ਤੇਰੇ ਸ਼ਹਿਰ.. - ਗੁਰਬਾਜ ਸਿੰਘ ਤਰਨ ਤਾਰਨ
ਜਿੱਥੇ ਚਾਨਣਾਂ ਦਾ ਵੱਸਦਾ ਏ ਕਹਿਰ ਮੇਰੇ ਦੋਸਤਾ,
ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ ।
ਰਾਹਾਂ ਨੇ ਹੈ ਦਗਾ ਕੀਤਾ, ਪੀੜਾਂ ਨੂੰ ਦੁਆਵਾਂ ਸੰਗ ਸੀਤਾ,
ਕੱਖਾਂ ਨੇ ਵੀ ਭੁੰਨੇ ਸਾਡੇ ਪੈਰ ਮੇਰੇ ਦੋਸਤਾ,
ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ ।
ਏਥੇ ਖ਼ਾਰਾਂ ਜਿਹੇ ਹੱਥ, ਸਭ ਖ਼ਾਰਾਂ ਜਿਹੇ ਚੇਹਰੇ ਨੇ,
ਸੁਪਨਿਆਂ ਦਾ ਭਾਰ ਮੋਢੇ ਜੋ ਤੇਰੇ ਅਤੇ ਮੇਰੇ ਨੇ,
ਰੋਮ-ਰੋਮ ਸਾੜੇ ਚਾਵਾਂ ਵਾਲੀ ਲਹਿਰ ਮੇਰੇ ਦੋਸਤਾ,
ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ ।
ਕਦਰ ਨਹੀਂਓ ਲੋਕਾਂ ਨੂੰ ਤੇਰੇ ਸ਼ਹਿਰ ਆਏ ਮਹਿਮਾਨ ਦੀ,
ਹਰ ਗਲੀ-ਮੋੜ ਲੁੱਟ ਹੋਵੇ ਸੋਚਾਂ ਦੇ ਸਮਾਨ ਦੀ,
ਗਵਾਹੀ ਦੇਵੇ ਹਰ ਅੱਖ ਹੁੰਦਾ ਕਹਿਰ ਮੇਰੇ ਦੋਸਤਾ,
ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ ।
ਸ਼ਹਿਰ ਵਿੱਚ ਰਲ ਤੂੰ ਵੀ ਸ਼ਹਿਰੀ ਜਿਹਾ ਹੋ ਗਿਆਂ ਏਂ,
ਪਿਆਰ ਕੋਈ ਅਣਭੋਲ ਆ ਕੇ ਭੀੜ ਵਿੱਚ ਖੋ ਗਿਆ ਏ,
ਵਫਾਵਾਂ ਚ’ ਰਲਾਇਆ ਕਿਸੇ ਜ਼ਹਿਰ ਮੇਰੇ ਦੋਸਤਾ,
ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ ।
ਤੇਰੇ ਸ਼ਹਿਰ ਦੀਆਂ ਘਟਾਵਾਂ ਦਗਾ ਕਰਨੇ ਨੂੰ ਚੜੀਆਂ ਨੇ,
ਹਵਾਵਾਂ ਵੀ ਪਰਾਈਆਂ ਹੋ ਦੂਰ ਜਾ ਖੜੀਆਂ ਨੇ,
ਲੈ ਖ਼ੰਜਰ ਉਡੀਕੇ ਹਰ ਪਹਿਰ ਮੇਰੇ ਦੋਸਤਾ,
ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ ।
ਤੇਰਾ ਪਤਾ ਪੁੱਛਣੇ ਨੂੰ ਗਇਆ ਜਿਹੜੇ-ਜਿਹੜੇ ਘਰ ਨੂੰ,
ਹਰ ਬਸ਼ਿੰਦੇ ਤੇਰੇ ਸ਼ਹਿਰ ਦੇ ਨੇ ਜ਼ਿੰਦਾ ਲਾਇਆ ਦਰ ਨੂੰ,
ਤਾਂ ਵੀ ਭੋਰਾ ਮੈਨੂੰ ਲੱਗਾ ਨਾ ਕੋਈ ਗ਼ੈਰ ਮੇਰੇ ਦੋਸਤਾ,
ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ ।
ਮੈਨੂੰ ਉਮਰ ਹੰਢਾ ਬਣ ਤੁਰ ਗਈ ਬੇਗਾਨੀ,
ਮੇਰੇ ਹਰਫ ਪਾਉਣ ਵੈਣ ਮੇਰੀ ਰੁਲ਼ ਗਈ ਜਵਾਨੀ,
ਇੱਕ ਜਿਸਮ ਫਿਰੇ ਸਾਹਾਂ ਤੋਂ ਬਗੈਰ ਮੇਰੇ ਦੋਸਤਾ,
ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ ।
ਹਨੇਰਿਆਂ ਚ’ ਸਾਥ ਦਿੱਤਾ ਤੇਰੇ ਸ਼ਹਿਰ ਦੇ ਰਾਹਾਂ ਨੇ,
ਭੁੱਲ ਗਏ ਸੀ ਗ਼ਮ ਹਰ ਪਲ ਦੇ ਗਵਾਹਾਂ ਨੇ ,
ਜਾਪੇ ਜਾਨ ਲੈ ਲਊ ਏਹ ਹਿਜਰ ਦੁਪਹਿਰ ਮੇਰੇ ਦੋਸਤਾ,
ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ ।
ਤੇਰੇ ਸ਼ਹਿਰ ਦੀਆਂ ਗਲ਼ੀਆਂ ਤੇ ਮੋਹ ਬੜਾ ਆਉਦਾ ਏ,
ਤੇਰੀਆਂ ਮੁਹੱਬਤਾਂ ਦਾ ਹਰ ਹੰਝੂ ਗੀਤ ਗਾਉਂਦਾ ਏ,
ਤੇਰਾ ਨਹੀਂ ਕੋਈ ਦੋਸ਼ ਏਹ ਲੇਖਾਂ ਦੇ ਵੈਰ ਮੇਰੇ ਦੋਸਤਾ,
ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ ।
ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ ।
-ਗੁਰਬਾਜ ਸਿੰਘ ਤਰਨ ਤਾਰਨ
88376-44027