ਜਿਊਣਾ ਸਿਖਾਉਂਣ ਵਿੱਚ ਰੁੱਝਾ ਹੈ ਹੱਥਾਂ ਅਤੇ ਪੈਰਾਂ ਤੋਂ ਵਿਹੂਣਾ ਇਹ ਸਖਸ਼ - ਯਾਦਵਿੰਦਰ ਸਿੰਘ ਸਤਕੋਹਾ

ਜਿੰਦਗੀ ਨੂੰ ਸਫਲਤਾ ਨਾਲ ਜਿਊਣ ਅਤੇ ਮਾਣਨ ਲਈ ਸਾਨੂੰ ਕਿੰਨੀਆਂ ਕੁ ਸੰਭਾਵਨਾਵਾਂ, ਸ੍ਰੋਤਾਂ, ਸਾਧਨਾਂ, ਦੌਲਤ ਅਤੇ ਤਾਕਤ ਦੀ ਜ਼ਰੂਰਤ ਪੈਂਦੀ ਹੈ, ਇਸ ਤੱਥ ਬਾਰੇ ਸਭ ਦੇ ਵੀਚਾਰ ਵੱਖ ਵੱਖ ਹੋ ਸਕਦੇ ਹਨ। ਕਈ ਵਾਰ ਹਰ ਰੱਜੇ ਪੁੱਜੇ ਅਤੇ ਤਾਕਤਵਰ ਲੋਕ ਵੀ ਜਿੰਦਗੀ ਦੀਆਂ ਕੌੜੀਆਂ ਸੱਚਾਈਆਂ ਨਾਲ ਟਕਰਾ ਕੇ ਮੂਧੇ ਮੂੰਹ ਜਾ ਡਿੱਗਦੇ ਹਨ ਅਤੇ ਕਈ ਵਾਰ ਹਰ ਪਾਸਿਉਂ ਥੁੜ੍ਹੇ ਇਨਸਾਨ ਵੀ ਆਪਣੀਆਂ ਕਮਜੋਰ ਸੰਭਾਵਨਵਾਂ ਦੇ ਆਸਰੇ ਹੀ ਜੀਵਨ ਦੇ ਮੋਰਚੇ 'ਤੇ ਐਸੇ ਡਟਦੇ ਹਨ ਕਿ ਮੁਸੀਬਤਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਨ੍ਹਾਂ ਨੂੰ ਆਪਣੀ ਸਹੂਲਤ ਅਨੁਸਾਰ ਢਾਲਣ ਵਿੱਚ ਸਫਲ ਹੋ ਜਾਂਦੇ ਹਨ। ਸਮਾਂ ਬੀਤਦਾ ਹੈ ਅਤੇ ਉਹ ਸਫਲਤਾ ਦੀਆਂ ਉਚਾਈਆਂ ਨੂੰ ਦੌੜ ਕੇ ਚੜ੍ਹਦੇ ਹੋਏ ਆਪਣੇ ਵਰਗੇ ਹੋਰ ਲੱਖਾਂ ਲੋਕਾਂ ਲਈ ਚਾਨਣ ਮੁਨਾਰਾ ਬਣ ਜਾਂਦੇ ਹਨ। ਹਥਲੀ ਗਾਥਾ ਨਿਕ ਵੁਜੀਕਿਕ ਨਾਂਅ ਦੇ ਇੱਕ ਐਸੇ ਇਨਸਾਨ ਦੀ ਹੈ ਜਿਸ ਨੂੰ ਕੁਦਰਤ ਨੇ ਇਸ ਦੁਨੀਆਂ ਵਿੱਚ ਹੱਥਾਂ ਅਤੇ ਪੈਰਾਂ ਤੋਂ ਵਿਹੂਣਾ ਹੀ ਭੇਜਿਆ। ਉਸ ਦੇ ਮਾਂ ਪਿਉ ਨੇ ਉਸਦੇ ਜਨਮ 'ਤੇ ਦੁੱਖ ਦੇ ਹੰਝੂ ਵਹਾਏ ਅਤੇ ਸਮਾਜ ਨੇ ਤਰਸ ਭਰੀਆਂ ਨਜ਼ਰਾਂ ਨਾਲ ਉਸ ਵੱਲ ਵੇਖਿਆ ਪਰ ਉਸ ਨੇ ਇਸ ਵੱਡੀ ਸਰੀਰਕ ਕਮੀ ਤੇ ਕਮਾਲ ਦੀ ਦ੍ਰਿੜਤਾ ਅਤੇ ਵਿਸ਼ਵਾਸ਼ ਨਾਲ ਕਾਬੂ ਪਾ ਲਿਆ ਅਤੇ ਅੱਜ ਉਹ ਕਿਸੇ ਹੀਰੋ ਵਾਂਗ ਮਸ਼ਹੂਰ ਹੋ ਕਿ ਲੱਖਾਂ ਲੋਕਾਂ ਨੂੰ ਜ਼ਿੰਦਗੀ ਨੂੰ ਜਿਉਣ ਦੇ ਭੇਤ ਦੱਸਣ ਵਿੱਚ ਰੁੱਝਾ ਹੋਇਆ ਹੈ। ਅੱਜ ਉਹ ਇੱਕ ਖੂਬਸੂਰਤ ਪਤਨੀ ਦਾ ਪਤੀ ਅਤੇ ਚਾਰ ਪਿਆਰੇ ਜਿਹੇ ਸਿਹਤਮੰਦ ਬੱਚਿਆਂ ਦਾ ਪਿਉ ਹੈ ਅਤੇ ਸਾਰੀ ਦੁਨੀਆਂ ਵਿੱਚ ਪ੍ਰਸਿੱਧ ਹੋ ਚੁੱਕੇ ਪ੍ਰੇਰਣਾਂਦਾਇਕ ਲੇਖਕ ਅਤੇ ਸਲਾਹਕਾਰ ਵਜੋਂ ਲੋਕਾਂ ਨੂੰ ਦੱਸ ਰਿਹਾ ਹੈ ਕਿ ਭਾਵੇਂ ਮੇਰੇ ਹੱਥ ਅਤੇ ਪੈਰ ਨਹੀਂ ਹਨ ਪਰ ਮੈਂ ਤੁਹਾਨੂੰ ਇਹ ਦੱਸਣ ਦੇ ਕਾਬਿਲ ਹਾਂ ਕਿ ਤੁਸੀ ਆਪਣੇ ਹੱਥਾਂ ਅਤੇ ਪੈਰਾਂ ਦੀ ਸੁਯੋਗ ਵਰਤੋਂ ਕਰਕੇ ਸਫਲਤਾ ਦੀਆਂ ਪੌੜੀਆਂ ਕਿਵੇਂ ਚੜ੍ਹਨੀਆਂ ਹਨ।
    ਨਿਕ ਵੁਜੀਕਿਕ ਦਾ ਜਨਮ 4 ਦਿਸੰਬਰ 1982 ਨੂੰ ਮੈਲਬੋਰਨ, ਆਸਟ੍ਰੇਲੀਆ ਵਿੱਚ ਹੋਇਆ। ਜਦ ਉਸ ਦੇ ਪਿਤਾ ਨੇ ਪਹਿਲੀ ਵਾਰ ਉਸ ਨੂੰ ਤੌਲੀਏ ਵਿੱਚ ਲਵੇਟਿਆ ਹੋਇਆ ਵੇਖਿਆ ਤਾਂ ਉਸ ਨੂੰ ਸ਼ੱਕ ਹੋਇਆ ਕਿ ਬੱਚੇ ਦੀ ਸੱਜੀ ਬਾਂਹ ਨਹੀਂ ਸੀ। ਉਸ ਦੇ ਪੁੱਛਣ ਤੇ ਨਰਸ ਨੇ ਉੱਤਰ ਦਿੱਤਾ ਕਿ ਮੈਂਨੂੰ ਇਹ ਦੱਸਦਿਆਂ ਬਹੁਤ ਦੁੱਖ ਹੋ ਰਿਹਾ ਹੈ ਕਿ ਤੇਰੇ ਬੇਟੇ ਦੀਆਂ ਦੋਵੇਂ ਬਾਹਵਾਂ ਅਤੇ ਪੈਰ ਨਹੀਂ ਹਨ। ਪੈਰ ਦੇ ਨਾਂਅ 'ਤੇ ਉਸ ਦੇ ਸਰੀਰ ਨਾਲ ਬੱਸ ਇੱਕ ਛੋਟਾ ਜਿਹਾ ਪੰਜਾ ਜੁੜਿਆ ਹੋਇਆ ਸੀ। ਵੁਜੀਕਿਕ ਦਾ ਪਿਤਾ ਦੁੱਖ ਦੇ ਸਦਮੇ ਕਾਰਨ ਅਵਾਕ ਹੀ ਰਹਿ ਗਿਆ। ਮਾਂ ਇਸ ਸਦਮੇ ਕਾਰਨ ਏਨੀ ਬੇਹਾਲ ਹੋਈ ਕਿ ਉਹ ਚਾਰ ਮਹੀਨੇ ਤੱਕ ਆਪਣੇ ਬੇਟੇ ਨੂੰ ਗੋਦ ਵਿੱਚ ਹੀ ਨਾਂ ਲੈ ਸਕੀ। ਉਹ ਖੁਦ ਨਰਸ ਸੀ ਅਤੇ ਉਸ ਨੇ ਗਰਭਵਤੀ ਹੋਣ ਦੌਰਾਨ ਆਪਣਾ ਬੇਹੱਦ ਖਿਆਲ ਰੱਖਿਆ ਸੀ ਪਰ ਫਿਰ ਵੀ ਇਹ ਅਣਹੋਣੀ ਵਾਪਰ ਗਈ। ਦੋਵੇਂ ਮਾਂ ਪਿਉ ਜਦ ਬੱਚੇ ਦੇ ਮੁਸਕਰਾਉਂਦੇ ਚਿਹਰੇ ਵੱਲ ਵੇਖਦੇ ਤਾਂ ਇਹ ਸੋਚ ਕਿ ਉਹਨਾ ਦਾ ਰੋਣ ਨਿਕਲ ਜਾਂਦਾ ਕਿ ਇਹ ਪਿਆਰਾ ਜਿਹਾ ਫਰਿਸ਼ਤੇ ਵਰਗਾ ਮਾਸੂਮ ਅਜੇ ਇਹ ਵੀ ਨਹੀਂ ਜਾਣਦਾ ਕਿ ਕੁਦਰਤ ਨੇ ਉਸ ਨਾਲ ਕੀ ਕਹਿਰ ਵਰਤਾਇਆ ਸੀ।
    ਵੁਜੀਕਿਕ ਦਿਮਾਗੀ ਤੌਰ ਤੇ ਸਿਹਤਮੰਦ ਸੀ, ਇਸ ਲਈ ਉਸ ਨੂੰ ਸਧਾਰਨ ਸਕੂਲ ਵਿੱਚ ਹੀ ਭੇਜ ਦਿੱਤਾ ਗਿਆ ਪਰ ਉੱਥੇ ਉਹ ਬੱਚਿਆਂ ਦੀਆਂ ਸ਼ਰਾਰਤਾਂ ਦਾ ਸ਼ਿਕਾਰ ਬਣਨ ਲੱਗ ਪਿਆ। ਹੁਣ ਉਸ ਨੂੰ ਸਮਝ ਆਉਣੀ ਸ਼ੁਰੂ ਹੋ ਗਈ ਸੀ ਕਿ ਉਹ ਹੱਥਾਂ ਅਤੇ ਪੈਰਾਂ ਤੋਂ ਵਿਹੂਣਾ ਹੈ। ਉਸ ਖੁਦ ਖਾਣ, ਪੀਣ, ਤੁਰਨ ਭਾਵ ਕਿ ਕੋਈ ਵੀ ਸਰੀਰਕ ਕਿਰਿਆ ਕਰਨ ਦੇ ਅਯੋਗ ਸੀ। ਉਸ ਲਈ ਜੀਵਨ ਦੀ ਖਤਰਨਾਕ ਜੱਦੋਜਹਿਦ ਸ਼ੁਰੂ ਹੋ ਗਈ। ਸਕੂਲ ਵਿੱਚ ਉਸ ਨੂੰ ਸ਼ਰਾਰਤੀ ਬੱਚਿਆਂ ਵੱਲੋਂ ਇਸ ਕਦਰ ਤੰਗ ਕੀਤਾ ਜਾਣ ਲੱਗਾ ਕਿ ਆਖਰ ਮਾਂ ਪਿਉ ਨੇ ਉਸ ਦੀ ਪੜ੍ਹਾਈ-ਲਿਖਾਈ ਘਰ ਵਿੱਚ ਹੀ ਕਰਾਉਣ ਦਾ ਫੈਸਲਾ ਲਿਆ। ਉਸ ਦੀ ਮਾਂ ਨੇ ਉਸ ਲਈ ਪਲਾਸਟਿਕ ਦਾ ਇੱਕ ਖਾਸ ਯੰਤਰ ਬਣਵਾਇਆ ਜਿਸ ਨਾਲ ਉਹ ਆਪਣੇ ਪੈਰ ਦੇ ਛੋਟੇ ਜਿਹੇ ਪੰਜੇ ਨਾਲ ਪੈੱਨ ਫੜ੍ਹਨਾ ਸਿੱਖਣ ਲੱਗਿਆ। ਖੇਡਣਾ ਮੱਲਣਾਂ ਤਾਂ ਉਸ ਲਈ ਸਿਰਫ ਇੱਕ ਸੁਫਨਾ ਹੀ ਸੀ। ਆਪਣੀ ਖਿੜਕੀ ਵਿੱਚ ਬੈਠਾ ਉਹ ਗਲੀ ਵਿੱਚ ਨੱਚਦੇ-ਖੇਡਦੇ ਬੱਚਿਆਂ ਵੱਲ ਤੱਕਦਾ ਰਹਿੰਦਾ। ਦਸ ਸਾਲ ਦੀ ਉਮਰ ਵਿੱਚ ਇੱਕ ਦਿਨ ਬਹੁਤ ਨਿਰਾਸ਼ਾ ਵਿੱਚ ਉਸ ਨੇ ਨਹਾਉਣ ਵਾਲੇ ਟੱਬ ਵਿੱਚ ਡੁੱਬ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਪਰ ਬਚ ਗਿਆ। ਉਸ ਦੀ ਕਿਸਮਤ ਵਿੱਚ ਜੀਣਾ ਲਿਖਿਆ ਸੀ।
    ਉਨ੍ਹਾਂ ਦਿਨਾ ਵਿੱਚ ਵੁਜਕਿਕ ਦੀ ਮਾਂ ਨੇ ਇੱਕ ਅੰਗਹੀਣ ਇਨਸਾਨ ਬਾਰੇ ਪ੍ਰੇਰਣਾਦਾਇਕ ਲੇਖ ਲਿਖਿਆ ਜਿਸ ਨੇ ਜ਼ਿੰਦਗੀ ਦੀ ਜੱਦੋਜਹਿਦ ਵਿੱਚ ਸਫਲਤਾ ਪ੍ਰਾਪਤ ਕੀਤੀ। ਇਹ ਲੇਖ ਅਖਬਾਰ ਵਿੱਚ ਛਪਿਆ। ਮਾਂ ਨੇ ਇਹ ਲੇਖ ਆਪਣੇ ਬੇਟੇ ਨੂੰ ਵੀ ਪੜ੍ਹਨ ਲਈ ਦਿੱਤਾ। ਵੁਜੀਕਿਕ ਨੇ ਜਦ ਇਹ ਲੇਖ ਪੜ੍ਹਿਆ ਤਾਂ ਉਸ ਦੇ ਸੋਚਣ ਦਾ ਢੰਗ ਬਦਲ ਗਿਆ। ਉਸ ਨੂੰ ਇਹ ਅਹਿਸਾਸ ਹੋਇਆ ਕਿ ਇਸ ਦੁਨੀਆਂ ਵਿੱਚ ਉਹ ਇਕੱਲਾ ਹੀ ਵਿਕਲਾਂਗ ਨਹੀਂ ਸੀ ਅਤੇ ਉਹ ਵੀ ਸਫਲ ਹੋ ਕਿ ਲੱਖਾਂ ਲੋਕਾਂ ਲਈ ਰਾਹ ਦਸੇਰਾ ਬਣ ਸਕਦਾ ਹੈ। ਉਹ ਜੀਵਨ ਨੂੰ ਸਾਕਾਰਾਤਮਕ ਨਜ਼ਰੀਏ ਨਾਲ ਵੇਖਣ ਲੱਗ ਪਿਆ। ਆਪਣੇ ਛੋਟੇ ਜਿਹੇ ਧੜ੍ਹ ਅਤੇ ਨਿੱਕੇ ਜਿਹੇ ਪੰਜੇ ਦੀ ਮਦਦ ਨਾਲ ਉਸਨੇ ਤਰਨਾ ਸਿੱਖ ਲਿਆ। ਉਸ ਦੀ ਸੋਚ ਉਸ ਦੀ ਉਮਰ ਤੋਂ ਕਿਧਰੇ ਜਿਆਦਾ ਗੰਭੀਰ ਹੋਣ ਲੱਗੀ। ਵੁਜੀਕਿਕ ਦੇ ਮਾਂ ਪਿਉ ਨਿਯਮਿਤ ਰੂਪ ਨਾਲ ਗਿਰਜਾਘਰ ਦੀਆਂ ਪ੍ਰਾਥਨਾ ਸਭਾਵਾਂ ਵਿੱਚ ਹਾਜ਼ਰੀ ਭਰਦੇ ਸਨ ਅਤੇ ਉਹ ਅਕਸਰ ਹੀ ਉਨ੍ਹਾਂ ਨਾਲ ਗਿਰਜਾਘਰ ਜਾਂਦਾ । ਹੌਲੀ ਹੌਲੀ ਉਸਨੇ ਇਨ੍ਹਾਂ ਸਭਾਵਾਂ ਵਿੱਚ ਬੋਲਣਾਂ ਸ਼ੁਰੂ ਕਰ ਦਿੱਤਾ। ਆਪਣੇ ਪੈਰ ਦੇ ਪੰਜੇ ਦੇ ਸਹਾਰੇ ਉਹ ਮੇਜ਼ 'ਤੇ ਖੜ੍ਹਾ ਹੋ ਜਾਂਦਾ ਅਤੇ ਆਪਣੇ ਖਿਆਲਾਂ ਨੂੰ ਇੱਕ ਭਾਸ਼ਨ ਦੇ ਰੂਪ ਵਿਚ ਬੋਲਦਾ। ਸਿਰਫ ਸਤਾਰਾਂ ਸਾਲ ਦੀ ਉਮਰ ਵਿੱਚ ਹੀ ਉਹ ਪ੍ਰਾਥਨਾ ਸਭਾਵਾਂ ਵਿੱਚ ਪ੍ਰੇਰਣਾ ਦੇਣ ਵਾਲੇ ਭਾਸ਼ਨ ਕਰਨ ਲੱਗ ਪਿਆ। ਇੱਕੀ ਸਾਲ ਦੀ ਉਮਰ ਵਿੱਚ ਉਸਨੇ ਅਕਾਊਟਿੰਗ ਅਤੇ ਫਾਈਨੈਂਸ ਵਿੱਚ ਗਰੈਜੂਏਸ਼ਨ ਹਾਸਲ ਕਰ ਲਈ। ਜ਼ਿੰਦਗੀ ਪ੍ਰਤੀ ਸਿਹਤਮੰਦ ਨਜ਼ਰੀਆ ਰੱਖਣ ਬਾਰੇ ਉਸ ਵੱਲੋਂ ਦਿੱਤੇ ਗਏ ਭਾਸ਼ਨਾਂ ਤੋਂ ਲੋਕ ਬਹੁਤ ਪ੍ਰਭਾਵਿਤ ਹੁੰਦੇ ਸਨ। ਲੋਕਾਂ ਵੱਲੋਂ ਮਿਲਦੇ ਭਰਪੂਰ ਸਹਿਯੋਗ ਕਾਰਨ ਉਸ ਨੇ ਇਸ ਖੇਤਰ ਵਿੱਚ ਹੀ ਕੰਮ ਕਰਨ ਦਾ ਮਨ ਬਣਾ ਲਿਆ ਅਤੇ ਪ੍ਰੇਰਣਾਦਾਇਕ ਭਾਸ਼ਨਕਰਤਾ ਵਜੋਂ ਆਪਣੀ ਪਛਾਣ ਬਣਾਉਣ ਲੱਗ ਪਿਆ। ਉਸ ਨੇ ਆਪਣੀ ਸੋਚ ਨੂੰ ਫੈਲਾਉਣ ਲਈ 'ਲਾਈਫ ਵਿਦਾਊਟ ਲਿੰਬਸ' ਨਾਂਅ ਦੀ ਇੱਕ ਗੈਰ ਸਰਕਾਰੀ ਸੰਸਥਾ ਬਣਾਈ ਅਤੇ ਦੁਨੀਆਂ ਨੂੰ ਜ਼ਿੰਦਗੀ ਦੀ ਅਸਲੀਅਤ ਸਮਝਣ, ਜਾਣਨ ਅਤੇ ਨਿਰਾਸ਼ਾ ਤੋਂ ਬਚਣ ਦੇ ਤਰੀਕਿਆਂ ਤੋਂ ਜਾਣੂ ਕਰਾਉਣ ਵਿੱਚ ਰੁੱਝ ਗਿਆ।
    ਅੱਜ ਨਿਕ ਵੁਜੀਕਿਕ ਸਾਰੀ ਦੁਨੀਆਂ ਵਿੱਚ ਉੱਘੀ ਪਛਾਣ ਬਣਾ ਚੁੱਕਾ ਮਸ਼ਹੂਰ ਲੈਕਚਰਾਰ ਹੈ ਅਤੇ ਆਪਣੀ ਭਾਸ਼ਨਕਲਾ ਨਾਲ ਲੱਖਾਂ ਡਾਲਰ ਕਮਾ ਰਿਹਾ ਹੈ। ਵੱਖ ਵੱਖ ਦੇਸ਼ਾਂ ਦੀਆਂ ਨਾਂਮਵਰ ਯੂਨੀਵਰਸਿਟੀਆਂ ਅਤੇ ਨੌਜਆਨ ਸਭਾਵਾਂ ਵਿੱਚ ਵਿੱਚ ਉਸਦੇ ਸੈਮੀਨਾਰ ਆਯੋਜਿਤ ਹੁੰਦੇ ਹਨ ਜਿਨ੍ਹਾਂ ਵਿੱਚ ਉਸ ਵੱਲੋਂ ਕੀਤੇ ਭਾਸ਼ਨਾ ਨੂੰ ਸੁਣਨ ਲਈ ਹਜ਼ਾਰਾਂ ਲੋਕ ਪਹੁੰਚਦੇ ਹਨ। ਉਸ ਦੇ ਭਾਸ਼ਨ ਹਾਸਿਆਂ ਅਤੇ ਠਹਾਕਿਆਂ ਨਾਲ ਭਰੇ ਹੁੰਦੇ ਹਨ। ਆਪਣੇ ਨਿੱਕੇ ਜਿਹੇ ਪੰਜੇ ਨਾਲ ਜਿਸਨੂੰ ਉਹ ਮਜ਼ਾਕ ਨਾਲ 'ਚਿਕਨ ਡਰੰਮਸਟਿਕ' ਕਹਿੰਦਾ ਹੈ, ਉਹ ਫੁੱਟਬਾਲ ਖੇਡਦਾ ਹੈ ਅਤੇ ਤਰਦਾ ਹੈ। ਬਹੁਤ ਆਧੁਨਿਕ ਕਿਸਮ ਦੀ ਖਾਸ ਵੀਲਚੇਅਰ ਨਾਲ ਉਹ ਆਪਣੇ ਰੋਜ਼ਾਨਾ ਜੀਵਨ ਦੀਆਂ ਗਤੀਵਿਧੀਆਂ ਨੂੰ ਚਲਾਉਂਦਾ ਹੈ। ਉਸ ਕੋਲ ਖਾਸ ਤੌਰ ਤੇ ਉਸ ਲਈ ਹੀ ਬਣੇ ਖਾਣ, ਸੌਣ, ਲਿਖਣ ਆਦਿ ਵਿੱਚ ਮਦਦ ਕਰਨ ਲਈ ਉੱਚ ਤਕਨੀਕੀ ਉਪਕਰਨ ਮੌਜੂਦ ਹਨ । ਉਸ ਦੁਆਰਾ ਹੁਣ ਤੱਕ ਲਿਖੀਆਂ ਗਈਆਂ ਸੱਤ ਪੁਸਤਕਾਂ ਦਾ ਦੁਨੀਆਂ ਦੀਆਂ ਕਈ ਭਾਸ਼ਾਵਾਂ ਵਿੱਚ ਤਰਜ਼ਮਾ ਹੋ ਚੁੱਕਾ ਹੈ। ਉਸ ਦੀ ਜ਼ਿੰਦਗੀ 'ਤੇ ਬਣੀ 'ਲਾਈਫ'ਸ ਗਰੇਟਰ ਪਰਪਜ਼' ਨਾਂਅ ਦੀ ਇੱਕ ਡਾਕੂਮੈਂਟਰੀ ਫਿਲਮ ਸਾਰੀ ਦੁਨੀਆਂ ਵਿੱਚ ਦੇਖੀ ਗਈ। 2007 ਤੋਂ ਉਹ ਪੱਕੇ ਤੌਰ ਤੇ ਅਮਰੀਕਾ ਵਿੱਚ ਰਹਿਣ ਲੱਗ ਪਿਆ ਅਤੇ 2012 ਵਿੱਚ ਉਸਨੇ ਕਾਨਾਅ ਮਿਆਰਾ ਨਾਂਅ ਦੀ ਇੱਕ ਖੂਬਸੂਰਤ ਨੌਜੁਆਨ ਲੜਕੀ ਨਾਲ ਵਿਆਹ ਕਰਵਾ ਲਿਆ। ਮੌਜੂਦਾ ਸਮੇ ਵਿੱਚ ਉਹ ਦੱਖਣੀ ਕੈਲੀਫੋਰਨੀਆਂ ਵਿੱਚ ਆਪਣੀ ਪਤਨੀ ਅਤੇ ਦੋ ਬੇਟਿਆਂ ਨਾਲ ਖੁਸ਼ਨੁਮਾ ਜ਼ਿੰਦਗੀ ਬਿਤਾ ਰਿਹਾ ਹੈ ਅਤੇ ਸਾਰੀ ਦੁਨੀਆਂ ਵਿੱਚ ਘੁੰਮ ਕੇ ਆਪਣੇ ਅਸਰਦਾਰ ਭਾਸ਼ਨਾ ਰਾਹੀਂ ਦੁਨੀਆਂ ਨੂੰ ਜਿੰਦਗੀ ਦੇ ਗੁੱਝੇ ਭੇਤ ਸਮਝਾ ਰਿਹਾ ਹੈ। 2009 ਵਿੱਚ ਉਸ ਨੇ ਇੱਕ ਛੋਟੀ ਫਿਲਮ 'ਦ ਬਟਰਫਲਾਈ ਸਰਕਸ' ਵਿੱਚ ਅਦਾਕਾਰੀ ਵੀ ਕੀਤੀ ਜਿਸ ਲਈ ਉਸ ਨੂੰ ਵਧੀਆ ਅਦਾਕਾਰ ਵਜੋਂ ਸਨਮਾਨ ਹਾਸਲ ਹੋਇਆ।
    ''ਮੇਰੇ ਮਾਤਾ ਪਿਤਾ ਨੇ ਸੋਚਿਆ ਸੀ ਕਿ ਪ੍ਰਮਾਤਮਾ ਨੇ ਮੈਂਨੂੰ ਜਨਮ ਦੇ ਕੇ ਵੱਡੀ ਗਲਤੀ ਕੀਤੀ ਸੀ, ਪਰ ਉਹ ਵਿਚਾਰੇ ਅਣਜਾਣਪੁਣੇ ਵਿੱਚ ਗਲਤ ਸੋਚਦੇ ਸਨ। ਜ਼ਰਾ ਮੇਰੇ ਲਾਈਫ ਸਟਾਈਲ ਵੱਲ ਵੇਖੋ। ਕੀ ਤੁਹਾਨੂੰ ਲੱਗਦਾ ਹੈ ਕਿ ਪ੍ਰਮਾਤਮਾ ਨੇ ਕੋਈ ਗਲਤੀ ਕੀਤੀ ਹੈ ?'' ਆਪਣੇ ਭਾਸ਼ਨਾ ਦੇ ਦੌਰਾਨ ਉਹ ਖਿੜਖਿੜਾ ਕੇ ਹੱਸਦਾ ਹੋਇਆ ਪੁੱਛਦਾ ਹੈ। ਉਸ ਦੇ ਹਾਸੇ ਵਿੱਚ ਸੱਚੀ ਖੁਸ਼ੀ ਦੀ ਛਣਕਾਰ ਸੁਣਾਈ ਦਿੰਦੀ ਹੈ। ਤਸੱਲੀ ਅਤੇ ਜਿੱਤ ਭਰੀ ਖੁਸ਼ੀ ਦੀ ਛਣਕਾਰ!!!

0048-516732105
yadsatkoha@yahoo.com
-ਯਾਦਵਿੰਦਰ ਸਿੰਘ ਸਤਕੋਹਾ
ਵਾਰਸਾ, ਪੋਲੈਂਡ।
 

25 Feb. 2019