਨਹੀਂ।ਪਰ ਹੁਣ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਸਮੇਂ ਨੂੰ ਪੁੱਠਾ ਗੇੜ ਨਹੀਂ ਦਿੱਤਾ ਜਾ ਸਕਦਾ। ਇਸ ਲਈ ਬੀਤੀ ਹੋਈ ਜ਼ਿੰਦਗੀ ਨੂੰ ਦੁਬਾਰਾ ਦੁਹਰਾਇਆ ਨਹੀਂ ਜਾ ਸਕਦਾ।ਉਸ ਦੇ ਦਿਲ ਦੀਆਂ ਗੱਲਾਂ ਦਿਲ ਵਿਚ ਹੀ ਰਹਿ ਜਾਂਦੀਆਂ ਹਨ। ਇਸੇ ਲਈ ਕਹਿੰਦੇ ਹਨ:
ਮੌਤ ਤੋਂ ਪਹਿਲਾਂ ਜੀਣ ਦੇ, ਸਾਰੇ ਫ਼ਰਜ਼ ਉਤਾਰ।
ਲੈਣੇ ਦੇਣੇ ਦਾ ਰਹੇ, ਸਿਰ ਤੇ ਨਾ ਕੋਈ ਭਾਰ। ਗਿੱਲ ਮੋਰਾਂਵਾਲੀ
ਇਸ ਵਿਚ ਕੋਈ ਸ਼ੱਕ ਨਹੀਂ ਕਿ ਬੰਦੇ ਨੂੰ ਆਪਣੀਆਂ ਪਰਿਵਾਰਿਕ ਜ਼ਰੂਰਤਾਂ ਅਤੇ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਪੈਸੇ ਦੀ ਜ਼ਰੂਰਤ ਹੁੰਦੀ ਹੈ। ਇਹ ਪੈਸਾ ਕਮਾਉਣ ਲਈ ਸਖ਼ਤ ਮਿਹਨਤ ਦੀ ਲੋੜ ਹੁੰਦੀ ਹੈ। ਇਨ੍ਹਾਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ ਸਾਡੀ ਜ਼ਿੰਦਗੀ ਦਾ ਇਕ ਵੱਡਾ ਹਿੱਸਾ ਖਪਤ ਹੋ ਜਾਂਦਾ ਹੈ ਪਰ ਪੈਸਾ ਸਾਰਾ ਕੁਝ ਹੀ ਤਾਂ ਨਹੀਂ ਹੁੰਦਾ। ਸਾਨੂੰ ਇਨ੍ਹਾਂ ਰੁਝੇਵਿਆਂ ਵਿਚੋਂ ਕੁਝ ਸਮਾਂ ਕੱਢ ਕੇ ਆਪਣੀ ਜ਼ਿੰਦਗੀ ਦਾ ਅਨੰਦ ਵੀ ਮਾਣਨਾ ਚਾਹੀਦਾ ਹੈ ਅਤੇ ਰਿਸ਼ਤਿਆਂ ਦੀ ਤਾਜ਼ਗੀ ਰੱਖਣੀ ਚਾਹੀਦੀ ਹੈ।
ਕਈ ਲੋਕ ਮਰਨ ਤੋਂ ਬਾਅਦ ਕਿਸੇ ਮਿਲਣ ਵਾਲੇ ਨਰਕ ਦੇ ਡਰ ਜਾਂ ਸਵਰਗ ਦੇ ਲਾਲਚ ਕਾਰਨ ਇਸ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਖੁਲ੍ਹ ਕੇ ਨਹੀਂ ਮਾਣਦੇ। ਇਸ ਸਵਰਗ ਜਾਂ ਨਰਕ ਨੂੰ ਕਿਸੇ ਨੇ ਦੇਖਿਆ ਹੀ ਨਹੀਂ। ਇਹ ਸਿਰਫ਼ ਇਕ ਖਿਆਲ ਹੀ ਹੈ। ਇਸ ਲਈ ਸਾਨੂੰ ਸਵਰਗ ਜਾਂ ਨਰਕ ਦਾ ਧਿਆਨ ਛੱਡ ਕੇ ਇਸ ਜ਼ਿੰਦਗੀ ਨੂੰ ਹੀ ਸਫ਼ਲ ਬਣਾਉਣਾ ਚਾਹੀਦਾ ਹੈ। ਪੰਜਾਬੀ ਦੇ ਪ੍ਰਸਿਧ ਕਵੀ 'ਸੇਵੀ ਰਾਇਤ' ਨੇ ਲਿਖਿਆ ਹੈ:
ਮਰਨ ਤੋਂ ਬਾਅਦ ਰੱਖਦਾ ਏਂ ਜੱਨਤ ਦੀਆਂ ਹੂਰਾਂ ਤੇ ਤਾਕ,
ਜਿਉਂਦੇ ਜੀਅਇਸ ਧਰਤ ਤੇ ਹੁਸਨ ਲਾ-ਜੁਆਬ ਛੱਡ ਕੇ।
ਅਸੀਂ ਸਾਰੀ ਉਮਰ ਇਸ ਸੋਚ ਵਿਚ ਹੀ ਡੁੱਬੇ ਰਹਿੰਦੇ ਹਾਂ ਕਿ 'ਅਸੀਂ ਜਨਮ ਸਮੇਂ ਕਿੱਥੋਂ ਆਏ ਸੀ ਅਤੇ ਮਰਨ ਤੋਂ ਬਾਅਦ ਕਿੱਥੇ ਜਾਣਾ ਹੈ?' ਇਸ ਪ੍ਰਸ਼ਨ ਦਾ ਹਾਲੀ ਤੱਕ ਕਿਸੇ ਨੂੰ ਕੋਈ ਤਸੱਲੀ ਬਖ਼ਸ਼ ਉੱਤਰ ਨਹੀਂ ਮਿਲਿਆ, ਕਿਉਂਕਿ ਕੁਦਰਤ ਨੇ ਇਹ ਇਹ ਭੇਦ ਆਪਣੇ ਕੋਲ ਹੀ ਰੱਖਿਆ ਹੋਇਆ ਹੈ। ਇਸ ਲਈ ਸਾਨੂੰ ਜੰਮਨ ਮਰਨ ਦੀ ਚਿੰਤਾ ਛੱਡ ਕੇ ਸਾਡੇ ਕੋਲ ਜੋ ਜ਼ਿੰਦਗੀ ਹੈ, ਉਸ ਨੂੰ ਖ਼ੁਸ਼ੀ ਨਾਲ ਜੀਅ ਕੇ ਇਸ ਮਨੁੱਖਾ ਜਨਮ ਨੂੰ ਸਫ਼ਲ ਬਣਾਉਣਾ ਚਾਹੀਦਾ ਹੈੇ।ਇਸ ਧਰਤੀ ਤੇ ਅਸਲੀ ਸਵਰਗ ਆਪਣੀ ਮਿਹਨਤ ਅਤੇ ਮਿੱਠੇ ਸੁਭਾਅ ਕਰ ਕੇ ਹੀ ਸਿਰਜਿਆ ਜਾ ਸਕਦਾ ਹੈ ਅਤੇ ਆਪਣੀ ਮੌਤ ਤੋਂ ਪਹਿਲਾਂ ਹੀ ਜ਼ਿੰਦਗੀ ਦਾ ਅਨੰਦ ਮਾਣਿਆ ਜਾ ਸਕਦਾ ਹੈ। ਕਈ ਲੋਕ ਆਪਣੀ ਜ਼ਿੰਦਗੀ ਦੇ ਹਰ ਪਲ ਨੂੰ ਘੁੱਟ ਘੁੱਟ ਕਰ ਕੇ ਪੀਂਦੇ ਹਨ। ਉਹ ਹਰ ਛਨ ਨੂੰ ਖ਼ੁਸ਼ੀ ਨਾਲ ਜਿਉਂਦੇ ਹਨ ਅਤੇ ਆਪਣੀ ਜ਼ਿੰਦਗੀ ਦਾ ਪੂਰਾ ਲੁੱਤਫ ਉਠਾਉਂਦੇ ਹਨ। ਉਹ ਆਪ ਵੀ ਖ਼ੁਸ਼ ਰਹਿੰਦੇ ਹਨ ਅਤੇ ਦੂਜਿਆਂ ਨੂੰ ਵੀ ਖ਼ੁਸ਼ ਰੱਕਦੇ ਹਨ। ਉਹ ਸਦਾ ਆਸ਼ਾਵਾਦੀ ਰਹਿੰਦੇ ਹਨ। ਉਨ੍ਹਾਂ 'ਤੇ ਜ਼ਿੰਦਗੀ ਵਿਚ ਜਿੰਨੀ ਮਰਜ਼ੀ ਮੁਸੀਬਤ ਆਏ, ਉਹ ਕਈ ਹੌਸਲਾ ਨਹੀਂ ਹਾਰਦੇ। ਉਹ ਹਰ ਸਮੇਂ ਕਿਸੇ ਨਾ ਕਿਸੇ ਉਸਾਰੂ ਕੰਮ ਵਿਚ ਰੁੱਝੇ ਰਹਿੰਦੇ ਹਨ, ਇਸ ਲਈ ਸਦਾ ਤੰਦਰੁਸਤ ਰਹਿੰਦੇ ਹਨ। ਉਨ੍ਹਾਂ ਬਾਰੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਮੌਤ ਤੋਂ ਪਹਿਲਾਂ ਉਨ੍ਹਾਂ ਵਿਚ ਜ਼ਿੰਦਗੀ ਪੂਰੀ ਤਰ੍ਹਾਂ ਧੜਕਦੀ ਹੈ। ਆਓ ਅਸੀਂ ਵੀ ਸਾਬਤ ਕਰੀਏ ਕਿ ਮੌਤ ਤੋਂ ਪਹਿਲਾਂ ਸਾਡੇ ਵਿਚ ਜੀਵਨ ਹੈ।
*****
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-8360842861
email:gursharan1183@yahoo.in
14 Feb. 2019