ਮਨਘੜਤ ਖ਼ਬਰਾਂ ਦਾ 'ਸੰਸਾਰ' - ਸਵਰਾਜਬੀਰ
ਅਸੀਂ ਉਨ੍ਹਾਂ ਸਮਿਆਂ ਵਿਚ ਜੀਅ ਰਹੇ ਹਾਂ ਜਦੋਂ ਸੋਸ਼ਲ ਮੀਡੀਆ 'ਤੇ ਝੂਠੀਆਂ ਤੇ ਮਨਘੜਤ ਖ਼ਬਰਾਂ ਦਾ ਹੜ੍ਹ ਆਇਆ ਹੋਇਆ ਹੈ। ਇੰਟਰਨੈੱਟ ਅਤੇ ਵੱਖ ਵੱਖ ਐਪਸ ਉੱਤੇ ਏਨੀ ਜਾਣਕਾਰੀ ਮਿਲ ਰਹੀ ਹੈ ਕਿ ਇਹ ਦੱਸਣਾ/ਲੱਭਣਾ ਮੁਸ਼ਕਲ ਹੋ ਜਾਂਦਾ ਹੈ ਕਿ ਕਿਹੜੀ ਜਾਣਕਾਰੀ ਸੱਚ ਹੈ ਅਤੇ ਕਿਹੜੀ ਝੂਠ। ਸਭ ਤੋਂ ਖ਼ਤਰਨਾਕ ਪਹਿਲੂ ਇਹ ਹੈ ਕਿ ਬਹੁਤ ਸਾਰੇ ਸਵਾਰਥੀ ਲੋਕ, ਟੋਲੀਆਂ ਤੇ ਪਾਰਟੀਆਂ ਝੂਠੀਆਂ ਖ਼ਬਰਾਂ ਘੜਦੇ ਹਨ ਤੇ ਉਨ੍ਹਾਂ ਨੂੰ ਸੌੜੇ ਹਿੱਤਾਂ ਲਈ ਵਰਤਿਆ ਜਾਂਦਾ ਹੈ। ਏਦਾਂ ਕਰਨ ਵਾਲੇ ਲੋਕਾਂ ਵਿਚ ਕੁਝ ਤਾਂ ਇਹ ਜਾਣਦੇ ਹਨ ਕਿ ਉਹ ਇਹ ਕੰਮ ਆਪਣੇ ਸਵਾਰਥ ਅਤੇ ਆਵਾਮ ਨੂੰ ਉੱਲੂ ਬਣਾਉਣ ਲਈ ਕਰ ਰਹੇ ਹਨ ਪਰ ਬਹੁਤ ਸਾਰੇ ਲੋਕਾਂ ਨੂੰ ਇਹ ਝਾਂਸਾ ਵੀ ਦਿੱਤਾ ਜਾਂਦਾ ਹੈ ਕਿ ਜੇ ਉਹ ਇਨ੍ਹਾਂ ਖ਼ਬਰਾਂ ਨੂੰ ਹੋਰ ਫੈਲਾਉਣ ਤਾਂ ਉਹ ਆਪਣੇ ਧਰਮ, ਦੇਸ਼, ਜਾਤ, ਨਸਲ, ਸੱਭਿਅਤਾ ਆਦਿ ਦੀ ਵਡਿਆਈ ਕਰਨ ਵਿਚ ਹਿੱਸਾ ਪਾ ਰਹੇ ਹੋਣਗੇ। ਇਹੋ ਜਿਹੀਆਂ ਖ਼ਬਰਾਂ ਨੂੰ ਫੈਲਾਉਣ ਦਾ ਸਭ ਤੋਂ ਵੱਡਾ ਹਥਿਆਰ ਉਹ ਸਾਧਨ/ਐਪਸ ਹਨ ਜਿਨ੍ਹਾਂ ਵਿਚ ਲਿਖ਼ਤਾਂ/ਸੁਨੇਹੇ ਇਕ ਸਮਾਰਟ ਫ਼ੋਨ/ਕੰਪਿਊਟਰ/ਲੈਪਟਾਪ ਤੋਂ ਦੂਸਰੇ ਅਜਿਹੇ ਯੰਤਰ ਤਕ ਗੁਪਤ (Encrypted) ਰੂਪ ਵਿਚ ਪਹੁੰਚਦੇ ਹਨ ਭਾਵ ਵੱਟਸਐਪ, ਵਾਈਬਰ, ਲਾਈਨ, ਟੈਲੀਗਰਾਮ, ਟੈਂਗੋ ਆਦਿ।
ਪਿਛਲੇ ਸਾਲ ਬ੍ਰਿਟਿਸ਼ ਬਰਾਡਕਾਸਟਿੰਗ ਕਾਰਪੋਰੇਸ਼ਨ (ਬੀਬੀਸੀ) ਨੇ ਹਿੰਦੋਸਤਾਨ, ਕੀਨੀਆ ਤੇ ਨਾਇਜੀਰੀਆ ਵਿਚ ਵੱਡੇ ਪੱਧਰ ਦਾ ਖੋਜ ਕਾਰਜ ਕਰਵਾਇਆ ਜਿਸ ਵਿਚ ਇਹ ਤੱਥ ਸਾਹਮਣੇ ਆਏ ਕਿ ਹਿੰਦੋਸਤਾਨ ਦੇ ਲੋਕ ਉਨ੍ਹਾਂ ਸੰਦੇਸ਼ਾਂ, ਜਿਨ੍ਹਾਂ ਵਿਚ ਹਿੰਸਾ ਹੋਵੇ, ਨੂੰ ਫੈਲਾਉਣ ਤੋਂ ਤਾਂ ਕੁਝ ਝਿਜਕ ਮਹਿਸੂਸ ਕਰਦੇ ਹਨ ਪਰ 'ਰਾਸ਼ਟਰਵਾਦੀ' ਭਾਵਨਾ ਵਾਲੇ ਸੰਦੇਸ਼ ਬੜੀ ਤੇਜ਼ੀ ਨਾਲ ਫੈਲਾਏ ਜਾਂਦੇ ਹਨ। ਟਵਿੱਟਰ ਦੇ 16 ਹਜ਼ਾਰ ਖ਼ਾਤਿਆਂ ਦੇ ਅਧਿਐਨ ਤੋਂ ਮਨਘੜਤ ਖ਼ਬਰਾਂ ਫੈਲਾਉਣ ਵਾਲਿਆਂ ਦੇ ਜੋ ਵਿਚਾਰਧਾਰਕ ਰੁਝਾਨ ਸਾਹਮਣੇ ਆਏ, ਉਨ੍ਹਾਂ ਅਨੁਸਾਰ ਸੱਤਾਧਾਰੀ ਪਾਰਟੀ ਦੇ ਹਮਾਇਤੀਆਂ ਦੇ ਤਾਰ ਬਿਹਤਰ ਤਰ੍ਹਾਂ ਨਾਲ ਜੁੜੇ ਹੋਏ ਹਨ। ਰਾਸ਼ਟਰਵਾਦ, ਦੇਸ਼ ਭਗਤੀ, ਪਾਕਿਸਤਾਨ ਵਿਰੋਧ, ਹਿੰਦੂਤਵ ਦੀ ਵਡਿਆਈ ਅਤੇ ਘੱਟਗਿਣਤੀ ਦੇ ਲੋਕਾਂ ਨੂੰ ਛੁਟਿਆਉਣ ਵਾਲੇ ਸੰਦੇਸ਼ ਇਹ ਟੋਲੀਆਂ ਬੜੇ ਧੜੱਲੇ ਨਾਲ ਫੈਲਾਉਂਦੀਆਂ ਹਨ।
ਗੱਲ ਇਹੋ ਜਿਹੇ ਸੰਦੇਸ਼ਾਂ 'ਤੇ ਹੀ ਖ਼ਤਮ ਨਹੀਂ ਹੁੰਦੀ। ਪਿਛਲੇ ਵਰ੍ਹਿਆਂ ਦੌਰਾਨ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਕਈ ਵਾਰ ਇਹੋ ਜਿਹੀਆਂ ਮਨਘੜਤ ਖ਼ਬਰਾਂ ਸੋਸ਼ਲ ਮੀਡੀਆ 'ਤੇ ਫੈਲਾਈਆਂ ਗਈਆਂ ਹਨ ਜਿਨ੍ਹਾਂ ਕਾਰਨ ਹਿੰਸਾ ਹੋਈ ਅਤੇ ਬੇਗੁਨਾਹ ਲੋਕਾਂ ਦੀਆਂ ਜਾਨਾਂ ਜਾਂਦੀਆਂ ਰਹੀਆਂ। ਇਨ੍ਹਾਂ ਵਿਚ ਆਮ ਕਰਕੇ ਦਲਿਤਾਂ, ਦਮਿਤਾਂ ਅਤੇ ਘੱਟਗਿਣਤੀ ਫ਼ਿਰਕੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ। ਝੂਠੀਆਂ ਖ਼ਬਰਾਂ ਫੈਲਾਉਣ ਦਾ ਇਹ ਤੰਤਰ ਬਹੁਤ ਵਿਸ਼ਾਲ ਹੈ ਕਿਉਂਕਿ ਹਿੰਦੋਸਤਾਨ ਜਿਹੇ ਦੇਸ਼ ਵਿਚ ਕਿਸੇ ਵੀ ਸਮੇਂ ਕਰੋੜਾਂ ਲੋਕ ਸਮਾਰਟ ਫ਼ੋਨਾਂ, ਲੈਪਟਾਪਾਂ ਅਤੇ ਕੰਪਿਊਟਰਾਂ ਰਾਹੀਂ ਇਕ ਦੂਜੇ ਨਾਲ ਜੁੜੇ (ਆਨਲਾਈਨ) ਹੁੰਦੇ ਹਨ।
ਮਸ਼ਹੂਰ ਨਿਊਰੋਸਾਇੰਟਿਸਟ (ਤੰਤੂ ਵਿਗਿਆਨੀ) ਅਭਿਜੀਤ ਨਸਕਰ ਨੇ ਆਪਣੀ ਕਿਤਾਬ 'ਦਿ ਕਾਂਸਟੀਚਿਊਸ਼ਨ ਆਫ਼ ਯੂਨਾਈਟਿਡ ਪੀਪਲਜ਼ ਆਫ਼ ਅਰਥ' ਵਿਚ ਲਿਖਿਆ ਹੈ ਕਿ ਛਾਪੇਖ਼ਾਨੇ ਦੀ ਆਮਦ ਤੋਂ ਪਹਿਲਾਂ ਦੁਨੀਆਂ ਵਿਚ ਜਾਣਕਾਰੀ ਦਾ ਫੈਲਾਅ ਸੀਮਤ ਪੱਧਰ 'ਤੇ ਹੋਣ ਕਰਕੇ ਲੋਕਾਈ ਨੂੰ ਗਿਆਨ/ਜਾਣਕਾਰੀ ਦੀ ਘਾਟ ਰੜਕਦੀ ਸੀ। ਨਸਕਰ ਅਨੁਸਾਰ ਇਹ ਇਕ ਤਰ੍ਹਾਂ ਦੀ ਬੌਧਿਕ ਕੰਗਾਲੀ ਸੀ। ਪਿਛਲੇ ਕੁਝ ਦਹਾਕਿਆਂ ਤੋਂ ਇੰਟਰਨੈੱਟ ਤੇ ਸੋਸ਼ਲ ਮੀਡੀਆ ਦੇ ਆਉਣ ਨਾਲ ਜਾਣਕਾਰੀ ਦੇ ਪਾਸਾਰ ਵਿਚ ਖ਼ਤਰਨਾਕ ਹੱਦ ਤਕ ਵਾਧਾ ਹੋਇਆ ਹੈ। ਇਸ ਨੂੰ ਅਭਿਜੀਤ ਨਸਕਰ 'ਬੌਧਿਕ ਮੋਟਾਪੇ' ਦਾ ਨਾਂ ਦਿੰਦਾ ਹੈ। ਸਭ ਤੋਂ ਅਹਿਮ ਚੁਣੌਤੀ ਮਨਘੜਤ ਖ਼ਬਰਾਂ ਦੇ ਮੱਕੜਜਾਲ ਤੋਂ ਬਚਣ ਦੀ ਹੈ। ਖੁਦਗਰਜ਼ ਲੋਕ ਮਨਘੜਤ ਖ਼ਬਰਾਂ ਦਾ ਇਹੋ ਜਿਹਾ 'ਸੰਸਾਰ' ਲੋਕਾਂ ਸਾਹਮਣੇ ਪੇਸ਼ ਕਰਦੇ ਹਨ ਜਿਸ ਵਿਚ ਆਮ ਆਦਮੀ ਭਾਵਨਾਤਮਕ ਵਹਾਅ ਵਿਚ ਵਹਿੰਦਾ ਹੋਇਆ ਉਨ੍ਹਾਂ ਦੇ ਝੂਠੇ ਸੰਸਾਰ ਦਾ ਵਾਸੀ ਬਣ ਜਾਂਦਾ ਹੈ। ਇਸ 'ਸੰਸਾਰ' ਵਿਚ ਆਮ ਕਰਕੇ ਇਕ ਧਰਮ, ਫ਼ਿਰਕੇ ਜਾਂ ਦੇਸ਼ ਦੀ ਮਨਚਾਹੀ ਵਡਿਆਈ ਕੀਤੀ ਜਾਂਦੀ ਹੈ ਅਤੇ ਦੂਸਰੇ ਧਰਮਾਂ, ਵਰਗਾਂ ਤੇ ਜਾਤਾਂ ਦੀ ਨਿਖੇਧੀ। ਇਹ 'ਸੰਸਾਰ' ਏਨੇ ਭਰਮਾਊ ਹੁੰਦੇ ਹਨ ਕਿ ਇਨ੍ਹਾਂ ਤੋਂ ਬਾਹਰ ਆਉਣਾ ਮੁਸ਼ਕਲ ਹੋ ਜਾਂਦਾ ਹੈ। ਇਨ੍ਹਾਂ ਦੇ ਵਾਸੀ ਆਪਣੇ ਸੀਮਤ ਸੰਸਾਰਾਂ ਵਿਚ ਸੰਚਾਰਤ ਹੋ ਰਹੀਆਂ ਖ਼ਬਰਾਂ ਨੂੰ ਦੁਨੀਆਂ ਦਾ ਆਖ਼ਰੀ ਸੱਚ ਸਮਝ ਲੈਂਦੇ ਹਨ ਅਤੇ ਉਨ੍ਹਾਂ ਮੁੱਦਿਆਂ 'ਤੇ ਲੜਨ-ਮਰਨ ਲਈ ਤਿਆਰ ਹੋ ਜਾਂਦੇ ਹਨ।
ਅੱਜਕੱਲ੍ਹ ਦੀ ਦੁਨੀਆਂ ਵਿਚ ਇਹੋ ਜਿਹੇ ਸੰਸਾਰ ਅਤਿਵਾਦ, ਅੰਧ-ਰਾਸ਼ਟਰਵਾਦ, ਫ਼ਿਰਕਾਪ੍ਰਸਤੀ ਤੇ ਨਫ਼ਰਤ ਦੇ ਵਾਹਨ ਬਣੇ ਹੋਏ ਹਨ। 'ਮੈਟਰਿਕਸ' ਨਾਂ ਦੀਆਂ ਫ਼ਿਲਮਾਂ ਦੀ ਤ੍ਰਿਕੜੀ ਵਿਚ ਇਹੋ ਜਿਹੇ ਸੰਸਾਰਾਂ ਦਾ ਚਿਤਰਣ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤ੍ਰਿਕੜੀ ਦੀ ਪਹਿਲੀ ਫ਼ਿਲਮ 1999 ਵਿਚ ਬਣੀ ਅਤੇ ਬਾਕੀ ਦੋ ਬਾਅਦ ਵਿਚ। ਪਹਿਲੀ ਫ਼ਿਲਮ ਵਿਚ ਸੱਚਾਈ ਦੇ ਪੱਖ ਤੋਂ ਲੜਨ ਵਾਲੇ ਸਹਿ-ਨਾਇਕ ਤੇ ਨਾਇਕ ਜਦ ਪਹਿਲੀ ਵਾਰ ਮਿਲਦੇ ਹਨ ਤਾਂ ਸਹਿ-ਨਾਇਕ ਨਾਇਕ ਨੂੰ ਆਖਦਾ ਹੈ ''ਅਸਲੀਅਤ ਦੇ ਮਾਰੂਥਲ 'ਤੇ ਜੀ ਆਇਆਂ'' ਭਾਵ ਇਹੋ ਜਿਹੇ ਕੂੜ ਸੰਸਾਰਾਂ ਕਾਰਨ ਅਸਲੀਅਤ ਤੇ ਸੱਚ ਦੇ ਧਰਾਤਲ ਘਟਦੇ ਜਾ ਰਹੇ ਹਨ (ਇਹ ਸੰਵਾਦ ਮਸ਼ਹੂਰ ਫ਼ਰਾਂਸੀਸੀ ਚਿੰਤਕ ਯਾਂ ਬੁਦਰੀਲਾਰਦ ਦਾ ਪ੍ਰਸਿੱਧ ਕਥਨ ਹੈ)। ਇੰਟਰਨੈੱਟ ਦੀ ਗਤੀ, ਵੱਟਸਐਪ, ਫੇਸਬੁੱਕ ਅਤੇ ਹੋਰ ਸੰਚਾਰ ਸਾਧਨ 1999 ਤੋਂ ਬਾਅਦ ਬੜੀ ਤੇਜ਼ੀ ਨਾਲ ਬਦਲੇ ਹਨ ਅਤੇ ਜੇ ਇਹ ਫ਼ਿਲਮਾਂ ਅੱਜ ਦੇ ਦੌਰ ਵਿਚ ਬਣਦੀਆਂ ਤਾਂ ਇਨ੍ਹਾਂ ਵਿਚ ਦਰਸਾਇਆ ਗਿਆ 'ਸੰਸਾਰ' ਕਿਤੇ ਜ਼ਿਆਦਾ ਭਿਆਨਕ ਹੋਣਾ ਸੀ।
ਲੋਕ ਸਭਾ ਚੋਣਾਂ ਹੋਣ ਵਾਲੀਆਂ ਹਨ ਤੇ ਇਸ ਦੌਰਾਨ ਮਨਘੜਤ ਖ਼ਬਰਾਂ ਦਾ ਦੌਰ ਹੋਰ ਤੇਜ਼ ਹੋ ਜਾਏਗਾ। ਇੰਟਰਨੈੱਟ 'ਤੇ ਬੈਠੇ 'ਦੇਸ਼ ਭਗਤਾਂ' ਦੁਆਰਾ ਲਗਾਤਾਰ ਉਹ ਖ਼ਬਰਾਂ ਘੜੀਆਂ ਜਾ ਰਹੀਆਂ ਹਨ ਜਿਨ੍ਹਾਂ ਵਿਚ ਅੰਧ-ਰਾਸ਼ਟਰਵਾਦ ਤੇ ਨਫ਼ਰਤ ਦਾ ਬੋਲਬਾਲਾ ਹੈ। ਇਸ ਤਰ੍ਹਾਂ ਇਕ ਨਵੀਂ ਤਰ੍ਹਾਂ ਦੀ ਝੂਠੀ ਸੱਭਿਆਚਾਰਕ ਪੂੰਜੀ ਪੈਦਾ ਕਰਨ ਦਾ ਯਤਨ ਕੀਤਾ ਜਾ ਰਿਹੈ ਜਿਸ ਵਿਚ ਕੂੜ ਬਹੁਤ ਜ਼ਿਆਦਾ ਹੈ ਤੇ ਸੱਚ ਬਹੁਤ ਘੱਟ। ਇਸ ਸਬੰਧ ਵਿਚ ਸੰਸਦ ਦੀ ਇਕ ਕਮੇਟੀ ਨੇ ਫੇਸਬੁੱਕ ਅਤੇ ਟਵਿੱਟਰ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਇਹ ਦੱਸਿਆ ਕਿ ਉਨ੍ਹਾਂ ਦੀਆਂ ਕੰਪਨੀਆਂ ਮਨਘੜਤ ਖ਼ਬਰਾਂ ਅਤੇ ਗ਼ਲਤ ਜਾਣਕਾਰੀ ਦੇਣ ਵਾਲਿਆਂ ਵਿਰੁੱਧ ਲੋੜੀਂਦੀ ਕਾਰਵਾਈ ਨਹੀਂ ਕਰ ਰਹੀਆਂ। ਇਨ੍ਹਾਂ ਕੰਪਨੀਆਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਭਾਰਤ ਦੇ ਚੋਣ ਕਮਿਸ਼ਨ ਨਾਲ ਰਾਬਤਾ ਰੱਖਣ ਤੇ ਮਨਘੜਤ ਖ਼ਬਰਾਂ ਦੇ ਇਸ ਹੜ੍ਹ ਨੂੰ ਰੋਕਣ ਵਿਚ ਮਦਦ ਕਰਨ। ਪਰ ਇਹ ਸਭ ਕੁਝ ਕਰਨਾ ਏਨਾ ਸੌਖਾ ਨਹੀਂ ਕਿਉਂਕਿ ਇਕ ਤਾਂ ਇਹ ਕੰਪਨੀਆਂ ਆਪਣੇ ਗਾਹਕਾਂ, ਜਿਨ੍ਹਾਂ ਦੇ ਮੈਸੇਜ ਭੇਜਣ ਕਾਰਨ ਇਨ੍ਹਾਂ ਨੂੰ ਅਰਬਾਂ ਡਾਲਰਾਂ ਦਾ ਨਫ਼ਾ ਹੁੰਦਾ ਹੈ, 'ਤੇ ਨਕੇਲ ਪਾਉਣ ਲਈ ਜ਼ਿਆਦਾ ਉਤਸੁਕ ਦਿਖਾਈ ਨਹੀਂ ਦਿੰਦੀਆਂ; ਦੂਸਰਾ ਮਸਨੂਈ ਸਿਆਣਪ ਦੇ ਸੰਦ (ਇੰਟਰਨੈੱਟ 'ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਸੰਚਾਲਿਤ ਆਪਣੇ ਆਪ ਚੱਲਣ ਵਾਲੇ ਐਪਸ/ਸੰਦ) ਏਨੀ ਤੇਜ਼ੀ ਨਾਲ ਕੰਮ ਕਰਦੇ ਹਨ ਕਿ ਬਹੁਤ ਵਾਰ ਇਹ ਲੱਭਣ ਤੋਂ ਪਹਿਲਾਂ ਕਿ ਕੋਈ ਖ਼ਬਰ ਝੂਠੀ ਹੈ ਜਾਂ ਨਹੀਂ, ਉਹ ਕਰੋੜਾਂ ਲੋਕਾਂ ਤਕ ਪਹੁੰਚ ਚੁੱਕੀ ਹੁੰਦੀ ਹੈ ਅਤੇ ਜੋ ਨੁਕਸਾਨ ਸਵਾਰਥੀ ਲੋਕ ਕਰਨਾ ਚਾਹੁੰਦੇ ਹਨ, ਕਰ ਚੁੱਕੀ ਹੁੰਦੀ ਹੈ।
ਮਨਘੜਤ ਖ਼ਬਰਾਂ ਨੂੰ ਵੱਡੇ ਪੱਧਰ 'ਤੇ ਫੈਲਾਉਣ ਦਾ ਕੰਮ ਹਿੰਸਾ ਤੇ ਨਫ਼ਰਤ ਦੇ ਪੁਜਾਰੀਆਂ ਦੁਆਰਾ ਕੀਤਾ ਜਾਂਦਾ ਹੈ। ਉਹ ਆਪਣਾ ਹੋ-ਹੱਲਾ ਏਨੀ ਤੇਜ਼ੀ ਅਤੇ ਵੱਡੇ ਪੱਧਰ 'ਤੇ ਫੈਲਾਉਂਦੇ ਹਨ ਕਿ ਸੂਝਵਾਨ ਲੋਕਾਂ ਦੁਆਰਾ ਉਨ੍ਹਾਂ ਦਾ ਸਾਹਮਣਾ ਕਰਨਾ ਮੁਸ਼ਕਲ ਹੋ ਜਾਂਦਾ ਹੈ ਅਤੇ ਜੇ ਕੋਈ ਅਜਿਹਾ ਕਰਨ ਦੀ ਹਿੰਮਤ ਵੀ ਕਰਦਾ ਹੈ ਤਾਂ ਇੰਟਰਨੈੱਟ 'ਤੇ ਉਸ ਦੀ ਬਦਖੋਈ ਲਈ ਲਾਮਬੰਦੀ (ਟਰੌਲ) ਕੀਤੀ ਜਾਂਦੀ ਹੈ। ਇਹ ਮਨਘੜਤ ਖ਼ਬਰਾਂ ਸਿਰਫ਼ ਖ਼ਬਰਾਂ ਹੀ ਨਹੀਂ ਹਨ ਸਗੋਂ ਗਾਲਬ ਜਮਾਤਾਂ ਤੇ ਜਾਤਾਂ ਵੱਲੋਂ ਆਪਣਾ ਗਲਬਾ ਕਾਇਮ ਰੱਖਣ ਲਈ ਘੜੇ ਗਏ ਬਿਰਤਾਂਤ ਹਨ ਜਿਨ੍ਹਾਂ ਨੂੰ ਸੌੜੇ ਸਿਆਸੀ ਹਿੱਤਾਂ ਲਈ ਵਰਤਿਆ ਜਾਂਦਾ ਹੈ। ਇਨ੍ਹਾਂ ਰੁਝਾਨਾਂ ਵਿਰੁੱਧ ਲੜਨਾ ਬਹੁਤ ਮੁਸ਼ਕਲ ਹੈ ਪਰ ਅਸੰਭਵ ਨਹੀਂ। ਸੂਝਵਾਨ ਅਤੇ ਦੇਸ਼ ਦਾ ਹਿੱਤ ਚਾਹੁਣ ਵਾਲੇ ਲੋਕਾਂ ਨੂੰ ਸੋਸ਼ਲ ਮੀਡੀਆ ਦੀ ਵੱਡੇ ਪੱਧਰ 'ਤੇ ਵਰਤੋਂ ਕਰਨ ਅਤੇ ਕੂੜ ਦੇ ਇਨ੍ਹਾਂ ਰੁਝਾਨਾਂ ਦਾ ਸਾਹਮਣਾ ਕਰਨ ਲਈ ਲਾਮਬੰਦ ਹੋਣ ਦੇ ਨਾਲ ਨਾਲ ਇਨ੍ਹਾਂ ਵਿਰੁੱਧ ਚੇਤੰਨ ਵੀ ਹੋਣਾ ਚਾਹੀਦਾ ਹੈ। ਅਜਿਹੀਆਂ ਮਨਘੜਤ ਖ਼ਬਰਾਂ ਉੱਤੇ ਸੁਤੇ-ਸਿਧ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਕਿਸੇ ਅਣਜਾਣੇ ਸਰੋਤ ਤੋਂ ਮਿਲੀਆਂ ਖ਼ਬਰਾਂ ਨੂੰ ਇਕਦਮ ਪੂਰਾ ਸੱਚ ਸਮਝਣਾ ਖ਼ਤਰਨਾਕ ਹੋ ਸਕਦਾ ਹੈ। ਉਸ ਦੀ ਸੱਚਾਈ ਦੀ ਤਹਿ ਤਕ ਜਾਣ ਲਈ ਵੱਖ ਵੱਖ ਸਰੋਤਾਂ ਤਕ ਪਹੁੰਚ ਕੀਤੀ ਜਾਣੀ ਚਾਹੀਦੀ ਹੈ ਤੇ ਉਹ ਇਲਾਕਾ, ਜਿੱਥੋਂ ਇਹੋ ਜਿਹੀ ਖ਼ਬਰ ਆਈ ਹੋਵੇ, ਦੇ ਵਸਨੀਕਾਂ ਨਾਲ ਸਿੱਧਾ ਰਾਬਤਾ ਕਰਨਾ ਸਭ ਤੋਂ ਵਧੀਆ ਸਰੋਤ ਹੋ ਸਕਦਾ ਹੈ। ਆਉਣ ਵਾਲੇ ਕੁਝ ਮਹੀਨਿਆਂ ਵਿਚ ਇਨ੍ਹਾਂ ਮਨਘੜਤ ਖ਼ਬਰਾਂ ਦਾ ਦੌਰ ਤਾਂ ਚੱਲੇਗਾ ਹੀ, ਫਿਰ ਵੀ ਆਸ ਕੀਤੀ ਜਾ ਸਕਦੀ ਹੈ ਕਿ ਲੋਕ ਇਨ੍ਹਾਂ ਖ਼ਬਰਾਂ ਦੇ ਓਹਲੇ ਪਿਆ ਕੂੜ ਪਛਾਣ ਲੈਣਗੇ।