ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਭਵਿੱਖ ਦਾਅ 'ਤੇ - ਜਸਵੰਤ ਸਿੰਘ 'ਅਜੀਤ'

ਸ਼੍ਰੋਮਣੀ ਅਕਾਲੀ ਦਲ, ਜੋ ਕਿਸੇ ਸਮੇਂ ਪੰਥ ਨਾਲ ਜੁੜ ਸਮੁਚੇ ਪੰਥਕ ਹਿਤਾਂ ਅਤੇ ਅਧਿਕਾਰਾਂ ਦੀ ਰਖਿਆ ਕਰਨ ਪ੍ਰਤੀ ਵਚਨਬੱਧ ਹੋ 'ਅਰਸ਼ਾਂ' ਵਿੱਚ ਉੱਚ ਉਡਾਰੀਆਂ ਭਰਿਆ ਕਰਦਾ ਸੀ, ਅੱਜ ਉਹ ਕੇਵਲ ਇੱਕ ਪਰਿਵਾਰ ਪ੍ਰਤੀ ਸਮਰਪਿਤ ਹੋ, ਉਸੇ ਦੇ ਹਿਤਾਂ ਅਤੇ ਅਧਿਕਾਰਾਂ ਦੀ ਰਖਿਆ ਕਰਨ ਤਕ ਸੀਮਤ ਹੋ, ਅਰਸ਼ਾਂ ਤੋਂ ਫਰਸ਼ ਪੁਰ ਆ ਡਿਗਾ ਹੈ। ਕੋਈ ਮੰਨੇ ਜਾਂ ਨਾਂਹ, ਪ੍ਰੰਤੂ ਸੱਚਾਈ ਇਹੀ ਹੈ ਕਿ ਅੱਜ 'ਉਹ' ਆਪਣੇ ਜੀਵਨ ਦੀਆਂ ਆਖਰੀ ਘੜੀਆਂ ਗਿਣਨ ਲਈ ਮਜਬੂਰ ਹੋ ਕੇ ਰਹਿ ਗਿਆ ਹੋਇਆ ਹੈ। ਇਸ ਵਿੱਚ ਕੋਈ ਸ਼ਕ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਇਸਨੂੰ ਨਵਜੀਵਨ ਦੇਣ ਦੇ ਲਈ ਅੰਤ-ਹੀਨ ਅਹੁਦਿਆਂ ਦੀ ਵੰਡ ਕਰ ਰਹੇ ਹਨ। ਉਨ੍ਹਾਂ ਵਲੋਂ ਅਜਿਹਾ ਕੀਤੇ ਜਾਣ ਦੇ ਬਾਅਦ ਵੀ ਅੱਜ ਜੋ ਹਾਲਾਤ ਬਣੇ ਹੋਏ ਹਨ, ਉਹ ਇਸ ਗਲ ਦੀ ਗੁਆਹੀ ਭਰਨ ਲਈ ਤਿਆਰ ਨਹੀਂ ਜਾਪਦੇ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਵਜੀਵਨ ਪ੍ਰਾਪਤ ਕਰ ਆਪਣਾ ਪੁਰਾਣਾ ਗੌਰਵ ਹਾਸਿਲ ਕਰਨ ਵਿੱਚ ਸਫਲ ਹੋ ਸਕੇਗਾ। ਇਸਦਾ ਕਾਰਣ ਉਹ ਬਜ਼ੁਰਗ ਅਕਾਲੀ ਮੁੱਖੀ, ਜੋ ਬੀਤੇ ਲੰਮੇਂ ਸਮੇਂ ਤੋਂ ਦਲ ਦੀ ਕੌਮੀ ਲੀਡਰਸ਼ਿਪ ਵਲੋਂ ਅਣਗੋਲਿਆਂ ਕੀਤੇ ਜਾਂਦਿਆਂ ਰਹਿਣ ਦੇ ਕਾਰਣ, ਨਿਰਾਸ਼ ਹੋ ਆਪੋ-ਆਪਣੇ ਘਰਾਂ ਦੀ ਚਾਰ-ਦੀਵਾਰੀ ਵਿੱਚ ਬੰਦ ਹੋ ਕੇ ਰਹਿ ਗਏ ਹੋਏ ਹਨ, ਮੰਨਦੇ ਹਨ ਕਿ ਵਰਤਮਾਨ ਅਕਾਲੀ ਦਲ, ਜੋ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੀ ਜੋ ਦਸ਼ਾ ਹੋ ਰਹੀ ਹੈ ਉਸਦਾ ਕਾਰਣ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵਲੋਂ ਆਪਣੀ ਰਾਜਸੀ ਲਾਲਸਾ ਨੂੰ ਪੂਰਿਆਂ ਕਰਨ ਲਈ ਉਸਨੂੰ ਪੰਥ ਨਾਲੋਂ ਤੋੜ ਪੰਥ-ਵਿਰੋਧੀਆਂ ਦੀ ਝੋਲੀ ਵਿੱਚ ਪਾ ਦੇਣਾ ਹੈ। ਇਨ੍ਹਾਂ ਬਜ਼ੁਰਗ ਅਕਾਲੀ ਮੁੱਖੀਆਂ ਦਾ ਇਹ ਵੀ ਕਹਿਣਾ ਹੈ ਬਾਦਲ ਅਕਾਲੀ ਦਲ ਦੇ ਮੁੱਖੀਆਂ ਦਾ ਨਿਸ਼ਾਨਾ ਕੇਵਲ ਰਾਜ-ਸੱਤਾ ਦੀ ਪ੍ਰਾਪਤੀ ਤਕ ਸੀਮਤ ਹੋ ਕੇ ਰਹਿ ਗਿਆ ਹੋਇਆ ਹੈ। ਉਨ੍ਹਾਂ ਅਨੁਸਾਰ ਹੁਣ ਇਸਦਾ ਉਨ੍ਹਾਂ ਸ਼ਹੀਦਾਂ ਦੀ ਵਿਰਾਸਤ ਨਾਲ ਕੋਈ ਲੈਣਾ-ਦੇਣਾ ਨਹੀਂ, ਜਿਨ੍ਹਾਂ ਨੇ ਪੰਥ ਦੀ ਆਨ ਤੇ ਸ਼ਾਨ ਬਹਾਲ ਰਖੀ ਰਖਣ ਅਤੇ ਉਸਦੇ ਹਿਤਾਂ ਅਤੇ ਅਧਿਕਾਰਾਂ ਦੀ ਰਖਿਆ ਲਈ ਸ਼ਹਾਦਤਾਂ ਦਿਤੀਆਂ ਹਨ। ਇਸਦੇ ਆਗੂਆਂ ਦੀ ਸੋਚ ਕੇਵਲ ਇਤਿਹਾਸਕ ਗੁਰਧਾਮਾਂ ਦੀ ਸੱਤਾ ਹਥਿਆ, ਆਪਣੀ ਰਾਜਸੀ ਲਾਲਸਾ ਅਤੇ ਸਵਾਰਥ ਨੂੰ ਪੂਰਿਆਂ ਕਰਨ ਲਈ ਉਨ੍ਹਾਂ ਦੇ ਸਾਧਨਾਂ ਦੀ ਵਰਤੋਂ ਕਰਨ ਤਕ ਸੀਮਤ ਹੋ ਕੇ ਰਹਿ ਗਈ ਹੋਈ ਹੈ। ਇਨ੍ਹਾਂ ਬਜ਼ੁਰਗ ਅਕਾਲੀਆਂ ਦੀ ਮਾਨਤਾ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਵਰਤਮਾਨ ਸੰਕਟ ਪੂਰਣ ਸਥਿਤੀ ਵਿਚੋਂ ਉਭਾਰਨਾ ਹੈ, ਤਾਂ ਇਸਨੂੰ ਪਰਿਵਾਰਕ 'ਜੂਲੇ' ਵਿਚੋਂ ਮੁਕਤ ਕਰਵਾ, ਪੰਥਕ ਏਜੰਡੇ ਪੁਰ ਵਾਪਸ ਲਿਆਉਣਾ ਹੋਵੇਗਾ। ਇਸਦੇ ਨਾਲ ਹੀ ਇਸਦੀਆਂ ਮੁਢਲੀਆਂ ਲੋਕਤਾਂਤ੍ਰਿਕ ਮਾਨਤਾਵਾਂ ਦੀ ਬਹਾਲੀ ਵੀ ਕਰਨੀ ਹੋਵੇਗੀ ਤਾਂ ਜੋ ਇਹ ਮੁੜ ਸਮੁਚੇ ਪੰਥ ਨਾਲ ਜੁੜ ਉਸਦੇ ਹਿਤਾਂ ਅਤੇ ਅਧਿਕਾਰਾਂ ਦੀ ਰਖਿਆ ਕਰਨ ਪ੍ਰਤੀ ਸਮਰਪਿਤ ਹੋ ਸਕੇ। ਇਸਦੇ ਨਾਲ ਹੀ ਉਹ ਮੁੱਖੀ ਚਿਤਾਵਨੀ ਵੀ ਦਿੰਦੇ ਹਨ ਕਿ ਜੇ ਇਸ (ਸ਼੍ਰੋਮਣੀ ਅਕਾਲੀ ਦਲ) ਨੂੰ ਇੱਕ ਪਰਿਵਾਰ ਦੀ 'ਜਕੜ' ਵਿਚੋਂ ਮੁਕਤ ਕਰਵਾ ਇਸਦਾ ਪੁਰਾਣਾ ਲੋਕਤਾਂਤ੍ਰਿਕ ਸਰੂਪ ਬਹਾਲ ਨਾ ਕੀਤਾ ਗਿਆ, ਤਾਂ ਉਹ ਦਿਨ ਦੂਰ ਨਹੀਂ ਹੋਵੇਗਾ, ਜਦੋਂ ਪੰਥ ਪੂਰੀ ਤਰ੍ਹਾਂ ਲੀਡਰ-ਹੀਨ ਹੋ ਕੇ ਰਹਿ ਜਾਇਗਾ ਅਤੇ ਉਸ ਕੋਲ ਕੋਈ ਅਜਿਹੀ ਜੱਥੇਬੰਦੀ ਨਹੀਂ ਰਹਿ ਗਈ ਹੋਵੇਗੀ, ਜੋ ਉਸਦੇ ਹਿਤਾਂ ਅਤੇ ਅਧਿਕਾਰਾਂ ਦੀ ਪੈਰਵੀ ਅਤੇ ਸਮੇਂ-ਸਮੇਂ ਉਸਦਾ ਮਾਰਗ-ਦਰਸ਼ਨ ਕਰ ਸਕੇ।  
 
ਸ. ਕਾਲਕਾ ਅਤੇ ਸ. ਬਾਠ ਦਾ ਸਨਮਾਨ: ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਪ੍ਰਧਾਨ੿ ਸ. ਸੁਖਬੀਰ ਸਿੰਘ ਬਾਦਲ ਨੇ ਦਲ ਦੇ ਕੌਮੀ ਸੰਗਠਨ ਵਿੱਚ ਦਿੱਲੀ ਨੂੰ ਪ੍ਰਤੀਨਿਧਤਾ ਦੇਣ ਦੇ ਉਦੇਸ਼ ਨਾਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟਿੰਗ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਅਤੇ ਮੁੱਖ ਸਲਾਹਕਾਰ ਸ. ਕੁਲਵੰਤ ਸਿੰਘ ਬਾਠ ਨੂੰ ਕੌਮੀ ਉਪ-ਪ੍ਰਧਾਨ ਵਜੋਂ ਦਲ ਵਿੱਛ ਸ਼ਾਮਲ ਕਰ ਉਨ੍ਹਾਂ ਨੂੰ ਸਨਮਾਨਤ ਕੀਤਾ ਹੈ। ਆਪਣੀ ਇਸ ਨਿਯੁਕਤੀ ਪੁਰ ਪ੍ਰਤੀਕ੍ਰਿਆ ਦਿੰਦਿਆਂ ਸ. ਕਾਲਕਾ ਅਤੇ ਸ. ਬਾਠ ਨੇ ਸ. ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਵਿਸ਼ਵਾਸ ਦੁਆਇਆ ਕਿ ਉਨ੍ਹਾਂ (ਸ. ਬਾਦਲ) ਨੇ ਉਨ੍ਹਾਂ ਪੁਰ ਭਰੋਸਾ ਕਰ ਜੋ ਜ਼ਿਮੇਂਦਾਰੀ ਉਨ੍ਹਾਂ ਨੂੰ ਸੌਂਪੀ ਹੈ, ਉਸਨੂੰ ਉਹ ਪੂਰੀ ਨਿਸ਼ਠਾ ਨਾਲ ਨਿਬਾਹੁਣਗੇ। ਇਧਰ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਅਤੇ ਵਰਕਰਾਂ ਨੇ ਵੀ ਇਸ ਨਿਯੁਕਤੀ ਦਾ ਸਵਾਗਤ ਕਰਦਿਆਂ ਜਿਥੇ ਸ. ਕਾਲਕਾ ਅਤੇ ਸ. ਬਾਠ ਨੂੰ ਵਧਾਈ ਦਿੱਤੀ, ਉਥੇ ਹੀ ਉਨ੍ਹਾਂ ਸ. ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਵੀ ਕੀਤਾ।   

ਸ. ਜੀਕੇ ਨੂੰ ਸੰਮਨ: ਖਬਰਾਂ ਅਨੁਸਾਰ ਸਿੱਖ ਜਗਤ ਵਲੋਂ ਨਵੰਬਰ-84 ਦੇ ਸਿੱਖ ਕਤਲ-ਏ-ਆਮ ਦੇ ਗਰਦਾਨੇ ਚਲੇ ਆ ਰਹੇ, ਮੁਖ ਦੋਸ਼ੀਆਂ ਵਿਚੋਂ ਇੱਕ ਜਗਦੀਸ਼ ਟਾਈਟਲਰ ਦੀ ਸ਼ਿਕਾਇਤ ਪੁਰ ਦਿੱਲੀ ਪੁਲਿਸ ਵਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਵਿਰੁਧ ਸੰਮਨ ਜਾਰੀ ਕੀਤੇ ਗਏ ਹਨ। ਦਸਿਆ ਗਿਆ ਹੈ ਕਿ ਜਗਦੀਸ਼ ਟਾਈਟਲਰ ਵਲੋਂ ਸ. ਮਨਜੀਤ ਸਿੰਘ ਜੀਕੇ ਵਿਰੁਧ ਪੁਲਿਸ ਪਾਸ ਕੀਤੀ ਗਈ ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਬੀਤੇ ਦਿਨੀਂ ਕਥਤ ਰੂਪ ਵਿੱਚ ਸੰਪਾਦਿਤ ਕੁਝ ਵੀਡੀਓ ਕਲਿਪ ਜਾਰੀ ਕਰ, ਉਨ੍ਹਾਂ ਦੇ ਅਧਾਰ ਪੁਰ ਨਵੰਬਰ-84 ਦੇ ਸਿੱਖ ਕਤਲ-ਏ-ਆਮ ਵਿੱਚ ਉਨ੍ਹਾਂ ਦੀ ਕਥਤ ਸਵੀਕ੍ਰਿਤੀ ਹੋਣ ਦਾ ਦੋਸ਼ ਲਾਇਆ ਹੈ। ਜਿਸ ਨਾਲ ਉਨ੍ਹਾਂ ਦੀ ਛੱਬੀ ਪ੍ਰਭਾਵਤ ਹੋਈ ਹੈ। ਦਸਿਆ ਗਿਆ ਹੈ ਕਿ ਸ. ਮਨਜੀਤ ਸਿੰਘ ਜੀਕੇ ਨੇ ਦਿੱਲੀ ਪੁਲਿਸ ਦੀ ਇਸ ਕਾਰਵਾਈ (ਉਨ੍ਹਾਂ ਦੇ ਨਾਂ ਸੰਮਨ ਜਾਰੀ ਕੀਤੇ ਜਾਣ) ਦਾ ਸਵਾਗਤ ਕਰਦਿਆਂ, ਦਾਅਵਾ ਕੀਤਾ ਹੈ ਕਿ ਜਗਦੀਸ਼ ਟਾਈਟਲਰ ਨੇ ਆਪ ਹੀ ਉਨ੍ਹਾਂ ਦੇ ਨਾਂ ਇਹ ਸੰਮਨ ਜਾਰੀ ਕਰਵਾ, ਉਨ੍ਹਾਂ ਵਲੋਂ ਆਪਣੇ ਪੁਰ ਲਾਏ ਗਏ ਦੋਸ਼ਾਂ ਨੂੰ ਅਦਾਲਤ ਵਿੱਚ ਸਾਬਤ ਕਰਨ ਦਾ ਮੌਕਾ ਦੇ ਦਿੱਤਾ ਹੈ।
ਇਸ ਦੇ ਨਾਲ ਹੀ ਇਥੇ ਇਹ ਸਵਾਲ ਵੀ ਉਭਰ ਕੇ ਸਾਹਮਣੇ ਆ ਜਾਂਦਾ ਹੈ ਕਿ ਸ. ਮਨਜੀਤ ਸਿੰਘ ਜੀਕੇ ਵਲੋਂ ਕਈ ਮਹੀਨੇ ਪਹਿਲਾਂ ਜਗਦੀਸ਼ ਟਾਈਟਲਰ ਦੇ ਵਿਰੁਧ ਕਾਰਵਾਈ ਕੀਤੇ ਜਾਣ ਦੀ ਮੰਗ ਕਰਦਿਆਂ ਸੰਬੰਧਤ ਵੀਡੀਓ ਕਲਿਪ ਜਾਰੀ ਕੀਤੇ ਗਏ ਸਨ। ਦਸਿਆ ਗਿਆ ਹੈ ਕਿ ਇਸਦੇ ਨਾਲ ਹੀ ਉਨ੍ਹਾਂ (ਸ. ਮਨਜੀਤ ਸਿੰਘ ਜੀਕੇ) ਨੇ ਜਗਦੀਸ਼ ਟਾਈਟਲਰ ਦੇ ਵਿਰੁਧ ਕਾਰਵਾਈ ਕਰਨ ਦੀ ਮੰਗ ਕਰਦਿਆਂ, ਇਨ੍ਹਾਂ ਵੀਡੀਓ ਕਲਿਪਾਂ ਦੀਆਂ ਕਾਪੀਆਂ ਜਿਥੇ ਜਾਂਚ ਅਧਿਕਾਰੀਆਂ ਅਤੇ ਜਾਂਚ ਏਜੰਸੀਆਂ ਨੂੰ ਸੌਂਪੀਆਂ ਸਨ, ਉਥੇ ਹੀ ਉਨ੍ਹਾਂ ਇਨ੍ਹਾਂ ਵੀਡੀਓ ਕਲਿਪਾਂ ਦੀਆਂ ਕਾਪੀਆਂ ਇਸੇ ਮੰਗ ਦੇ ਨਾਲ ਕੁਝ ਕੇਂਦ੍ਰੀ ਮੰਤ੍ਰੀਆਂ ਤਕ ਵੀ ਪਹੁੰਚਾਈਆਂ ਸਨ। ਕਈ ਮਹੀਨੇ ਬੀਤ ਜਾਣ 'ਤੇ ਵੀ ਸ. ਮਨਜੀਤ ਸਿੰਘ ਜੀਕੇ ਵਲੋਂ ਕੀਤੀ ਗਈ ਇਸ ਸ਼ਿਕਾਇਤ ਪੁਰ ਨਾ ਤਾਂ ਜਗਦੀਸ਼ ਟਾਈਟਲਰ ਪੁਰ ਕੋਈ ਕਾਰਵਾਈ ਹੋਣ ਦੀ ਖਬਰ ਆਈ ਅਤੇ ਨਾ ਹੀ ਇਨ੍ਹਾਂ ਸ਼ਿਕਾਇਤਾਂ ਪੁਰ ਕੋਈ ਕਾਰਵਾਾਈ ਨਾ ਕੀਤੇ ਜਾ ਸਕਣ ਦੇ ਕਾਰਣਾਂ ਤੋਂ ਸ. ਮਨਜੀਤ ਸਿੰਘ ਜੀਕੇ ਨੂੰ ਜਾਣੂ ਕਰਵਾਇਆ ਗਿਆ। ਫਿਰ ਅਚਾਨਕ ਹੀ ਇਹ ਖਬਰ ਆ ਗਈ ਕਿ ਜਗਦੀਸ਼ ਟਾੲੱਟਲਰ ਦੀ ਸ਼ਿਕਾਇਤ ਪੁਰ ਮਨਜੀਤ ਸਿੰਘ ਜੀਕੇ ਦੇ ਨਾਂ ਸੰਮਨ ਜਾਰੀ ਕੀਤੇ ਗਏ ਹਨ।

...ਅਤੇ ਅੰਤ ਵਿੱਚ: ਬੀਤੇ ਦਿਨੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550-ਸਾਲਾ ਪ੍ਰਕਾਸ਼ ਪੁਰਬ ਮਨਾਏ ਜਾਣ ਲਈ ਪ੍ਰਭਾਵਸ਼ਾਲੀ ਪ੍ਰੋਗਰਾਮਾਂ ਦੀ ਰੂਪ-ਰੇਖਾ ਤਿਆਰ ਕਰਨ ਵਾਸਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇੱਕ ਕਾਨਕਲੇਵ ਦਾ ਅਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਹੋਏ ਫੈਸਲਿਆਂ ਪੁਰ ਪ੍ਰਤੀਕ੍ਰਿਆ ਦਿੰਦਿਆਂ ਕੁਝ ਬੁਧੀਜੀਵੀਆਂ ਵਲੋਂ ਕਿਹਾ ਗਿਆ ਕਿ ਜਿਸ ਤਰ੍ਹਾਂ ਦੇ ਵੱਡੇ-ਵੱਡੇ ਪ੍ਰੋਗਰਾਮ ਅਯੋਜਿਤ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ, ਬੀਤੇ ਸਮੇਂ ਵਿੱਚ ਵੀ ਅਜਿਹੇ ਕਈ ਸਮਾਗਮ ਅਤੇ ਪ੍ਰੋਗਰਾਮ ਕੀਤੇ ਜਾਂਦੇ ਰਹੇ ਸਨ, ਪ੍ਰੰਤੂ ਉਨ੍ਹਾਂ ਵਿਚੋਂ ਕੋਈ ਵੀ ਪ੍ਰੋਗਰਾਮ ਸਦੀਵੀ ਪ੍ਰਭਾਵ ਛੱਡਣ ਵਿੱਚ ਸਫਲ ਨਹੀਂ ਸੀ ਹੋ ਸਕਿਆ। ਇਸਲਈ ਵੱਡੇ-ਵੱਡੇ ਪ੍ਰੋਗਰਾਮਾਂ ਆਯੋਜਿਤ ਕੀਤੇ ਜਾਣ ਦੀ ਬਜਾਏ ਅਜਿਹੇ ਛੋਟੇ-ਵੱਡੇ ਪ੍ਰੋਗਰਾਮਾਂ ਦਾ ਅਯੋਜਨ ਕੀਤਾ ਜਾਣਾ ਚਾਹੀਦਾ ਹੈ, ਜਿਨ੍ਹਾਂ ਦਾ ਪ੍ਰਭਾਵ ਜੇ ਸਦੀਵੀ ਨਾ ਹੋਵੇ ਪ੍ਰੰਤੂ ਚਿਰਕਾਲ ਤਕ ਬਣਿਆ ਰਹਿਣ ਵਾਲਾ ਜ਼ਰੂਰ ਹੋਵੇ। ਕਈ ਵਿਦਵਾਨਾਂ ਦੀ ਮਾਨਤਾ ਹੈ ਕਿ ਇਸ ਮੌਕੇ 'ਤੇ ਜੇ ਪਿਛੜੀਆਂ ਬਸਤੀਆਂ ਵਿੱਚ ਗੁਰੁ ਨਾਨਕ ਦੇਵ ਜੀ ਦੇ ਨਾਂ ਤੇ ਨਰਸਰੀ ਜਾਂ ਪ੍ਰਾਇਮਰੀ ਸਕੂਲਾਂ ਤੇ ਡਿਸਪੈਂਸਰੀਆਂ ਦੀ ਸਥਾਪਨਾ ਕੀਤੀ ਜਾਏ ਅਤੇ ਉਨ੍ਹਾਂ ਘਰਾਂ ਵਿਚਲੇ ਚੁਲ੍ਹੇ ਬਾਲੀ ਰਖਣ ਦਾ ਪ੍ਰਬੰਧ ਕਰਵਾਇਆ ਜਿਨ੍ਹਾਂ ਘਰਾਂ ਵਿੱਚ ਜਾਂ ਤਾਂ ਕਈ-ਕਈ ਦਿਨ ਚੁਲ੍ਹੇ ਬਲਦੇ ਨਹੀਂ ਜਾਂ ਜਿਨ੍ਹਾਂ ਦੇ ਪਰਿਵਾਰ ਅੱਧਾ-ਅਧੂਰਾ ਪੇਟ ਭਰ ਹੀ, ਰਾਤ ਸੋਣ ਨੂੰ ਮਜਬੂਰ ਹੋ ਜਾਂਦੇ ਹਨ। 

Mobile : +91 95 82 71 98 90
E-Mail :  jaswantsinghajit@gmail.com

Address : Jaswant Singh Ajit, Senior Journalist
51, Sheetal Apartment, Plot no. 12, Sector 14, Rohini DELHI-110085

28 Feb. 2019