ਜੀਓ ਅਤੇ ਜੀਉਣ ਦਿਓ - ਗੁਰਸ਼ਰਨ ਸਿੰਘ ਕੁਮਾਰ
''ਬੁਰਾ ਜੋ ਦੇਖਣ ਮੈਂ ਚਲਾ, ਬੁਰਾ ਨਾ ਮਿਲਿਆ ਕੋਈ।
ਜੋ ਮਨ ਖੋਜਿਆ ਆਪਣਾ, ਮੁਝ ਸਾ ਬੁਰਾ ਨਾ ਕੋਈ।'' ਕਬੀਰ ਜੀ
ਹਰ ਮਨੁੱਖ ਨੂੰ, ਸਮਾਜ ਅਤੇ ਕਾਨੂੰਨ ਦੇ ਦਾਇਰੇ ਵਿਚ ਰਹਿੰਦੇ ਹੋਏ, ਆਪਣੀ ਮਰਜੀ ਨਾਲ ਅਤੇ ਆਪਣੇ ਹਿਸਾਬ ਸਿਰ ਜ਼ਿੰਦਗੀ ਜਿਉਣ ਦਾ ਮੁਢਲਾ ਅਧਿਕਾਰ ਹੈ। ਕਿਸੇ ਮਨੁੱਖ ਨੂੰ ਦੂਸਰੇ ਦੀ ਜੀਵਨ ਸ਼ੈਲੀ ਨੂੰ ਭੰਗ ਕਰਨ ਦਾ ਜਾਂ ਉਸ ਵਿਚ ਰੋੜੇ ਅਟਕਾਉਣ ਦਾ ਕੋਈ ਅਧਿਕਾਰ ਨਹੀਂ।
ਕਿਸੇ ਮਨੁੱਖ ਦੀ ਜ਼ਿੰਦਗੀ ਵਿਚ ਉਸ ਦੀ ਨਾਂਹ ਪੱਖੀ ਸੋਚ ਹੀ ਉਸ ਦਾ ਸਭ ਤੋਂ ਵੱਡਾ ਦੋਸ਼ ਹੈ॥ ਉਸ ਦਾ ਦੂਜਿਆਂ ਪ੍ਰਤੀ ਮਾੜਾ ਅਤੇ ਨਾਂਹ ਪੱਖੀ ਵਿਉਹਾਰ ਹੀ ਉਸ ਦੀ ਦਿਮਾਗੀ ਅਪੰਗਤਾ ਹੈ। ਉਹ ਹਮੇਸ਼ਾਂ ਦੂਜਿਆਂ ਵਿਚ ਨੁਕਸ ਕੱਢਦਾ ਰਹਿੰਦਾ ਹੈ ਅਤੇ ਚੀਕ ਚੀਕ ਕੇ ਗਲਾਂ ਕਰਦਾ ਹੈ। ਉਹ ਹਰ ਸਮੇਂ ਗੁੱਸੇ ਅਤੇ ਨਿਰਾਸ਼ਾਂ ਵਿਚ ਹੀ ਰਹਿੰਦਾ ਹੈ। ਉਸ ਨੂੰ ਰੱਬ ਨਾਲ ਅਤੇ ਰੱਬ ਦੇ ਬੰਦਿਆਂ ਨਾਲ ਸ਼ਿਕਾਇਤਾਂ ਹੀ ਰਹਿੰਦੀਆਂ ਹਨ। ਉਹ ਹਰ ਸਮੇਂ ਆਪਣੀ ਕਿਸਮਤ ਅਤੇ ਹਾਲਾਤ ਨੂੰ ਦੋਸ਼ ਦਿੰਦਾ ਰਹਿੰਦਾ ਹੈ। ਉਹ ਕਦੀ ਖ਼ੁਸ਼ ਨਹੀਂ ਰਹਿੰਦਾ। ਦਿਨ ਦਿਉਹਾਰ ਅਤੇ ਕਿਸੇ ਖ਼ੁਸ਼ੀ ਦੇ ਮੌਕੇ 'ਤੇ ਵੀ ਉਸ ਦੇ ਚਿਹਰੇ 'ਤੇ ਨਿਰਾਸ਼ਾਂ ਹੀ ਟਪਕਦੀ ਰਹਿੰਦੀ ਹੈ। ਅਜਿਹੇ ਲੋਕ ਨਾ ਤਾਂ ਆਪ ਢੰਗ ਨਾਲ ਜੀਉਂਦੇ ਹਨ ਅਤੇ ਨਾ ਹੀ ਦੂਜੇ ਨੂੰ ਜਿਉਣ ਦਿੰਦੇ ਹਨ। ਉਨ੍ਹਾਂ ਦੀ ਸਾਰੀ ਜ਼ਿੰਦਗੀ ਦੂਜਿਆਂ ਦੇ ਨੁਕਸ ਕੱਢਣ ਵਿਚ ਹੀ ਲੰਘ ਜਾਂਦੀ ਹੈ।
ਅੱਜ ਕੱਲ੍ਹ ਸਾਡੇ ਬਹੁਤ ਗੁਣੀ ਗਿਆਨੀ ਅਤੇ ਵਿਦਵਾਨ ਪਰਚਾਰਕ ਵੀ ਜਦ ਸਟੇਜ਼ ਤੇ ਆਉਂਦੇ ਹਨ ਤਾਂ ਕੋਈ ਚੰਗੀ ਗਲ ਕਰਨ ਦੀ ਬਜਾਏ, ਦੂਸਰਿਆਂ ਦੀ ਨਿੰਦਾ ਅਤੇ ਗ਼ਲਤੀਆਂ ਦਾ ਢੰਡੋਰਾ ਪਿੱਟਣ ਲੱਗ ਪੈਂਦੇ ਹਨ। ਦੂਸਰੇ ਦੀ ਨਿੰਦਾ ਕਰ ਕੇ ਉਹ ਆਪਣੀ ਹਉਮੇਂ ਨੂੰ ਪੱਠੇ ਪਾਉਂਦੇ ਹਨ। ਉਹ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ 'ਅਸੀਂ ਬਹੁਤ ਵਿਦਵਾਨ ਹਾਂ। ਸਾਡੇ ਜਿਹਾ ਅਕਲਮੰਦ ਅਤੇ ਸਿਆਣਾ ਇਸ ਦੁਨੀਆਂ ਵਿਚ ਹੀ ਕੋਈ ਨਹੀਂ। ਸਾਨੂੰ ਹਰ ਮਰਿਆਦਾ ਦਾ ਪਤਾ ਹੈ ਅਤੇ ਕੇਵਲ ਅਸੀਂ ਹੀ ਇਸ ਮਰਿਆਦਾ ਤੇ ਪੂਰਾ ਉਤਰਦੇ ਹਾਂ।' ਅਜਿਹੇ ਨਿੰਦਕ ਕਿਸੇ ਦਾ ਕੁਝ ਨਹੀਂ ਸਵਾਰ ਸਕਦੇ।
ਕਿਸੇ ਦੀ ਗ਼ਲਤੀ ਕੱਢਣੀ, ਬਿਨਾ ਮੰਗਣ ਤੋਂ ਉਸ ਨੂੰ ਕੋਈ ਸਲਾਹ ਜਾਂ ਸਿੱਖਿਆ ਦੇਣੀ ਤੁਹਾਨੂੰ ਭਾਰੂ ਵੀ ਪੈ ਸਕਦੀ ਹੈ। ਅੱਜ ਕੱਲ੍ਹ ਹਰ ਕੋਈ ਆਪਣੇ ਆਪ ਨੂੰ ਬਹੁਤ ਸਿਆਣਾ ਸਮਝਦਾ ਹੈ। ਉਹ ਆਪਣੇ ਕਿਸੇ ਵੀ ਕੰਮ ਵਿਚ ਦੂਜੇ ਦੀ ਦਖਲ-ਅੰਦਾਜ਼ੀ ਜਾਂ ਨੁਕਤਾਚੀਨੀ ਪਸੰਦ ਨਹੀਂ ਕਰਦਾ। ਉਸ ਨੂੰ ਆਪਣੇ ਛੋਟੇ ਛੋਟੇ ਕੰਮ ਵੀ ਮਹਾਨ ਜਾਪਦੇ ਹਨ। ਕਈ ਵਾਰੀ ਜਦ ਦੋ ਬੰਦੇ ਆਪਸ ਵਿਚ ਕੋਈ ਗਲ ਕਰ ਰਹੇ ਹੁੰਦੇ ਹਨ ਤਾਂ ਤੀਸਰਾ ਬੰਦਾ ਉਨ੍ਹਾਂ ਨੂੰ ਵਿਚੋਂ ਟੋਕ ਕੇ ਕੋਈ ਆਪਣੀ ਸਲਾਹ ਦੇਣ ਲੱਗ ਪੈਂਦਾ ਹੈ। ਇਹ ਵੀ ਗ਼ਲਤ ਹੈ। ਅਜਿਹੇ ਉਪਦੇਸ਼ ਕਿਸੇ ਨੂੰ ਚੰਗੇ ਨਹੀਂ ਲੱਗਦੇ।ਇਸ ਲਈ ਕਿਸੇ ਨੂੰ ਵੀ ਬਿਨਾ ਮੰਗਣ ਤੋਂ ਕੋਈ ਸਲਾਹ ਨਹੀਂ ਦੇਣੀ ਚਾਹੀਦੀ। ਤੁਹਾਡੀ ਇਸ ਤਰ੍ਹਾਂ ਦਿੱਤੀ ਹੋਈ ਸਲਾਹ ਦੀ ਕੋਈ ਕਦਰ ਨਹੀਂ ਪਵੇਗੀ। ਦੂਜਾ ਬੰਦਾ ਇਸ ਦਾ ਬੁਰਾ ਮੰਨ ਕੇ ਤੁਹਾਡੇ ਨਾਲ ਨਰਾਜ ਹੋ ਸਕਦਾ ਹੈ। ਉਹ ਤੁਹਾਡਾ ਲੰਮੇ ਸਮੇਂ ਲਈ ਦੁਸ਼ਮਣ ਵੀ ਬਣ ਸਕਦਾ ਹੈ ਅਤੇ ਹਰ ਸਮੇਂ ਤੁਹਾਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਵਿਚ ਰਹੇਗਾ।
ਕਿਸੇ ਨੂੰ ਤਾਕਤ ਦੇ ਬਲ ਤੇ ਜ਼ਿਆਦਾ ਸਮੇਂ ਲਈ ਨਹੀਂ ਦਬਾਇਆ ਜਾ ਸਕਦਾ। ਜ਼ਿਆਦਤੀਆਂ ਅਤੇ ਨਾਇਨਸਾਫੀਆਂ ਕਾਰਨ ਲੋਕਾਂ ਵਿਚ ਰੋਸ ਪੈਦਾ ਹੁੰਦਾ ਹੈ ਅਤੇ ਉਹ ਬਗਾਵਤ ਤੇ ਉਤਰ ਆਉਂਦੇ ਹਨ। ਕਈ ਵਾਰੀ ਅਜਿਹੇ ਲੋਕ ਆਪਣੇ ਅੰਦਰ ਬਦਲੇ ਦੀ ਬਹੁਤ ਭਾਵਨਾ ਰੱਖਦੇ ਹਨ। ਉਹ ਹਮੇਸ਼ਾਂ ਅੰਦਰੋਂ ਅਸ਼ਾਂਤ ਅਤੇ ਗੁੱਸੇ ਵਿਚ ਰਹਿੰਦੇ ਹਨ। ਇਹ ਬਦਲਾ ਉਨ੍ਹਾਂ ਲਈ ਅਣਖ ਦਾ ਸੁਆਲ ਬਣ ਜਾਂਦਾ ਹੈ। ਇਸ ਲਈ ਉਨ੍ਹਾਂ ਦੇ ਜ਼ਖ਼ਮ ਹਮੇਸ਼ਾਂ ਹਰੇ ਰਹਿੰਦੇ ਹਨ। ਕਈ ਵਾਰੀ ਉਹ ਆਪਣੀ ਜਾਨ ਦਾਅ 'ਤੇ ਲਾ ਕੇ ਅਤੇ ਦੂਸਰੇ ਦੀ ਜਾਨ ਲੈ ਕੇ ਹੀ ਇਸ ਬਦਲੇ ਨੂੰ ਉਤਾਰਦੇ ਹਨ।
ਕਈ ਲੋਕ ਦੂਸਰੇ ਨੂੰ ਕਮਜੋਰ ਜਾਂ ਲਾਚਾਰ ਸਮਝ ਕੇ ਆਪਣੀ ਤਾਕਤ ਦਿਖਾਉਣ ਲਈ ਉਸ ਤੇ ਆਪਣੀ ਫ਼ਾਲਤੂ ਧੋਂਸ ਜਮਾਉਂਦੇ ਹਨ। ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਜੋ ਲੋਕ ਤਲਵਾਰ ਦੇ ਬਲ ਨਾਲ ਦੂਸਰੇ ਨੂੰ ਦਬਾ ਕੇ ਰੱਖਦੇ ਹਨ, ਉਨ੍ਹਾਂ ਦੀ ਉਹ ਹੀ ਤਲਵਾਰ ਇਕ ਦਿਨ ਉਨ੍ਹਾਂ ਦਾ ਗਲਾ ਕੱਟਦੀ ਹੈ। ਕੋਈ ਜਾਲਮ ਦੂਸਰੇ 'ਤੇ ਜੁਲਮ ਤਾਂ ਕਰ ਸਕਦਾ ਹੈ ਪਰ ਉਸ ਦੀ ਕਿਸਮਤ ਨਹੀਂ ਖੋਹ ਸਕਦਾ ਕਿਉਂਕਿ ਉਸ ਦਾ ਵੀ ਰੱਬ ਹੈ।
ਕਿਸੇ ਦੀ ਨਿੱਜੀ ਜ਼ਿੰਦਗੀ ਵਿਚ ਦਖਲ ਨਹੀਂ ਦੇਣਾ ਚਾਹੀਦਾ। ਦੂਸਰੇ 'ਤੇ ਆਪਣੀ ਮਰਜੀ ਨਾ ਠੋਸੋ। 'ਜੀਓ ਅਤੇ ਜਿਉਣ ਦਿਓ' ਦੇ ਸਿਧਾਂਤ ਤੇ ਚੱਲੋ। ਇਸ ਵਿਚ ਹੀ ਸਭ ਦੀ ਬਿਹਤਰੀ ਹੈ। ਆਪ ਖ਼ੁਸ਼ ਰਹੋ ਅਤੇ ਦੂਸਰੇ ਨੂੰ ਵੀ ਖ਼ੁਸ਼ ਰਹਿਣ ਦਿਓ। ਉਸ ਨੂੰ ਆਪਣੀ ਜ਼ਿੰਦਗੀ ਆਪਣੇ ਹਿਸਾਬ ਸਿਰ ਜਿਉਣ ਦਿਓ।
ਆਮ ਘਰਾਂ ਵਿਚ ਨੂੰਹ ਸੱਸ ਦੇ ਝਗੜੇ ਦਾ ਮੁੱਢ ਵੀ ਜ਼ਿਆਦਾ ਟੋਕਾਟਾਕੀ ਤੋਂ ਹੀ ਬੱਝਦਾ ਹੈ। ਮੀਆਂ ਬੀਬੀ ਦੇ ਝਗੜੇ ਅਤੇ ਤਲਾਕਾਂ ਦਾ ਕਾਰਨ ਵੀ ਇਕ ਦੂਸਰੇ ਦੀ ਨੁਕਤਾਚੀਨੀ ਅਤੇ ਸਹਿਨਸ਼ੀਲਤਾ ਦੀ ਘਾਟ ਹੀ ਹੁੰਦਾ ਹੈ। ਘਰਾਂ ਵਿਚ ਕਲੇਸ਼ ਰਹਿਣ ਲੱਗ ਪੈਂਦਾ ਹੈ ਅਤੇ ਸਾਰੇ ਜੀਅ ਸਦਮੇ ਵਿਚ ਆ ਜਾਂਦੇ ਹਨ। ਅੱਜ ਕੱਲ੍ਹ ਤਾਂ ਛੋਟੇ ਬੱਚੇ ਵੀ ਆਪਣੇ ਕੰਮਾਂ ਵਿਚ ਕਿਸੇ ਦੀ ਟੋਕਾਟਾਕੀ ਬਰਦਾਸ਼ਤ ਨਹੀਂ ਕਰਦੇ। ਉਹ ਛੋਟੀ ਛੋਟੀ ਗਲ ਤੇ ਮੂੰਹ ਫੁਲਾ ਕੇ ਬੈਠ ਜਾਂਦੇ ਹਨ ਅਤੇ ਉੱਚੀ ਉੱਚੀ ਚੀਕਾਂ ਮਾਰ ਕੇ ਆਪਣਾ ਗੁੱਸਾ ਜ਼ਾਹਿਰ ਕਰਦੇ ਹਨ। ਜੇ ਤੁਸੀਂ ਵੱਡੇ ਹੋ ਤਾਂ ਆਪਣਾ ਵਡੱਪਣ ਦਿਖਾਓ। ਇਕ ਦਮ ਕ੍ਰੋਧ ਵਿਚ ਨਾ ਆਓ। ਕ੍ਰੋਧ ਅਤੇ ਕਾਹਲੀ ਵਿਚ ਕੀਤਾ ਗਿਆ ਕੋਈ ਫੈਸਲਾ ਠੀਕ ਨਹੀਂ ਹੁੰਦਾ। ਖੌਲ੍ਹਦੇ ਪਾਣੀ ਵਿਚ ਤਾਂ ਮਨੁੱਖ ਨੂੰ ਆਪਣਾ ਚਿਹਰਾ ਵੀ ਨਜ਼ਰ ਨਹੀਂ ਆਉਂਦਾ।
ਤੁਸੀਂ ਆਪਣੇ ਅੰਦਰ ਕੁਝ ਸਹਿਨਸ਼ੀਲਤਾ ਰੱਖੋ ਅਤੇ ਸਹਿਜ ਵਿਚ ਰਹੋ। ਕੁਝ ਸਬਰ ਕਰੋ। ਦੂਸਰੇ ਬਾਰੇ ਇਕ ਦਮ ਕੋਈ ਗ਼ਲਤ ਰਾਇ ਕਾਇਮ ਨਾ ਕਰੋ। ਉਸ ਦੇ ਹਾਲਾਤ ਅਤੇ ਮਜ਼ਬੂਰੀਆਂ ਸਮਝੋ। ਆਪਣੇ ਆਪ ਨੂੰ ਉਸ ਦੇ ਸਥਾਨ ਤੇ ਰੱਖ ਕੇ ਦੇਖੋ ਕਿ ਉਹ ਕਿੰਨਾ ਕੁ ਗ਼ਲਤ ਜਾਂ ਠੀਕ ਹੈ। ਕਿਸੇ ਨਾਲ ਵਿਚਾਰਾਂ ਦਾ ਮਤਭੇਦ ਬੇਸ਼ੱਕ ਰੱਖੋ ਪਰ ਮਨ ਵਿਚ ਕਿਸੇ ਮਨੁੱਖ ਪ੍ਰਤੀ ਦਵੈਸ਼ ਅਤੇ ਭੈਦਭਾਵ ਨਾ ਰੱਖੋ। ਮਨੁੱਖ ਮਨੁੱਖ ਵਿਚ ਵਿਤਕਰਾ ਪੈਦਾ ਨਾ ਕਰੋ। ਦਿਲਾਂ ਵਿਚ ਦੀਵਾਰਾਂ ਖੜ੍ਹੀਆਂ ਨਾ ਕਰੋ।
ਸਾਨੂੰ ਆਪਣੀ ਜ਼ਿੰਦਗੀ ਸਲੀਕੇ ਨਾਲ ਜਿਉਣੀ ਚਾਹੀਦੀ ਹੈ। ਕਿਸੇ ਬੰਦੇ ਦੀ ਚੰਗੀ ਸੋਚ, ਅਮੀਰੀ, ਉੱਚੀ ਪੜ੍ਹਾਈ, ਲਿਆਕਤ ਅਤੇ ਰੁਤਬੇ ਦਾ ਕੋਈ ਲਾਭ ਨਹੀਂ ਜੇ ਉਸ ਦਾ ਦੂਜੇ ਬੰਦਿਆਂ ਨਾਲ ਵਿਉਹਾਰ ਸੁਹਿਰਦਤਾ ਵਾਲਾ ਨਹੀਂ। ਆਪਣਾ ਹੰਕਾਰ ਤਿਆਗੋ ਅਤੇ ਆਪਣੇ ਮਨ ਵਿਚ ਦਇਆ ਭਾਵਨਾ ਰੱਖਦੇ ਹੋਏ ਦੂਸਰੇ ਨਾਲ ਪਿਆਰ ਅਤੇ ਹਮਦਰਦੀ ਨਾਲ ਪੇਸ਼ ਆਓ। ਇਸ ਤਰ੍ਹਾਂ ਤੁਸੀਂ ਦੂਜੇ ਦਾ ਮਨ ਜਿੱਤ ਸਕੋਗੇ। ਇਹ ਯਾਦ ਰੱਖੋ ਕਿ ਜੀਵਨ ਦਾ ਸਭ ਤੋਂ ਵੱਡਾ ਅਪਰਾਧ, 'ਕਿਸੇ ਦੀ ਅੱਖ ਵਿਚ ਅੱਥਰੂ ਤੁਹਾਡੀ ਵਜਹਾ ਨਾਲ ਹੋਣਾ ਹੁੰਦਾ ਹੈ' ਅਤੇ ਜੀਵਨ ਦੀ ਸਭ ਤੋਂ ਵੱਡੀ ਉਪਲਭਦੀ 'ਕਿਸੇ ਦੀ ਅੱਖ ਵਿਚ ਅੱਥਰੂ ਤੁਹਾਡੇ ਲਈ ਹੋਣਾ ਹੁੰਦੇ ਹਨ'।
ਪ੍ਰਮਾਤਮਾਂ ਨੇ ਤਾਂ ਸਾਰੀ ਮਨੁੱਖਤਾ ਨੂੰ ਬਰਾਬਰ ਬਣਾ ਕੇ ਇਸ ਧਰਤੀ ਤੇ ਭੇਜਿਆ ਹੈ ਅਤੇ ਕੁਦਰਤ ਦੇ ਸਾਰੇ ਸੋਮੇਂ ਮਨੁੱਖਾਂ ਲਈ ਖੋਲ੍ਹ ਦਿੱਤੇ ਹਨ ਪਰ ਸਾਡੇ ਭਾਰਤਵਰਸ਼ ਵਿਚ ਮੰਨੂ ਸਮ੍ਰਿਤੀ ਅਨੁਸਾਰ ਮਨੁੱਖਾਂ ਨੁੰ ਚਾਰ ਵਰਨਾਂ-'ਬ੍ਰਹਾਮਣ, ਵੈਸ਼, ਖੱਤਰੀ ਅਤੇ ਸ਼ੂਦਰ'-ਵਿਚ ਵੰਡ ਦਿੱਤਾ ਗਿਆ ਤਾਂ ਕਿ ਮਨੁੱਖ ਮਨੁੱਖ ਵਿਚ ਵਿਤਕਰਾ ਪੈਦਾ ਕੀਤਾ ਜਾਏ। ਸਭ ਤੋਂ ਜ਼ਿਆਦਾ ਮਾਰ ਸ਼ੂਦਰਾਂ ਤੇ ਪਈ। ਉਨ੍ਹਾਂ ਨੂੰ ਸਭ ਤੋਂ ਘਟੀਆ ਸਮਝਿਆ ਜਾਂਦਾ ਸੀ। ਜੇ ਕਿਸੇ ਸ਼ੂਦਰ ਦਾ ਪ੍ਰਛਾਵਾਂ ਵੀ ਕਿਸੇ ਉੱਚੀ ਜਾਤ ਦੇ ਬੰਦੇ 'ਤੇ ਪੈ ਜਾਵੇ ਤਾਂ ਉਹ ਭਿੱਟ ਜਾਂਦਾ ਸੀ ਅਤੇ ਉਸ ਨੂੰ ਉਸੇ ਸਮੇਂ ਹੀ ਨਹਾਉਣਾ ਪੈਂਦਾ ਸੀ। ਸ਼ੂਦਰਾਂ ਦਾ ਮੰਦਿਰਾਂ ਵਿਚ ਜਾਣਾ ਮਨਾ ਸੀ। ਇਥੋਂ ਤੱਕ ਕੇ ਜੇ ਕੋਈ ਸ਼ੂਦਰ ਚੋਰੀ ਛਿਪੇ ਪ੍ਰਮਾਤਮਾਂ ਦੇ ਮੰਤਰ ਸੁਣ ਲਏ ਤਾਂ ਉਸ ਦੇ ਕੰਨਾਂ ਵਿਚ ਪਿਘਲਿਆ ਹੋਇਆ ਸ਼ੀਸ਼ਾ ਪਾ ਦਿੱਤਾ ਜਾਂਦਾ ਸੀ।
ਜਾਤੀਆਂ ਦੀ ਵੰਡ ਤੋਂ ਬਾਅਦ ਇੱਥੇ ਲਿੰਗ ਭੇਦ ਵੀ ਪੈਦਾ ਕੀਤਾ ਗਿਆ। ਔਰਤਾਂ ਨੂੰ ਪੁਰਸ਼ਾਂ ਤੋਂ ਘਟੀਆ ਸਮਝਿਆ ਜਾਂਦਾ ਸੀ। ਇਕ ਤਰ੍ਹਾਂ ਨਾਲ ਸ਼ੂਦਰਾਂ ਅਤੇ ਔਰਤਾਂ ਨੂੰ ਮਨੁੱਖ ਸਮਝਿਆ ਹੀ ਨਹੀਂ ਸੀ ਜਾਂਦਾ। ਉਨ੍ਹਾਂ ਨੂੰ ਜ਼ਿੰਦਗੀ ਦੇ ਪੂਰੇ ਅਧਿਕਾਰ ਨਹੀਂ ਸਨ ਮਿਲਦੇ। ਮੰਦਿਰਾਂ ਵਿਚ ਔਰਤਾਂ ਨੂੰ ਦੇਵਦਾਸੀਆਂ ਬਣਾ ਕੇ ਰੱਖਿਆ ਜਾਂਦਾ ਸੀ। ਪੂਜਾਰੀ ਇਨ੍ਹਾਂ ਦੇਵਦਾਸੀਆਂ ਨਾਲ ਵਿਭਚਾਰ ਕਰ ਕੇ ਬੱਚੇ ਪੈਦਾ ਕਰਦੇ ਸਨ ਪਰ ਉਨ੍ਹਾਂ ਬੱਚਿਆਂ ਨੂੰ ਆਪਣਾ ਨਾਮ ਕਦੀ ਨਹੀਂ ਸਨ ਦਿੰਦੇ। ਇਹ ਬੱਚੇ ਅੱਗੋਂ ਉਨ੍ਹਾਂ ਦੇ ਗ਼ੁਲਾਮਾਂ ਦੀ ਤਰ੍ਹਾਂ ਹੀ ਪਲਦੇ ਸਨ। ਕਈ ਵਾਰੀ ਪੂਜਾਰੀ ਦੇਵਦਾਸੀਆਂ (ਬਾਲੜੀਆਂ) ਨੂੰ ਸ਼ਹਿਰ ਦੇ ਅਮੀਰਾਂ ਦੀ ਹਵਸ ਪੂਰੀ ਕਰਨ ਲਈ ਵੀ ਭੇਂਟ ਕਰ ਦਿੰਦੇ ਸਨ। ਕਿੰਨਾਂ ਘਿਨਾਉਣਾ ਹੈ ਇਹ ਸਾਡੇ ਧਾਰਮਿਕ ਲੋਕਾਂ ਦਾ ਉਸ ਸਮੇਂ ਦਾ ਚਿਹਰਾ? ਮਨੁੱਖਤਾ ਦਾ ਸੋਸ਼ਨ ਅਤੇ ਮਨੁੱਖ ਦੇ ਮਨੁੱਖ 'ਤੇ ਅੱਤਿਆਚਾਰ ਕੁਦਰਤ ਦੇ ਕਾਨੂੰਨ ਦੀ ਅਵੱਗਿਆ ਹੀ ਤਾਂ ਹੈ।
ਸਦੀਆਂ ਤੱਕ ਭਾਰਤਵਰਸ਼ ਵਿਚ ਸ਼ੂਦਰਾਂ ਅਤੇ ਔਰਤਾਂ ਦਾ ਸੋਸ਼ਨ ਹੁੰਦਾ ਰਿਹਾ। ਪੰਦਰਵੀ ਸਦੀ ਵਿਚ ਸ੍ਰੀ ਗੁਰੂੂੂੂੂੂ ਨਾਨਕ ਦੇਵ ਜੀ ਨੇ ਇਨ੍ਹਾਂ ਦੀ ਬਾਂਹ ਫੜੀ ਅਤੇ ਸਭ ਨੂੰ ਬਰਾਬਰ ਦਾ ਦਰਜ਼ਾ ਦਿੱਤਾ। ਉਨ੍ਹਾਂ ਨੇ ਸਿੱਖ ਮੱਤ ਵਿਚ ਲੰਗਰ ਅਤੇ ਪੰਗਤ ਦੀ ਰਸਮ ਦੀ ਨੀਂਹ ਰੱਖੀ। ਭਾਵ ਇਹ ਕਿ ਸਭ ਮਨੁੱਖ (ਭਾਵੇਂ ਉਹ ਕਿਸੇ ਵੀ ਜਾਤ ਦੇ ਹੋਣ) ਬਰਾਬਰ ਦੇ ਹਨ ਅਤੇ ਸਾਰੇ ਇਕੱਠੇ ਬੈਠ ਕੇ ਭੋਜਨ ਕਰ ਸਕਦੇ ਹਨ। ਉਨ੍ਹਾਂ ਨੇ 'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ' ਕਹਿ ਕੇ ਔਰਤ ਨੂੰ ਵਡਿਆਇਆ ਅਤੇ ਉਸ ਨੂੰ ਮਰਦਾਂ ਦੇ ਬਰਾਬਰ ਦਾ ਦਰਜਾ ਦਿੱਤਾ। ਸਿੱਖਾਂ ਵਿਚ ਔਰਤ ਨੂੰ ਜਗਤ ਜਨਨੀ ਜਾਣ ਕੇ ਵਿਸ਼ੇਸ਼ ਸਤਿਕਾਰ ਦਿੱਤਾ ਜਾਂਦਾ ਹੈ।
ਮਹਾਤਮਾਂ ਗਾਂਧੀ ਨੇ ਆਜ਼ਾਦੀ ਤੋਂ ਪਹਿਲਾਂ ਸ਼ੂਦਰਾਂ ਨਾਲ ਹਮਦਰਦੀ ਦਿਖਾਈ ਅਤੇ ਉਨ੍ਹਾਂ ਨੂੰ ਹਰੀਜਨ ਕਹਿ ਕੇ ਪੁਕਾਰਿਆ। ਮਹਾਤਮਾਂ ਗਾਂਧੀ ਦੀ ਸ਼ੂਦਰਾਂ ਨਾਲ ਇਹ ਹਮਦਰਦੀ ਫੌਕੀ ਹੀ ਸਾਬਤ ਹੋਈ ਕਿਉਂਕਿ ਕੇਵਲ ਨਾਮ ਦੇ ਬਦਲਣ ਨਾਲ ਕਿਸੇ ਦੇ ਗੁਣ ਜਾਂ ਕਿਸਮਤ ਨਹੀਂ ਬਦਲ ਜਾਂਦੀ। ਉਨ੍ਹਾਂ ਨੂੰ ਤਾਂ ਬਰਾਬਰ ਦਾ ਦਰਜਾ ਚਾਹੀਦਾ ਸੀ। ਅਸੀਂ ਮਨੁੱਖਤਾ ਵਿਚ ਵੰਡੀਆਂ ਹੋਰ ਵੀ ਵਧਾ ਰਹੇ ਹਾਂ। ਅਸੀਂ ਧਰਮ ਦੇ ਨਾਮ 'ਤੇ, ਮੰਦਿਰ ਮਸਜ਼ਿਦ ਦੇ ਨਾਮ 'ਤੇ ਅਤੇ ਗਊ ਮਾਸ ਦੇ ਨਾਮ 'ਤੇ ਇਕ ਦੂਜੇ ਦੇ ਦੁਸ਼ਮਣ ਬਣਦੇ ਜਾ ਰਹੇ ਹਾਂ। ਸਾਨੂੰ ਇਸ ਜ਼ਹਿਰੀ ਸੋਚ ਤੋਂ ਬਚਣਾ ਚਾਹੀਦਾ ਹੈ। ਕੀ ਅਸੀਂ ਕਦੀ ਸੋਚਿਆ ਹੈ ਕਿ ਜਿਹੜੀ ਕਣਕ ਦਾ ਆਟਾ ਅਸੀਂ ਖਾਂਦੇ ਹਾਂ ਉਸ ਕਣਕ ਨੂੰ ਕਿਸੇ ਸ਼ੂਦਰ, ਹਿੰਦੂ ਜਾਂ ਮੁਸਲਮਾਨ ਨੇ ਤਾਂ ਨਹੀਂ ਪੈਦਾ ਕੀਤਾ ਹੈ? ਨਹੀਂ ਨਾ? ਫਿਰ ਸਾਡੀ ਸੋਚ ਇਤਨੀ ਤੰਗਦਿਲ ਕਿਉਂ ਹੈ? ਇਸ ਹਿਸਾਬ ਸਿਰ ਤਾਂ ਅਸੀਂ ਜਾਨਵਰਾਂ ਤੋਂ ਵੀ ਗਏ ਗੁਜ਼ਰੇ ਹਾਂ।
ਆਜ਼ਾਦੀ ਤੋਂ ਬਾਅਦ ਸਾਡੇ ਰਾਜਨੇਤਾਵਾਂ ਨੇ ਆਪਣੇ ਵੋਟ ਬੈਂਕ ਨੂੰ ਪੱਕਾ ਕਰਨ ਲਈ ਇਸ ਭੇਦਭਾਵ ਨੂੰ ਖੂਬ ਹੁਲਾਰਾ ਦਿੱਤਾ। ਕੋਈ ਵੀ ਸਰਕਾਰੀ ਨੌਕਰੀ ਲੈਣੀ ਹੋਏ ਤਾਂ ਪਹਿਲਾਂ ਬੰਦੇ ਦੀ ਜਾਤ ਪੁੱਛੀ ਜਾਂਦੀ ਹੈ। ਐਸਾ ਕਿਉਂ? ਸਰਕਾਰ ਨੇ ਇਨ੍ਹਾਂ ਨੂੰ ਕੁਝ ਰਿਆਇਤਾਂ ਅਤੇ ਕੁਝ ਸਹੂਲਤਾਂ ਦੇ ਕੇ ਇਸ ਜਾਤਪਾਤ ਨੂੰ ਹੋਰ ਪੱਕਾ ਕੀਤਾ। ਹੁਣ ਤਾਂ ਇਹ ਲੋਕ ਵੀ ਇਨ੍ਹਾਂ ਸਹੂਲਤਾਂ ਦੇ ਆਦੀ ਹੋ ਗਏ ਹਨ। ਜੇ ਕਿਸੇ ਨੂੰ ਬਿਨਾ ਕੰਮ ਦੇ ਕੋਈ ਚੀਜ ਮਿਲ ਜਾਏ ਤਾਂ ਉਸ ਨੂੰ ਮਿਹਨਤ ਕਰਨ ਦੀ ਕੀ ਜ਼ਰੂਰਤ ਹੈ? ਇਹ ਲੋਕ ਹੁਣ ਕਦੀ ਨਹੀਂ ਕਹਿੰਦੇ ਕਿ ਜੇ ਸਭ ਬੰਦੇ ਬਰਾਬਰ ਹਨ ਤਾਂ ਫਿਰ ਸਾਡੀ ਜਾਤ ਕਿਉਂ ਪੁੱਛੀ ਜਾਂਦੀ ਹੈ? ਸਾਰੇ ਧਰਮਾਂ ਵਾਲੇ ਮੰਨਦੇ ਹਨ ਕਿ ਪ੍ਰਮਾਤਮਾਂ ਇਕ ਹੈ ਅਤੇ ਉਸ ਲਈ ਸਭ ਮਨੁੱਖ ਬਰਾਬਰ ਹਨ। ਜੇ ਮੰਦਿਰਾਂ ਵਿਚ ਹੀ ਮਨੁੱਖਾਂ ਨਾਲ ਵਿਤਕਰਾ ਪੈਦਾ ਕੀਤਾ ਜਾਏ ਤਾਂ ਫਿਰ ਉਹ ਪ੍ਰਮਾਤਮਾਂ ਦੇ ਘਰ ਨਹੀਂ । ਇਨ੍ਹਾਂ ਨੂੰ ਅਜਿਹੇ ਮੰਦਿਰਾਂ ਵਿਚ ਪੈਰ ਪਾਣ ਤੋਂ ਖੁਦ ਹੀ ਇਨਕਾਰ ਕਰ ਦੇਣਾ ਚਾਹੀਦਾ ਹੈ। ਜੇ ਸਰਕਾਰ ਮੁਲਕ ਵਿਚੋਂ ਜਾਤ ਪਾਤ ਮਿਟਾਉਣਾ ਚਾਹੁੰਦੀ ਹੈ ਤਾਂ ਜਿਸ ਤਰ੍ਹਾਂ ਸਾਰੇ ਦੇਸ਼ ਵਿਚ ਸਾਰੇ ਟੈਕਸਾਂ ਨੂੰ ਰਲਾ ਕੇ ਇਕ ਟੈਕਸ ਜੀ.ਐਸ.ਟੀ ਲਾਗੂ ਕਰ ਦਿੱਤਾ ਗਿਆ ਹੈ, ਇਸੇ ਤਰ੍ਹਾਂ ਸਾਰੀਆਂ ਜਾਤੀਆਂ ਨੂੰ ਰਲਾ ਕੇ ਕੇਵਲ ਭਾਰਤਵਾਸੀ ਜਾਤੀ ਕਿਉਂ ਨਹੀਂ ਲਾਗੂ ਕਰ ਦਿੱਤੀ ਜਾਂਦੀ। ਇਸ ਨਾਲ ਦੇਸ਼ ਵਿਚੋਂ ਜਾਤ ਪਾਤ ਦਾ ਭੇਦ ਭਾਵ ਖਤਮ ਹੋ ਸਕਦਾ ਹੈ।
ਕੁਦਰਤ ਨੇ ਤਾਂ ਸਾਰੀ ਮਨੁੱਖਤਾ ਨੂੰ ਇਕੋ ਹੀ ਧਰਤੀ ਸਾਂਝੇ ਤੋਰ ਤੇ ਦਿੱਤੀ ਸੀ ਪਰ ਕੁਝ ਮੌਕਾ ਪਰਸਤ ਤਕੜੇ ਹਾਕਮਾਂ ਨੇ ਵੰਡੀਆਂ ਪਾ ਕੇ ਧਰਤੀ ਤੇ ਹੀ ਅਲੱਗ ਅਲੱਗ ਦੇਸ਼ ਬਣਾ ਲਏ ਅਤੇ ਸਰਹੱਦਾਂ ਖੜ੍ਹੀਆਂ ਕਰ ਕੇ ਮਨੁਖਾਂ ਵਿਚ ਦੁਸ਼ਮਣੀਆਂ ਪੈਦਾ ਕਰ ਦਿੱਤੀਆਂ। ਸਾਰੀ ਦੁਨੀਆਂ ਵਿਚ ਗ਼ੁਲਾਮ ਪ੍ਰਥਾਂ ਸਦੀਆਂ ਤੱਕ ਚਲਦੀ ਰਹੀ। ਮਨੁੱਖਾਂ ਨੂੰ ਮਨੁੱਖਾਂ ਦੁਆਰਾ ਹੀ ਗ਼ੁਲਾਮ ਬਣਾਇਆ ਜਾਂਦਾ ਸੀ। ਜਿਸ ਦੇ ਜਿੰਨੇ ਜਿਆਦਾ ਗ਼ੁਲਾਮ ਹੁੰਦੇ ਸਨ ਉਸ ਨੂੰ ਓਨਾ ਹੀ ਤਾਕਤਵਰ ਅਤੇ ਵੱਡਾ ਸਮਝਿਆ ਜਾਂਦਾ ਸੀ। ਇਨਾਂ ਗ਼ੁਲਾਮਾਂ ਦੀ ਹਾਲਤ ਬੜੀ ਤਰਸਯੋਗ ਸੀ। ਉਹ ਪੀੜ੍ਹੀ ਦਰ ਪੀੜ੍ਹੀ ਗ਼ੁਲਾਮ ਹੀ ਰਹਿੰਦੇ ਸਨ। ਇਨਾਂ ਨੂੰ ਨਾ ਮਾਤਰ ਭੋਜਨ ਦਿੱਤਾ ਜਾਂਦਾ ਸੀ ਤਾਂ ਕਿ ਇਹ ਜਿੰਦਾ ਰਹਿਣ ਪਰ ਬਗਾਵਤ ਨਾ ਕਰ ਸੱਕਣ। ਗ਼ੁਲਮਾਂ ਤੋਂ ਭਾਰੀ ਮੁਸ਼ੱਕਤ ਕਰਾਈ ਜਾਂਦੀ ਸੀ। ਜੇ ਕੋਈ ਗ਼ੁਲਾਮ ਆਪਣੇ ਕੰਮ ਵਿਚ ਜ਼ਰਾ ਵੀ ਢਿੱਲਾ ਪੈਂਦਾ ਤਾਂ ਉਸ ਨੂੰ ਕੌੜੇ ਮਾਰੇ ਜਾਂਦੇ ਸਨ ਅਤੇ ਹੋਰ ਕਈ ਖੌਫਨਾਕ ਤਸੀਹੇ ਦਿੱਤੇ ਜਾਂਦੇ ਸਨ। ਇਨ੍ਹਾਂ ਗ਼ੁਲਾਮਾਂ ਦੀ ਕਿਧਰੇ ਕੋਈ ਦਾਦ ਫਰਿਆਦ ਨਹੀਂ ਸੀ। ਕਿਸੇ ਗ਼ੁਲਾਮ ਨੂੰ ਜਾਨੋ ਮਾਰ ਦੇਣਾ ਕਿਸੇ ਕੀੜੇ ਨੂੂੰ ਮਾਰ ਦੇਣ ਬਰਾਬਰ ਹੀ ਸੀ। ਬੇਸ਼ੱਕ ਵਿਦਿਆ ਅਤੇ ਵਿਗਿਆਨ ਦੇ ਪ੍ਰਸਾਰ ਨਾਲ ਮਨੁੱਖ ਨੂੰ ਕੁਝ ਸੋਝੀ ਆਈ ਅਤੇ ਬਰਾਬਰਤਾ ਵਲ ਕੁਝ ਕਦਮ ਪੁੱਟੇ ਗਏ ਪਰ ਹਾਲੀ ਵੀ ਤਾਕਤਵਰ ਮੁਲਕ ਕਮਜੋਰ ਮੁਲਕਾਂ 'ਤੇ ਆਪਣਾ ਪੂਰਾ ਦਾਬਾ ਰੱਖਦੇ ਹਨ ਅਤੇ ਉਨ੍ਹਾਂ ਦੇ ਕੁਦਰਤੀ ਜ਼ਰਖੇਜ ਵਸੀਲਿਆਂ ਦੀ ਲੁੱਟ ਖਸੁੱਟ ਕਰਦੇ ਹਨ। ਪੂਰੀ ਮਨੁੱਖੀ ਬਰਾਬਰਤਾ ਲਈ ਹਾਲੀ ਸਾਨੂੰ ਇਕ ਲੰਮਾ ਪੈਂਡਾ ਤਹਿ ਕਰਨਾ ਪਵੇਗਾ।
ਲੋਕਾਂ ਦੀਆਂ ਕਮੀਆਂ ਲੱਭਣ ਦੀ ਥਾਂ ਆਪਣੇ ਅੰਦਰ ਦੀਆਂ ਕਮੀਆਂ ਦੂਰ ਕਰੋ। ਦੁਨੀਆਂ ਵਿਚ ਕੋਈ ਵੀ ਮਨੁੱਖ ਸਰਬ ਗੁਣ ਸੰਪੂਰਨ ਨਹੀਂ। ਇਸ ਬਾਰੇ ਭਗਤ ਕਬੀਰ ਜੀ ਨੇ ਆਪਣੀ ਬਾਣੀ ਵਿਚ ਬੜਾ ਸੋਹਣਾ ਲਿਖਿਆ ਹੈ:
''ਬੁਰਾ ਜੋ ਦੇਖਣ ਮੈਂ ਚਲਾ, ਬੁਰਾ ਨਾ ਮਿਲਿਆ ਕੋਈ।
ਜੋ ਮਨ ਖੋਜਿਆ ਆਪਣਾ, ਮੁਝ ਸਾ ਬੁਰਾ ਨਾ ਕੋਈ।''
ਫੁੱਲਾਂ ਦੀ ਤਰ੍ਹਾਂ ਇਹ ਜ਼ਿੰਦਗੀ ਬਹੁਤ ਛੋਟੀ ਹੈ ਇਸ ਲਈ ਸਦਾ ਖ਼ੁਸ਼ ਰਹੋ ਅਤੇ ਖ਼ੁਸ਼ਬੁਆਂ ਵੰਡੋ ਅਤੇ ਆਪਣੀ ਜ਼ਿੰਦਗੀ ਨੂੰ ਕਾਮਯਾਬ ਬਣਾਓ। ਦੂਸਰਿਆਂ ਨਾਲ ਅਜਿਹਾ ਸਲੂਕ ਕਰੋ ਜਿਸ ਤਰ੍ਹਾਂ ਦਾ ਸਲੂਕ ਤੁਸੀਂ ਦੂਜਿਆਂ ਤੋਂ ਆਪਣੇ ਲਈ ਪਸੰਦ ਕਰਦੇ ਹੋ। ਦੂਸਰਿਆਂ ਨੂੰ ਦੋਸ਼ ਦੇਣ ਜਾਂ ਉਨ੍ਹਾਂ ਦੀਆਂ ਗ਼ਲਤੀਆਂ ਕੱਢਣ ਅਤੇ ਨੁਕਤਾਚੀਨੀ ਕਰਨ ਦੀ ਥਾਂ ਆਪਣੀ ਸੋਚ ਨੂੰ ਸਦਾ ਉਸਾਰੂ ਰੱਖੋ। ਕਦੀ ਕਿਸੇ ਦਾ ਦਿਲ ਨਾ ਦੁਖਾਓ। ਕਦੀ ਕਿਸੇ ਗ਼ਰੀਬ ਅਤੇ ਲਾਚਾਰ ਦੀ ਆਹ ਨਾ ਲਉ। ਇਹ ਮੰਨਿਆ ਕਿ ਸਾਰਿਆਂ ਨੂੰ ਸੁੱਖ ਦੇਣਾ ਤੁਹਾਡੇ ਵੱਸ ਦੀ ਗਲ ਨਹੀਂ ਪਰ ਕਿਸੇ ਨੂੰ ਦੁੱਖ ਨਾ ਦੇਣਾ ਤਾਂ ਤੁਹਾਡੇ ਵੱਸ ਵਿਚ ਹੈ। ਜੇ ਤੁਸੀਂ ਕਿਸੇ ਦੀ ਮਦਦ ਨਹੀਂ ਕਰ ਸਕਦੇ ਤਾਂ ਉਸ ਦੇ ਰਾਹ ਵਿਚ ਰੋੜੇ ਵੀ ਨਾ ਅਟਕਾਉ। ਹਮੇਸ਼ਾਂ 'ਜੀਓ ਅਤੇ ਜਿਉਣ ਦਿਓ' ਦੇ ਸਿਧਾਂਤ ਤੇ ਚੱਲੋ।ਤੁਹਾਡੀ ਜ਼ਿੰਦਗੀ ਤਾਂ ਹੀ ਕਾਮਯਾਬ ਹੈ ਜੇ ਤੁਹਾਨੂੰ ਯਾਦ ਕਰਦਿਆਂ ਕਿਸੇ ਦੇ ਮੂੰਹ ਤੇ ਮੁਸਕਰਾਹਟ ਆ ਜਾਏ।
*****
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-8360842861
email:gursharan1183@yahoo.in
02 March 2019