ਦੇਸ਼ ਦੇ ਰੰਗ-ਮੰਚ ਉੱਤੇ 'ਦਿੱਲੀ' ਦੇ ਕਿੰਗਰਿਆਂ ਨੂੰ ਘੂਰਨ ਵਾਲੇ ਇੱਕ ਹੋਰ ਦੁੱਲੇ ਦੀ ਦਸਤਕ - ਜਤਿੰਦਰ ਪਨੂੰ
'ਦਿੱਲੀ' ਸਿਰਫ ਇੱਕ ਸ਼ਹਿਰ ਨਹੀਂ, ਰਾਜ-ਸ਼ਕਤੀ ਦਾ ਇੱਕ ਏਦਾਂ ਦਾ ਪ੍ਰਤੀਕ ਹੈ, ਜਿਹੜਾ ਲੋਕ ਮਾਨਸਿਕਤਾ ਦੇ ਖਾਤੇ ਵਿੱਚ ਸਦੀਆਂ ਤੋਂ ਜਬਰ ਦਾ ਅੱਡਾ ਬਣ ਕੇ ਦਰਜ ਹੁੰਦਾ ਰਿਹਾ ਹੈ। ਆਪਣੀ ਕਵਿਤਾ ਵਿੱਚ ਲੋਕ-ਕਵੀ ਸੰਤ ਰਾਮ ਉਦਾਸੀ ਜਦੋਂ ਇਹ ਲਿਖਦਾ ਹੈ: ''ਦਿੱਲੀਏ, ਦਿਆਲਾ ਵੇਖ ਦੇਗ 'ਚ ਉੱਬਲਦਾ, ਨੀਂ ਅਜੇ ਤੇਰਾ ਚਿੱਤ ਨਾ ਠਰੇ। ਮਤੀ ਦਾਸ ਤਾਂਈਂ ਚੀਰ ਆਰੇ ਵਾਂਗ ਜੀਭ ਤੇਰੀ, ਹਾਲੇ ਮਨ-ਮੱਤੀਆਂ ਕਰੇ" ਉਸ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਕੁਰਬਾਨੀ ਲਈ ਪੇਸ਼ ਹੋਏ ਭਾਈ ਦਿਆਲਾ ਤੇ ਮਤੀ ਦਾਸ ਦੀ ਗੱਲ ਨਹੀਂ ਕਰਦਾ, ਉਨ੍ਹਾਂ ਸਭ ਦਾ ਜ਼ਿਕਰ ਕਰ ਜਾਂਦਾ ਹੈ, ਜਿਹੜੇ ਸਦੀਆਂ ਤੋਂ ਇਸ ਦੇਸ਼ ਵਿੱਚ ਏਦਾਂ ਉੱਭਰਦੇ ਰਹੇ ਹਨ ਤੇ ਨਾਲ ਇਹ ਵੀ ਕਿ ਲੋਕਾਂ ਦੀ ਅਗਵਾਈ ਕਰਨ ਵਾਲਿਆਂ ਲਈ 'ਦਿੱਲੀ' ਇਹੋ ਜਿਹਾ ਮਕਤਲ ਬਣਦੀ ਰਹੀ ਹੈ, ਜਿੱਥੇ ਸਿਰਫ 'ਧੱਜ ਸੇ ਮਕਤਲ ਕੋ' ਜਾਣ ਵਾਲੇ ਜਾਂਦੇ ਹਨ। 'ਦਿੱਲੀ' ਦਾ ਕਿਰਦਾਰ ਨਹੀਂ ਬਦਲਿਆ। ਇਸ ਦੇ ਅੱਗੇ ਅੜਨ ਵਾਲਿਆਂ ਦਾ ਵੀ ਨਹੀਂ ਬਦਲਿਆ।
ਬਿਸਮਿਲ ਫਰੀਦਕੋਟੀ ਨੇ ਕਿਹਾ ਸੀ: 'ਹੈ ਦੌਰ ਨਵਾਂ, ਹੀਰ ਪੁਰਾਣੀ ਨਾ ਸੁਣੋ। ਦੁੱਖ ਚਾਕ ਦਾ ਖੇੜੇ ਦੀ ਜ਼ਬਾਨੀ ਨਾ ਸੁਣੋ। ਛੇੜੀ ਹੈ ਜ਼ਮਾਨੇ ਨੇ ਅਵਾਮਾਂ ਦੀ ਕਥਾ, ਰਾਜੇ ਨਵਾਬਾਂ ਦੀ ਕਹਾਣੀ ਨਾ ਸੁਣੋ।' ਜਿਹੜੇ ਦੌਰ ਵਿੱਚ ਇਹ ਗੱਲ ਉਸ ਨੇ ਲਿਖੀ ਸੀ, ਉਹ ਅਵਾਮ (ਆਮ ਲੋਕਾਂ) ਦੀ ਕਥਾ ਦੀ ਚੜ੍ਹਤ ਦਾ ਦੌਰ ਸੀ। ਫਿਰ ਪਛੇਤ ਪੈਣ ਲੱਗੀ। ਇਹ ਦੌਰ ਕੁਝ ਦੇਰ ਲਈ ਪਛੇਤ ਦਾ ਸ਼ਿਕਾਰ ਹੋ ਸਕਦਾ ਸੀ, ਇਸ ਦੇ ਖਾਤਮੇ ਦੀ ਗੱਲ ਕਹਿਣ ਵਾਲੇ ਤਾਂ ਸਮਾਂ ਪਾ ਕੇ ਖਤਮ ਹੋ ਜਾਇਆ ਕਰਦੇ ਹਨ, ਕਥਾ ਖਤਮ ਨਹੀਂ ਹੋਈ। ਲੋਕ ਕਦੇ-ਕਦੇ ਕੁਝ ਦੇਰ ਸੌਂ ਜਾਇਆ ਕਰਦੇ ਹਨ। ਫਿਰ ਜਦੋਂ ਕੋਈ ਵੱਡਾ ਝਟਕਾ ਲੱਗੇ ਤਾਂ ਅੱਖਾਂ ਮਲ ਕੇ ਕੁਝ ਕਰਨ ਨੂੰ ਉੱਠਦੇ ਹਨ। ਅਗਲੇ ਪਾਸੇ ਕੁਝ ਦਿਸਦਾ ਹੋਵੇ ਤਾਂ ਤੁਰੇ ਵੀ ਜਾਂਦੇ ਹਨ, ਪਰ ਜਦੋਂ ਇਹੋ ਜਿਹਾ ਭਰਮ ਪਵੇ ਕਿ ਅਗਵਾਈ ਦੇਣ ਵਾਲਾ ਹੀ ਆਪਣੀ ਏਨੀ ਕੁ ਭੂਮਿਕਾ ਤੋਂ ਸੰਤੁਸ਼ਟ ਹੋ ਕੇ ਬਹਿ ਗਿਆ ਹੈ, ਹੁਣ ਕੁਝ ਕਰਨਾ ਨਹੀਂ ਚਾਹੁੰਦਾ, ਤਾਂ ਮੁੜ ਕੇ ਝਟਕਾ ਲੱਗਣ ਦੀ ਘੜੀ ਤੱਕ ਚਾਰ ਦਿਨ ਨੀਂਦ ਜਿਹੀ ਵਿੱਚ ਚਲੇ ਜਾਂਦੇ ਹਨ। ਕਦੇ ਉਨ੍ਹਾਂ ਨੂੰ ਕੋਈ ਅੰਨਾ ਹਜ਼ਾਰੇ ਝਟਕਾ ਦੇਵੇ ਤਾਂ ਕਮਰ ਕੱਸ ਕੇ ਉਸ ਦੇ ਪਿੱਛੇ ਉੱਠ ਤੁਰਦੇ ਹਨ, ਜਿਵੇਂ ਆਖਰੀ ਹੱਲਾ ਮਾਰਨਾ ਹੋਵੇ, ਪਰ ਚਾਰ ਦਿਹਾੜੇ ਅਗਵਾਈ ਕਰਨ ਪਿੱਛੋਂ ਜਦੋਂ ਉਹ ਬਾਬਾ ਰਾਲੇਗਣ ਸਿੱਧੀ ਦੇ ਆਸ਼ਰਮ ਵਿੱਚ ਯਾਦਵ ਬਾਬਾ ਦੇ ਬੁੱਤ ਨੇੜੇ ਸਮਾਧੀ ਲਾ ਕੇ ਸਿਰਫ ਪ੍ਰਵਚਨ ਕਰਨ ਰੁੱਝ ਜਾਂਦਾ ਹੈ, ਦੇਸ਼ ਦੇ ਲੋਕ ਵੀ ਦੋ ਡੰਗ ਦੀ ਰੋਟੀ ਲਈ ਰੁੱਝ ਜਾਂਦੇ ਹਨ। ਜਦੋਂ ਗੁਰੂ ਗੋਬਿੰਦ ਸਿੰਘ ਇਹ ਕਹਿੰਦੇ ਹਨ ਕਿ 'ਜਬ ਆਵ ਕੀ ਅਉਧ ਨਿਦਾਨ ਬਨੈ, ਅਤ ਹੀ ਰਨ ਮੈ ਤਬ ਜੂਝ ਮਰੋਂ', ਇਸ ਦਾ ਅਰਥ ਇਹ ਵੀ ਹੈ ਕਿ ਜਦੋਂ 'ਆਵ ਕੀ ਅਉਧ', ਅਰਥਾਤ ਨਿਬੇੜੇ ਦੀ ਘੜੀ ਆਈ, ਓਦੋਂ ਫਿਰ ਲੜਨ ਨੂੰ ਤਿਆਰ ਹਾਂ, ਉਹ ਘੜੀ ਆਉਣ ਤੱਕ ਜਿਉਂਦੇ ਰਹਿਣ ਲਈ ਦੋ ਡੰਗ ਦਾ ਆਹਰ ਵੀ ਕਰਨਾ ਪਵੇਗਾ। ਲੋਕ ਅੰਨਾ ਹਜ਼ਾਰੇ ਦੇ ਅੰਦੋਲਨ ਪਿੱਛੋਂ ਏਸੇ ਕਾਰਨ ਉਸ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨ ਵਿੱਚ ਰੁੱਝ ਗਏ ਸਨ। ਏਦਾਂ ਹੀ ਹੋਣਾ ਹੁੰਦਾ ਹੈ।
ਹੁਣ ਉਹ ਲੋਕ ਇੱਕ ਵਾਰ ਫਿਰ ਜਾਗ ਰਹੇ ਹਨ। ਉਨ੍ਹਾਂ ਨੂੰ ਜਾਗਣ ਦਾ ਮੌਕਾ 'ਦਿੱਲੀ' ਆਪ ਖੁਦ ਦੇਂਦੀ ਪਈ ਹੈ। 'ਦਿੱਲੀ' ਸ਼ਹਿਰ ਦਾ ਭਾਵੇਂ ਨਹੀਂ, ਪਰ ਜਾਬਰ ਰਾਜ ਦੀ ਪ੍ਰਤੀਕ 'ਦਿੱਲੀ' ਦਾ ਕਿਰਦਾਰ ਇਹੋ ਹੈ ਕਿ ਇਹ ਲੋਕਾਂ ਨੂੰ ਮੈਦਾਨ ਵਿੱਚ ਨਿਕਲਣ ਲਈ ਮਜਬੂਰ ਕਰਨੋਂ ਕਦੇ ਨਹੀਂ ਹਟਦੀ। ਇਸ ਵਾਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਜਿਹੜਾ ਕੁਝ ਵਾਪਰਿਆ ਹੈ, ਉਹ 'ਦਿੱਲੀ' ਦੇ ਏਸੇ ਕਿਰਦਾਰ ਦਾ ਨਤੀਜਾ ਹੈ।
ਹੁਣ ਇਹ ਸੱਚ ਕਈ ਪਰਦੇ ਪਾੜ ਕੇ ਬਾਹਰ ਆਉਂਦਾ ਪਿਆ ਹੈ ਕਿ ਸ਼ਰਾਰਤੀ ਰਾਜਨੀਤੀ ਕਰਨ ਵਾਲੇ ਇੱਕ ਪੁਰਾਣੇ ਜਨ ਸੰਘੀ ਅਤੇ ਅੱਜ ਦੇ ਮੁਕੱਦਮੇਬਾਜ਼ ਸਵਾਮੀ ਨੇ ਜਦੋਂ ਕਿਹਾ ਸੀ ਕਿ ਇਸ ਯੂਨੀਵਰਸਿਟੀ ਨੂੰ ਚਾਰ ਮਹੀਨੇ ਲਈ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਓਦੋਂ ਸਵਾਮੀ ਨਹੀਂ ਸੀ ਬੋਲਦਾ, ਉਸ ਦੇ ਪਿੱਛੇ 'ਦਿੱਲੀ' ਬੋਲਦੀ ਸੀ। ਕੁਝ ਦਿਨ ਪਿੱਛੋਂ ਇੱਕ ਗਹਿਰੀ ਸਾਜ਼ਿਸ਼ ਦੇ ਅਧੀਨ ਇੱਕੋ ਦਿਨ ਸਾਰੇ ਦੇਸ਼ ਦੇ ਮੀਡੀਏ ਵਿੱਚ ਉਹ ਵੀਡੀਓ ਕਲਿੱਪ ਪੇਸ਼ ਕਰਵਾ ਦਿੱਤੀ ਗਈ, ਜਿਸ ਵਿੱਚ ਕਨ੍ਹਈਆ ਕੁਮਾਰ ਇਸ ਦੇਸ਼ ਦੇ ਟੁਕੜੇ ਕਰਨ ਅਤੇ ਇਸ ਤੋਂ ਵੀ ਅੱਗੇ ਜਾ ਕੇ ਇਸ ਦੇਸ਼ ਦੀ ਬਰਬਾਦੀ ਕਰਨ ਤੱਕ ਦੀਆਂ ਗੱਲਾਂ ਕਹਿ ਰਿਹਾ ਸੁਣੀਂਦਾ ਸੀ। ਇੱਕ ਪੋਸਟਰ ਸੋਸ਼ਲ ਮੀਡੀਏ ਦੇ ਰਾਹੀਂ ਪੇਸ਼ ਕੀਤਾ ਗਿਆ, ਜਿਸ ਵਿੱਚ ਕਨ੍ਹਈਆ ਏਦਾਂ ਦੇ ਨਾਅਰਿਆਂ ਵਾਲੇ ਬੈਨਰ ਅੱਗੇ ਖੜਾ ਸੀ। ਫਿਰ ਸੱਚ ਬਾਹਰ ਆ ਗਿਆ ਕਿ ਉਹ ਪੋਸਟਰ ਅਸਲ ਵਿੱਚ ਕਿਤੇ ਹੈ ਹੀ ਨਹੀਂ, ਸਭ ਤੋਂ ਵੱਧ ਫਿਰਕੂ ਵਿਦਿਆਰਥੀ ਜਥੇਬੰਦੀ ਦੇ ਮੀਡੀਆ ਸੈੱਲ ਦੇ ਇੱਕ ਕਾਰਿੰਦੇ ਨੇ ਕੰਪਿਊਟਰ ਉੱਤੇ ਬਣਾਇਆ ਸੀ। ਅਗਲੀ ਗੱਲ ਉਸ ਵੀਡੀਓ ਕਲਿੱਪ ਬਾਰੇ ਸਾਹਮਣੇ ਆਈ ਤਾਂ ਪਹਿਲਾਂ ਉਸ ਵਿੱਚ ਕਨ੍ਹਈਆ ਕੁਮਾਰ ਦਾ ਨਾ ਹੋਣਾ ਤੇ ਕਿਸੇ ਬੇਗਾਨੀ ਵੀਡੀਓ ਨਾਲ ਉਸ ਦਾ ਜੋੜਿਆ ਜਾਣਾ ਸਾਬਤ ਹੋ ਗਿਆ ਤੇ ਫਿਰ ਜਿਹੜਾ 'ਹੋਰ' ਬਣਾ ਕੇ ਉਮਰ ਖਾਲਿਦ ਫੜ ਲਿਆ, ਪਤਾ ਲੱਗਾ ਕਿ ਉਸ ਨੇ ਵੀ ਓਦਾਂ ਦੇ ਨਾਅਰੇ ਲਾਉਣ ਦਾ ਕੰਮ ਨਹੀਂ ਸੀ ਕੀਤਾ। ਫਿਰ ਸੂਈ ਥੋੜ੍ਹਾ ਜਿਹਾ ਹੋਰ ਘੁੰਮੀ ਤਾਂ ਇੱਕ ਬੀਬੀ ਦਾ ਨਾਂਅ ਸਾਹਮਣੇ ਆ ਗਿਆ, ਜਿਸ ਨੇ ਸੋਸ਼ਲ ਮੀਡੀਆ ਦੇ ਆਪਣੇ ਖਾਤੇ ਰਾਹੀਂ ਇਹ ਝੂਠ ਪ੍ਰਚਾਰਿਆ ਸੀ ਤੇ ਉਹ ਬੀਬੀ ਕੇਂਦਰ ਸਰਕਾਰ ਦੀ ਇੱਕ ਵਿਵਾਦਤ ਮੰਤਰੀ ਬੀਬੀ ਨਾਲ ਨੇੜਲੇ ਸੰਬੰਧਾਂ ਵਾਲੀ ਨਿਕਲ ਆਈ। 'ਦਿੱਲੀ' ਦਾ ਕਿਰਦਾਰ ਇਹੋ ਹੈ।
ਜਿਹੜੇ ਕਨ੍ਹਈਆ ਨੂੰ ਅਦਾਲਤ ਵਿੱਚ ਪੇਸ਼ੀ ਵੇਲੇ ਜੱਜ ਦੇ ਕਮਰੇ ਵਿੱਚ ਪੁਲਸ ਦੇ ਸਾਹਮਣੇ ਕੁੱਟਣ ਦਾ ਗੁਨਾਹ ਵੀ 'ਦਿੱਲੀ' ਦੇ ਸਿਆਸੀ ਵਕੀਲਾਂ ਨੂੰ ਕਾਨੂੰਨ ਦਾ ਉਲੰਘਣ ਨਹੀਂ ਸੀ ਜਾਪਦਾ ਤੇ ਕਹਿੰਦੇ ਸਨ ਕਿ ਕਨ੍ਹਈਆ ਅਦਾਲਤ ਵਿੱਚ ਦੋਸ਼ੀ ਸਾਬਤ ਹੋਵੇਗਾ, ਉਹ ਸਾਬਤ ਨਾ ਕਰ ਸਕੇ ਤੇ ਹੁਣ ਕਨ੍ਹਈਆ ਬਾਹਰ ਆ ਗਿਆ ਹੈ। ਅਦਾਲਤ ਦਾ ਇਹ ਸਵਾਲ ਜਦੋਂ ਪੁਲਸ ਦੇ ਸੰਘ ਵਿੱਚ ਫਸ ਗਿਆ ਕਿ ਕਨ੍ਹਈਆ ਦਾ ਨਾਅਰੇ ਲਾਉਣਾ ਕਿੱਥੇ ਸਾਬਤ ਹੁੰਦਾ ਹੈ, ਤਾਂ ਉਸ ਦੀ ਜ਼ਮਾਨਤ ਹੋ ਗਈ। ਅਗਲਾ ਪ੍ਰਚਾਰ ਇਹ ਸ਼ੁਰੂ ਹੋ ਗਿਆ ਕਿ ਉਸ ਉੱਤੇ ਅਦਾਲਤ ਨੇ ਕਈ ਸ਼ਰਤਾਂ ਲਾ ਦਿੱਤੀਆਂ ਹਨ। ਉਹ ਸ਼ਰਤਾਂ ਹਰ ਕਿਸੇ ਉੱਤੇ ਲਾਗੂ ਹੁੰਦੀਆਂ ਹਨ। ਓਮ ਪ੍ਰਕਾਸ਼ ਚੌਟਾਲਾ ਪਿਛਲੇਰੇ ਸਾਲ ਉਨ੍ਹਾਂ ਸ਼ਰਤਾਂ ਸਮੇਤ ਜੇਲ੍ਹ ਤੋਂ ਨਿਕਲਿਆ ਸੀ, ਵਿਧਾਨ ਸਭਾ ਚੋਣਾਂ ਦੀ ਸਾਰੀ ਮੁਹਿੰਮ ਵਿੱਚ ਜਲਸਿਆਂ ਵਿੱਚ ਬੋਲਦਾ ਰਿਹਾ ਤੇ ਆਖਰੀ ਦਿਨ ਜਦੋਂ ਸ਼ਰਤਾਂ ਉਲੰਘਣ ਦੀ ਸ਼ਿਕਾਇਤ ਹੋਈ ਤਾਂ ਜੇਲ੍ਹ ਜਾ ਕੇ ਹਾਜ਼ਰੀ ਪਵਾ ਲਈ ਸੀ। ਕਨ੍ਹਈਆ ਦੇ ਬਾਰੇ ਸ਼ਰਤਾਂ ਦਾ ਪ੍ਰਚਾਰ ਵੀ ਹੱਦ ਤੋਂ ਜ਼ਿਆਦਾ ਕੀਤਾ ਗਿਆ ਹੈ, ਕਿਉਂਕਿ ਉਸ ਦੇ ਨਾਲ 'ਦਿੱਲੀ' ਨੂੰ ਕੌੜ ਬਹੁਤ ਹੈ।
ਰਾਜ-ਸ਼ਕਤੀ ਦੀ ਕੌੜ ਲਈ ਸਦੀਆਂ ਤੋਂ ਬਦਨਾਮੀ ਖੱਟਦੀ ਆਈ 'ਦਿੱਲੀ' ਨੂੰ ਜੇ ਕਨ੍ਹਈਆ ਦੇ ਨਾਲ ਕੌੜ ਹੈ ਤਾਂ ਉਸ ਨੂੰ ਇਹ ਇਤਿਹਾਸ ਯਾਦ ਕਰਨਾ ਚਾਹੀਦਾ ਹੈ ਕਿ ਉਸ ਦੀ ਕੌੜ ਨੂੰ ਦੇਸ਼ ਕਿਵੇਂ ਭੁਗਤਦਾ ਰਿਹਾ ਹੈ?
ਅਸੀਂ ਰਾਜੇ-ਨਵਾਬਾਂ ਦੀ ਕਹਾਣੀ ਪਾਸੇ ਰੱਖ ਕੇ ਵੇਖੀਏ ਤਾਂ ਰਾਣਾ ਪ੍ਰਤਾਪ ਦੀ ਕਹਾਣੀ ਵੀ ਲੋਕ ਮਾਨਸਿਕਤਾ ਵਿੱਚ 'ਦਿੱਲੀ' ਦੇ ਵਿਹਾਰ ਦੇ ਵਿਰੋਧ ਦੀ ਕਹਾਣੀ ਸੀ। ਉਸ ਦੇ ਰਿਸ਼ਤੇਦਾਰ ਵੀ ਬਾਦਸ਼ਾਹ ਅਕਬਰ ਨਾਲ ਜਾ ਕੇ ਮਿਲ ਗਏ ਤੇ ਰਾਣਾ ਪ੍ਰਤਾਪ ਦੇ ਖਿਲਾਫ ਲੜਨ ਲਈ ਮੈਦਾਨ ਵਿੱਚ ਆ ਗਏ ਸਨ। ਇਤਿਹਾਸ ਵਿੱਚ ਉਨ੍ਹਾਂ ਰਿਸ਼ਤੇਦਾਰਾਂ ਵਿੱਚੋਂ ਕਿਸੇ ਦਾ ਨਾਂਅ ਵੀ ਲੋਕਾਂ ਨੂੰ ਚੇਤੇ ਨਹੀਂ, ਪਰ ਰਾਣਾ ਪ੍ਰਤਾਪ ਦਾ ਨਾਂਅ ਇਸ ਲਈ ਚੇਤੇ ਹੈ ਕਿ ਉਹ ਜ਼ੁਲਮ ਦੀ ਪ੍ਰਤੀਕ 'ਦਿੱਲੀ' ਨਾਲ ਭਿੜਨ ਨਿਕਲਿਆ ਸੀ। ਦੁੱਲਾ ਅੱਜ ਤੱਕ ਲੋਕਾਂ ਦੇ ਚੇਤੇ ਵਿੱਚ ਹੈ। ਅਕਬਰ ਬਾਦਸ਼ਾਹ ਨੇ ਜਦੋਂ ਉਸ ਦੇ ਦਾਦੇ ਤੋਂ ਬਾਅਦ ਬਾਪ ਨੂੰ ਵੀ ਮੌਤ ਦੀ ਸਜ਼ਾ ਦੇ ਦਿੱਤੀ ਤਾਂ ਦੁੱਲੇ ਨੂੰ ਬਗਾਵਤ ਦੇ ਖਾਨਦਾਨੀ ਰੁਖ ਤੋਂ ਮੋੜਨ ਲਈ ਬੜੇ ਪਾਪੜ 'ਦਿੱਲੀ' ਨੇ ਵੇਲ ਕੇ ਵੇਖੇ ਸਨ। ਦੁੱਲਾ ਫੇਰ ਵੀ ਪਿਓ-ਦਾਦੇ ਦੀ ਲੀਹ ਉੱਤੇ ਚੱਲ ਪਿਆ। ਉਸ ਨੇ ਜਦੋਂ ਕਿਹਾ ਸੀ ਕਿ ''ਮੈਂ ਢਾਹਵਾਂ 'ਦਿੱਲੀ' ਦੇ ਕਿੰਗਰੇ" ਤਾਂ ਇਹ ਐਲਾਨ ਦਿੱਲੀ ਵਿੱਚ ਵੱਸਦੇ ਲੋਕਾਂ ਦੇ ਘਰਾਂ ਦੇ ਕਿੰਗਰੇ ਤੋੜਨ ਦਾ ਨਹੀਂ, ਉਸ 'ਦਿੱਲੀ' ਦੇ ਵੱਲ ਸੇਧਤ ਸੀ, ਜਿਹੜੀ ਓਦੋਂ ਵੀ ਲੋਕ ਮਾਨਸਿਕਤਾ ਵਿੱਚ ਬੇਨਿਆਈਂ ਰਾਜ ਪ੍ਰਬੰਧ ਦੀ ਪ੍ਰਤੀਕ ਸੀ। ਉਹੋ ਜਿਹੀ ਬੇਨਿਆਈਂ ਹੀ ਹੁਣ 'ਦਿੱਲੀ' ਨੂੰ ਫਿਰ ਅਲੋਕਾਰ ਮੋੜ ਉੱਤੇ ਲੈ ਆਈ ਹੈ।
ਜਿਹੜੀ ਲੋਕ ਮਾਨਸਿਕਤਾ ਕਿਸੇ ਰਾਲੇਗਣ ਵਾਲੇ ਅੰਨਾ ਬਾਬਾ ਵੱਲੋਂ ਇੱਕੋ ਲਲਕਾਰ ਉੱਤੇ ਮੈਦਾਨ ਵਿੱਚ ਆਈ ਫਿਰਦੀ ਸੀ ਤੇ ਬਾਬਾ ਅੰਨਾ ਦੇ ਆਰਾਮ ਫੁਰਮਾਉਣ ਕਾਰਨ 'ਆਵ ਕੀ ਅਉਧ' ਵਾਲੀ ਕਿਸੇ ਅਗਲੀ ਘੜੀ ਤੱਕ ਲਈ ਰੋਟੀ ਦੇ ਜੁਗਾੜ ਵਿੱਚ ਜਾ ਰੁੱਝੀ ਸੀ, ਉਹ ਹੁਣ ਕਨ੍ਹਈਆ ਦੀ ਕੂਕ ਨਾਲ ਫਿਰ ਜਾਗ ਪਈ ਹੈ। ਜੇਲ੍ਹ ਤੋਂ ਮੁੜਨ ਪਿੱਛੋਂ ਕਨ੍ਹਈਆ ਬੋਲਦਾ ਹੈ, ਸਾਰਾ ਦੇਸ਼ ਸੁਣਦਾ ਹੈ। ਬੁੱਧਵਾਰ ਦੇ ਦਿਨ ਰਾਹੁਲ ਗਾਂਧੀ ਨੇ ਭਾਸ਼ਣ ਦਿੱਤਾ। ਵੀਰਵਾਰ ਸਵੇਰ ਤੱਕ ਓਸੇ ਦੀ ਚਰਚਾ ਹੁੰਦੀ ਰਹੀ। ਅਗਲੇ ਦਿਨ ਦੁਪਹਿਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਸੀ। ਬਹੁਤ ਜ਼ੋਰਦਾਰ ਭਾਸ਼ਣ ਸੀ ਤੇ ਸਾਰੇ ਮੀਡੀਆ ਚੈਨਲਾਂ ਉੱਤੇ ਛਾ ਗਿਆ ਸੀ, ਪਰ ਰਾਹੁਲ ਨਾਲੋਂ ਵੱਧ ਜ਼ੋਰਦਾਰ ਹੁੰਦਿਆਂ ਵੀ ਸਿਰਫ ਚਾਰ ਘੰਟੇ ਮੀਡੀਏ ਦੀ ਪਹਿਲੀ ਖਬਰ ਬਣ ਸਕਿਆ। ਸ਼ਾਮ ਪੈਣ ਤੱਕ ਉਹ ਦੂਸਰੇ ਨੰਬਰ ਉੱਤੇ ਖਿਸਕ ਗਿਆ ਤੇ ਹਰ ਚੈਨਲ ਲਈ ਪਹਿਲੀ ਖਬਰ ਕਨ੍ਹਈਆ ਦੀ ਰਿਹਾਈ, ਕਨ੍ਹਈਆ ਦੀ ਯੂਨੀਵਰਸਿਟੀ ਤੱਕ ਪਹੁੰਚ ਤੇ ਕਨ੍ਹਈਆ ਦਾ ਵਿਦਿਆਰਥੀਆਂ ਦੀ ਸਵਾਗਤੀ ਰੈਲੀ ਵਿੱਚ ਦਿੱਤਾ ਗਿਆ ਭਾਸ਼ਣ ਬਣ ਚੁੱਕਾ ਸੀ। ਜਿਹੜਾ ਪ੍ਰਧਾਨ ਮੰਤਰੀ ਕਹਿੰਦਾ ਹੈ ਕਿ ਉਸ ਦਾ ਦੁਨੀਆ ਵਿੱਚ ਡੰਕਾ ਵੱਜਦਾ ਹੈ, ਸਿਰਫ ਉਨੱਤੀ ਸਾਲਾਂ ਦੇ ਮੁੰਡੇ ਦੀ ਮਹਿਮਾ ਸਾਹਮਣੇ ਉਸ ਦੇ ਚਾਰ ਘੰਟੇ ਪਹਿਲਾਂ ਪਾਰਲੀਮੈਂਟ ਵਿੱਚ ਦਿੱਤੇ ਭਾਸ਼ਣ ਦੀ ਭਾਫ ਉੱਡਦੀ ਸਾਫ ਦਿਖਾਈ ਦੇਂਦੀ ਸੀ। ਮੀਡੀਆ ਆਪਣੇ ਆਪ ਹੀ ਮੋਦੀ ਨਾਲੋਂ ਇਸ ਮੁੰਡੇ ਨੂੰ ਪਹਿਲ ਨਹੀਂ ਸੀ ਦੇ ਰਿਹਾ, ਇਹ ਹਾਲਾਤ ਦੀ ਹਕੀਕਤ ਦਾ ਹਲੂਣਾ ਸੀ।
ਹਾਲੇ ਦੋ ਸਾਲ ਪੂਰੇ ਨਹੀਂ ਹੋਏ, ਜਦੋਂ ਮੋਦੀ ਬੋਲਦਾ ਸੀ, ਮੁਲਕ ਖੜੋ ਕੇ ਸੁਣਦਾ ਸੀ। ਹੁਣ ਕਨ੍ਹਈਆ ਬੋਲਦਾ ਹੈ, ਲੋਕ ਉਸ ਨੂੰ ਸੁਣਦੇ ਹਨ। ਓਦੋਂ ਮੋਦੀ ਇਹ ਕਹਿ ਕੇ ਮੌਕੇ ਦੀ ਬਦਨਾਮ ਸਰਕਾਰ ਵਿਰੁੱਧ ਆਮ ਲੋਕਾਂ ਦੀ ਨਬਜ਼ ਉੱਤੇ ਹੱਥ ਰੱਖਦਾ ਸੀ ਕਿ 'ਅੱਛੇ ਦਿਨ ਆਨੇ ਵਾਲੇ ਹੈਂ'। ਹੁਣ ਕਨ੍ਹਈਆ ਇਹ ਦੱਸਦਾ ਹੈ ਕਿ 'ਟੇਸ਼ਨ' ਕੋਲ ਜਾਦੂਗਰ ਜਦੋਂ ਭੀੜ ਅੱਗੇ ਜਾਦੂ ਪੇਸ਼ ਕਰਦਾ ਹੈ ਤਾਂ ਵਿਖਾਉਂਦਾ ਜਾਦੂ ਹੈ, ਪਰ ਅਸਲ ਵਿੱਚ ਜਾਦੂ ਵਿਖਾਉਣ ਦੇ ਬਹਾਨੇ ਇਹੋ ਜਿਹੀ ਅੰਗੂਠੀ ਵੇਚਦਾ ਹੈ, ਜਿਸ ਬਾਰੇ ਦਾਅਵਾ ਕਰਦਾ ਹੈ ਕਿ ਇਹ ਲੋਕਾਂ ਦੀ ਗਰੀਬੀ ਤੇ ਹਰ ਰੋਗ ਦਾ ਇਲਾਜ ਸਿੱਧ ਹੋਵੇਗੀ। ਕਨ੍ਹਈਆ ਕਹਿੰਦਾ ਹੈ ਕਿ ਜਿਨ੍ਹਾਂ ਨੇ ਜਾਦੂ ਵਿਖਾਉਣ ਬਹਾਨੇ ਜਾਦੂ ਦੀ ਅੰਗੂਠੀ ਵੇਚਣ ਦਾ ਧੋਖਾ ਕੀਤਾ ਸੀ, ਉਸ ਅੰਗੂਠੀ ਦੇ ਬੇਅਸਰ ਹੋਣ ਬਾਰੇ ਲੋਕਾਂ ਵੱਲੋਂ ਕਿੰਤੂ ਕਰਨ ਤੋਂ ਪਹਿਲਾਂ ਅਗਲਾ ਪਾਪ ਕਰਨ ਵੱਲ ਤੁਰ ਪਏ ਹਨ। ਇਹ ਅਗਲਾ ਪਾਪ ਨਰਿੰਦਰ ਮੋਦੀ ਨਾਂਅ ਦਾ ਕੋਈ ਬੰਦਾ ਨਹੀਂ ਕਰ ਰਿਹਾ, ਉਸ ਨੂੰ ਅੱਗੇ ਲਾ ਕੇ ਉਹ ਹੀ 'ਦਿੱਲੀ' ਕਰਨ ਲੱਗੀ ਹੋਈ ਹੈ, ਜਿਹੜੀ ਸਦੀਆਂ ਤੋਂ ਏਦਾਂ ਕਰਦੀ ਰਹੀ ਹੈ। ਉਸ 'ਦਿੱਲੀ' ਦੀ ਸਭ ਤੋਂ ਵੱਡੀ ਗਲਤੀ ਇਹ ਹੈ ਕਿ ਇਤਿਹਾਸ ਯਾਦ ਨਹੀਂ ਰੱਖਦੀ, ਉਹ ਇਤਿਹਾਸ, ਜਿਹੜਾ ਦੱਸਦਾ ਹੈ ਕਿ ਜੇ 'ਦਿੱਲੀ' ਕਦੀ ਦਿਆਲਿਆਂ ਨੂੰ ਦੇਗ ਵਿੱਚ ਉਬਾਲਣ ਤੇ ਦੁੱਲਿਆਂ ਨੂੰ ਮਾਰ ਕੇ ਦਫਨਾਉਣ ਤੋਂ ਨਹੀਂ ਹਟਦੀ ਤਾਂ ਦੁੱਲੇ ਜੰਮਣੇ ਵੀ ਬੰਦ ਨਹੀਂ ਕਰਵਾ ਸਕੀ। ਲੱਗਦਾ ਹੈ ਕਿ ਇੱਕ ਹੋਰ ਦੁੱਲਾ ਸਿਰ ਚੁੱਕ ਰਿਹਾ ਹੈ। ਇਹ ਦੁੱਲਾ ਇਤਿਹਾਸ ਦੇ ਹੋਰ ਦੁੱਲਿਆਂ ਤੋਂ ਇਸ ਗੱਲੋਂ ਵੱਖਰਾ ਹੈ ਕਿ ਇਹ ਤੇਗ ਦਾ ਧਨੀ ਨਹੀਂ, ਸਿਰ ਨਾਲ ਸੋਚਣ ਵਾਲਾ ਦੁੱਲਾ ਹੈ ਤੇ 'ਦਿੱਲੀ' ਦੇ ਦੁਖਾਏ ਹੋਏ ਲੋਕਾਂ ਦੇ ਦਿਲ ਨੂੰ ਧੂੰਹਦਾ ਹੈ। ਇਸ ਦੁੱਲੇ ਦੀ ਚੁਣੌਤੀ ਦਿੱਲੀ ਦੇ ਸ਼ਹਿਰ ਨੂੰ ਨਹੀਂ, ਇਹ ਚੁਣੌਤੀ ਇਸ ਦੇਸ਼ ਨੂੰ ਵੀ ਨਹੀਂ, ਸਗੋਂ ਚੁਣੌਤੀ ਦਿੱਲੀ ਦੀ ਉਸ ਦਿੱਖ ਨੂੰ ਹੈ, ਜਿਹੜੀ ਸੱਤਾ ਦੇ ਘੁਮੰਡ ਵਿੱਚ ਭਾਰਤ ਦੇਸ ਦੀਆਂ ਸਰਕਾਰਾਂ ਨੇ ਸਦੀਆਂ ਤੋਂ ਬਣਾਈ ਪਈ ਹੈ। ਭਾਰਤ ਹੁਣ ਇਤਿਹਾਸ ਦਾ ਕੋਈ ਅਹਿਮ ਪੰਨਾ ਪਲਟਣ ਵੱਲ ਵਧਦਾ ਵੀ ਸਾਬਤ ਹੋ ਸਕਦਾ ਹੈ।
06 March 2016