ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
18 Feb. 2019
ਸ਼੍ਰੋਮਣੀ ਅਕਾਲੀ ਦਲ ਦੇ ਦੋਸ਼ਾਂ ਦੀ ਮੈਨੂੰ ਕੋਈ ਪਰਵਾਹ ਨਹੀਂ- ਫੂਲਕਾ
ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ।
ਨਵਜੋਤ ਸਿੱਧੂ ਨੂੰ ਕਪਿਲ ਸ਼ਰਮਾ ਸ਼ੋਅ ਵਿਚੋਂ ਬਾਹਰ ਕੱਢਿਆ-ਇਕ ਖ਼ਬਰ
ਡੇਕ ਦਾ ਗੁਮਾਨ ਕਰਦੀ, ਸਾਨੂੰ ਤੋਤਿਆਂ ਨੂੰ ਬਾਗ਼ ਬਥੇਰੇ।
ਵਿਧਾਨ ਸਭਾ ਸੈਸ਼ਨ ਦੌਰਾਨ ਤੀਲਾ ਤੀਲਾ ਨਜ਼ਰ ਆਏਗੀ 'ਆਪ'- ਇਕ ਖ਼ਬਰ
ਇਸ ਘਰ ਕੋ ਆਗ ਲਗ ਗਈ, ਘਰ ਕੇ ਚਿਰਾਗ਼ ਸੇ।
ਨਸ਼ਿਆਂ,ਹਥਿਆਰਾਂ ਤੇ ਲਚਰਤਾ ਤੋਂ ਬਾਅਦ ਪੰਜਾਬੀ ਗਾਇਕੀ 'ਚ ਗਾਹਲਾਂ ਵੀ ਸ਼ਾਮਲ- ਇਕ ਖ਼ਬਰ
ਸ਼ਰਮ ਘੋਲ਼ ਕੇ ਪੀਤੀ, ਚੰਦਰੇ ਕਪੂਤਾਂ ਨੇ।
ਦਹਿਸ਼ਤਗ਼ਰਦਾਂ ਨੂੰ ਪਨਾਹ ਦੇਣਾ ਬੰਦ ਕਰੇ ਪਾਕਿਸਤਾਨ- ਅਮਰੀਕਾ
ਘਰ ਵਾਲ਼ਿਓ ਜਾਗਦੇ ਰਹੋ, ਚੋਰੋ ਘਰ ਲੁੱਟ ਲਉ।
ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਚੁੰਗਲ 'ਚੋਂ ਛੁਡਵਾਉਣ ਲਈ ਟਕਸਾਲੀਆਂ ਦਾ ਫੂਲਕਾ ਨੂੰ ਸਮਰਥਨ- ਇਕ ਖ਼ਬਰ
ਵੇ ਮੈਂ ਪੰਜ ਪਤਾਸੇ ਵਾਰਾਂ, ਪੁੱਟ ਦੇਵੇਂ ਜੇ ਤੰਬੂ ਸ਼ਰੀਕਾਂ ਦੇ।
ਬਾਦਲ ਦਲ ਧਾਰਾ 25 ਦੀ ਸੋਧ ਲਈ ਪਾਰਲੀਮੈਂਟ 'ਚ ਮਤਾ ਵੀ ਪੇਸ਼ ਨਾ ਕਰ ਸਕਿਆ- ਹਰਵਿੰਦਰ ਸਿੰਘ ਸਰਨਾ
ਛੱਪੜੀ 'ਚ ਡੁੱਬ ਮਰਿਆ, ਮੁੰਡਾ ਚਹੁੰ ਪੱਤਣਾਂ ਦਾ ਤਾਰੂ।
ਵਿਧਾਨ ਸਭਾ 'ਚ ਕਾਂਗਰਸ, ਅਕਾਲੀ-ਭਾਜਪਾ ਤੇ 'ਆਪ' ਦੇ ਵਿਧਾਇਕਾਂ ਨੇ ਸਿਆਸੀ ਕਿੜਾਂ ਕੱਢੀਆਂ- ਇਕ ਖ਼ਬਰ
ਹੁਕਮ ਹੋਵੇ ਤਾਂ ਤੇਗਾਂ ਨੂੰ ਖਿੱਚ ਲਈਏ, ਵਿਚ ਲੜਨ ਦੇ ਨਹੀਂ ਕੁਝ ਦੇਰ ਮੀਆਂ।
ਵਿਰੋਧੀ ਧਿਰਾਂ ਵਲੋਂ ਮੋਦੀ ਸਰਕਾਰ ਜਮਹੂਰੀਅਤ ਲਈ ਵੱਡਾ ਖ਼ਤਰਾ ਕਰਾਰ- ਇਕ ਖ਼ਬਰ
ਦੱਸਿਆ ਆਇ ਕੇ ਰਾਣੀ ਨੂੰ ਗੋਲੀਆਂ ਨੇ, ਪੂਰਨ ਰਾਣੀਏਂ ਧ੍ਰੋਹ ਕਮਾਇ ਗਿਆ।
ਤਿੰਨ ਸਿੱਖ ਨੌਜੁਆਨਾਂ ਨੂੰ ਉਮਰ ਕੈਦ ਦੀ ਸਜ਼ਾ 'ਤੇ ਸ਼੍ਰੋਮਣੀ ਕਮੇਟੀ ਦੀ ਚੁੱਪ ਪੰਥ ਲਈ ਖ਼ਤਰਾ- ਗੁਰਨਾਮ ਸਿੰਘ ਬੰਡਾਲਾ
ਵੈਰਨ ਮੁੰਡਿਆਂ ਦੀ, ਜਿਹੜੀ ਘੁੱਟਵੀਂ ਸੁੱਥਣ ਵਿਚ ਰਹਿੰਦੀ।
ਚੋਣ ਜੁਗਾੜ: ਹਰਿਆਣਾ 'ਚ ਨਵੀਂ ਬਣੀ ਪਾਰਟੀ 'ਤੇ ਡੋਰੇ ਪਾਉਣ ਲੱਗਾ ਬਾਦਲ ਅਕਾਲੀ ਦਲ ਇਕ ਖ਼ਬਰ
ਆ ਜਾ ਕਰੀਏ ਦਿਲਾਂ ਦੇ ਸੌਦੇ, ਨੀਂ ਕੁੜੀਏ ਹਾਣ ਦੀਏ।
ਸਿੱਖ ਮਾਮਲਿਆਂ 'ਤੇ ਮਹਿਬੂਬਾ ਮੁਫ਼ਤੀ ਵਲੋਂ ਇਮਰਾਨ ਖ਼ਾਨ ਦੇ ਕੰਮਾਂ ਦੀ ਪ੍ਰਸ਼ੰਸਾ- ਇਕ ਖ਼ਬਰ
ਮੁੰਨੀਆਂ ਰੰਗੀਨ ਗੱਡੀਆਂ, ਬੋਤਾ ਬੰਨ੍ਹ ਦੇ ਸਰਵਣਾ ਵੀਰਾ।
ਪਾਰਸਲ ਪੋਸਟ ਕੀਤਾ ਫਰੀਦਕੋਟ ਨੂੰ ਤੇ ਪਹੁੰਚ ਗਿਆ ਚੀਨ- ਇਕ ਖ਼ਬਰ
ਡਿਜੀਟਲ ਇੰਡੀਆ।
ਖ਼ੁਦਕੁਸ਼ੀ ਕਰ ਗਏ ਕਿਸਾਨਾਂ ਦੇ ਪਰਵਾਰਾਂ ਵਲੋਂ ਸੁਖਬੀਰ ਦੀ ਅਗਵਾਈ 'ਚ ਵਿਧਾਨ ਸਭਾ ਅੱਗੇ ਧਰਨਾ- ਇਕ ਖ਼ਬਰ
ਭੋਲਿਉ ਲੋਕੋ! ਸੁਖਬੀਰ ਨੂੰ ਪੁੱਛੋ ਇਹਨਾਂ ਨੇ ਆਪ ਦਸਾਂ ਸਾਲਾਂ 'ਚ ਤੁਹਾਡੇ ਲਈ ਕੀ ਕੀਤਾ?