28 ਫਰਵਰੀ 2019 ਤੇ : ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੂੰ ਸਮਰਪਿਤ ਗੁਰਮਤਿ ਸਮਾਗਮ 'ਤੇ ਵਿਸ਼ੇਸ਼ - ਅੰਗਰੇਜ ਸਿੰਘ ਹੁੰਦਲ
ਸੰਪਰਦਾਇ ਕਾਰ ਸੇਵਾ ਵੱਲੋਂ ਗੁਰਧਾਮਾਂ ਦੀ ਉਸਾਰੀ, ਲੋਕ ਭਲਾਈ ਤੇ ਵਿਦਿਆ ਦੇ ਖੇਤਰ ਵਿਚ ਯੋਗਦਾਨ
ਖ਼ਾਲਸਾ ਪੰਥ ਦਾ ਸਤਿਕਾਰਤ ਅੰਗ ਸੰਪਰਾਇ ਕਾਰ ਸੇਵਾ ਦੀ ਇਤਿਹਾਸਕ ਗੁਰਧਾਮਾਂ ਦੀ ਉਸਾਰੀ ਵਿਚ ਮੌਜੂਦਾ ਇਤਿਹਾਸ ਵਿਚ ਸਭ ਤੋਂ ਵੱਡਾ ਯੋਗਦਾਨ ਹੈ। ਇਹੀ ਨਹੀਂ ਇਸ ਸੰਪਰਦਾਇ ਨੇ ਲੋਕ ਭਲਾਈ, ਵਾਤਾਵਰਨ ਸੰਭਾਲ ਅਤੇ ਵਿਦਿਆ ਦੇ ਖੇਤਰ ਵਿਚ ਜਿਕਰਯੋਗ ਕਾਰਜ ਕੀਤੇ ਹਨ।
ਤਰਨ ਤਾਰਨ ਜ਼ਿਲ੍ਹੇ ਦੇ ਨਗਰ ਖਡੂਰ ਸਾਹਿਬ ਜਿਥੋਂ ਦੀ ਪਵਿੱਤਰ ਧਰਤੀ ਨੂੰ ਅੱਠ ਗੁਰੂ ਸਾਹਿਬਾਨ ਦੀ ਚਰਨ-ਛੋਹ ਪ੍ਰਾਪਤ ਹੋਣ ਦਾ ਸੁਭਾਗ ਹਾਸਲ ਹੈ, ਵਿਖੇ ਦਹਾਕਿਆਂ ਤੋਂ ਗੁਰਧਾਮਾਂ ਦੀ ਕਾਰ ਸੇਵਾ ਕਰਵਾਈ ਜਾ ਰਹੀ ਹੈ । ਇੱਥੇ ਸੱਚਖੰਡ ਵਾਸੀ ਬਾਬਾ ਗੁਰਮੁਖ ਸਿੰਘ, ਬਾਬਾ ਸਾਧੂ ਸਿੰਘ, ਬਾਬਾ ਝੰਡਾ ਸਿੰਘ, ਬਾਬਾ ਉੱਤਮ ਸਿੰਘ ਅਤੇ ਸਮੂਹ ਹੋਰ ਮਹਾਂਪੁਰਸ਼ਾਂ ਨੇ ਕਾਰ ਸੇਵਾ ਦੇ ਕਾਰਜ ਪੰਥਕ ਭਾਵਨਾ ਮੁਤਾਬਕ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ। ਉਹਨਾਂ ਦੀ ਯਾਦ 'ਚ ਹਰ ਸਾਲ ਦੀ ਤਰ੍ਹਾਂ ਗੁਰਮਤਿ ਸਮਾਗਮ ਬੜੀ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ ।
ਬਾਬਾ ਸੇਵਾ ਸਿੰਘ ਜੀ ਦੀ ਅਗਵਾਈ ਹੇਠ ਖਡੂਰ ਸਾਹਿਬ ਦੀ ਕਾਰ ਸੇਵਾ ਸੰਪਰਦਾ ਨੇ ਇੱਕ ਤੋਂ ਬਾਅਦ ਇੱਕ ਮਹਾਨ ਕਾਰਜ਼ ਕਰਦੇ ਹੋਏ ਕਾਰ ਸੇਵਾ ਸ਼ਬਦ ਦਾ ਘੇਰਾ ਵਸੀਹ ਕਰ ਦਿੱਤਾ । ਉਨ੍ਹਾਂ ਵੱਲੋਂ ਕੀਤੇ ਜਾ ਰਹੇ ਧਾਰਮਿਕ, ਸਮਾਜਿਕ, ਵਿੱਦਿਅਕ ਕਾਰਜਾਂ ਆਦਿ ਨਾਲ ਇਹ ਸੰਪਰਦਾ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਿੱਚ ਹੋਰ ਵੀ ਹਰਮਨ ਪਿਆਰੀ ਬਣੀ ਹੈ । ਦੂਜੇ ਪਾਸੇ ਇਸ ਨੇ ਸਿੱਖ ਧਰਮ ਦੀ ਸਮੁੱਚੀ ਮਾਨਵਵਾਦੀ ਪਹੁੰਚ ਦਾ ਵੀ ਪ੍ਰਚਾਰ ਕੀਤਾ ਹੈ ।
ਖਡੂਰ ਸਾਹਿਬ ਸੰਪਰਦਾਂ ਵੱਲੋਂ ਗੁਰਦੁਆਰਾ ਤਪਿਆਣਾ ਸਾਹਿਬ, ਗੁਰਦੁਆਰਾ ਅੰਗੀਠਾ ਸਾਹਿਬ (ਦਰਬਾਰ ਸਾਹਿਬ), ਗੁਰਦੁਆਰਾ ਮੱਲ ਅਖਾੜਾ ਸਾਹਿਬ ਆਦਿ ਦੀਆਂ ਇਮਾਰਤਾਂ ਨੂੰ ਅਤਿ ਸੁੰਦਰ ਦਿੱਖ ਦਿੱਤੀ ਹੈ ਅਤੇ ਹਰਿਆ ਭਰਿਆ ਬਣਾਇਆ ਹੈ। ਬਾਬਾ ਉੱਤਮ ਸਿੰਘ ਦੀ ਅਗਵਾਈ ਵਿਚ ਗੁਰਦੁਆਰਾ ਦਾਤਾ ਬੰਦੀ ਛੋੜ (ਪਾਤਸ਼ਾਹੀ ਛੇਵੀਂ) ਕਿਲ੍ਹਾ ਗਾਵਲੀਅਰ ਮੱਧ ਪ੍ਰਦੇਸ਼ ਦੀ ਕਾਰ ਸੇਵਾ ਸ਼ੁਰੂ ਕਰਵਾਈ ਗਈ ਜੋ ਨਿਰਵਿਘਨਤਾ ਸਹਿਤ ਜਾਰੀ ਹੈ।
ਸੰਪਰਦਾ ਵੱਲੋਂ ਨਗਰ ਖਡੂਰ ਸਾਹਿਬ ਵਿਖੇ ਬਾਬਾ ਗੁਰਮੁਖ ਸਿੰਘ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ਼ ਐਜ਼ੂਕੇਸ਼ਨ, ਸ੍ਰੀ ਗੁਰੂ ਅੰਗਦ ਦੇਵ ਕਾਲਜ ਤੋਂ ਇਲਾਵਾ ਬਾਬਾ ਉੱਤਮ ਸਿੰਘ ਨੈਸ਼ਨਲ ਹਾਕੀ ਅਕੈਡਮੀ ਚਲਾਈ ਜਾ ਰਹੀ ਹੈ । ਇਸ ਅਕੈਡਮੀ ਦੇ ਪੈਦਾ ਕੀਤੇ ਹੋਏ ਖਿਡਾਰੀ ਭਾਰਤ ਦੀ ਰਾਸ਼ਟਰੀ ਟੀਮ ਵਿਚ ਖੇਡ ਰਹੇ ਹਨ । ਇਲਾਕੇ ਦੀ ਸਹੂਲਤ ਦਾ ਵਿਸ਼ੇਸ਼ ਧਿਆਨ ਰੱਖਦਿਆਂ ਇਸੇ ਸਾਲ ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ (ਸੀ.ਬੀ.ਐੱਸ.ਈ. ਪੈਟਰਨ) ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਦੀ ਸ਼ੁਰੁਆਤ ਕੀਤੀ ਗਈ । ਮੱਧ ਪ੍ਰਦੇਸ਼ ਵਿਚ ਪੰਜਾਬੀਆਂ ਦੀ ਲੋੜ ਨੂੰ ਮੁੱਖ ਰੱਖਦਿਆਂ ਚਾਰ ਸਕੂਲ ਚਲਾਏ ਜਾ ਰਹੇ ਹਨ । ਉਹਨਾਂ ਵਿੱਚ ਪੰਜਾਬੀ ਵਿਸ਼ੇ ਲਈ ਐਮ.ਪੀ ਬੋਰਡ ਵੱਲੋਂ ਮਨਜ਼ੂਰੀ ਲਈ ਗਈ ਹੈ, ਅਤੇ ਧਾਰਮਿਕ ਵਿਸ਼ੇ ਦੀ ਪੜ੍ਹਾਈ ਵੀ ਕਰਵਾਈ ਜਾਂਦੀ ਹੈ ।
ਸੰਪਰਦਾ ਵੱਲੋਂ ਸਿੰਘਾਪੁਰ ਨਿਵਾਸੀ ਸਰਦਾਰ ਕਰਤਾਰ ਸਿੰਘ ਠਕਰਾਲ ਤੇ ਸਮੂਹ ਪਰਿਵਾਰ ਦੇ ਸਹਿਯੋਗ ਨਾਲ ਇਕ ਆਲੀਸ਼ਾਨ ਅੱਠ ਮੰਜ਼ਿਲਾ ਇਮਾਰਤ 'ਨਿਸ਼ਾਨ-ਏ-ਸਿੱਖੀ' ਦੀ ਉਸਾਰੀ ਕਰਵਾਈ ਗਈ ਹੈ ਜੋ ਕਿ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਅਤੇ ਇਥੇ ਸਿਵਿਲ ਸੇਵਾਵਾਂ, ਇੰਜੀਨੀਅਰਿੰਗ, ਮੈਡੀਕਲ ਅਤੇ ਮਿਲਟਰੀ ਦੀਆਂ ਮੁਕਾਬਲਾ ਅਤੇ ਭਰਤੀ ਪ੍ਰੀਖਿਆਵਾਂ ਦੀ ਸਿਖਲਾਈ ਤੇ ਤਿਆਰੀ ਕਰਵਾਈ ਜਾਂਦੀ ਹੈ। ਇਸ ਤੋਂ ਇਲਾਵਾ 'ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ' ਦਾ ਗਠਨ ਕੀਤਾ ਗਿਆ ਹੈ। ਇਸ ਦਾ ਮੁੱਖ ਟੀਚਾ ਸਿੱਖੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਇੱਕ ਮਿਸਾਲ ਪੈਦਾ ਕਰਨ ਲਈ ਉਤਸ਼ਾਹਿਤ ਕਰਨਾ ਅਤੇ ਅਗਵਾਈ ਦੇਣਾ ਸ਼ਾਮਲ ਹੈ ।
ਨਿਸ਼ਾਨ-ਏ-ਸਿੱਖੀ ਟਰੱਸਟ ਚੈਰੀਟੇਬਲ ਸੰਸਥਾ ਦਾ ਮੁੱਖ ਮੰਤਵ ਉੱਚ ਪੱਧਰ ਦੀ ਵਿਦਿਆ ਦੇਣਾ ਹੈ । ਇਥੋਂ ਧਾਰਮਿਕ ਸਿੱਖਿਆ ਦੇਣ ਲਈ ਗੁਰੂ ਅੰਗਦ ਇੰਸਟਚਿਊਟ ਆਫ਼ ਰਿਲੀਜਅਸ ਸਟੱਡੀਜ਼ ਕੰਮ ਕਰ ਰਿਹਾ ਹੈ । ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਮੈਡੀਕਲ, ਇੰਜ਼ਨੀਅਰਿੰਗ ਜਿਹੇ ਮਿਆਰੀ ਕੋਰਸਾ ਵਿਚ ਦਾਖਲਾ ਲੈਣ ਦੇ ਯੋਗ ਬਣਾਉਣ ਲਈ ਅਗਵਾਈ ਦੇਣ ਵਾਸਤੇ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ਼ ਕੰਪੀਟੀਸ਼ਨਜ਼ ਸਮੇਤ ਗੁਰੂ ਅੰਗਦ ਦੇਵ ਇੰਸੀਚਿਊਟ ਆਫ਼ ਕੈਰੀਅਰ ਐਂਡ ਕੋਰਸਿਸ, ਗੁਰੂ ਅੰਗਦ ਦੇਵ ਇੰਸੀਚਿਊਟ ਆਫ਼ ਕੰਪੀਟੀਟਿਵ ਐਗਜ਼ਾਮੀਨੇਸ਼ਜ਼, ਫੌਜੀ ਸੇਵਾਵਾ 'ਚ ਕਮਿਸ਼ਨਡ ਅਫ਼ਸਰ ਭਰਤੀ ਹੋਣ ਲਈ ਕੋਚਿੰਗ ਦੇਣ ਵਾਸਤੇ ਨੈਸ਼ਨਲ ਡਿਫੈਸ ਅਕੈਡਮੀ ਸਮੇਤ ਹੋਰ ਵਿਦਿਅਕ ਪ੍ਰਜੈਕਟ ਇਸ ਟਰੱਸਟ ਵੱਲੋਂ ਚਲਾਏ ਜਾ ਰਹੇ ਹਨ ।
ਮੌਜੂਦਾ ਸਮੇਂ ਬਾਬਾ ਸੇਵਾ ਸਿੰਘ ਜੀ ਵੱਲੋਂ ਵਾਤਾਵਰਨ ਦੀ ਸਾਂਭ ਸੰਭਾਲ ਲਈ ੧੯੯੯ ਤੋਂ ਚਲਾਈ ਸਫ਼ਲ ਮੁਹਿੰਮ ਕਰਕੇ ਸਾਲ ੨੦੧੦ ਵਿਚ ਭਾਰਤ ਦੇ ਰਾਸ਼ਟਰਪਤੀ ਵੱਲੋਂ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ ਉਨ੍ਹਾਂ ਨੂੰ ਯੂ.ਐਨ ਦੇ ਸਕੱਤਰ ਬਾਨ ਕੀ ਮੂਨ ਅਤੇ ਬਰਤਾਨੀਆ ਦੇ ਪ੍ਰਿੰਸ ਫਿਲਿਪਸ ਵੱਲੋਂ ਵੀ ਸਨਮਾਨਤ ਕੀਤਾ ਗਿਆ ਹੈ ।
ਸੰਪਰਦਾ ਨੇ ਵਾਤਾਵਰਨ ਦੀ ਸ਼ੁੱਧਤਾ ਲਈ 410 ਕਿਲੋਮੀਟਰ ਤੋਂ ਜ਼ਿਆਦਾ ਲੰਮੀਆਂ ਸੜਕਾਂ 'ਤੇ ਤਿੰਨ ਲੱਖ ਪੰਜ਼ਾਹ ਹਜ਼ਾਰ ਦੇ ਕਰੀਬ ਫ਼ਲਦਾਰ ਅਤੇ ਛਾਂ ਦਾਰ ਬੁਟੇ/ਦਰਖਤ ਲਗਾ ਕੇ ਪੰਛੀਆਂ ਨੂੰ ਰੈਣ ਬਸੇਰਾ ਦਿੱਤਾ ਹੈ । ਫ਼ਲਦਾਰ ਬਾਗ਼ ਬਾਬਾ ਸਾਧੂ ਸਿੰਘ ਜੀ ਦੇ ਨਾਮ ਤੇ ਲਗਾਇਆ, ਜਿਸ ਵਿਚ 36 ਪ੍ਰਕਾਰ ਦੇ ਫ਼ਲ ਲੱਗਦੇ ਹਨ, ਜੋ ਮੌਸਮ ਦੇ ਅਨੁਸਾਰ ਫ਼ਲ ਲੱਗਦੇ ਹਨ, ਉਹ ਸੰਗਤਾਂ ਨੂੰ ਪ੍ਰਸ਼ਾਦ ਰੂਪ ਵਿੱਚ ਦਿੱਤੇ ਜਾਂਦੇ ਹਨ ।
ਸਪੈਸ਼ਲ ਏਰੀਆ ਡਿਵੈਂਲਪਮੈਟ ਅਥਾਰਟੀ (ਸਾਡਾ) ਵੱਲੋਂ ਨਿਊ ਗਵਾਲੀਅਰ (ਮੱਧ ਪ੍ਰਦੇਸ਼) ਵਿਖੇ ਦਸ ਗੁਰੂ ਸਾਹਿਬਾਨ ਦੇ ਨਾਮ ਤੇ ਦਸ ਪਾਰਕਾਂ ਬਣਾਈਆ ਗਈਆਂ ਹਨ । ਜਿੰਨਾਂ ਵਿਚ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਉਣ ਦਾ ਕਾਰਜ਼ ਵੀ ਏਸੇ ਸੰਸਥਾ ਨੇ ਕੀਤਾ ।
28 ਫਰਵਰੀ ਨੂੰ ਕਾਰ ਸੇਵਾ ਵਾਲੇ ਸਮੂਹ ਮਹਾਂਪਰੁਸ਼ਾਂ ਦੀ ਅਮਰ ਯਾਦ ਨੂੰ ਬੜੇ ਪਿਆਰ, ਸ਼ਰਧਾ ਸਤਿਕਾਰ ਨਾਲ ਮਹਾਨ ਗੁਰਮਤਿ ਸਮਾਗਮ ਦੇ ਰੂਪ ਵਿਚ ਮਨਾਈ ਜਾ ਰਹੀ ਹੈ, ਜਿਸ ਵਿਚ ਸਿੰਘ ਸਾਹਿਬਾਨ ਅਤੇ ਪੰਥ ਦੇ ਪ੍ਰਸਿੱਧ ਰਾਗੀ, ਢਾਡੀ ਤੇ ਪ੍ਰਚਾਰਕ ਗੁਰੂ ਜੱਸ ਸੰਗਤਾਂ ਨੂੰ ਸਰਵਣ ਕਰਾਉਣਗੇ।
-ਅੰਗਰੇਜ ਸਿੰਘ ਹੁੰਦਲ
9876785672