ਕੀ ਅਕਾਲੀ-ਭਾਜਪਾ ਸੰਬੰਧ ਪਟੜੀ 'ਤੇ ਆ ਗਏ ਨੇ? - ਜਸਵੰਤ ਸਿੰਘ 'ਅਜੀਤ'
ਤਖਤ ਸੱਚ ਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਵਿੱਚ ਆਪਣੀ ਪ੍ਰਤੀਨਿਧਾ ਵਧਾਏ ਜਾਣੇ ਦੇ ਉਦੇਸ਼ ਨਾਲ ਮਹਾਰਾਸ਼ਟਰਾ ਸਰਕਾਰ ਵਲੋਂ ਤਖਤ ਸਾਹਿਬ ਦੇ ਪ੍ਰਬੰਧਕੀ ਬੋਰਡ ਨਾਲ ਸੰਬੰਧਤ ਕਾਨੂੰਨ ਵਿੱਚ ਸੋਧ ਕੀਤੇ ਜਾਣ ਦੀ ਚਰਚਾ ਦੇ ਚਲਦਿਆਂ ਪੈਦਾ ਹੋਏ ਵਿਵਾਦ ਕਾਰਣ ਅਕਾਲੀ-ਭਾਜਪਾ ਸੰਬੰਧਾਂ ਵਿੱਚ ਕੜਵਾਹਟ ਪੈਦਾ ਹੋਣ ਤੋਂ ਲੈ ਕੇ ਉਨ੍ਹਾਂ ਦੇ ਟੁੱਟ ਜਾਣ ਤਕ ਦੇ ਕਿਨਾਰੇ ਪੁਜ ਜਾਣ ਦੀਆਂ ਚਰਚਾਵਾਂ ਦੇ ਦੌਰਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਜਪਾ ਦੇ ਕੌਮੀ ਪ੍ਰਧਾਨਾਂ, ਸ. ਸੁਖਬੀਰ ਸਿੰਘ ਬਾਦਲ ਅਤੇ ਸ਼੍ਰੀ ਅਮਿਤ ਸ਼ਾਹ ਵਿੱਚ ਹੋਈ ਲੰਮੀ ਗਲਬਾਤ ਤੋਂ ਬਾਅਦ ਸ. ਸੁਖਬੀਰ ਸਿੰਘ ਬਾਦਲ ਵਲੋਂ ਇਹ ਦਾਅਵਾ ਕੀਤਾ ਗਿਆ ਕਿ ਇਸ ਮੁਲਾਕਾਤ ਵਿੱਚ ਸਾਰੇ ਗਿਲੇ-ਸ਼ਿਕਵੇ ਦੂਰ ਕਰ ਲਏ ਗਏ ਹਨ ਅਤੇ ਹੁਣ ਦੋਹਾਂ ਪਾਰਟੀਆਂ ਵਿਚਲੇ ਆਪਸੀ ਸੰਬੰਧ ਪਹਿਲਾਂ ਵਾਂਗ ਹੀ ਪਟੜੀ ਪੁਰ ਆ ਗਏ ਹਨ। ਇਸਦੇ ਬਾਅਦ ਇੱਕ ਪਾਸੇ ਤਾਂ ਇਹ ਸਵੀਕਾਰ ਕਰ ਲਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਨਹੁੰ-ਮਾਸ ਦੇ ਰੂਪ ਵਿੱਚ ਕਾਇਮ ਕੀਤੇ ਗਏ ਅਕਾਲੀ-ਭਾਜਪਾ ਸੰਬੰਧਾਂ ਵਿੱਚ ਹੁਣ ਕੋਈ ਤਰੇੜ ਨਹੀਂ ਰਹਿ ਗਈ ਅਤੇ ਦੂਜੇ ਪਾਸੇ ਇਹ ਵੀ ਮੰਨਿਆ ਜਾਣ ਲਗਾ ਕਿ ਭਵਿਖ ਵਿੱਚ ਹਰਿਆਣਾ ਦੀ ਵਿਧਾਨਸਭਾ ਅਤੇ ਲੋਕਸਭਾ ਦੀਆਂ ਚੋਣਾਂ ਦੋਵੇਂ (ਅਕਾਲੀ-ਭਾਜਪਾ) ਮਿਲਕੇ ਲੜਨਗੇ। ਇਸਦਾ ਇੱਕ ਕਾਰਣ ਤਾਂ ਇਹ ਮੰਨਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਹਰਿਆਣਾ ਵਿਧਾਨਸਭਾ ਦੀਆਂ ਪਿਛਲੀਆਂ ਆਮ ਚੋਣਾਂ ਭਾਜਪਾ ਨਾਲ ਆਪਣੇ ਗਠਜੋੜ ਨੂੰ ਅੰਗੂਠਾ ਵਿਖਾਂਦਿਆਂ ਚੌਟਾਲਾ ਪਰਿਵਾਰ ਦੀ ਜਿਸ ਪਾਰਟੀ (ਇਨੈਲੋ) ਨਾ ਮਿਲ ਕੇ ਲੜੀਆਂ ਸਨ, ਉਹ ਪਰਵਾਰ ਝਗੜਿਆਂ ਦਾ ਸ਼ਿਕਾਰ ਹੋ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰਨ ਤੇ ਮਜਬੂਰ ਹੋ ਗਈ ਹੋਈ ਹੈ। ਦੂਸਰਾ ਕਾਰਣ ਇਹ ਦਸਿਆ ਗਿਆ ਕਿ ਸ. ਸੁਖਬੀਰ ਸਿੰਘ ਬਾਦਲ ਵਲੋਂ ਚੌਟਾਲਾ ਪਰਿਵਾਰ ਦੀ ਪਾਰਟੀ (ਇਨੈਲੋ) ਦੇ ਨਾਲ ਮਿਲ ਕੇ ਅਤੇ ਆਪਣੇ (ਦਲ ਦੇ) ਚੋਣ ਨਿਸ਼ਾਨ 'ਤੇ ਵਿਧਾਨਸਭਾ ਚੋਣਾਂ ਲੜਨ ਦੇ ਕੀਤੇ ਗਏ ਦਾਅਵੇ ਦੀ ਉਸ ਸਮੇਂ ਹਵਾ ਨਿਕਲ ਗਈ, ਜਦੋਂ ਅਖੀਰਲੇ ਸਮੇਂ ਤਕ ਵੀ ਉਸਨੂੰ ਆਪਣੇ ਚੋਣ ਨਿਸ਼ਾਨ ਤੇ ਮੈਦਾਨ ਵਿੱਚ ਉਤਾਰਨ ਲਈ ਇੱਕ ਵੀ ਉਮੀਦਵਾਰ ਨਾ ਮਿਲ ਸਕਿਆ। ਆਖਿਰ ਉਨ੍ਹਾਂ ਨੂੰ ਆਪਣੀ ਗਲ ਰਖਣ ਲਈ ਸਹਿਯੋਗੀ ਪਾਰਟੀ, ਇਨੈਲੋ ਤੋਂ ਇੱਕ ਸਿੱਖ ਉਮੀਦਵਾਰ ਉਧਾਰ ਲੈਣਾ ਪਿਆ। ਇਸ ਸਥਿਤੀ ਨੂੰ ਵੇਖਦਿਆਂ ਹੋਇਆਂ ਹੀ ਇਹ ਮੰਨਿਆ ਜਾ ਰਿਹਾ ਸੀ ਕਿ ਸ. ਸੁਖਬੀਰ ਸਿੰਘ ਬਾਦਲ, ਆਪਣੇ ਪਿਛਲੇ ਤਜਰਬੇ ਦੇ ਚਲਦਿਆਂ ਇਸ ਵਾਰ ਉਹੀ ਗਲਤੀ ਦੁਹਰਾਣ ਤੋਂ ਸੰਕੋਚ ਕਰਨਗੇ'ਤੇ ਭਾਜਪਾ ਦੇ ਨਾਲ ਦਲ ਦੇ ਸੁਧਰੇ ਸੰਬੰਧਾਂ ਦਾ ਸਨਮਾਨ ਕਰਦਿਆਂ ਉਸੇ ਦੇ ਸਾਹਮਣੇ ਦਲ ਲਈ ਸੀਟਾਂ ਦੀ ਮੰਗ ਰਖਣਗੇ।
ਪ੍ਰੰਤੁ ਜਦੋਂ ਇਸਦੇ ਵਿਰੁੱਧ ਸ. ਸੁਖਬੀਰ ਸਿੰਘ ਬਾਦਲ ਨੇ ਹਰਿਆਣਾ ਵਿਧਾਨਸਭਾ ਅਤੇ ਲੋਕਸਭਾ ਚੋਣਾਂ ਲਈ ਰਣਨੀਤੀ ਬਣਾੳਣ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰ ਬਾਦਲ ਅਕਾਲੀ ਦਲ ਵਲੋਂ ਆਪਣੇ ਬੂਤੇ ਚੋਣਾਂ ਲੜਨ ਅਤੇ ਪੰਜਾਬੀ ਬਹੁਲ ਇਲਾਕਿਆਂ ਤੋਂ ਦਸ-ਪੰਦ੍ਰਾਂਹ ਸੀਟਾਂ ਜਿੱਤ ਲੈਣ ਦਾ ਦਾਅਵਾ ਕਰ ਦਿੱਤਾ ਤਾਂ ਕਈ ਤਰ੍ਹਾਂ ਦੀਆਂ ਸ਼ੰਕਾਵਾਂ ਨੇ ਜਨਮ ਲੈ ਲਿਆ। ਕਿਸੇ ਨੇ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਨੇ ਪਿਛਲੀਆਂ ਚੋਣਾਂ ਦੇ ਤਜਰਬੇ ਤੋਂ ਮਿਲੇ ਸਬਕ ਨੂੰ ਭੁਲਾ ਦਿੱਤਾ ਹੈ। ਕੋਈ ਇਹ ਕਹਿਣ ਤਕ ਚਲਾ ਗਿਆ ਕਿ ਉਹ (ਸੁਖਬੀਰ) ਭਾਜਪਾ-ਲੀਡਰਸ਼ਿਪ ਨੂੰ ਬਲੈਕਮੇਲ ਕਰ, ਉਸਤੋਂ ਆਪਣੀ ਮਰਜ਼ੀ ਦੀਆਂ ਸੀਟਾਂ ਲੈਣਾ ਚਾਹੁੰਦੇ ਹਨ। ਇੰਨ੍ਹਾਂ ਸ਼ੰਕਾਵਾਂ ਵਿੱਚ ਹੀ ਹਰਿਆਣਾ ਦੇ ਰਾਜਸੀ ਮਾਹਿਰਾਂ ਦਾ ਮੰਨਣਾ ਹੈ ਕਿ ਸ. ਸੁਖਬੀਰ ਸਿੰਘ ਬਾਦਲ ਇੱਕ ਅਜਿਹੀ ਸ਼ਤਰੰਜੀ ਚਾਲ ਚਲ ਰਹੇ ਹਨ, ਜੋ ਉਨ੍ਹਾਂ ਦੇ ਆਪਣੇ ਪੁਰ ਹੀ ਭਾਰੀ ਪੈ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਤਿਹਾਸ ਗੁਆਹ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਨੀਤੀ ਪੰਜਾਬ ਤੋਂ ਬਾਹਰ ਦੇ ਪੰਜਾਬੀਆਂ, ਵਿਸ਼ੇਸ਼ ਕਰਕੇ ਸਿੱਖਾਂ ਨੂੰ ਪੰਜਾਬ ਵਿੱਚ ਆਪਣੇ ਹਿਤਾਂ ਨੂੰ ਸੁਰਖਿਅਤ ਰਖਣ ਲਈ ਇਸਤੇਮਾਲ ਕਰਨ ਦੀ ਰਹੀ ਹੈ। ਉਸਦੇ ਮੁੱਖੀਆਂ ਨੇ ਸਦਾ ਹੀ ਹਰਿਆਣਾ ਦੇ ਪੰਜਾਬੀਆਂ, ਵਿਸ਼ੇਸ਼ ਰੂਪ ਵਿੱਚ ਸਿੱਖਾਂ ਪੁਰ ਇਹ ਦਬਾਉ ਬਣਾਈ ਰਖਿਆ ਹੈ ਕਿ ਉਹ ਪਾਣੀਆਂ ਦੀ ਵੰਡ, ਚੰਡੀਗੜ੍ਹ, ਪੰਜਾਬੀ ਭਾਸ਼ਾਈ ਇਲਾਕਿਆਂ ਆਦਿ ਦੇ ਮੁਦਿਆਂ 'ਤੇ ਪੰਜਾਬ ਦਾ ਪੱਖ ਲੈਣ। ਇਸਦੇ ਨਾਲ ਹੀ ਪੰਜਾਬ ਅਤੇ ਹਰਿਆਣਾ ਤੋਂ ਬਾਹਰ ਦੇ ਸਿੱਖਾਂ ਅਤੇ ਹੋਰ ਪੰਜਾਬੀਆਂ ਦੇ ਨਾਂ ਉਹ ਇੱਹ ਆਦੇਸ਼ ਜਾਰੀ ਕਰਦੇ ਰਹਿੰਦੇ ਹਨ ਕਿ ਉਹ ਪੰਜਾਬ ਵਿਚਲੇ ਉਨ੍ਹਾਂ ਦੇ ਹਿਤਾਂ ਨੂੰ ਮੁੱਖ ਰਖਦਿਆਂ, ਪੰਜਾਬ ਵਿਚਲੀ ਉਨ੍ਹਾਂ ਦੀ ਸਹਿਯੋਗੀ ਪਾਰਟੀ, ਭਾਜਪਾ ਦਾ ਸਾਥ ਦੇਣ। ਇਹ ਗਲ ਵਖਰੀ ਹੈ ਕਿ ਹਰਿਆਣਾ ਅਤੇ ਹੋਰ ਰਾਜਾਂ ਵਿੱਚ ਵਸਦੇ ਆਮ ਪੰਜਾਬੀਆਂ ਨੇ ਹੀ ਨਹੀਂ, ਸਗੋਂ ਆਮ ਕਰਕੇ ਸਿੱਖਾਂ ਨੇ ਵੀ ਬਾਦਲ ਅਕਾਲੀ ਦਲ ਦੇ ਮੁੱਖੀਆਂ ਦੇ ਆਦੇਸ਼ ਦਾ ਪਾਲਣ ਕਰਨ ਨਾਲੋਂ ਆਪਣੇ ਸਥਾਨਕ ਹਿਤਾਂ ਨੂੰ ਮੁਖ ਰਖਦਿਆਂ ਹੀ ਫੈਸਲੇ ਕੀਤੇ ਅਤੇ ਅਪਣੀ ਵਫਾਦਾਰੀ ਹਰਿਆਣਾ ਸਹਿਤ ਆਪੋ-ਆਪਣੇ ਰਾਜਾਂ ਪ੍ਰਤੀ ਕਾਇਮ ਰਖੀ ਤੇ ਸਥਾਨਕ ਹਿਤਾਂ ਅਨੁਸਾਰ ਆਪਣੇ ਫੈਸਲੇ ਆਪ ਹੀ ਕਰਦੇ ਆ ਰਹੇ ਹਨ।
ਸਰਨਾ ਭਰਾ ਆਪਣੀ ਸੋਚ ਬਦਲਣ: ਦਿੱਲੀ ਦੇ ਪ੍ਰਮੁਖ ਸਿੱਖ ਰਾਜਸੀ ਮੁੱਖੀਆਂ ਦੀ ਮਾਨਤਾ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁੱਖੀਆਂ, ਸਰਨਾ-ਭਰਾਵਾਂ ਨੇ ਸਿੱਖ ਰਾਜਨੀਤੀ ਵਿੱਚ ਸਫਲ ਹੋਣਾ ਹੈ ਤਾਂ ਉਨ੍ਹਾਂ ਨੂੰ ਇੱਕ ਤਾਂ ਆਪਣੀ ਇਸ ਸੋਚ ਨੂੰ ਬਦਲਣਾ ਹੋਵੇਗਾ ਕਿ ਉਹ ਹੀ ਜੋ ਕੁਝ ਸੋਚਦੇ ਹਨ, ਉਹੀ ਠੀਕ ਹੁੰਦਾ ਹੈ। ਦੂਸਰਾ ਉਨ੍ਹਾਂ ਨੂੰ ਇਸ ਗਲ ਨੂੰ ਵੀ ਸਮਝਯਾ ਹੋਵੇਗਾ ਕਿ ਰਾਜਨੀਤੀ, ਖਾਸ ਕਰਕੇ ਸਿੱਖ ਰਾਜਨੀਤੀ ਕਦੀ ਸਮਝ, ਕੇਵਲ ਵੱਡੇ ਸਿੱਖ ਨੇਤਾਵਾਂ ਦੇ ਸੰਪਰਕ ਵਿੱਚ ਰਹਿਣ ਜਾਂ ਉਨ੍ਹਾਂ ਦੀ ਨੇੜਤਾ ਪ੍ਰਾਪਤ ਹੋਣ ਨਾਲ ਹੀ ਨਹੀਂ ਆਉਂਦੀ, ਇਸਦੇ ਲਈ ਆਮ ਵਰਕਰਾਂ ਕਦੇ ਨਾਲ ਸੰਪਰਕ ਬਣਾਈ ਰਖਣ ਦੀ ਲੋੜ ਹੁੰਦੀ ਹੈ। ਕਿਉਂਕਿ ਉਹੀ ਇੱਕ ਅਜਿਹੇ ਸ੍ਰੋਤ ਹੁੰਦੇ ਹਨ, ਜੋ ਆਮ ਲੋਕਾਂ ਵਿੱਚ ਰਹਿੰਦੇ ਹੋਏ, ਉਨ੍ਹਾਂ ਦੀ ਸੋਚ ਨੂੰ ਸਮਝਦੇ ਹਨ। ਇਨ੍ਹਾਂ ਮੁੱਖੀਆਂ ਦੇ ਅਨੁਸਾਰ ਹੀ ਸਰਨਾ-ਭਰਾਵਾਂ ਨੂੰ ਆਪਣੇ ਦਲ ਨੂੰ ਆਪਣੇ ਅਤੇ ਆਪਣੇ ਹੀ ਬਿਆਨਾਂ ਦੀ ਸੀਮਾ ਵਿੱਚ ਬੰਨ੍ਹੀ ਰਖਣ ਦੀ ਬਜਾਏ, ਸੀਮਾ ਤੋਂ ਬਾਹਰ ਕਰ ਦਲ ਦੇ ਹੋਰ ਮੁੱਖੀਆਂ ਨੂੰ ਵੀ ਅੱਗੇ ਕਰਨਾ ਚਾਹੀਦਾ ਹੈ, ਤਾਂ ਜੋ ਉਹ ਇਹੀ ਨਾ ਸਮਝਣੇ ਲਗਣ ਕਿ ਉਹ ਕੇਵਲ ਦਲ ਦੀਆਂ ਬੈਠਕਾਂ ਅਤੇ ਪ੍ਰੈਸ ਕਾਨਫ੍ਰੰਸਾਂ ਦੇ ਸ਼ਿੰਘਾਰ ਮਾਤ੍ਰ ਹੀ ਹਨ. ਵੈਸੇ ਦਲ ਵਿੱਚ ਉਨ੍ਹਾਂ ਕੋਈ ਹੈਸੀਅਤ ਨਹੀਂ। ਉਨ੍ਹਾਂ ਕੋਲ ਸ. ਇੰਦਰਮੋਹਨ ਸਿੰਘ, ਸ. ਤਰਸੇਮ ਸਿੰਘ, ਸ. ਭਜਨ ਸਿੰਘ ਵਾਲੀਆ, ਸ. ਕੁਲਵਿੰਦਰ ਸਿੰਘ, ਸ. ਮਨਜੀਤ ਸਿੰਘ ਸਰਨਾ, ਸ. ਜਸਮੀਤ ਸਿੰਘ, ਸ. ਭੂਪਿੰਦਰ ਸਿੰਘ ਭੂਪੀ ਆਦਿ ਦੇ ਨਾਲ ਯੂਥ ਅਤੇ ਮਹਿਲਾ ਵਿੰਗ ਦੇ ਮੁੱਖੀਆਂ ਦੀ ਚੰਗੀ ਸਮਰਪਿਤ ਟੀਮ ਹੈ। ਜਿਸ ਨਾਲ ਵਿਚਾਰ-ਵਟਾਂਦਰਾ ਕਰਦਿਆਂ ਉਸਨੂੰ ਸਰਗਰਮ ਰਖ ਪਾਰਟੀ ਲਈ ਮਜ਼ਬੂਤ ਅਧਾਰ ਤਿਆਰ ਕਰ ਸਕਦੇ ਹਨ। ਇਨ੍ਹਾਂ ਰਾਜਸੀ ਮੁੱਖੀਆਂ ਅਨੁਸਾਰ ਸਰਨਾ-ਭਰਾਵਾਂ ਨੂੰ ਇਹ ਗਲ ਵੀ ਸਮਝਣੀ ਹੋਵੇਗੀ ਕਿ ਕਾਰੋਬਾਰੀ ਸੰਸਥਾਵਾਂ ਅਤੇ ਧਾਰਮਕ ਸੰਸਥਾਵਾਂ ਦੇ ਪ੍ਰਬੰਧਕੀ ਢਾਂਚੇ ਅਤੇ ਉਨ੍ਹਾਂ ਦੀ ਸੰਚਾਲਣ ਨੀਤੀ ਇੱਕ ਸਮਾਨ ਨਹੀਂ ਹੁੰਦੀ। ਜੇ ਉਨ੍ਹਾਂ ਨੇ ਆਪਣੇ ਗੁਰਦੁਆਰਾ ਕਮੇਟੀ ਦੇ ਪ੍ਰਬੰਧਕੀ ਕਾਲ ਵਿੱਚ ਇਸ ਗਲ ਨੂੰ ਸੋਚ ਤੇ ਸਮਝ ਕੇ, ਪ੍ਰਬੰਧਕੀ ਨੀਤੀ ਅਪਨਾਈ ਹੁੰਦੀ ਤਾਂ ਲਗਭਗ 160 ਕਰੋੜ ਦੀ ਜੋ ਰਕਮ ਗੁਰਦੁਆਰਾ ਫੰਡ ਵਿੱਚ ਛੱਡ ਜਾਣ ਦਾ ਦਾਅਵਾ ਕਰਦੇ ਚਲੇ ਆ ਰਹੇ ਹਨ, ਜੇ ਉਸਨੂੰ ਬਚਾਣ ਦੀ ਬਜਾਏ, ਉਨ੍ਹਾਂ ਨੇ ਕਮੇਟੀ ਦੇ ਪ੍ਰਬੰਧ ਹੇਠਲੀਆਂ ਵਿਦਿਅਕ ਸੰਸਥਾਵਾਂ ਦੇ ਸਟਾਫ ਨੂੰ ਛੇਵੇਂ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਅਧਾਰ 'ਤੇ ਅਦਾਇਗੀ ਕਰ ਗਏ ਹੁੰਦੇ, ਇੱਕ ਤਾਂ ਸਟਾਫ ਸੰਤੁਸ਼ਟ ਰਹਿੰਦਾ, ਉਸਨੂੰ ਗੁਰਦੁਆਰਾ ਕਮੇਟੀ ਦੀਸ਼ਆਂ ਆਮ ਚੋਣਾਂ ਵਿੱਚ ਉਨ੍ਹਾਂ ਵਿਰੁਧ ਇਸਤੇਮਾਲ ਨਾ ਕੀਤਾ ਜਾ ਸਕਦਾ, ਦੂਸਰਾ ਇਹ ਪੈਸਾ ਘਪਲਿਆਂ (ਭ੍ਰਿਸ਼ਟਾਚਾਰ) ਦੀ ਭੇਂਟ ਚੜ੍ਹਨ ਦੀ ਬਜਾਏ ਸਕਾਰਥੇ ਵਰਤਿਆ ਜਾਂਦਾ।
...ਅਤੇ ਅੰਤ ਵਿੱਚ : ਜੇ ਸੱਚ ਸੁਣਿਆਂ ਅਤੇ ਸਵੀਕਾਰ ਕੀਤਾ ਜਾ ਸਕੇ ਤਾਂ ਸੱਚਾਈ ਇਹੀ ਹੈ ਕਿ ਕਿ ਇਸ ਪੈਸੇ ਦੇ ਭ੍ਰਿਸ਼ਟਾਚਾਰ ਦੀ ਭੇਂਟ ਚੜ੍ਹ, ਬਰਬਾਦ ਹੋ ਜਾਣ ਵਿੱਚ ਸਰਨਾ ਭਰਾ ਵੀ ਉਤਨੇ ਹੀ ਹਿਸੇਦਾਰ ਤੇ ਜ਼ਿਮੇਂਦਾਰ ਹਨ, ਜਿਤਨੇ ਕਿ ਇਸਨੂੰ ਭ੍ਰਿਸ਼ਾਟਾਚਾਰ ਦੀ ਭੇਂਟ ਚਾੜ੍ਹ, ਬਰਬਾਦ ਕਰ ਦੇਣ ਵਾਲੇ।000
Mobile : + 91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085