ਵਿਰਸੇ ਦੀਆਂ ਖੁਸ਼ਬੋਆਂ ਵੰਡ ਗਿਆ ਬਠਿੰਡੇ ਦਾ 15 ਵਾਂ ਵਿਰਾਸਤੀ ਮੇਲਾ - ਗੁਰਜੀਵਨ ਸਿੰਘ ਸਿੱਧੂ ਨਥਾਣਾ
ਪੱਛਮੀ ਸੱਭਿਆਚਾਰ ਦਿਨੋ ਦਿਨ ਸਾਡੀ ਨੌਜਵਾਨ ਪੀੜ੍ਹੀ ਤੇ ਭਾਰੂ ਪੈ ਰਿਹਾ ਹੈ, ਜਿਸ ਕਰਕੇ ਪੰਜਾਬ ਦੇ ਅਮੀਰ ਵਿਰਸੇ ਤੋਂ ਨੌਜਵਾਨੀ ਲਗਾਤਾਰ ਦੂਰ ਹੁੰਦੀ ਜਾ ਰਹੀ ਹੈ। ਪੰਜਾਬ ਦੇ ਪੁਰਾਤਨ ਅਮੀਰ ਵਿਰਸੇ ਨੂੰ ਸੰਭਾਲਣ ਲਈ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ਦੇ ਨੌਜਵਾਨ ਵਰਗ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜ ਕੇ ਰੱਖਿਆ ਜਾ ਸਕੇ ਅਤੇ ਉਹ ਆਪਣੀ ਅਮੀਰ ਵਿਰਾਸਤ ਤੇ ਮਾਣ ਕਰ ਸਕਣ। ਇਸ ਤਰ੍ਹਾਂ ਹੀ ਪੰਜਾਬ ਵਿੱਚ ਮਾਲਵੇ ਖਿੱਤੇ ਦੇ ਬਠਿੰਡਾ ਜ਼ਿਲ੍ਹੇ ਵਿੱਚ ਮਾਲਵਾ ਹੈਰੀਟੇਜ ਅਤੇ ਸੱਭਿਆਚਰਕ ਫਾਊਂਡੇਸ਼ਨ ਵੱਲੋਂ ਪੰਦਰਵਾਂ ਮੇਲਾ 22 ਤੋਂ 24 ਫਰਵਰੀ ਤੱਕ ਬਠਿੰਡਾ ਦੇ ਖੇਡ ਸਟੇਡੀਅਮ ਨਜ਼ਦੀਕ ਬਣੇ ਵਿਰਾਸਤੀ ਪਿੰਡ ਜੈਪਾਲਗੜ੍ਹ ਵਿੱਚ ਲਗਾਇਆ ਗਿਆ। ਇਹ ਮੇਲਾ ਜ਼ਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਦੇ 100 ਵੇਂ ਵਰ੍ਹੇੁ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਸੀ। ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਊਂਡੇਸ਼ਨ ਵੱਲੋਂ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਪੁਰਾਤਨ ਸੱਭਿਆਚਾਰਕ ਵਿਰਸੇ ਨਾਲ ਜੋੜੀ ਰੱਖਣ ਦੇ ਮਨੋਰਥ ਨਾਲ ਲਗਾਤਾਰ ਪਿਛਲੇ 15 ਸਾਲਾਂ ਤੋਂ ਸਾਰਥਿਕ ਉਪਰਾਲੇ ਕੀਤੇ ਜਾ ਰਹੇ ਹਨ। ਇਸ ਵਿਰਾਸਤੀ ਮੇਲੇ ਦੀ ਖੂਬਸੂਰਤੀ ਇਹ ਹੈ ਕਿ ਇਸ ਦੀ ਸ਼ੁਰੂਆਤ, ਆਪਣੇ ਸਮੇਂ ਦੇ ਇਕ ਸੂਫੀ ਮੁਸ਼ਲਮਾਨ ਫਕੀਰ ਰਤਨਹਾਜੀ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ ਤੇ ਮੁਜ਼ਾਰ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਅਤੇ ਮੁਜ਼ਾਰ ਉਪਰ ਚਾਦਰ ਚੜਾਅ ਕੇ ਕੀਤੀ ਜਾਂਦੀ ਹੈ। ਇਸ ਮੌਕੇ ਕੱਢੇ ਜਾਣ ਵਾਲੇ ਵਿਰਾਸਤੀ ਜਲੂਸ 'ਚ ਰੰਗ ਬਰੰਗੇ ਲਿਬਾਸਾਂ ਵਿੱਚ ਸਜੇ ਗੱਭਰੂ, ਮੁਟਿਆਰਾਂ, ਬਾਬੇ ਅਤੇ ਹਰ ਵਰਗ ਦੇ ਦਰਸ਼ਕਾਂ ਸਮੇਤ ਬਠਿੰਡਾ ਦੇ ਬਜ਼ਾਰਾਂ ਵਿੱਚ ਦੀ ਹੁੰਦੇ ਹੋਏ ਖੇਡ ਸਟੇਡੀਅਮ ਕੋਲ ਬਣੇ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਪਹੁੰਚਦਾ ਹੈ। ਇਸ ਵਿਰਾਸਤੀ ਜਲੂਸ ਵਿੱਚ ਸ਼ਿੰਗਾਰੇ ਊਠ, ਘੋੜੀਆਂ, ਪੁਰਾਤਨ ਰਥ, ਗੱਡੀਆਂ ਵਿੱਚ ਬੈਠ ਕੇ ਲੋਕ ਮੇਲੇ ਦੇ ਰੰਗ ਨੂੰ ਹੋਰ ਗੂੜਾ ਕਰਦੇ ਹਨ। ਇਸ ਮੇਲੇ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਹਿਮਾਚਲ ਤੇ ਹੋਰ ਕਈ ਸੂਬਿਆਂ ਤੋਂ ਪਹੁੰਚੇ ਹੋਏ ਕਲਾਕਾਰ ਵੱਖ-ਵੱਖ ਟੋਲਿਆਂ ਦੇ ਰੂਪ ਵਿੱਚ ਆਪੋ-ਆਪਣੇ ਸੱਭਿਆਚਾਰ ਦੇ ਰੰਗ ਵਿਖੇਰਦੇ ਨਜ਼ਰ ਆਉਂਦੇ ਹਨ। ਮੇਲੇ ਦੌਰਾਨ ਸਜਾਏ ਹੋਏ ਹਾਥੀ, ਸਜੇ ਹੋਏ ਘੋੜੇ ਅਤੇ ਬੋਤਿਆਂ ਦੇ ਕਾਫਲਿਆਂ ਨਾਲ ਰੰਗ-ਬਰੰਗੇ ਕੁੜਤੇ, ਚਾਦਰਿਆਂ ਤੇ ਤੁਰਲੇ ਵਾਲੀਆਂ ਪੱਗਾਂ ਵਾਲੇ ਚੋਬਰਾਂ ਦੇ ਗਲਾਂ ਵਿੱਚ ਪਾਏ ਹੋਏ ਕੈਂਠੇ, ਪੰਜਾਬ ਦੇ ਬਾਬੇ ਤੇ ਗੱਭਰੂ ਰੰਗ-ਬਰੰਗੀਆਂ ਪੁਸ਼ਾਕਾਂ ਵਿੱਚ ਪੁਰਤਾਨ ਸੱਭਿਆਚਾਰ ਦੀ ਝਲਕ ਪੇਸ਼ ਕਰਦੇ ਦਿਲਾਂ ਨੂੰ ਟੁੰਬਦੇ ਹੋਏ ਬੜੇ ਮਨਮੋਹਕ ਲਗਦੇ ਹਨ। ਪੁਰਾਣੇ ਸਮੇਂ ਦੌਰਾਨ ਲੋਕਾਂ ਦੇ ਮਨੋਰੰਜ਼ਨ ਦਾ ਮੁੱਖ ਅੰਗ ਮੰਨੇ ਜਾਂਦੇ ਨਕਲੀਏ ਤੇ ਭੰਡ ਵੀ ਇਸ ਮੇਲੇ ਵਿੱਚ ਨੌਜਵਾਨਾਂ ਤੇ ਬਜੁਰਗਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਸਨ। ਸਾਡੇ ਪੁਰਾਤਨ ਵਿਆਹਾਂ ਦੀ ਪੇਸ਼ਕਾਰੀ ਵੀ ਬਾਖੂਬੀ ਨਾਲ ਕੀਤੀ ਜਾਂਦੀ ਹੈ, ਜਿਸ ਵਿੱਚ ਮੁਟਿਆਰਾਂ ਵੱਲੋਂ ਲੋਕ ਗੀਤ, ਸਿਠਣੀਆਂ, ਦੋਹੇ, ਟੱਪੇ ਤੇ ਬੋਲੀਆਂ ਪਾ ਕੇ ਇਸ ਮੇਲੇ ਨੂੰ ਚਾਰ ਚੰਨ ਲਾ ਲਾਏ ਜਾਂਦੇ ਹਨ। ਪੁਰਾਣੇ ਸਮਿਆਂ ਵਿੱਚ ਵਿਆਹ ਵਾਲੇ ਘਰ ਪੁੱਜ ਰਹੀਆਂ ਮੇਲਣਾਂ, ਸੱਜ ਤੋੜਣ ਦੇ ਦ੍ਰਿਸ਼, ਮਹਿੰਦੀ, ਜਾਗੋ ਅਤੇ ਹੋਰ ਰਸ਼ਮਾਂ ਨੂੰ ਹੂ-ਬ-ਹੂ ਸਿਰਜਿਆ ਗਿਆ ਸੀ। ਇਸ ਵਿਰਾਸਤੀ ਮੇਲੇ ਦਾ ਆਨੰਦ ਮਾਣ ਰਹੇ ਬਜੁਰਗ ਬਾਬੇ ਇੰਝ ਮਹਿਸੂਸ ਕਰ ਰਹੇ ਸਨ ਜਿਵੇਂ ਸੱਚਮੁੱਚ ਹੀ ਉਨ੍ਹਾਂ ਦੀ ਜਵਾਨੀ ਵੇਲੇ ਦਾ ਪੁਰਾਤਨ ਸਮਾਂ ਵਾਪਸ ਆ ਗਿਆ ਹੋਵੇ। ਇੱਕ ਪਾਸੇ ਦਰੱਖਤ ਥੱਲੇ ਝੂੰਡ ਬਣਾ ਕੇ ਬੈਠੀਆਂ ਮੁਟਿਆਰਾਂ ਫੁਲਕਾਰੀਆਂ ਤੇ ਬਾਗ ਕੱਢਦੀਆਂ ਵੀ ਨਜ਼ਰ ਅਉਦੀਆਂ ਹਨ ਤੇ ਦੁਸਰੇ ਪਾਸੇ ਸਿਰਾਂ ਤੇ ਸੰਗੀ ਫੁੱਲ ਅਤੇ ਫੁਲਕਾਰੀਆਂ ਨਾਲ ਸਜੀਆਂ ਮੁਟਿਆਰਾਂ ਪੱਖੀਆਂ ਨੂੰ ਕਸ਼ੀਦ ਦੀਆਂ ਤੇ ਝਾਲਰਾਂ ਲਾਉਦੀਆਂ ਕੱਚੀ ਮਿੱਟੀ ਦੇ ਬਣੇ ਘਰਾਂ ਵਿੱਚ ਬੈਠੀਆਂ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਸਨ। ਇਸ ਵਿਰਾਸਤੀ ਪਿੰਡ ਵਿਚ ਉਸਾਰੇ ਗਏ ਕੱਚੇ ਘਰਾਂ ਦੀਆਂ ਕੰਧਾਂ ਤੇ ਕੰਧੋਲੀਆਂ ਨੂੰ ਲਿੱਪ ਕੇ ਉੱਪਰ ਰੰਗ ਬਰੰਗੇ ਰੰਗਾਂ ਵਿੱਚ ਮੋਰ, ਤੋਤੇ ਤੇ ਕਬੂਤਰਾਂ ਦੇ ਚਿੱਤਰਾਂ ਦੀ ਕੀਤੀ ਹੋਈ ਕਲਾਕਾਰੀ ਨੂੰ ਵੇਖਕੇ ਦਰਸ਼ਕਾਂ ਦੇ ਮੂੰਹੋਂ ਵਾਹ ਵੀ ਵਾਹ ਦੇ ਸ਼ਬਦ ਆਪ-ਮੁਹਾਰੇ ਹੀ ਨਿਕਲ ਰਹੇ ਸਨ। ਘੱਗਰੇ ਪਾ ਕੇ ਚਰਖੇ ਤੇ ਲੰਬੇ ਲੰਬੇ ਤੰਦ ਪਾਉਂਦੀਆਂ ਤੇ ਦਰੀਆਂ ਬੁਣਦੀਆਂ ਮੁਟਿਆਰਾਂ ਦੀਆਂ ਟੋਲੀਆਂ ਵੀ ਆਪਣੀ ਕਲਾ ਦਾ ਜੌਹਰ ਵਿਖਾਉਦੀਆਂ ਨਜ਼ਰ ਆ ਰਹੀਆ ਸਨ। ਅਟੇਰਨ ਕੱਤ ਰਹੀਆਂ ਤੇ ਪੁਰਾਣੇ ਜ਼ਮਾਨੇ ਅਨੁਸਾਰ ਚੱਕੀ ਤੇ ਆਟਾ ਪੀਂਹਦੀਆਂ ਬਜੁਰਗ ਔਰਤਾਂ ਵੀ ਨਵੀਂ ਪੀੜ੍ਹੀ ਨੂੰ ਹੱਥੀ ਕੰਮ ਕਰਨ ਦੀ ਪ੍ਰੇਰਨਾ ਦੇ ਰਹੀਆਂ ਸਨ। ਇਸ ਵਿਰਾਸਤੀ ਪਿੰਡ ਵਿੱਚ ਚੱਕ ਉੱਪਰ ਮਿੱਟੀ ਦੇ ਭਾਂਡੇ ਘੜਦਾ ਘੁਮਿਆਰ ਵੀ ਮੇਲੀਆਂ ਦਾ ਧਿਆਨ ਖਿੱਚ ਰਿਹਾ ਸੀ। ਪਿੰਡਾਂ ਦੇ ਜੈਲਦਾਰਾਂ ਦੀਆਂ ਪੁਰਾਤਨ ਹਵੇਲੀਆਂ ਤੇ ਨੰਬਰਦਾਰਾਂ ਦੇ ਵੱਡੇ ਦਰਵਾਜੇ ਵੀ ਬਣੇ ਹੋਏ ਸਨ ਅਤੇ ਪਿੰਡ ਵਿਚ ਪੁਰਾਣੇ ਸਮੇਂ ਅਨੁਸਾਰ ਜੈਲਦਾਰਾਂ ਤੇ ਨੰਬਰਦਾਰਾਂ ਦੀਆਂ ਜੀਪਾਂ, ਬੰਦੂਕਾਂ ਤੇ ਖੂੰਡਿਆਂ ਦੀ ਚੌਧਰਾਂ ਦੀਆਂ ਝਲਕੀਆਂ ਵੀ ਪੇਸ਼ ਕੀਤੀਆਂ ਜਾਦੀਆਂ ਹਨ। ਜੈਲਦਾਰਾਂ ਦੀ ਹਵੇਲੀ ਵਿੱਚ ਪੁਰਾਣੇ ਹਥਿਆਰਾਂ ਦੀਆਂ ਲੱਗੀਆਂ ਨੁਮਾਇਸ਼ਾਂ ਨੌਜਵਾਨਾਂ ਲਈ ਖਿੱਚ ਦਾ ਕਾਰਨ ਬਣੀਆਂ ਹੋਈਆਂ ਸਨ। ਪੁਰਾਣੇ ਕੱਚੀਆਂ ਇੱਟਾਂ ਦੇ ਘਰਾਂ ਵਿੱਚ ਬਣੇ ਕਬੂਤਰਾਂ ਦੇ ਖੁੱਡੇ 'ਜੱਗੇ ਜੱਟ ਦੇ ਕਬੂਤਰ ਚੀਨੇ' ਵਾਲੀ ਝਲਕ ਵੀ ਪੇਸ਼ ਕਰ ਰਹੇ ਸਨ। ਵਿਰਾਸਤ ਮੇਲੇ ਵਿੱਚ ਪੁਰਾਤਨ ਬਰਤਨਾਂ ਦਾ ਭੰਡਾਰ ਜਿਸ ਵਿੱਚ ਕਾਸ਼ੀ ਤੇ ਪਿਤਲ ਦੇ ਭਾਂਡੇ, ਪੁਰਾਣੇ ਜਿੰਦਰੇ, ਬੋਹੀਏ, ਸਿੱਕੇ, ਸੁਰਾਹੀਆਂ, ਸੁਰਮੇਦਾਨੀਆਂ, ਖੂਹਾਂ 'ਚੋਂ ਪਾਣੀ ਖਿੱਚਣ ਵਾਲੇ ਡੋਲ, ਪੁਰਾਣੇ ਵੱਟੇ, ਪਿੱਤਲ ਦੇ ਗਿਲਾਸ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਸਨ। ਇਸ ਤਰ੍ਹਾਂ ਹੀ ਵੱਡੇ ਲੱਕੜ ਦੇ ਪੁਰਾਣੇ ਰੇਡੀਓ, ਟੇਪਰਿਕਾਰਡ ਤੇ ਤਵੇ ਚਲਾਉਣ ਵਾਲਾ ਗਰਾਮੋਫੋਨ ਅਤੇ ਹੋਰ ਪੁਰਾਤਣ ਸ਼ੰਗੀਤ ਨਾਲ ਜੁੜੀਆਂ ਹੋਈਆਂ ਵਸਤੂਆਂ ਵੀ ਮੇਲੇ ਦਾ ਸ਼ਿੰਗਾਰ ਬਣੀਆਂ ਹੋਈਆਂ ਸਨ। ਮੇਲੇ ਵਿੱਚ ਚਾਟੀ ਦੀ ਲੱਸੀ 'ਤੇ ਤੌੜੀ ਦੇ ਦੁੱਧ ਦਾ ਸੁਆਦ ਚੱਖਣ ਵਾਲਿਆਂ ਦੀ ਵੀ ਭੀੜ ਲੱਗੀ ਹੋਈ ਸੀ। ਅੱਜ ਦੇ ਕੰਪਿਊਟਰ ਯੁੱਗ ਵਿੱਚ ਅਜੋਕੀ ਪੀੜ੍ਹੀ ਵੀ ਵਹਿਮਾਂ ਭਰਮਾਂ ਵਿਚ ਪਈ ਨਜ਼ਰ ਆ ਰਹੀ ਸੀ, ਮੇਲੇ ਵਿੱਚ ਪੰਡਤਾਂ ਕੋਲੋ ਹੱਥ ਵਿਖਾ ਕੇ ਆਪਣੀ ਤਕਦੀਰ ਜਾਣਨ ਵਾਲੀਆਂ ਬੀਬੀਆਂ ਵੀ ਵੇਖੀਆਂ ਗਈਆਂ। ਜਟਾਂ ਵਾਲੇ ਸਾਧਾਂ ਦੇ ਲੱਗੇ ਧੂਣੇ ਅਤੇ ਸਰੀਰ ਤੇ ਸੁਆਹ ਮਲਕੇ ਨੱਚਦੇ ਸਾਧ ਵੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਸਨ। ਮੇਲੇ ਵਿੱਚ ਪੁਰਾਣਾ ਸੱਭਿਆਚਾਰ ਸਾਂਭਣ ਵਾਲਿਆਂ ਸ਼ੌਕੀਨਾਂ, ਪੁਰਾਤਨ ਖੇਤੀ ਸੰਦਾਂ ਨੇ ਵੀ ਵਿਰਾਸਤੀ ਮੇਲੇ 'ਚ ਵੱਖਰੀ ਹੀ ਪਛਾਣ ਬਣਾਈ ਹੋਈ ਸੀ। ਪੰਜਾਬੀਆਂ ਦੀ ਜਿੰਦ-ਜਾਨ ਮਲਵਈ ਗਿੱਧੇ ਦੀ ਗੱਭਰੂਆਂ ਤੇ ਮਟਿਆਰਾਂ ਨੇ ਅਜਿਹੀ ਪੇਸ਼ਕਾਰੀ ਕੀਤੀ ਕੇ ਦਰਸ਼ਕ ਕੁਰਸੀਆਂ ਤੋਂ ਉੱਠਕੇ ਝੂੰਮਣ ਲੱਗ ਪਏ। ਅਜੌਕੇ ਦੌਰ ਵਿੱਚ ਲਗਭਗ ਅਲੋਪ ਹੋਣ ਕੰਢੇ ਪੁੱਜੀ ਬਾਜ਼ੀ ਪਾਉਣ ਦੀ ਕਲਾ ਵੀ ਇਸ ਮੇਲੇ ਦੀ ਸ਼ਾਨ ਬਣੀ ਰਹੀ। ਫਿਰੋਜ਼ਪੁਰ ਜਿਲ੍ਹੇ ਨਾਲ ਸਬੰਧਤ ਬਾਜੀਗਰਾਂ ਵੱਲੋਂ ਇਸ ਖਾਨਦਾਨੀ ਕਲਾ ਰਾਹੀ ਅੱਗ ਦੀਆਂ ਲਾਟਾਂ ਵਾਲੇ ਗੋਲ ਚੱਕਰ ਵਿੱਚ ਦੀ ਛਾਲ ਮਾਰ ਕੇ ਲੰਘਣਾ, ਇੱਕ ਲੋਹੇ ਦੇ ਗੋਲ ਕੜੇ ਵਿੱਚੋਂ ਦੀ ਤਿੰਨ ਵਿਅਕਤੀਆਂ ਨੇ ਲੰਘਣਾਂ, ਇੱਕ ਮੋਟੇ ਸਰੀਏ ਨੂੰ ਗਲੇ ਦੀ ਘੰਡੀ ਦੇ ਜੋਰ ਨਾਲ ਮੋੜਨਾ, ਦੋ ਜੁੜੇ ਹੋਏ ਬਾਂਸਾ ਦੀ ਬਹੁਤ ਥੋੜੀ ਥਾਂ ਵਿੱਚ ਦੀ ਮੁਸ਼ੱਕਤ ਨਾਲ ਲੰਘਣਾਂ ਆਦਿ ਕਰਤਵਾਂ ਨੂੰ ਦਰਸ਼ਕ ਸਾਹ ਰੋਕ ਕੇ ਵੇਖਦੇ ਹੋਏ ਨਜ਼ਰ ਆਏ। ਪੁਰਾਤਨ ਸਮੇਂ ਵਿੱਚ ਜ਼ੋਰ ਅਜ਼ਮਾਈ ਕਰਨ ਲਈ ਖੇਡੀ ਜਾਣ ਵਾਲੀ ਰੱਸਾਕਸੀ ਖੇਡ ਨੇ ਵਿਰਾਸਤੀ ਮੇਲੇ ਵਿੱਚ ਦਰਸ਼ਕ ਦੇ ਮਨਾਂ ਨੂੰ ਟੁੰਬ ਲਿਆ ਸੀ। ਮੇਲੇ ਵਿੱਚ ਲੱਗੀਆਂ ਪੁਸ਼ਤਕਾਂ ਦੀਆਂ ਸਟਾਲਾਂ ਦੱਸ ਰਹੀਆਂ ਸਨ ਕਿ ਪੰਜਾਬੀਆਂ ਵਿਚ ਪੁਸ਼ਤਕਾਂ ਪੜ੍ਹਨ ਦੀ ਰੁਚੀ ਕਦੇ ਵੀ ਘੱਟ ਨਹੀਂ ਹੋਈ। ਇਸ ਵਿਰਾਸਤੀ ਮੇਲੇ ਵਿੱਚ ਬਾਹਰਲੇ ਦੇਸ਼ਾਂ ਵਿੱਚੋਂ ਆਏ ਹੋਏ ਸੈਲਾਨੀ ਪੰਜਾਬ ਦੇ ਅਮੀਰ ਸੱਭਿਆਚਰਕ ਵਿਰਸੇ ਨਾਲ ਸਬੰਧਤ ਸਾਜੋ ਸਮਾਨ ਨਾਲ ਤਸਵੀਰਾਂ ਕਰਵਾਉਂਦੇ ਹੋਏ ਨਜ਼ਰ ਆ ਰਹੇ ਸਨ। ਮੇਲੇ ਵਿੱਚ ਪੁਰਾਣਾ ਸੱਭਿਆਚਾਰ ਸਾਂਭਣ ਵਾਲੇ ਸ਼ੌਕੀਨਾਂ ਨੂੰ ਇਸ ਜਮਾਨੇ ਤੋਂ ਹਟ ਕਿ ਪੁਰਾਣੇ ਸੱਭਿਆਚਾਰ ਦੇ ਸਮਾਨ ਰਾਹੀ ਨਵੀਂ ਪੀੜ੍ਹੀ ਨੂੰ ਆਪਣੇ ਪੁਰਾਤਨ ਸੱਭਿਆਚਾਰ ਨਾਲ ਜੋੜਨ ਵਿੱਚ ਇੱਕ ਅਹਿਮ ਖਿੱਚ ਵੀ ਵੇਖੀ ਗਈ ਪਰ ਪੁਰਾਤਨ ਵਿਰਾਸਤ ਪੇਸ਼ ਕਰਨ ਵਾਲਿਆਂ ਦਾ ਕਹਿਣਾ ਸੀ ਕਿ ਅੱਜ ਦਾ ਨੌਜਵਾਨ ਵਰਗ ਸਿਰਫ ਮੋਬਾਇਲਾਂ ਵਿੱਚ ਫੋਟੋਆਂ ਖਿੱਚਣ ਦਾ ਹੀ ਸ਼ੌਕੀਨ ਹੈ
ਗੁਰਜੀਵਨ ਸਿੰਘ ਸਿੱਧੂ ਨਥਾਣਾ
ਪਿੰਡ ਨਥਾਣਾ, ਜਿਲ੍ਹਾ ਬਠਿੰਡਾ
(ਪੰਜਾਬ) 151102
ਮੋਬਾਇਲ: 9417079435
ਮੇਲ : jivansidhus@gmail.com