ਮੁਲਕ ਸਦਾ ਸਰਵੋਤਮ ਹੋਵੇ - ਸ਼ਾਮ ਸਿੰਘ ਅੰਗ ਸੰਗ
ਜਿਸ ਦੇਸ਼ ਦਾ ਕੋਈ ਜੰਮਪਲ ਹੋਵੇ, ਉਸ ਨੂੰ ਆਪਣੇ ਮੁਲਕ ਨਾਲੋਂ ਹੋਰ ਕੋਈ ਚੰਗਾ ਨਹੀਂ ਲੱਗਦਾ। ਇਸ ਲਈ ਕਿ ਉੱਥੇ ਵੱਸਦਿਆਂ ਉੱਥੋਂ ਦੀ ਆਬੋ-ਹਵਾ ਵਿੱਚ ਸਾਹ ਲਏ ਹੁੰਦੇ ਹਨ ਅਤੇ ਆਲਾ-ਦੁਆਲਾ ਕਦੇ ਪਿੱਛਾ ਨਹੀਂ ਛੱਡਦਾ। ਪੱਕਾ ਘਰ ਹੋਵੇ ਜਾਂ ਕੱਚਾ, ਮਹੱਲ ਹੋਵੇ ਜਾਂ ਝੁੱਗੀ ਆਪਣੇ ਘਰ ਨਾਲ ਦਾ ਸੁੱਖ ਕਿਤੇ ਹੋਰ ਨਹੀਂ ਲੱਭਦਾ। ਆਪਣੇ ਮੁਲਕ ਨਾਲ ਪਿਆਰ ਹੋਣਾ ਕੁਦਰਤੀ ਹੈ, ਜੋ ਮਰਦੇ ਦਮ ਤੱਕ ਖ਼ਤਮ ਨਹੀਂ ਹੁੰਦਾ। ਜਿੱਥੇ ਪਿਆਰ, ਉੱਥੇ ਉਸ ਦੇ ਨਿਭਾਅ ਲਈ ਕੋਈ ਵੀ ਕੁਰਬਾਨੀ ਦੇਣੀ ਮੁਸ਼ਕਲ ਨਹੀਂ ਹੁੰਦੀ।
ਆਪਣਾ ਮੁਲਕ ਸਭ ਤੋਂ ਉੱਪਰ ਹੁੰਦਾ ਹੈ, ਜਿਸ ਨੂੰ ਬਚਾਉਣ ਲਈ ਹਰ ਮੁਲਕ ਉਹ ਯਤਨ ਕਰਦੇ ਹਨ, ਜਿਹੜੇ ਉਸ ਨੂੰ ਹਮਲਾ ਕਰਨ ਵਾਲਿਆਂ ਤੋਂ ਬਚਾ ਕੇ ਰੱਖਣ। ਫੇਰ ਜੇ ਦੇਸ਼ ਦੇ ਅੰਦਰ ਵੀ ਦੇਸ਼ ਵਿਰੋਧੀ ਤਾਕਤਾਂ ਹੋਣ, ਉਨ੍ਹਾਂ ਨਾਲ ਨਿਪਟਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾ, ਪਰ ਕਈ ਵਾਰ ਇਹ ਗਲਤੀ ਕੀਤੀ ਜਾਂਦੀ ਹੈ ਕਿ ਹਕੂਮਤ ਦਾ ਵਿਰੋਧ ਕਰਨ ਵਾਲਿਆਂ ਨੂੰ ਹੀ ਦੇਸ਼ ਦਾ ਵਿਰੋਧੀ ਮੰਨ ਲਿਆ ਜਾਂਦਾ ਹੈ, ਜਿਸ ਨੂੰ ਕਿਸੇ ਤਰ੍ਹਾਂ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ, ਨਾ ਕੀਤਾ ਜਾਵੇ।
ਮੁਲਕ ਤਾਂ ਹਰ ਬਸ਼ਿੰਦੇ ਲਈ ਹਰ ਸੂਰਤ ਵਿੱਚ ਸਰਵੋਤਮ ਹੀ ਮੰਨਿਆ ਜਾਵੇ। ਹਾਕਮਾਂ ਲਈ ਵੀ ਇਹ ਜ਼ਰੂਰੀ ਹੈ ਅਤੇ ਆਮ ਵਾਸੀਆਂ ਵਾਸਤੇ ਵੀ। ਲੋਕਤੰਤਰੀ ਸਰਕਾਰਾਂ ਤਾਂ ਮਿੱਥੇ ਸਮੇਂ ਲਈ ਹਕੂਮਤ ਕਰਨ ਵਾਸਤੇ ਬਣਦੀਆਂ ਹਨ, ਜਿਨ੍ਹਾਂ ਨੂੰ ਮੁਲਕ ਦਾ ਮਾਲਕ ਬਣਨ ਦਾ ਅਧਿਕਾਰ ਨਹੀਂ ਹੁੰਦਾ। ਉਨ੍ਹਾਂ ਨੇ ਪੰਜ ਸਾਲ ਲਈ ਆਪਣੀ ਕਾਰਗੁਜ਼ਾਰੀ ਦਿਖਾ ਕੇ ਤੁਰ ਜਾਣਾ ਹੁੰਦਾ ਹੈ, ਪਰ ਕਈ ਇੱਕ ਰਾਜਨੀਤਕ ਪਾਰਟੀਆਂ ਨੂੰ ਇਹ ਭੁਲੇਖਾ ਪੈਣ ਲੱਗ ਪਿਆ ਹੈ ਜਿਵੇਂ ਹੁਣ ਉਹ ਹੀ ਹਕੂਮਤ ਕਰਦੀਆਂ ਰਹਿਣਗੀਆਂ, ਪਰ ਇਹ ਭਰਮ ਬਹੁਤਾ ਚਿਰ ਨਹੀਂ ਰਹਿੰਦਾ।
ਚੰਗਾ ਹੈ ਜੇ ਦੇਸ਼ ਦੇ ਸਾਰੇ ਨਾਗਰਿਕ ਦੇਸ਼ ਨੂੰ ਪਿਆਰ ਕਰਨ ਅਤੇ ਇਸ ਦੀ ਉਨਤੀ ਲਈ ਆਪੋ-ਆਪਣਾ ਯੋਗਦਾਨ ਪਾਉਣ। ਜਿੰਨਾ ਚਿਰ ਹਕੂਮਤ ਕਰਨ ਲਈ ਜਿਹੜੀ ਵੀ ਪਾਰਟੀ ਨੂੰ ਮੌਕਾ ਮਿਲਦਾ ਹੈ, ਉਹ ਮੁਲਕ ਨੂੰ ਸਰਵੋਤਮ ਮੰਨ ਕੇ ਦੇਸ਼ ਵਾਸੀਆਂ ਦੀ ਸੇਵਾ ਕਰੇ ਅਤੇ ਮੁਲਕ ਨੂੰ ਖ਼ੁਸ਼ਹਾਲੀ ਵੱਲ ਲਿਜਾਣ ਵਾਸਤੇ ਸਿਰਤੋੜ ਉਪਰਾਲੇ ਕਰੇ ਤਾਂ ਜੋ ਦੇਸ਼ ਦੂਜੇ ਮੁਲਕਾਂ ਤੋਂ ਅੱਗੇ ਨਿਕਲ ਸਕੇ। ਝੂਠ ਨਾ ਕੋਈ ਬੋਲੇ ਅਤੇ ਨਾ ਬੋਲਣ ਦਿੱਤਾ ਜਾਵੇ।
ਆਪਣੇ ਮੁਲਕ ਵਿਰੁੱਧ ਸਾਜ਼ਿਸ਼ਾਂ ਨਾ ਰਚੀਆਂ ਜਾਣ ਅਤੇ ਜੇ ਕੋਈ ਰਚੇ ਤਾਂ ਉਸ ਨੂੂੰ ਮਾਫ਼ ਨਾ ਕੀਤਾ ਜਾਵੇ। ਲੋਕਾਂ ਨਾਲ ਧੋਖਾ ਕਰਨ ਵਾਲੀ ਸਿਆਸੀ ਪਾਰਟੀ ਨੂੰ ਵੀ ਚੋਣਾਂ ਸਮੇਂ ਉਹ ਸਜ਼ਾ ਦਿੱਤੀ ਜਾਵੇ ਕਿ ਉਹ ਮੁੜ ਕਦੇ ਜਿੱਤ ਹੀ ਨਾ ਸਕੇ। ਫ਼ੌਜ ਅਤੇ ਹੋਰ ਸੁਰੱਖਿਆ ਸੈਨਾਵਾਂ ਦੇ ਨਾਂਅ 'ਤੇ ਝੂਠ ਬੋਲਣ ਵਾਲੇ ਵੀ ਦੇਸ਼ ਦੇ ਹਿੱਤ ਵਿੱਚ ਨਹੀਂ ਹੁੰਦੇ, ਕਿਉਂਕਿ ਇਹ ਸੈਨਾਵਾਂ ਤਾਂ ਮੁਲਕ ਦੀ ਸਰਵੋਤਮਤਾ ਕਾਇਮ ਰੱਖਣ ਲਈ ਨਾ ਤਾਂ ਮੁਸ਼ਕਲਾਂ, ਤਸੀਹਿਆਂ ਦੀ ਪਰਵਾਹ ਕਰਦੇ ਹਨ, ਨਾ ਜਾਨਾ ਵਾਰਨ ਦੀ।
ਜਿਹੜੇ ਲੋਕ ਦੇਸ਼ ਦੀ ਸੁਰੱਖਿਆ ਬਾਰੇ ਵੀ ਝੂਠ ਬੋਲਦੇ ਹਨ, ਜੁਮਲੇ ਛੱਡਦੇ ਹਨ, ਉਨ੍ਹਾਂ ਨੂੰ ਦੇਸ਼ ਹਿਤੈਸ਼ੀ ਨਹੀਂ ਸਮਝਿਆ ਜਾਣਾ ਚਾਹੀਦਾ ਕਿਉਂਕਿ ਉਹ ਦੇਸ਼ਵਾਸੀਆਂ ਨੂੰ ਵੀ ਗੁੰਮਰਾਹ ਕਰ ਰਹੇ ਹੁੰਦੇ ਹਨ ਅਤੇ ਮੁਲਕ ਦੀ ਸਾਰੀ ਜਨਤਾ ਲਈ ਮੁਲਕ ਸਦਾ ਸਰਵੋਤਮ ਹੋਵੇ, ਜਿਸ ਦੀ ਬਿਹਤਰੀ ਲਈ ਸਾਰੇ ਕੰਮ ਕਰਦੇ ਰਹਿਣ।
ਤੁਰਦੇ ਫਿਰਦੇ ਪਲ
ਪਲ ਕਦੇ ਰੁਕਣ ਦਾ ਨਾਂਅ ਨਹੀਂ ਲੈਂਦੇ। ਰੁਕ ਵੀ ਨਹੀਂ ਸਕਦੇ। ਪਲ-ਪਲ ਦੀ ਖ਼ਬਰ ਰੱਖਣ ਵਾਲੇ ਜਾਣਦੇ ਹਨ ਕਿ ਪਲ ਤੁਰਦੇ-ਫਿਰਦੇ ਰਹਿੰਦੇ ਹਨ ਕਦੇ ਕਿਤੇ, ਕਦੇ ਕਿਤੇ। ਕਿਹੜੇ ਪਲਾਂ ਵਿੱਚ ਕਿੱਥੇ ਅਤੇ ਕਦੋਂ ਕੀ ਹੋ ਜਾਣਾ ਹੈ, ਕਿਸੇ ਨੂੰ ਪਤਾ ਨਹੀਂ ਹੁੰਦਾ, ਪਰ ਥਾਂ-ਥਾਂ ਤੁਰਦੇ ਫਿਰਦੇ ਪਲਾਂ ਨਾਲ ਹਮਸਫ਼ਰ ਹੋਣਾ ਨਵਾਂ ਕੁਝ ਵੀ ਹੁੰਦਾ ਹੈ ਅਤੇ ਰੌਚਿਕਤਾ ਭਰਪੂਰ ਵੀ। ਕੁਝ ਇਸ ਤਰ੍ਹਾਂ ਦੇ ਪਲਾਂ ਦੇ ਅੰਗ ਸੰਗ ਹੋਈਏ ਤਾਂ ਵੱਖ-ਵੱਖ ਰੰਗਾਂ ਦਾ ਅਹਿਸਾਸ ਵੀ ਹੁੰਦਾ ਹੈ ਅਤੇ ਵਾਪਰ ਰਹੇ ਦੀ ਹਕੀਕਤ ਵੀ।
ਗੁਜ਼ਰਦੇ ਪਲ ਲੈ ਗਏ ਪੰਜਾਬ ਕਲਾ ਪ੍ਰੀਸ਼ਦ ਦੇ ਦੁਆਰ, ਜਿੱਥੇ ਸੁੱਖੀ ਬਰਾੜ ਦੇ ਪ੍ਰੋਗਰਾਮ ਡਾਇਰੈਕਟਰ ਬਣਨ ਦੀ ਖ਼ਬਰ ਉੱਡੀ ਫਿਰਦੀ ਸੀ, ਜਿਸ ਦਾ ਖੁਰਾ ਖੋਜ ਤਾਂ ਲੱਭਿਆ ਨਾ, ਪਰ ਤਸਵੀਰਾਂ ਖਿੱਚੀਆਂ ਗਈਆਂ ਅਤੇ ਦਫ਼ਤਰ ਖੋਲ੍ਹ ਲਿਆ। ਤਾਰੀਫ਼ਾਂ ਹੋਈਆਂ ਕਿ ਹੁਣ ਕੰਮ ਅੱਗੇ ਵਧੇਗਾ। ਅਜੇ ਖ਼ਬਰ ਦੀ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਖੰਭਾਂ ਦੀਆਂ ਡਾਰਾਂ ਬਣਨ ਲੱਗ ਪਈਆਂ। ਜਿਸ ਕਮਰੇ ਵਿੱਚ ਸਾਜ਼ਾਂ ਦਾ ਮਿਊਜ਼ੀਅਮ ਸੀ, ਉਹ ਦਫ਼ਤਰ ਬਣ ਗਿਆ। ਮਿਊਜ਼ੀਅਮ ਤਾਂ ਪ੍ਰੋ. ਰਾਜਪਾਲ ਸਿੰਘ ਨੇ ਬੜੀ ਮਿਹਨਤ ਨਾਲ ਬਣਾਇਆ ਅਤੇ ਸਜਾਇਆ ਸੀ ਅਤੇ ਉਹ ਦੱਸਦਾ ਹੋਇਆ ਸਦਾ ਹੀ ਖੁਸ਼ ਹੁੰਦਾ ਰਿਹਾ ਕਿ ਕਿਵੇਂ-ਕਿਵੇਂ ਸਾਜ਼ ਇਕੱਠੇ ਕੀਤੇ ਗਏ। ਕਿਸੇ ਨੂੰ ਕੁਝ ਨਹੀਂ ਪਤਾ ਕਿ ਇਹ ਡਾਇਰੈਕਟਰ ਚੁੱਪ-ਚੁਪੀਤੇ ਕਿਵੇਂ ਅਤੇ ਕਿਉਂ ਲਾਏ ਜਾਂਦੇ ਹਨ। ਖ਼ਬਰ ਅਤੇ ਇਸ਼ਤਿਹਾਰ ਦੀ ਸਹਾਇਤਾ ਕਿਉਂ ਨਹੀਂ ਲਈ ਜਾਂਦੀ? ਹੁਣ ਕਲਾ ਪ੍ਰੀਸ਼ਦ ਦੇ ਪ੍ਰਬੰਧਕਾਂ ਤੱਕ ਦਫ਼ਤਰ ਬਣਾਏ ਜਾਣ ਦੀ ਗੱਲ ਪਹੁੰਚ ਚੁੱਕੀ ਹੈ, ਜਿਸ ਬਾਰੇ ਪੰਜਾਬ ਭਰ ਦੇ ਲੋਕ ਇਹ ਜਾਣਨ ਲਈ ਉਤਸੁਕ ਹੋਣਗੇ ਕਿ ਅੱਗੇ ਕੋਈ ਕਾਰਵਾਈ ਹੋਵੇਗੀ ਜਾਂ ਨਹੀਂ।
ਆਲਮੀ ਪੰਜਾਬੀ ਕਾਨਫ਼ਰੰਸ
ਸੁਣ-ਸੁਣਾ ਕੇ ਪਲ ਉੱਧਰ ਤੁਰ ਪਏ, ਜਿੱਧਰ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੂਜੀ ਆਲਮੀ ਪੰਜਾਬੀ ਕਾਨਫ਼ਰੰਸ ਕਰਵਾਈ ਜਾ ਰਹੀ ਸੀ ਅਤੇ ਵੱਡੇ-ਵੱਡੇ ਨਾਵਾਂ ਵਾਲੇ ਭਾਸ਼ਣ ਕਰ ਰਹੇ ਸਨ। ਸਭਾ ਦੇ ਜਾਗੇ ਰਹਿਣ ਦੀ ਤਾਂ ਪ੍ਰਸੰਸਾ ਕਰਨੀ ਬਣਦੀ ਹੈ, ਪਰ ਸਥਾਪਤੀ ਪੱਖੀ ਪੰਜਾਬ ਕਲਾ ਪ੍ਰੀਸ਼ਦ ਅਤੇ ਪੰਜਾਬੀ ਅਕਾਦਮੀ ਦਿੱਲੀ ਨਾਲ ਮਿਲ ਕੇ ਇਹ ਕਾਨਫ਼ਰੰਸ ਕਰਵਾਉਣ ਦੀ ਗੱਲ ਤਾਂ ਸਮਝ ਤੋਂ ਬਾਹਰ ਹੀ ਰਹੇਗੀ। ਅਜਿਹਾ ਹੋਣ ਨਾਲ ਉਹ ਨਤੀਜੇ ਹਾਸਲ ਨਹੀਂ ਹੋ ਸਕਣਗੇ, ਜਿਹੜੇ ਕੇਂਦਰੀ ਪੰਜਾਬੀ ਲੇਖਕ ਸਭਾ ਚਿਰਾਂ ਤੋਂ ਕਰਨ ਦੇ ਉਪਰਾਲੇ ਕਰਦੀ ਆ ਰਹੀ ਹੈ। ਇਸ ਸਭਾ ਦੇ ਅਹੁਦੇਦਾਰਾਂ ਨੇ ਸੋਚਿਆ ਹੀ ਹੋਵੇਗਾ ਕਿ ਸਥਾਪਤੀ ਪੱਖੀ ਅਦਾਰਿਆਂ ਨੂੰ ਨਾਲ ਰੱਖ ਕੇ ਉਨ੍ਹਾਂ ਤੋਂ ਬਚ ਕੇ ਕਿਵੇਂ ਲੰਘਣਾ ਹੋਵੇਗਾ। ਪੰਜਾਬੀ ਨੂੰ ਸਰਕਾਰੇ-ਦਰਬਾਰੇ ਮਾਨਤਾ ਦਿਵਾਉਣੀ ਅਦਾਲਤਾਂ ਵਿੱਚ ਲਾਗੂ ਕਰਾਉਣੀ ਅਜਿਹੇ ਮਸਲੇ ਹਨ, ਜੋ ਚਿਰਾਂ ਤੋਂ ਲਟਕਦੇ ਆ ਰਹੇ ਹਨ, ਪਰ ਅੱਜ ਤੱਕ ਪੂਰੇ ਨਹੀਂ ਹੋਏ। ਕੀ ਇਸ ਪ੍ਰਸੰਗ ਵਿੱਚ ਕੁਝ ਸਾਰਥਿਕ ਸਿੱਟੇ ਨਿਕਲਣਗੇ?
ਕਿੰਨੇ ਹੀ ਲੇਖਕ ਵਿਛੜ ਗਏ
ਪਿਛਲੇ ਥੋੜ੍ਹੇ ਜਿਹੇ ਅਰਸੇ ਵਿੱਚ ਪੰਜਾਬੀ ਤੇ ਹਿੰਦੀ ਦੇ ਕਈ ਲੇਖਕ ਰੱਬ ਨੂੰ ਪਿਆਰੇ ਹੋ ਗਏ। ਕ੍ਰਿਸ਼ਨਾ ਸੋਬਤੀ, ਡਾ. ਨਾਮਵਰ ਸਿੰਘ, ਗੁਰਚਰਨ ਰਾਮਪੁਰੀ, ਨਵਰਤਨ ਕਪੂਰ, ਸਾਥੀ ਲੁਧਿਆਣਵੀ, ਚਮਨ ਲਾਲ ਚਮਨ ਅਤੇ ਹੋਰ ਸੰਸਾਰਕ ਯਾਤਰਾ ਪੂਰੀ ਕਰ ਗਏ। ਇਨ੍ਹਾਂ ਦੇ ਤੁਰ ਜਾਣ ਨਾਲ ਸਾਹਿਤ ਦੇ ਖੇਤਰ ਵਿੱਚ ਸੋਗ ਤਾਂ ਹੈ ਹੀ, ਨਾਲ ਦੀ ਨਾਲ ਵੱਡਾ ਘਾਟਾ ਵੀ ਪੈ ਗਿਆ। ਸੁਖਦੇਵ ਸਿੰਘ ਗਰੇਵਾਲ ਅਤੇ ਬੀ ਐੱਸ ਬੀਰ ਅਕਸਰ ਮਿਲਦੇ ਰਹੇ ਹਨ, ਪਰ ਉਹ ਵੀ ਸਦਾ ਲਈ ਮਿਲਣ ਤੋਂ ਜਾਂਦੇ ਰਹੇ। ਇਨ੍ਹਾਂ ਸਾਰਿਆਂ ਲਈ ਪਾਠਕਾਂ ਦੀਆਂ ਅੱਖਾਂ ਵਿੱਚ ਉਹ ਹੰਝੂ ਹਨ, ਜੋ ਉਨ੍ਹਾਂ ਨੂੰ ਸਦਾ ਹੀ ਯਾਦ ਕਰਦੇ ਰਹਿਣਗੇ।
ਲਤੀਫ਼ੇ ਦਾ ਚਿਹਰਾ ਮੋਹਰਾ
? ਝੂਠ ਬੋਲਣ ਵਾਲੇ ਝੂਠ ਕਿਉਂ ਬੋਲਦੇ ਨੇ।
- ਗੋਲਬਲਜ਼ ਦੇ ਚੇਲੇ ਇਹ ਸਮਝਦੇ ਹਨ ਕਿ ਸੌ ਵਾਰ ਦੁਹਰਾਉਣ ਨਾਲ ਝੂਠ ਸੱਚ ਹੀ ਹੋ ਜਾਂਦੈ।
-0-
? ਨਫ਼ਰਤ ਬਹੁਤ ਛੇਤੀ ਕਿਉਂ ਫੈਲ ਜਾਂਦੀ ਹੈ।
- ਇਸ ਲਈ ਕਿ ਇਹ ਗੱਪ, ਝੂਠ, ਧੂੰਏਂ, ਭਾਸ਼ਣ ਅਤੇ ਹਵਾ ਨਾਲੋਂ ਵੀ ਤੇਜ਼ ਵਗਦੀ ਹੈ।
ਸੰਪਰਕ : 9814113338
08 March 2019