ਚੋਣਾਂ ਆਉਂਦੀਆਂ ਵੇਖ ਕੇ ਵਿਗੜਦੀ ਜਾ ਰਹੀ ਹੈ ਭਾਰਤੀ ਲੀਡਰਾਂ ਦੀ ਬੋਲ-ਬਾਣੀ -ਜਤਿੰਦਰ ਪਨੂੰ
ਅਮਰੀਕਾ ਦੇ ਰਾਸ਼ਟਰਪਤੀ ਦੀ ਪਤਨੀ ਮੇਲਾਨੀਆ ਟਰੰਪ ਪਿਛਲੇ ਦਿਨੀਂ ਉਨ੍ਹਾਂ ਬੱਚਿਆਂ ਨੂੰ ਮਿਲਣ ਗਈ, ਜਿਨ੍ਹਾਂ ਦੇ ਮਾਪੇ ਉਨ੍ਹਾਂ ਤੋਂ ਇਸ ਲਈ ਵੱਖ ਕਰ ਦਿੱਤੇ ਗਏ ਸਨ ਕਿ ਉਹ ਬਿਨਾਂ ਦਸਤਾਵੇਜ਼ਾਂ ਤੋਂ ਅਮਰੀਕਾ ਆਏ ਸਨ। ਉਸ ਵੇਲੇ ਮੇਲਾਨੀਆ ਟਰੰਪ ਦੀ ਜੈਕੇਟ ਤੋਂ ਇੱਕ ਵਿਵਾਦ ਛਿੜ ਗਿਆ। ਜਿਹੜੀ ਜੈਕੇਟ ਉਹ ਪਹਿਨ ਕੇ ਗਈ, ਉਸ ਦੇ ਪਿਛਲੇ ਪਾਸੇ ਅੰਗਰੇਜ਼ੀ ਵਿੱਚ ਲਿਖਿਆ ਸੀ, 'ਆਈ ਰੀਅਲੀ ਡੌਂਟ ਕੇਅਰ, ਡੂ ਯੂ', ਭਾਵ ਕਿ 'ਮੈਂ ਸੱਚਮੁੱਚ ਕੋਈ ਪ੍ਰਵਾਹ ਨਹੀਂ ਕਰਦੀ, ਕੀ ਤੁਸੀਂ ਕਰਦੇ ਹੋ'। ਉਸ ਦੇ ਇਸ ਪ੍ਰਗਟਾਵੇ ਨੂੰ ਇੱਕ ਤਰ੍ਹਾਂ ਵਿਰੋਧੀਆਂ ਨੂੰ ਚਿੜਾਉਣ ਵਾਲਾ ਮੰਨਿਆ ਗਿਆ। ਅਮਰੀਕਾ ਦੇ ਲੋਕਾਂ ਨੂੰ ਇਹ ਵੀ ਗਾਲ੍ਹ ਕੱਢਣ ਵਰਗੀ ਗੱਲ ਨਜ਼ਰ ਆਈ, ਤੇ ਇਹ ਗਾਲ੍ਹ ਵਰਗੀ ਗੱਲ ਹੈ ਵੀ ਸੀ।
ਸਾਡੇ ਭਾਰਤੀ ਲੋਕਾਂ ਨੂੰ ਏਦਾਂ ਦੀ ਗੱਲ ਕਿਸੇ ਲੀਡਰ ਦੇ ਪਰਵਾਰ ਦੇ ਕਿਸੇ ਮੈਂਬਰ ਦੀ ਜੈਕੇਟ ਉੱਤੇ ਲਿਖੀ ਦਿਖਾਈ ਦੇਂਦੀ ਤਾਂ ਅਸੀਂ ਇਹ ਸੋਚਣਾ ਸੀ, ਇਹ ਗੱਲ ਲਿਖਣ ਦੀ ਕੀ ਲੋੜ ਸੀ, ਇਹ ਤਾਂ ਸਾਨੂੰ ਸਭ ਨੂੰ ਉਂਜ ਵੀ ਪਤਾ ਹੁੰਦਾ ਹੈ ਕਿ ਲੀਡਰ ਅਤੇ ਉਨ੍ਹਾਂ ਦੇ ਪਰਵਾਰਾਂ ਦੇ ਜੀਅ ਕਿਸੇ ਦੀ ਪ੍ਰਵਾਹ ਨਹੀਂ ਕਰਦੇ। ਇਹ ਵੱਡੀ ਗੱਲ ਨਹੀਂ ਸੀ ਬਣਨੀ। ਏਥੇ ਬਹੁਤ ਕੁਝ ਏਦਾਂ ਦਾ ਵਾਪਰਦਾ ਰਹਿੰਦਾ ਹੈ, ਜਿਸ ਨੂੰ ਆਮ ਗੱਲ ਮੰਨਿਆ ਜਾਂਦਾ ਹੈ ਤੇ ਇੱਕ-ਦੋ ਦਿਨ ਦੀ ਚਰਚਾ ਜੋਗਾ ਵੀ ਨਹੀਂ ਸਮਝਿਆ ਜਾਂਦਾ। ਭਾਰਤੀ ਲੀਡਰ ਦੇਸ਼ ਦੇ ਆਮ ਲੋਕਾਂ ਨੂੰ ਹੀ ਨਹੀਂ, ਆਪਣੀ ਰਾਜਸੀ ਬਰਾਦਰੀ ਵਿਚਲੇ ਵਿਰੋਧ ਦੀ ਧਿਰ ਵਾਲਿਆਂ ਨੂੰ ਵੀ ਮੂੰਹ ਪਾੜ ਕੇ ਕਦੇ ਵੀ ਕੁਝ ਵੀ ਕਹਿ ਸਕਦੇ ਹਨ। ਇਸ ਹਫਤੇ ਫਿਰ ਏਦਾਂ ਹੋਇਆ ਹੈ।
ਪਹਿਲ ਕੀਤੀ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨੇ। ਚਾਰ ਸਾਲ ਭਾਜਪਾ ਨਾਲ ਸੱਤਾ ਮਾਣਨ ਦੀ ਸਾਂਝ ਰੱਖੀ ਤੇ ਪੰਜਵੇਂ ਸਾਲ ਕੰਮ ਵਿਗੜਦਾ ਵੇਖ ਕੇ ਵੱਖ ਹੋ ਗਿਆ। ਉਸ ਦੇ ਨਾਲ ਜੁੜਨ ਨੂੰ ਕੋਈ ਤਿਆਰ ਨਹੀਂ ਹੋ ਰਿਹਾ ਜਾਪਦਾ। ਵਿਰੋਧ ਵਿਚ ਕਈ ਧਿਰਾਂ ਹੱਥ ਮਿਲਾਉਣ ਦੀ ਤਿਆਰੀ ਕਰ ਰਹੀਆਂ ਹਨ। ਇੱਕ ਪੱਤਰਕਾਰ ਨੇ ਇਸ ਬਾਰੇ ਪੁੱਛ ਲਿਆ ਤਾਂ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨੇ ਕਿਹਾ: 'ਮੇਰੇ ਖਿਲਾਫ ਬਾਂਦਰਾਂ ਦਾ ਗੈਂਗ ਇਕੱਠਾ ਹੁੰਦਾ ਪਿਆ ਹੈ।' ਅਗਲੇ ਪਾਸੇ ਵਾਲੇ ਜਦੋਂ ਇਸ ਦਾ ਜਵਾਬ ਦੇਣਗੇ ਤਾਂ ਕਿਹੋ ਜਿਹਾ ਦੇਣਗੇ, ਇਸ ਦਾ ਅੰਦਾਜ਼ਾ ਲਾਉਣ ਲਈ ਇਹੋ ਮਿਸਾਲ ਕਾਫੀ ਹੈ ਕਿ ਏਦਾਂ ਦੇ ਮਾਮਲਿਆਂ ਵਿੱਚ ਜਿਵੇਂ ਖੂਹ ਵੱਲ ਮੂੰਹ ਕਰ ਕੇ ਕੱਢੀ ਆਵਾਜ਼ ਦੇ ਜਵਾਬ ਵਿੱਚ ਅੱਗੋਂ ਐਨ ਓਸੇ ਤਰ੍ਹਾਂ ਦੀ ਆਵਾਜ਼ ਆਉਂਦੀ ਹੈ, ਆਂਧਰਾ ਪ੍ਰਦੇਸ਼ ਵਿੱਚ ਵੀ ਆਵੇਗੀ। ਦੋਵੇਂ ਧਿਰਾਂ ਬਰਾਬਰ ਹੋਣ ਮਗਰੋਂ ਲੋਕਾਂ ਨੂੰ ਫੈਸਲਾ ਕਰਨ ਵਿੱਚ ਮੁਸ਼ਕਲ ਆਵੇਗੀ ਕਿ ਅਗਲੀ ਵਾਰੀ ਜਾਨਵਰਾਂ ਦੀ ਕਿਹੜੀ ਨਸਲ ਨੂੰ ਰਾਜ ਸੌਂਪਣਾ ਹੈ!
ਭਾਰਤ ਦੇ ਰਾਜਾਂ ਦੀ ਰਾਜਨੀਤੀ ਕਿਸ ਨੀਵਾਣ ਨੂੰ ਛੋਹ ਰਹੀ ਹੈ, ਇਸ ਵੱਲ ਵੇਖਣਾ ਬੇਲੋੜਾ ਹੈ, ਕੇਂਦਰ ਦੇ ਅਖਾੜੇ ਵਿੱਚ ਵੀ ਇਹੋ ਜਿਹਾ ਕੰਮ ਚੋਖਾ ਹੋਈ ਜਾਂਦਾ ਹੈ। ਕਾਂਗਰਸ ਦੀ ਮਨਮੋਹਨ ਸਿੰਘ ਦੀ ਅਗਵਾਈ ਹੇਠ ਚੱਲਦੀ ਸਰਕਾਰ ਦੇ ਦੌਰਾਨ ਵਿਰੋਧੀ ਧਿਰ ਦੇ ਇੱਕ ਆਗੂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਲਈ 'ਨਾਮਰਦ' ਸ਼ਬਦ ਦੀ ਵਰਤੋਂ ਕੀਤੀ ਸੀ। ਅੱਜ-ਕੱਲ੍ਹ ਕੇਂਦਰ ਵਿੱਚ ਇੱਕ ਮੰਤਰੀ ਏਦਾਂ ਦਾ ਹੈ, ਜਿਸ ਨੇ ਖੁਦ ਵੀ ਕਿਸੇ ਸਮੇਂ ਵਿਰੋਧੀ ਧਿਰ ਵਿੱਚ ਹੁੰਦੇ ਹੋਏ ਬਾਕੀ ਵਿਰੋਧੀ ਦਲਾਂ ਦੇ ਆਗੂਆਂ ਬਾਰੇ ਕਹਿ ਦਿੱਤਾ ਸੀ ਕਿ ਆਪੋ-ਆਪਣੇ ਰਾਜਾਂ ਵਿੱਚ ਸੋਨੀਆ ਗਾਂਧੀ ਅਤੇ ਕਾਂਗਰਸ ਦੇ ਖਿਲਾਫ ਬੋਲਦੇ ਹਨ, ਪਰ ਜਦੋਂ ਕਦੇ ਦਿੱਲੀ ਜਾਣ ਤਾਂ ਸੋਨੀਆ ਗਾਂਧੀ ਦੇ ਪੈਰਾਂ ਦੀਆਂ ਤਲੀਆਂ ਨੂੰ 'ਕੁੱਤੇ ਵਾਂਗ' ਚੱਟਦੇ ਹਨ। ਰੌਲਾ ਬਹੁਤ ਪਿਆ ਸੀ, ਪਰ ਕੁਝ ਚਿਰ ਪਿੱਛੋਂ ਇੱਕ ਮੋੜ ਉੱਤੇ ਮਿਹਣਾ ਦੇਣ ਵਾਲਾ ਵੀ ਤੇ ਜਿਨ੍ਹਾਂ ਨੂੰ ਮਿਹਣਾ ਦਿੱਤਾ ਸੀ, ਉਹ ਵੀ, ਸਭ ਇੱਕੋ ਮੰਚ ਉੱਤੇ ਬੈਠੇ ਇਕੱਠੇ ਦਿਖਾਈ ਦੇਂਦੇ ਸਨ। ਪਿਛਲੇਰੇ ਸਾਲ ਜਨਤਾ ਦਲ (ਯੂ) ਦੇ ਇੱਕ ਆਗੂ ਨੇ ਇੱਕ ਕੇਂਦਰੀ ਮੰਤਰੀ ਦਾ ਮਹਿਕਮਾ ਬਦਲਣ ਉੱਤੇ ਟਿੱਪਣੀ ਕੀਤੀ ਸੀ ਕਿ ਉਸ ਨੂੰ ਕੱਪੜਾ ਮੰਤਰਾਲਾ ਦੇਣਾ ਹੀ ਠੀਕ ਹੈ, ਵਿਚਾਰੀ ਤਨ ਢਕਣ ਜੋਗੇ ਕੱਪੜੇ ਦਾ ਪ੍ਰਬੰਧ ਕਰ ਸਕੇਗੀ ਤੇ ਰਾਜ ਕਰਦੀ ਪਾਰਟੀ ਦੇ ਆਗੂਆਂ ਨੇ ਜਵਾਬੀ ਚਾਂਦਮਾਰੀ ਕੀਤੀ ਸੀ। ਕੁਝ ਹਫਤੇ ਲੰਘਣ ਪਿੱਛੋਂ ਜਨਤਾ ਦਲ (ਯੂ) ਨੇ ਲਾਲੂ ਪ੍ਰਸਾਦ ਦੇ ਧੜੇ ਦਾ ਸਾਥ ਛੱਡਿਆ ਤੇ ਨਰਿੰਦਰ ਮੋਦੀ ਦੇ ਧੜੇ ਨਾਲ ਆ ਗਏ ਤਾਂ ਉਹੀ ਆਗੂ ਤੇ ਉਹੀ ਮਹਿਲਾ ਮੰਤਰੀ ਪਾਰਲੀਮੈਂਟ ਵਿੱਚ ਇਕੱਠੇ ਖੜੇ ਹੋਣ ਦੀ ਤਸਵੀਰ ਕਿਸੇ ਅਖਬਾਰ ਨੇ ਛਾਪ ਦਿੱਤੀ ਸੀ। ਉੱਤਰ ਪ੍ਰਦੇਸ਼ ਵਿੱਚ ਦੋ ਆਗੂਆਂ ਦਾ ਮੁਲਾਇਮ ਸਿੰਘ ਨਾਲ ਨੇੜ ਹੁੰਦਾ ਸੀ, ਪਰ ਆਪੋ ਵਿੱਚ ਹਰ ਵੇਲੇ ਆਢਾ ਲੱਗਾ ਰਹਿੰਦਾ ਸੀ। ਇੱਕ ਵਾਰ ਇੱਕ ਜਣੇ ਨੇ ਦੂਸਰੇ ਨੂੰ ਔਰਤਾਂ ਦਾ ਦਲਾਲ ਕਹਿ ਦਿੱਤਾ। ਲੋਕ ਸੁਣ ਕੇ ਹੈਰਾਨ ਹੋ ਰਹੇ ਸਨ ਕਿ ਏਡੀ ਵੱਡੀ ਗੱਲ ਕਹਿ ਦਿੱਤੀ ਹੈ, ਪਰ ਅਗਲੇ ਆਗੂ ਨੇ ਆਪ ਹੀ ਕਹਿ ਦਿੱਤਾ ਕਿ ਮੇਰੇ ਵਾਸਤੇ ਏਦਾਂ ਦੇ ਬੋਲ ਬੋਲਦੇ ਹਨ ਤਾਂ ਬੋਲੀ ਜਾਣ, ਮੈਂ ਕਿਸੇ ਦੀ ਪ੍ਰਵਾਹ ਨਹੀਂ ਕਰਦਾ, ਕਿਉਂਕਿ ਮੇਰਾ ਸਭ ਨਾਲ ਨੇੜ ਹੈ। ਏਦੂੰ ਕੁਝ ਹੋਰ ਅੱਗੇ ਵਧ ਕੇ ਉਸ ਆਗੂ ਨੇ ਆਪਣੀ ਪਾਰਟੀ ਵਿਚਲੀਆਂ ਕੁਝ ਮਹਿਲਾ ਆਗੂਆਂ ਬਾਰੇ ਵੀ ਕਹਿ ਦਿੱਤਾ ਕਿ ਮੇਰਾ ਨੇੜ ਉਨ੍ਹਾਂ ਨਾਲ ਵੀ ਹੈ, ਮੇਰੇ ਖਿਲਾਫ ਦਿੱਤੇ ਗਏ ਬਿਆਨ ਬਾਰੇ ਉਨ੍ਹਾਂ ਦਾ ਪ੍ਰਤੀਕਰਮ ਪੁੱਛ ਲੈਣਾ ਚਾਹੀਦਾ ਹੈ। ਸਾਰੇ ਚੁੱਪ ਹੋ ਗਏ ਸਨ।
ਇੱਕ ਵਾਰ ਪਾਰਲੀਮੈਂਟ ਵਿੱਚ ਇਹ ਮੁੱਦਾ ਬੜੇ ਜ਼ੋਰ ਨਾਲ ਉੱਠਿਆ ਕਿ ਔਰਤਾਂ ਨੂੰ ਚੁਣੇ ਹੋਏ ਅਦਾਰਿਆਂ ਵਿੱਚ ਵੀ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਹੈ। ਮੁਲਾਇਮ ਸਿੰਘ ਯਾਦਵ ਇਸ ਦੇ ਬੜਾ ਖਿਲਾਫ ਸੀ। ਇੱਕ ਦਿਨ ਆਪਣੇ ਰਾਜ ਉੱਤਰ ਪ੍ਰਦੇਸ਼ ਵਿੱਚ ਇੱਕ ਰੈਲੀ ਵਿੱਚ ਉਸ ਨੇ ਪਾਰਲੀਮੈਂਟ ਵਿੱਚ ਜਾਣ ਵਾਲੀਆਂ ਔਰਤਾਂ ਦੇ ਖਿਲਾਫ ਏਦਾਂ ਦੇ ਸ਼ਬਦਾਂ ਦੀ ਵਰਤੋਂ ਕੀਤੀ ਕਿ ਲੋਕ ਹੈਰਾਨ ਰਹਿ ਗਏ। ਬਹੁਤੀ ਹੈਰਾਨੀ ਇਸ ਨਾਲ ਵੀ ਹੋਈ ਕਿ ਜਦੋਂ ਮੁਲਾਇਮ ਸਿੰਘ ਨੇ ਇਹ ਸ਼ਬਦ ਕਹੇ, ਉਸ ਦੀ ਆਪਣੀ ਪਾਰਲੀਮੈਂਟ ਮੈਂਬਰ ਨੂੰਹ ਵੀ ਓਸੇ ਰੈਲੀ ਦੀ ਸਟੇਜ ਉੱਤੇ ਬੈਠੀ ਆਪਣੇ ਸਹੁਰੇ ਦੀ ਜ਼ੁਬਾਨ ਵਿਗੜੀ ਸੁਣ ਕੇ ਨੀਵੀਂਆਂ ਪਾਈ ਜਾਂਦੀ ਸੀ। ਅੰਨਾ ਹਜ਼ਾਰੇ ਦੀ ਲਹਿਰ ਵੇਲੇ ਭਾਜਪਾ ਦੇ ਇੱਕ ਕੇਂਦਰੀ ਆਗੂ ਨੇ ਇਹ ਸ਼ਬਦ ਵਰਤੇ ਸਨ ਕਿ ਇਸ ਨੂੰ ਆਮ ਲੋਕਾਂ ਦੀ ਲਹਿਰ ਐਵੇਂ ਕਹੀ ਜਾਂਦੇ ਹਨ, ਵੱਡੇ ਘਰਾਂ ਦੀਆਂ ਕੁਝ ਔਰਤਾਂ 'ਲਾਲੀ, ਲਪਿਸਟਿਕ ਲਾ ਕੇ ਇੰਡੀਆ ਗੇਟ ਮੁਜ਼ਾਹਰਾ ਕਰਨ ਆ ਜਾਂਦੀਆਂ ਹਨ'। ਉਸ ਨੂੰ 'ਲਿਪਸਟਿਕ' ਕਹਿਣਾ ਨਹੀਂ ਸੀ ਆਉਂਦਾ ਤੇ 'ਲਪਿਸਟਿਕ' ਦਾ ਸ਼ਬਦ ਵਰਤ ਰਿਹਾ ਸੀ। ਲੋਕ ਹੱਸੀ ਜਾਂਦੇ ਸਨ, ਪਰ ਉਸ ਦੇ ਨਾਲ ਬੈਠੀ ਹੋਈ ਓਸੇ ਪਾਰਟੀ ਦੀ ਮਹਿਲਾ ਨੇਤਾ ਇੰਜ ਮੁਸਕੁਰਾਈ ਜਾਂਦੀ ਸੀ, ਜਿਵੇਂ ਕੋਈ ਕਾਮੇਡੀ ਸ਼ੋਅ ਵੇਖ ਰਹੀ ਹੋਵੇ। ਇਹ ਕਾਮੇਡੀ ਸ਼ੋਅ ਤਾਂ ਹੈ ਵੀ ਸੀ।
ਇਸ ਹਫਤੇ ਜਿਵੇਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਆਪਣੇ ਵਿਰੋਧੀਆਂ ਲਈ ਗੰਦੇ ਸ਼ਬਦ ਵਰਤੇ ਹਨ, ਇਸ ਤੋਂ ਪਹਿਲਾਂ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਲੱਗਭੱਗ ਏਦਾਂ ਦੇ ਵਰਤ ਚੁੱਕੇ ਹਨ। ਭਾਜਪਾ ਪ੍ਰਧਾਨ ਨੇ ਕਿਹਾ ਸੀ ਕਿ ਜਿਵੇਂ ਹੜ੍ਹ ਆਇਆ ਵੇਖ ਕੇ ਸਭ ਸੱਪ, ਕੁੱਤੇ ਅਤੇ ਨਿਓਲ ਆਪੋ ਵਿੱਚ ਲੜਨਾ ਛੱਡ ਕੇ ਇੱਕੋ ਰੁੱਖ ਦੇ ਨਾਲ ਜਾ ਚਿੰਬੜਦੇ ਹਨ, ਓਦਾਂ ਹੀ ਨਰਿੰਦਰ ਮੋਦੀ ਦੀ ਚੜ੍ਹਤ ਵੇਖ ਕੇ ਵਿਰੋਧੀ ਧਿਰ ਦੇ ਸਾਰੇ ਆਗੂ ਭਾਜਪਾ-ਵਿਰੋਧੀ ਗੱਠਜੋੜ ਦੇ ਰੁੱਖ ਨਾਲ ਚਿੰਬੜਦੇ ਦਿਖਾਈ ਦੇ ਰਹੇ ਹਨ। ਇਨ੍ਹਾਂ ਦੋਵਾਂ ਦੇ ਵਰਤੇ ਗਏ ਸ਼ਬਦ ਸਿਰਾ ਨਹੀਂ, ਸਿਰਫ ਇੱਕ ਵੰਨਗੀ ਹਨ। ਪਾਰਲੀਮੈਂਟ ਚੋਣਾਂ ਦਾ ਅਜੇ ਬਿਗਲ ਨਹੀਂ ਵੱਜਾ, ਜਦੋਂ ਉਸ ਦਾ ਐਲਾਨ ਹੋਇਆ, ਸਿਰਾ ਲਾਉਣ ਵਾਲੀਆਂ ਬਾਕੀ ਗੱਲਾਂ ਉਦੋਂ ਹੋਣਗੀਆਂ।
1 July 2018