23-ਮਾਰਚ ਸ਼ਹੀਦੀ ਦਿਵਸ 'ਤੇ : ਭਾਰਤ ਦੇ ਮਹਾਨ ਸਪੂਤ - ਜਗਦੀਸ਼ ਸਿੰਘ ਚੋਹਕਾ
ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਅਜੋਕੇ ਸੰਦਰਭ 'ਚ ਪ੍ਰਸੰਗਤਾ
ਭਾਰਤ ਦੇ ਇਨਕਲਾਬੀ ਸੰਘਰਸ਼ ਦੇ ਇਤਿਹਾਸ ਅੰਦਰ 'ਉੱਤਰੀ ਭਾਰਤ ਦੇ ਸਮੁੱਚੇ ਆਵਾਮ ਨੂੰ 'ਗੁਰੂ ਗੋਬਿੰਦ ਸਿੰਘ ਜੀ ਤੋਂ ਬਾਦ, ''ਹੋਰਨਾਂ ਤੋਂ ਬਿਨ੍ਹਾਂ, ''ਜੇਕਰ ਦੇਸ਼ ਭਗਤੀ, ਇਨਕਲਾਬੀ ਵਿਚਾਰਧਾਰਾ ਅਤੇ ਆਪਾਵਾਰੂ ਭਾਵਨਾ ਲਈ ਹਲੂਣਿਆਂ, ''ਉਹ ਸੀ, ਭਗਤ ਸਿੰਘ ਅਤੇ ਉਸ ਦੀ ਸ਼ਹਾਦਤ ? ਇਸੇ ਕਰਕੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦੀ ਪ੍ਰਸੰਗਤਾ, 'ਅਤੀਤ ਅਤੇ ਵਰਤਮਾਨ ਸੰਦਰਭ 'ਚ ਉਸ ਦੇ ਖੁਦ ਪ੍ਰਗਟ ਕੀਤੇ ਵਿਚਾਰਾਂ ਅਨੁਸਾਰ ਅੱਜ ਵੀ ਸਵੈ-ਸਪਸ਼ਟ ਅਤੇ ਮਕਬੂਲ ਹੈ ! ਭਗਤ ਸਿੰਘ ਨੇ ਕਿਹਾ ਸੀ, 'ਕਿ ਜਿਹੜਾ ਵੀ ਮਨੁੱਖ ਪ੍ਰਗਤੀ ਦਾ ਹਾਮੀ ਹੈ, 'ਉਹਨੂੰ ਲਾਜਮੀ ਤੌਰ 'ਤੇ ਪੁਰਾਣੇ ਵਿਸ਼ਵਾਸ਼ਾਂ ਦੀ ਹਰ ਗੱਲ ਦੀ ਅਲੋਚਨਾ ਕਰਨੀ ਹੈ ! ਇਨ੍ਹਾਂ ਵਿਸ਼ਵਾਸ਼ਾਂ ਨੂੰ ਤਰਕ ਨਾਲ ਰੱਦ ਕਰਦੇ ਹੋਏ, 'ਇਹਦੇ ਹਰ ਪਹਿਲੂ ਨੂੰ ਵੰਗਾਰਨਾ ਹੋਵੇਗਾ ? ਇਨਕਲਾਬ ਸੰਬੰਧੀ ਉਸ ਨੇ ਕਿਹਾ, 'ਕਿ ਇਨਕਲਾਬ ਮਿਹਨਤੀ ਵਿਚਾਰਵਾਨਾਂ ਅਤੇ ਕਿਰਤੀ ਕਾਰਕੁਨਾਂ ਦੀ ਪੈਦਾਇਸ਼ ਹੁੰਦਾ ਹੈ ! ਪਰ ਮਾੜੀ ਗੱਲ ਇਹ ਹੈ, 'ਕਿ ਭਾਰਤੀ ਇਨਕਲਾਬ ਵਿੱਚ ਬੌਧਿਕ ਪੱਖ ਹਮੇਸ਼ਾਂ ਕਮਜ਼ੋਰ ਰਿਹਾ ਹੈ ! ਇਸ ਲਈ ਇਨਕਲਾਬ ਦੀਆਂ ਜ਼ਰੂਰੀ ਗੱਲਾਂ ਅਤੇ ਕੀਤੇ ਕੰਮਾਂ ਦੇ ਪ੍ਰਭਾਵ ਵੱਲ ਧਿਆਨ ਨਹੀਂ ਦਿੱਤਾ ਗਿਆ ! ਇਸ ਵਾਸਤੇ ਇੱਕ ਇਨਕਲਾਬੀ ਨੂੰ ਅਧਿਐਨ ਅਤੇ ਚਿੰਤਨ ਨੂੰ ਆਪਣੀ ਪਵਿੱਤਰ ਜਿੰਮੇਵਾਰੀ ਬਣਾ ਲੈਣਾ ਚਾਹੀਦਾ ਹੈ ! ਇਨਕਲਾਬ ! ਸਮਾਜ ਦਾ ਇੱਕ ਨਿਯਮ ਹੈ ? ਇਹ ਮਨੁੱਖੀ ਸਮਾਜ ਦੇ ਵਿਕਾਸ ਦਾ ਭੇਦ ਹੈ ! ਪਰ ਇਸ ਵਿੱਚ ਖੂਨ-ਖਰਾਬੇ ਨਾਲ ਲਿਬੜੀ ਜੱਦੋਂ-ਜਹਿਦ ਜ਼ਰੂਰੀ ਨਹੀਂ ਅਤੇ ਨਾ ਹੀ ਇਸ ਵਿੱਚ ਜਾਤੀ ਬਦਲੇ ਦੀ ਕੋਈ ਥਾਂ ਹੈ ! ਇਹ ਬੰਬ ਅਤੇ ਪਿਸਤੌਲ ਦਾ ਫਲਸਫ਼ਾ ਵੀ ਨਹੀਂ ਹੈ ? ਇਨਕਲਾਬ ! ਮਨੁੱਖ ਜਾਤੀ ਦਾ ਜਨਮ ਸਿੱਧ ਅਧਿਕਾਰ ਹੈ ! ਇਸ ਦਾ ਅਪਹਰਣ ਨਹੀਂ ਕੀਤਾ ਜਾ ਸਕਦਾ ਹੈ ? ਇਨਕਲਾਬ ਲਈ ਨਾਂ ਤਾਂ ਜਜ਼ਬਾਤੀ ਹੋਣ ਦੀ ਜਰੂਰਤ ਹੈ, ਨਾ ਮੌਤ ਦੀ ! ਇਸ ਲਈ ਲੋੜ ਹੈ ! ਲਾਜ਼ਮੀ ਸੰਘਰਸ਼, ਕਸ਼ਟ ਤੇ ਕੁਰਬਾਨੀਆਂ ਭਰੀ ਜਿੰਦਗੀ ਦੀ ? 23-ਮਾਰਚ ਭਾਰਤ ਦੀ ਆਜ਼ਾਦੀ ਸੰਗਰਾਮ ਦੇ ਅੰਦੋਲਨ ਦੇ ਇਤਿਹਾਸ 'ਚ ਇੱਕ ਅਜਿਹੀ ਘਟਨਾ ਹੈ ਜੋ ਕਦੀ ਭੁਲਾਈ ਨਹੀਂ ਜਾ ਸਕਦੀ ?
ਭਵਿੱਖ ਲਈ, 'ਭਗਤ ਸਿੰਘ ਨੇ ਆਜ਼ਾਦੀ ਬਾਦ, 'ਭਾਰਤ ਦੀ ਤਸਵੀਰ ਪੇਸ਼ ਕਰਦੇ ਕਿਹਾ, 'ਕਿ ਜੇਕਰ ਲਾਰਡ ਰੀਡਿੰਗ ਦੀ ਥਾਂ ਭਾਰਤੀ ਸਰਕਾਰ ਦਾ ਮੋਹਰੀ ਸਰ ਪੁਰਸ਼ੋਤਮ ਦਾਸ ਠਾਕੁਰ ਹੋਵੇ ਤਾਂ ਲੋਕਾਂ ਨੂੰ ਕੀ ਫ਼ਰਕ ਪੈਣਾ ਹੈ ? ਇੱਕ ਕਿਸਾਨ ਵਾਸਤੇ ਇਸ ਨਾਲ ਕੀ ਫ਼ਰਕ ਪਏਗਾ, 'ਜੇਕਰ ਲਾਰਡ ਇਰਵਿਨ ਦੀ ਥਾਂ ਸਰ ਤੇਜ ਬਹਾਦਰ ਸਪਰੂ ਆ ਜਾਂਦਾ ਹੈ ? ਦੇਸ਼ ਵਿੱਚ ਅੰਗਰੇਜ਼ੀ ਸਰਮਾਇਆ ਵੱਧਣ ਨਾਲ ਭਾਰਤ ਦੀ ਗਿਰਾਵਟ ਅਟੱਲ ਹੋ ਜਾਵੇਗੀ ? ਭਵਿੱਖ ਵਿੱਚ ਬਹੁਤ ਛੇਤੀ ਹੀ ਅਸੀਂ ਆਪਣੇ ਦੇਸ਼ ਦੇ ਸਰਮਾਏਦਾਰ ਤਬਕੇ ਤੇ ਇਸਦੇ ਉਘੇ ਨੇਤਾਵਾਂ ਨੂੰ ਵਿਦੇਸ਼ੀ ਹਾਕਮਾਂ ਨਾਲ ਗਲਵਕੜੀ ਪਾਉਂਦੇ ਹੋਏ ਤੱਕਾਂਗੇ ? ਸਾਡੀ ਪੁਰਾਤਨ ਸੱਭਿਅਤਾ ਅਤੇ ਗੌਰਵ ਵਾਲੀ ਵਿਰਾਸਤ ਦਾ ਕੀ ਫ਼ਾਇਦਾ, 'ਜੇ ਸਾਡੇ 'ਚ ਇਹ ਸਵੈਮਾਣ ਨਾ ਰਹੇ, 'ਕਿ ਅਸੀਂ ਆਪਣੇ ਆਪ ਨੂੰ ਵਿਦੇਸ਼ੀ ਗੁਲਾਮੀ, ਵਿਦੇਸ਼ੀ ਪੈਸੇ, ਵਿਦੇਸ਼ੀ ਝੰਡੇ ਸਾਹਮਣੇ ਸਿਰ ਝਕਾਉਣ ਤੋਂ ਲਾ ਰੋਕ ਸੱਕੀਏ ? ਸਾਮਰਾਜ ! ਇਨਕਲਾਬੀਆਂ ਨੂੰ ਕਤਲ ਕਰ ਸਕਦਾ ਹੈ, ਪਰ ਇਨਕਲਾਬ ਨੂੰ ਨਹੀਂ ਮਾਰ ਸਕਦਾ। ਇਨਕਲਾਬ ਤੋਂ ਸਾਡਾ ਮੰਤਵ ਇਹ ਹੈ, 'ਕਿ ਮਾਜੂਦਾ ਨਿਜ਼ਾਮ ਨੂੰ ਜਿਹੜਾ ਕਿ ਸਰਾਸਰ ਬੇ-ਇਨਸਾਫੀ 'ਤੇ ਅਧਾਰਿਤ ਹੈ, ਤਬਦੀਲ ਕਰ ਦਿੱਤਾ ਜਾਵੇ ! ਲੁੱਟ-ਖਸੁੱਟ ਖਤਮ ਕਰ ਦਿੱਤੀ ਜਾਵੇ ਅਤੇ ਕਾਸ਼ਤਕਾਰ ਤੇ ਮਜ਼ਦੂਰ ਭੁੱਖੇ ਨਾ ਮਰਨ ? ਪਰ ! ਇਨਕਲਾਬ ਬਹੁਤ ਔਖਾ ਕੰਮ ਹੈ ! ਕੋਈ ਵੀ ਵਿਅਕਤੀ ਇਨਕਲਾਬ ਨਹੀਂ ਲਿਆ ਸਕਦਾ ? ਇਸ ਨੂੰ ਸੰਭਵ ਬਣਾਉਂਦੀਆਂ ਹਨ, ਵਿਸ਼ੇਸ਼ ਸਮਾਜਕ ਤੇ ਆਰਥਿਕ ਹਾਲਤਾਂ ? ਇਸ ਖਾਤਰ ਇਨਕਲਾਬੀ ਕਾਰਕੁੰਨਾਂ ਨੂੰ ਭਾਰੀ ਕੁਰਬਾਨੀ ਕਰਨੀ ਪੈਂਦੀ ਹੈ ? ਜਿਵੇਂ ਬਸੰਤ ਦੇ ਆਉਣ ਨੂੰ ਕਦੇ ਨਹੀਂ ਰੋਕਿਆ ਜਾ ਸਕਦਾ, ਉਸੇ ਤਰ੍ਹਾਂ ਲਹਿਰ ਕਦੇ ਨਹੀਂ ਕੁਚਲੀ ਜਾ ਸਕਦੀ ? ਇਹ ਉਦੋਂ ਤੱਕ ਖ਼ਤਮ ਨਹੀਂ ਹੁੰਦੀ, 'ਜਦੋਂ ਤੱਕ ਆਪਣੇ ਉਦੇਸ਼ ਪੂਰੇ ਨਹੀਂ ਕਰ ਲੈਂਦੀ । ਜਿਸਦੇ ਲਈ ਇਹ ਪੈਦਾ ਹੋਈ ਹੁੰਦੀ ਹੈ ? ਭਗਤ ਸਿੰਘ ਦੇ ਉਪਰੋਕਤ ਇਨ੍ਹਾਂ ਵਿਚਾਰਾਂ ਦੀ ਪਰਪੱਕਤਾ ਅੱਜ ਵੀ ਸਹੀ ਸਾਬਤ ਹੋ ਰਹੀ ਹੈ !
ਭਗਤ ਸਿੰਘ ਭਾਰਤ ਦੇ ਮਹਾਨ ਦੇਸ਼ ਭਗਤਾਂ ਅਤੇ ਮੁਕਤੀ ਅੰਦੋਲਨ ਦੌਰਾਨ ਉਠੀਆਂ ਵੱਖ-ਵੱਖ ਲਹਿਰਾਂ ਦੇ ਆਗੂਆਂ ਵਾਂਗ ਇਕ ਮਹਾਨ ਦੇਸ਼-ਭਗਤ ਹੋਏ ਹਨ। *ਸਗੋਂ ਭਗਤ ਸਿੰਘ ਨੇ ਜੇਲ੍ਹ ਅੰਦਰ ਇਕ ਮੁੱਢਲੇ ਸਮਾਜਵਾਦੀ ਚਿੰਤਕਾਂ ਅਤੇ ਵਿਚਾਰਵਾਨਾਂ ਵੱਜੋ ਪਰਪੱਕਤਾ ਵੀ ਪ੍ਰਾਪਤ ਕਰ ਲਈ ਸੀ। ਉਸ ਨੇ 24 ਸਾਲ ਦੀ ਘੱਟ ਉਮਰ ਵਿੱਚ ਹੀ ਅਰਥ-ਭਰਪੂਰ ਜੀਵਨ ਵਾਲੀਆਂ ਸਿਆਸੀ ਅਤੇ ਲੋਕ ਪੱਖੀ ਵਿਚਾਰਧਾਰਾ ਅਤੇ ਜੀਵਨ ਸ਼ੈਲੀ ਨੂੰ ਦੇਸ਼ ਭਰ ਅੰਦਰ ਇਕ ਮਾਡਲ ਵੱਜੋ ਪੇਸ਼ ਕਰਕੇ ਹੌਸਲਾ, ਕੁਰਬਾਨੀ, ਦੇਸ਼ ਪਿਆਰ, ਬਹਾਦਰੀ, ਲੋਕ ਨਾਇਕ ਵਜੋਂ ਅਤੇ ਬਰਤਾਨਵੀ ਸਾਮਰਾਜ ਲਈ ਇਕ ਇਨਕਲਾਬੀ ਹਊਆਂ ਬਣ ਕੇ, *ਅਮਰ ਸ਼ਹੀਦ ਦਾ ਰੁਤਬਾ ਪ੍ਰਾਪਤ ਕੀਤਾ ਸੀ। ਸ਼ਹੀਦ ਭਗਤ ਸਿੰਘ ! 1920-ਵਿਆਂ ਦੌਰਾਨ ਹੀ ਪੰਜਾਬ ਅਤੇ ਦੇਸ਼ ਦੇ ਬਾਕੀ ਕ੍ਰਾਂਤੀਕਾਰੀ ਨੌਜਵਾਨਾਂ ਵਿੱਚ ਸਭ ਤੋਂ ਵੱਧ ਮਕਬੂਲ ਆਗੂ ਸੀ ! ਉਸ ਨੇ ਹੀ ਸਭ ਤੋਂ ਪਹਿਲਾਂ ਅੰਗਰੇਜ਼ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਦਹਿਸ਼ਤ ਗਰਦਾਰਨ ਵਿਰੁਧ, *ਬੰਬਾਂ-ਪਿਸਤੌਲਾਂ ਉਪਰ ਮੁਕੰਮਲ ਨਿਰਭਰਤਾ ਤੋਂ ਇਨਕਾਰ ਕਰਕੇ ਜਵਾਬ ਦਿੱਤਾ ਸੀ। ਉਹ ਪੂਰਨ ਤੌਰ ਤੇ ਯਥਾਰਥਵਾਦੀ ਹੋਣ ਕਰਕੇ ਆਖਰੀ ਦਮ ਤਕ, *ਇਥੋਂ ਤਕ ਕਿ ਫਾਂਸੀ ਚੜ੍ਹਨ ਵੇਲੇ ਵੀ ਸਿਰ ਉਚਾ ਕਰਕੇ ਇਕ ਦੇਸ਼ ਭਗਤ ਵੱਜੋ ਉਸ ਨੇ ਸ਼ਹੀਦੀ ਪ੍ਰਾਪਤ ਕੀਤੀ। ਬਸਤੀਵਾਦੀ ਸਾਮਰਾਜ ਵਿਰੁਧ ਉਸ ਦੀ ਵਿਚਾਰਧਾਰਾ, ਵਿਸ਼ਵਾਸ਼ ਅਤੇ ਕੌਮੀ ਮੁਕਤੀ ਸੰਘਰਸ਼ ਵਿੱਚ ਪਇਆ ਯੋਗਦਾਨ ਇਕ ਅੰਤਰ-ਦ੍ਰਿਸ਼ਟੀ ਸੀ। ਉਸ ਨੇ ਕਿਹਾ ਸੀ, *ਕਿ ਪਿਸਤੌਲ ਤੇ ਬੰਬ ਕਦੇ ਇਨਕਲਾਬ ਨਹੀਂ ਲਿਆਉਂਦੇ, ਬਲਕਿ ਇੰਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਂਣ ਤੋਂ ਤਿੱਖੀ ਹੁੰਦੀ ਹੈ।
ਸ਼ਹੀਦ ਭਗਤ ਸ਼ਿੰਘ ਦਾ ਜਨਮ 28 ਸਤੰਬਰ 1907 ਨੂੰ ਪਿਤਾ ਕਿਸ਼ਨ ਸਿੰਘ ਅਤੇ ਮਾਤਾ ਵਿਦਿਆਵਤੀ ਦੇ ਘਰ, ਪਿੰਡ ਬੰਗੇ (ਲਾਇਲਪੁਰ, ਪਾਕਿਸਤਾਨ) ਵਿਖੇ ਹੋਇਆ। ਉਹ ਪੰਜ ਭਰਾ-ਭਗਤ ਸਿੰਘ, ਕੁਲਵੀਰ ਸਿੰਘ, ਕੁਲਤਾਰ ਸਿੰਘ, ਰਾਜਿੰਦਰ ਸਿੰਘ ਤੇ ਰਣਵੀਰ ਸਿੰਘ ਅਤੇ ਤਿੰਨ ਭੈਣਾ-ਬੀਬੀ ਅਮਰ ਕੌਰ, ਪ੍ਰਕਾਸ਼ ਕੌਰ ਅਤੇ ਸ਼ਕੁੰਤਲਾ ਸਨ। ਪ੍ਰਵਾਰ ਆਰੀਆ ਸਮਾਜੀ ਪ੍ਰਭਾਵ ਅਧੀਨ ਸੀ। ਭਗਤ ਸਿੰਘ ਦੇ ਚਾਚਾ ਮਹਾਨ ਦੇਸ਼ ਭਗਤ ਅਜੀਤ ਸਿੰਘ ਅਤੇ ਸਵਰਨ ਸਿੰਘ ਸਨ। ਜਦੋਂ ਭਗਤ ਸਿੰਘ ਪੈਦਾ ਹੋਇਆ ਤਾਂ ਪਿਤਾ ਸ:ਕਿਸ਼ਨ ਸਿੰਘ ਜੇਲ੍ਹ *ਚ ਰਿਹਾਅ ਹੋਏ, ਚਾਚਾ ਅਜੀਤ ਸਿੰਘ ਮਾਂਡਲਾ (ਬਰਮਾ) ਜੇਲ੍ਹ *ਚ ਰਿਹਾਅ ਹੋਇਆ। ਉਹ ਬਰਤਾਨਵੀ ਸਾਮਰਾਜ ਵਿਰੁਧ ਸੰਘਰਸ਼ ਕਰਦਾ ਸਾਰੀ ਉਮਰ ਜਲਾਵਤਨੀ ਰਿਹਾ ਅਤੇ 14-15 ਅਗਸਤ 1947 ਦੀ ਰਾਤ ਨੂੰ ਜਦੋਂ ਭਾਰਤ ਆਜ਼ਾਦ ਹੋ ਰਿਹਾ ਸੀ, ਡਲਹੌਜੀ ਵਿਖੇ ਸਦੀਵੀਂ ਵਿਛੋੜਾ ਦੇ ਗਿਆ। ਇਨ੍ਹਾਂ ਦੇ ਛੋਟੇ ਚਾਚਾ ਸ: ਸਵਰਨ ਸਿੰਘ ਵੀ ਛੋਟੀ ਉਮਰ ਵਿੱਚ ਜੇਲ੍ਹ ਅੰਦਰ ਅਕਹਿ ਤਸੀਹਿਆ ਕਾਰਨ ਸ਼ਹੀਦ ਹੋ ਗਏ ਸਨ। ਭਗਤ ਸਿੰਘ ਨੂੰ ਘਰੋ ਹੀ ਰਾਜਨੀਤੀ ਦੀ ਚੇਟਕ ਲੱਗੀ ! ਪ੍ਰਵਾਰਕ ਪਿਛੋਕੜ ਦੇਸ਼ ਭਗਤੀ ਲਈ ਪ੍ਰਨਾਇਆ ਹੋਣ ਕਰਕੇ ਭਗਤ ਸਿੰਘ ਵੀ ਇਹ ਤਮੰਨਾ ਲੈ ਕੇ ਤੁਰਿਆ, *ਕਿ ਮੇਰੀ ਜ਼ਿੰਦਗੀ ਦਾ ਮਹਾਨ ਮਕਸਦ, ਭਾਵ ! ਭਾਰਤ ਦੀ ਆਜ਼ਾਦੀ ਦੇ ਕਾਜ ਦੇ ਲੇਖੇ ਲੱਗੇ। ਇਸ ਲਈ ਉਸ ਦੀ ਜ਼ਿੰਦਗੀ ਵਿੱਚ ਆਰਾਮ ਅਤੇ ਦੁਨਿਆਵੀ ਖਾਹਿਸ਼ਾਂ ਵਾਸਤੇ ਕੋਈ ਖਿੱਚ ਨਹੀਂ ਸੀ !
ਸ਼ਹੀਦ ਭਗਤ ਸਿੰਘ ਦੇ ਵਡੇਰਿਆਂ ਦਾ ਪਿੰਡ ਨਾਰਲੀ (ਅੰਮ੍ਰਿਤਸਰ) ਸੀ ਅਤੇ ਉਹ ਪਿੰਡ ਖਟਕੜ-ਕਲਾਂ (ਨਵਾਂਸ਼ਹਿਰ) ਵੱਸ ਗਏ ਸਨ। ਮੁੱਢਲੀ ਸਿੱਖਿਆ ਪਿੰਡ ਬੰਗੇ (ਲਾਇਲਪੁਰ) ਅਤੇ ਬਾਦ *ਚ ਲਾਹੌਰ ਵਿਖੇ ਨੈਸ਼ਨਲ ਕਾਲਜ ਤੋਂ ਪੜ੍ਹਾਈ ਕੀਤੀ। ਦੇਸ਼ ਭਗਤੀ ਅਤੇ ਕੁਰਬਾਨੀ ਦਾ ਜ਼ਜਬਾ ਜਿਥੇ ਵਿਰਸੇ *ਚ ਮਿਲਿਆ, ਉਸ ਤੋਂ ਬਿਨ੍ਹਾਂ ਦੇਸ਼ ਅੰਦਰ ਵਾਪਰੀਆਂ ਇਤਿਹਾਸਕ ਘਟਨਾਵਾਂ, ਸਖਸ਼ੀਅਤਾਂ ਅਤੇ ਉਸ ਦੇ ਸੰਗੀ-ਸਾਥੀਆਂ ਦੇ ਪ੍ਰਭਾਵ ਅਤੇ ਵਿਚਾਰਧਾਰਾਂ ਦਾ ਵੀ ਅਸਰ ਸੀ। 1857 ਦੀ ਪਹਿਲੀ ਜੰਗਿ-ਏ-ਆਜ਼ਾਦੀ, ਕੂਕਾ ਲਹਿਰ, ਗਦਰ ਪਾਰਟੀ, 1917 ਦਾ ਮਹਾਨ ਅਕਤੂਬਰ ਇਨਕਲਾਬ, 1919 ਦਾ ਜੱਲਿਆਵਾਲਾ ਬਾਗ ਸਾਕਾ, 1920-21 ਦਾ ਗਾਂਧੀ ਜੀ ਵੱਲੋਂ ਸੱਤਿਆ ਗ੍ਰਹਿ ਅੰਦੋਲਨ ਦੀ ਵਾਪਸੀ, ਕਕੋਰੀ ਕੇਸ, 1924 ਕਾਨਪੁਰ ਸਾਜਿਸ਼ ਕੇਸ ਆਦਿ ਘਟਨਾਵਾਂ ਜਿਨ੍ਹਾਂ ਨੇ ਭਗਤ ਸਿੰਘ ਨੂੰ ਬੌਧਿਕ ਤੌਰ ਤੇ ਪ੍ਰਭਾਵਿਤ ਹੀ ਨਹੀਂ ਕੀਤਾ, ਸਗੋਂ ਇਕ ਪਰਪੱਕ ਇਨਕਲਾਬੀ ਵੀ ਬਣਾ ਦਿੱਤਾ। ਉਹ ਸਭ ਤੋਂ ਪਹਿਲਾਂ ਕੂਕਾ ਲਹਿਰ ਅਤੇ ਬਾਦ ਵਿੱਚ ਗਦਰ ਪਾਰਟੀ ਦੇ ਮਹਾਨ ਹੀਰੋ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਉਸ ਨੇ ਆਪਣਾ ਪ੍ਰੇਰਣਾ ਸਰੋਤ ਬਣਾਇਆ ! ਉਸ ਦੀ ਲਹਿਰ ਦੇ ਮਰਜੀਵੜੇ ਜਿਨ੍ਹਾਂ ਨਾਲ ਮਿਲ ਕੇ ਉਹ ਆਪਣੇ ਸੁਪਨੇ ਸਾਕਾਰ ਕਰਨ ਲਈ ਕੁੱਦਿਆ-ਸਰਵ ਸਾਥੀ ਸ਼ਹੀਦ ਜਤਿੰਦਰ ਨਾਥ ਦਾਸ, ਭਗਵਾਨ ਦਾਸ ਜੌਹਰ, ਸੁਖਦੇਵ, ਰਾਜਗੁਰੂ, ਭਗਵਤੀ ਵੋਹਰਾ, ਉਨ੍ਹਾਂ ਦੀ ਜੀਵਣ ਸਾਥਣ ਦੁਰਗਾਵਤੀ, ਚੰਦਰ ਸ਼ੇਖਰ ਆਜ਼ਾਦ, ਅਜੈ ਘੋਸ਼, ਸੋਹਣ ਸਿੰਘ ਜੋਸ਼, ਸ਼ਿਵ ਵਰਮਾ, ਪੰ: ਕਿਸ਼ੋਰੀ ਲਾਲ, ਬੀ.ਕੇ.ਦੱਤ, ਰਾਮ ਕਿਸ਼ਨ, ਯਸ਼ਪਾਲ, ਗਨੇਸ਼ ਸ਼ੰਕਰ ਵਿਦਿਆਰਥੀ (ਪ੍ਰਤਾਪ ਅਖਬਾਰ) ਆਦਿ ਯੁੱਧ ਸਾਥੀ ਸਨ। ਸੰਸਾਰ ਅੰਦਰ ਅਤੀਤ ਤੇ ਵਰਤਮਾਨ ਸਮੇਂ ਦੀਆਂ ਜੁੱਗ-ਪਲਟਾਊ ਘਟਨਾਵਾਂ ਨੇ ਵੀ ਦੇਸ਼ ਦੇ ਨੌਜਵਾਨਾਂ ਵਿੱਚ ਇਕ ਨਵੀ ਆਸ ਦੀ ਕਿਰਨ ਪੈਦਾ ਕੀਤੀ। ਜਿਸ ਨੇ ਭਾਰਤ ਦੀ ਆਜ਼ਾਦੀ ਲਈ ਜਗਿਆਸਾ ਨੂੰ ਹੋਰ ਤੇਜ ਕੀਤਾ। ਪੰਜਾਬ ਅੰਦਰ ਕੂਕਾ ਲਹਿਰ, ਕਿਸਾਨੀ ਲਹਿਰਾਂ, ਜਲ੍ਹਿਆ ਵਾਲਾ ਬਾਗ ਦਾ ਦੁਖਦਾਈ ਕਾਂਡ, ਗੁਰਦੁਆਰਾ ਸੁਧਾਰ ਲਹਿਰ, ਬਬਰ ਅਕਾਲੀ ਲਹਿਰ ਤੇ ਦੇਸ਼ ਅੰਦਰ ਮੁੱਢਲੇ ਦੌਰਾਂ ਅੰਦਰ ਪਨਪੀਆਂ ਦਹਿਸ਼ਤ ਪਸੰਦ-ਇਨਕਲਾਬੀ ਲਹਿਰਾਂ ਦਾ ਵੀ ਨੌਜਵਾਨਾਂ ਤੇ ਬਹੁਤ ਅਸਰ ਪਿਆ। ਪਰ ਸਭ ਤੋਂ ਵੱਧ ਪ੍ਰਭਾਵਤ ਕਰਨ ਵਾਲੀ ਘਟਨਾ ਸੀ, **1917 ਦਾ ਮਹਾਨ ਅਕਤੂਬਰ ਇਨਕਲਾਬ** ਇਸ ਘਟਨਾ ਨੇ ਦੁਨੀਆਂ ਭਰ ਦੇ ਨੌਜਵਾਨਾਂ ਦੇ ਸਿਆਸੀ ਖਿਆਲਾਂ ਅਤੇ ਕਦਰਾਂ ਕੀਮਤਾਂ ਨੂੰ ਮੂਲੋ ਹੀ ਤਿਖਾਂ ਤੇ ਕੁਝ ਕਰਨ ਲਈ ਪ੍ਰੇਰਿਆ।
20-ਵੀਂ ਸਦੀ ਦੇ ਦੂਸਰੇ ਦਹਾਕੇ ਦੇ ਸ਼ੁਰੂ ਵਿੱਚ ਵਿਗਿਆਨਕ ਸਮਾਜਵਾਦ ਦੇ ਵਿਚਾਰਾਂ ਦੇ ਫੈਲਣ ਨਾਲ ਭਾਰਤ ਅੰਦਰ ਕਲਕੱਤਾ, ਮਦਰਾਸ, ਬੰਬਈ ਅਤੇ ਲਾਹੌਰ ਆਦਿ ਥਾਵਾਂ *ਤੇ ਮੁਢਲੇ ਕਮਿਊਨਿਸਟ ਗਰੁਪ ਹੋਂਦ ਵਿੱਚ ਆ ਗਏ ਸਨ। ਇਨ੍ਹਾਂ ਗਰੁਪਾਂ ਨੇ ਦੇਸ਼ ਦੇ ਨੌਜਵਾਨਾਂ ਨੂੰ ਆਪਣੇ ਵਲ ਖਿਚਿਆ। ਪੰਜਾਬ ਅੰਦਰ ਕਿਰਤੀ ਕਿਸਾਨ ਪਾਰਟੀ ਦੇ ਇਕ ਆਗੂ ਸੋਹਣ ਸਿੰਘ ਜੋਸ਼ ਨਾਲ 12-ਅਪ੍ਰੈਲ 1926 ਨੂੰ ਭਗਤ ਸਿੰਘ ਦਾ ਮੇਲ ਹੋਇਆ। ਆਪਸੀ ਤਾਲਮੇਲ ਕਾਰਨ ਭਗਤ ਸਿੰਘ ਦੇ ਬੌਧਿਕ ਪ੍ਰਭਾਵ ਨੂੰ ਨਵੀਂ ਦਿਸ਼ਾ ਵੀ ਮਿਲੀ। ਇਸ ਪ੍ਰਭਾਵ ਕਾਰਨ ਹੀ ਭਗਤ ਸਿੰਘ, ਸੁਖਦੇਵ, ਭਗਵਤੀ ਚਰਨ ਵੋਹਰਾ, ਚੰਦਰ ਸ਼ੇਖਰ ਆਜ਼ਾਦ ਆਦਿ ਦੇ ਮਨਾ *ਤੇ ਇਨਕਲਾਬੀ ਦਹਿਸ਼ਤਪਸੰਦੀ ਵਿਚਾਰਾਂ ਦਾ ਪਿਆ ਜਾਦੂ ਕਮਜ਼ੋਰ ਹੋਇਆ ਅਤੇ ਉਨ੍ਹਾਂ ਨੇ ਅਗਵਾਈ ਲਈ ਮਾਰਕਸਵਾਦ ਵੱਲ ਰੁੱਖ ਕੀਤਾ। ਭਗਤ ਸਿੰਘ ਨੇ ਦੁਨੀਆ ਭਰ ਦੇ ਸਾਹਿਤ, ਇਤਿਹਾਸ, ਜੀਵਨੀਆਂ, ਅਰਥ-ਸ਼ਾਸਤਰ ਤੋਂ ਬਿਨਾਂ ਸਾਕੁਨਿਨ ਦੀ **ਰੱਬ ਅਤੇ ਰਾਜ**, ਕਰੋਪੋਤਕਿਨ ਦੀ ਆਪ ਬੀਤੀ, ਬਾਕੂਨਿਨ ਦੀ ਰੱਬ, ਆਇਰਿਸ ਰਿਪਬਲਿਕਨ ਆਰਮੀ ਦੇ ਮਾਇਕਲ ਕੋਲਿਨਜ਼ ਤੋਂ ਬਿਨ੍ਹਾਂ ਭਾਰਤੀ ਕਲਾਸੀਕਲ ਸਾਹਿਤ ਅਤੇ ਆਖਰੀ ਸਮੇਂ ਲੈਨਿਨ ਅਤੇ ਟਰਾਟਸਕੀ ਦੇ ਵਿਚਾਰਾਂ ਨੂੰ ਪੜ੍ਹਿਆ। ਫਾਂਸੀ ਤੋਂ ਪਹਿਲਾਂ ਭਗਤ ਸਿੰਘ ਨੇ ਰਾਜਸੀ ਤੌਰ *ਤੇ ਚੇਤਨ ਅਤੇ ਜਾਗਰੂਕ ਹੋ ਕੇ ਇਨਕਲਾਬੀ ਦਹਿਸ਼ਤਗਰਦੀ ਵਿਚਾਰਾਂ ਦੀ ਥਾਂ ਲੋਕਾਂ ਨੂੰ ਜਾਗਰੂਕ ਕਰਕੇ ਜਨਤਕ ਸੰਘਰਸ਼ਾਂ ਲਈ ਜ਼ੋਰ ਦਿੱਤਾ ਸੀ। ਭਗਤ ਸਿੰਘ ਨੇ ਆਜ਼ਾਦ ਸੋਚ ਅਤੇ ਵਿਗਿਆਨਕ ਵਿਸ਼ਲੇਸ਼ਣ ਕਰਨ ਲਈ ਖੂਬ ਅਧਿਅਨ ਕੀਤਾ। ਨੌਜਵਾਨ ਭਾਰਤ ਸਭਾ ਅਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦਾ ਗਠਨ ਉਸ ਦੀ ਰਾਜਸੀ, ਸਮਾਜੀ ਅਤੇ ਆਰਥਿਕ ਪ੍ਰਬੰਧ ਬਾਰੇ ਪਹੁੰਚ ਵੱਲ ਇਸ਼ਾਰਾ ਹੈ।
ਭਾਰਤ ਅੰਦਰ ਆਜ਼ਾਦੀ ਅੰਦੋਲਨ ਵਿੱਚ ਪਾਏ ਯੋਗਦਾਨ ਕਰਕੇ ਹੋਰਨਾਂ ਤੋਂ ਇਲਾਵਾ ਦੋ ਅਹਿਮ ਸਖਸ਼ੀਅਤਾਂ ਸਨ, 'ਜਿਨ੍ਹਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ! ਇਕ ਸ਼ਹੀਦ ਭਗਤ ਸਿੰਘ ਤੇ ਦੂਸਰਾ ਗਾਂਧੀ ਜੀ। ਆਜ਼ਾਦੀ ਬਾਦ ਦੇਸ਼ ਦੇ ਪੂੰਜੀਵਾਦੀ ਧਾਰਨਾ ਵਾਲੇ ਹਾਕਮਾਂ ਨੇ ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਉਸ ਦੀ ਪਰਪੱਕ ਵਿਚਾਰਧਾਰਾ ਕਰਕੇ ਕੌਮੀ ਪੱਧਰ 'ਤੇ ਅਜੇ ਤਕ ਵੀ ਮਾਨਤਾ ਨਹੀਂ ਦਿੱਤੀ। ਇਸ ਦੇ ਬਾਵਜੂਦ ਵੀ ਉਹ ਅੱਜ ਦੇਸ਼ ਦੇ ਨੌਜਵਾਨਾਂ *ਚ ਖਾਸ ਸਥਾਨ ਰੱਖਦਾ ਹੈ। ਉਸ ਦੇ ਵਿਚਾਰ, ਲਿਖਤਾਂ ਅਤੇ ਕੁਰਬਾਨੀ ਨੂੰ ਮਿਟਾਇਆ ਨਹੀਂ ਜਾ ਸਕਦਾ। ਭਗਤ ਸਿੰਘ **ਨੌਜਵਾਨ-ਸ਼ਕਤੀ** ਅਤੇ ਉਨ੍ਹਾਂ ਦੀਆਂ ਭਾਵਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਛਾਣਦਾ ਸੀ ! ਨੌਜਵਾਨਾਂ ਦੇ ਨਾਂ ਬਹੁਤ ਸਾਰੇ ਸੰਦੇਸ਼ਾਂ *ਚ ਉਸ ਨੇ ਨੌਜਵਾਨਾਂ ਨੂੰ ਅੱਗੇ ਆਉਣ ਅਤੇ ਜੋ ਮਹਾਨ ਕਾਰਜ ਉਨ੍ਹਾਂ ਨੇ ਨੇਪਰੇ ਚਾੜ੍ਹਨਾ ਹੈ, ਉਸ ਨੂੰ ਸਮਝਣ ਲਈ ਕਿਹਾ। ਉਹਨਾਂ ਨੂੰ ਆਪਣੇ ਦਿਲ *ਚ ਇਹ ਗੱਲ ਵਸਾ ਲੈਣੀ ਚਾਹੀਦੀ ਹੈ, *ਕਿ ਸਫਲਤਾ ਤਾਂ ਸਬਬ ਨਾਲ ਹੈ, ਜਦਕਿ ਕੁਰਬਾਨੀ ਇਕ ਨਿਯਮ ਹੈ। ਅੱਜ ਜਦੋਂ ਦੇਸ਼ ਦੇ ਹਾਕਮਾਂ ਨੇ ਨੌਜਵਾਨਾਂ ਨੂੰ ਨਸ਼ਿਆਂ, ਅੰਧ-ਵਿਸ਼ਵਾਸ਼ਾਂ ਅਤੇ ਖੱਪਤਵਾਦੀ ਚਮਕ-ਦਮਕ ਰਾਹੀ ਬਰਬਾਦੀ ਵੱਲ ਧੱਕ ਦਿੱਤਾ ਹੈ, ਤਾਂ ਭਗਤ ਸਿੰਘ ਦੇ ਉਪਰੋਕਤ ਕਥਨਾਂ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਉਸ ਨੇ ਭਾਰਤ ਦੇ ਨੌਜਵਾਨਾਂ ਨੂੰ ਕਿਹਾ ਸੀ, **ਕਿ ਆਪਣਾ ਭਰਮ ਛੱਡੋ, ਨਿਡਰ ਹੋ ਕੇ ਹਕੀਕਤ ਦਾ ਸਾਹਮਣਾ ਕਰੋ। ਸੰਘਰਸ਼ਾਂ, ਕਠਿਨਾਈਆਂ ਅਤੇ ਬਲੀਦਾਨਾਂ ਤੋਂ ਨਾ ਘਬਰਾਓ। ਮਾਇਆਵਾਦ, ਕਿਸਮਤਵਾਦ, ਈਸ਼ਵਰਵਾਦ ਆਦਿ ਨੂੰ ਮੈਂ ਚੰਦ ਕੁ ਲੋਟੂਆਂ ਵੱਲੋਂ ਸਾਧਾਰਨ ਜਨਤਾ ਨੂੰ ਭੁਚਲਾਉਣ ਲਈ ਖੋਜੀ ਗਈ ਜ਼ਹਿਰੀਲੀ ਘੁੱਟੀ ਤੋਂ ਵੱਧ ਮੈਂ ਕੁਝ ਨਹੀਂ ਸਮਝਦਾ (ਪੀ-ਪਲਜ਼ ਅਖਬਾਰ ਲਾਹੌਰ) !
ਭਗਤ ਸਿੰਘ ਇਕ ਤਰਕਸ਼ੀਲ ਅਤੇ ਵਿਰੋਧ ਵਿਕਾਸੀ ਪਦਾਰਥਵਾਦੀ ਸੋਚ ਦਾ ਪੱਕਾ ਧਾਰਨੀ ਸੀ। ਹਾਕਮਾਂ ਅਤੇ ਅਖੌਤੀ ਬਾਬਿਆਂ ਵੱਲੋਂ ਅੱਜ ਜੋ ਭਰਮ ਭੁਲੇਖੇ ਪਾ ਕੇ ਗਰੀਬ ਜਨਤਾ ਨੂੰ ਅੰਧੇਰੇ ਵੱਲ ਧੱਕਿਆ ਜਾ ਰਿਹਾ ਹੈ, ਵਿਰੁਧ ਉਸ ਦੇ ਵਿਚਾਰ ਸਨ, *ਕਿ ਰੱਬ, ਪੁਨਰ ਜਨਮ, ਸਵਰਗ, ਦੰਡ ਅਤੇ ਰੱਬ ਵੱਲੋਂ ਕੀਤੇ ਜਾਣ ਵਾਲੇ ਜੀਵਨ ਦੇ ਹਿਸਾਬ-ਕਿਤਾਬ ਆਦਿ *ਚ ਕੋਈ ਵਿਸ਼ਵਾਸ਼ ਨਾ ਰੱਖੋ ! ਸਗੋਂ ਸਾਨੂੰ ਜੀਵਨ ਅਤੇ ਮੌਤ ਦੇ ਵਿਸ਼ੇ ਬਾਰੇ ਹਮੇਸ਼ਾਂ ਪਦਾਰਥਵਾਦੀ ਢੰਗ ਨਾਲ ਸੋਚਣਾ ਚਾਹੀਦਾ ਹੈ। ਰੱਬ ! ਉਪਰ ਵਿਸ਼ਵਾਸ਼ ਰਹੱਸਵਾਦ (ਗੈਬੀ ਸ਼ਕਤੀ) ਦਾ ਹੀ ਨਤੀਜਾ ਹੈ। ਰਹੱਸਵਾਦ ! ਮਾਨਸਿਕ ਕਮਜ਼ੋਰੀ ਦੀ ਸੁਭਾਵਿਕ ਪੈਦਾਵਾਰ ਹੈ। ਅੱਜ ਵੀ ਦੇਸ਼ ਅੰਦਰ ਫਿਰਕਾਪ੍ਰਸਤੀ, ਕੱਟੜਵਾਦ ਅਤੇ ਅੰਧ-ਵਿਸ਼ਵਾਸ਼ਾਂ ਸਬੰਧੀ ਭਗਤ ਸਿੰਘ ਦੀ ਵਿਗਿਆਨਕ ਸੋਚ ਬਿਲਕੁਲ ਢੁੱਕਵੀਂ ਅਤੇ ਦਰੁਸਤ ਹੈ। ਧਰਮ ! ਜਦੋਂ ਸਿਆਸਤ ਨਾਲ ਘੁਲ-ਮਿਲ ਜਾਂਦਾ ਹੈ ਤਾਂ ਇਹ ਇਕ ਘਾਤਕ ਜ਼ਹਿਰ ਬਣ ਜਾਂਦੀ ਹੈ, ਜੋ ਭਰਾ ਨੂੰ ਭਰਾ ਨਾਲ ਲੜਾਉਂਦੀ ਹੈ, ਜੁਝਾਰੂ ਮਾਨਸਿਕਤਾ ਨੂੰ ਕਮਜ਼ੋਰ ਕਰਦੀ ਹੈ, **ਇਸ ਤਰ੍ਹਾਂ ਕੌਮ ਨੂੰ ਸਾਮਰਾਜੀ ਸਾਜਿਸ਼ਾਂ ਦੇ ਹਮਲਾਵਰ ਤਸੀਹਿਆ ਦਾ ਸ਼ਿਕਾਰ ਬਣਾ ਦਿੰਦੀ ਹੈ। ਉਸ ਦੀ ਉਪਰੋਕਤ ਵਿਗਿਆਨਕ ਸੋਚ ਹੋਣ *ਤੇ ਵੀ ਕੋਈ ਉਸ ਨੂੰ ਹੈਟ ਪਹਿਨਾ ਕੇ, ਕੋਈ ਪੱਗ ਬੰਨ੍ਹੀ ਦਿਖਾ ਕੇ ਅਤੇ ਹੱਥ *ਚ ਪਿਸਤੌਲ ਫੜਾਅ ਕੇ ਵੰਡੀਆਂ ਪਾ ਰਹੇ ਹਨ। **ਭਗਤ ਸਿੰਘ ਨੇ ਖੁਦ ਧਰਮ ਬਾਰੇ ਲਿਖਿਆ, *ਕਿ ਜਿਹੜਾ ਧਰਮ ਇਨਸਾਨ ਨੂੰ ਇਨਸਾਨ ਤੋਂ ਵੱਖ ਕਰੇ, ਮੁਹੱਬਤ ਦੀ ਥਾਂ ਨਫ਼ਰਤ ਸਿਖਾਏ, ਅੰਧ-ਵਿਸ਼ਵਾਸ਼ਾਂ ਨੂੰ ਉਤਸ਼ਾਹਿਤ ਕਰਕੇ ਲੋਕਾਂ ਦੇ ਬੌਧਿਕ ਵਿਕਾਸ *ਚ ਰੁਕਾਵਟ ਬਣੇ ਅਤੇ ਦਿਮਾ॥ ਨੂੰ ਖੁੰਡਾ ਕਰੇ, ਉਹ ਮੇਰਾ ਕਦੀ ਧਰਮ ਨਹੀਂ ਹੋ ਸਕਦਾ !**
ਸ਼ਹੀਦ ਭਗਤ ਸਿੰਘ ਦੀ ਵਿਸ਼ਲੇਸ਼ਣੀ ਸੋਚ ਕਾਲਜ ਦੇ ਸਮੇਂ ਜੋ ਪਨਪੀ ਸੀ, ਉਸ ਨੂੰ ਪਿੰ: ਸ਼ਬੀਲ ਦਾਸ ਦੇ ਵਿਚਾਰਾਂ ਅਤੇ ਦਵਾਰਕਾ ਦਾਸ ਲਾਇਬ੍ਰੇਰੀ ਦੀਆਂ ਵੱਡ-ਮੁੱਲੀਆਂ ਪੁਸਤਕਾਂ ਦੇ ਅਧਿਐਨ ਨੇ ਹੋਰ ਪ੍ਰਪੱਕ ਕੀਤਾ ! 1919 ਦੇ ਜੱਲ੍ਹਿਆਵਾਲਾ ਬਾਗ ਦੇ ਸਾਕੇ ਬਾਦ 1920-21 ਦੌਰਾਨ ਦੇਸ਼ ਅੰਦਰ ਚਲਾਏ ਸੱਤਿਆਗ੍ਰਿਹ ਅੰਦੋਲਨ ਨੂੰ ਗਾਂਧੀ ਜੀ ਵੱਲੋਂ ਵਾਪਸ ਲੈਣ ਕਾਰਨ, *ਸਾਰੇ ਦੇਸ਼ ਭਰ ਦੇ ਨੌਜਵਾਨਾਂ ਅੰਦਰ ਇਕ ਰੋਹ ਪੈਦਾ ਹੋਇਆ। ਜਿਸ ਦਾ ਸਿੱਟਾ, ਦੇਸ਼ ਵਿੱਚੋਂ ਬਰਤਾਨਵੀ ਸਾਮਰਾਜੀਆਂ ਨੂੰ ਬਾਹਰ ਕੱਢਣ ਲਈ ਗਰਮ ਖਿਆਲੀ ਨੌਜਵਾਨਾਂ ਵੱਲੋਂ ਹਥਿਆਰ ਬੰਦ ਢੰਗ ਅਪਣਾਇਆ ਗਿਆ। ਭਗਤ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ 1925 ਨੂੰ ਭਾਰਤ ਨੌਜਵਾਨ ਸਭਾ ਅਤੇ ਪਿਛੋਂ 1928 ਨੂੰ **ਹਿੰਦੋਸਤਾਨ ਸੌਸ਼ਲਿਸਟ ਰਿਪਬਲਿਕਨ ਆਰਮੀ**ਦਾ ਗਠਨ ਕੀਤਾ ਗਿਆ। ਪਰ ਸਾਂਡਰਸ ਦੇ ਕਤਲ ਬਾਦ ਭਗਤ ਸਿੰਘ ਨੇ ਦਿੱਲੀ ਅਸੰਬਲੀ *ਚ 8 ਅਪ੍ਰੈਲ 1929 ਨੂੰ ਬੰਬ ਸੁਟੇ ਜਾਣ *ਤੇ ਗ੍ਰਿਫਤਾਰ ਹੋਣ *ਤੇ , ਜੇਲ੍ਹ ਸਮੇਂ ਦੌਰਾਨ ਬਹੁਤ ਸਾਰੇ ਫਲਸਫ਼ਿਆ, ਇਤਿਹਾਸ, ਵਿਚਾਰਾਂ, ਲਿਖਤਾਂ ਅਤੇ ਬਹਿਸਾਂ ਬਾਦ ਇਕ ਪਰਪੱਕ ਮਾਰਕਸਵਾਦੀ ਵੱਜੋ ਮੰਨਿਆ, *ਕਿ ਕਤਲਾਂ ਜਾਂ ਪਿਸਤੌਲ ਦੀ ਗੋਲੀ ਰਾਹੀ ਸਮਾਜਕ ਤਬਦੀਲੀ ਨਹੀਂ ਆ ਸਕਦੀ ? ਸਮਾਜਕ ਤਬਦੀਲੀ ਲਈ ਕਿਸਾਨਾਂ, ਮਜ਼ਦੂਰਾਂ, ਕਿਰਤੀਆਂ ਅਤੇ ਨੌਜਵਾਨਾਂ ਦੀ ਇਕ ਮਜ਼ਬੂਤ ਜੱਥੇਬੰਦੀ ਹੋਣੀ ਚਾਹੀਦੀ ਹੈ। ਹਿੰਸਾ ਦੀ ਵਰਤੋ ਤਦ ਹੀ ਹੋਣੀ ਚਾਹੀਦੀ ਹੈ, ਜਦੋਂ ਬੇਹੱਦ ਔਖੀ ਸਥਿਤੀ *ਚ ਨਿਕਲਣ ਦਾ ਕੋਈ ਹੋਰ ਰਾਹ ਨਾ ਹੋਵੇ ? ਇਹ ਵਰਤੋਂ ਸਮਾਜਕ ਤਬਦੀਲੀ ਲਈ ਹੀ ਕੀਤੀ ਜਾ ਸਕਦੀ ਹੈ, ਇਕ ਕੌਮ ਨੂੰ ਦੂਸਰੀ ਕੌਮ ਜਾਂ ਇਕ ਧਰਮ ਨੂੰ ਦੂਸਰੇ ਧਰਮ ਵਿਰੁਧ ਨਹੀਂ ? ਆਪਣੇ ਉਪਰੋਕਤ ਵਿਚਾਰਾਂ ਲਈ ਉਹ ਦਲੀਲ ਦਿੰਦੇ ਹਨ, *ਕਿ ਮੈਂ ਤੇ ਤੁਸੀਂ ਇਸ ਦੇਸ਼ ਵਿੱਚ ਸੋਸ਼ਲਿਜ਼ਮ ਤੇ ਕਮਿਊਨਿਜ਼ਮ ਦੇ ਖਿਆਲਾਂ ਨੂੰ ਜਨਮ ਨਹੀਂ ਦਿੱਤਾ। ਬਲਕਿ ਇਹ ਵਕਤ ਅਤੇ ਹਲਾਤਾਂ ਦਾ ਸਾਡੇ ਉਪਰ ਅਸਰ ਦਾ ਨਤੀਜਾ ਹੈ।
ਜੱਥੇਬੰਦਕ ਸ਼ਕਤੀ ਪ੍ਰਤੀ ਆਪਣਾ ਨਜ਼ਰੀਆਂ ਪੇਸ਼ ਕਰਦੇ ਹੋਏ ਭਗਤ ਸਿੰਘ ਨੇ ਕਿਹਾ,*ਕਿ ਜਦ ਅਸੀਂ ਇਸ ਕਿਸਮ ਦੇ ਮੁਸ਼ਕਿਲ ਕੰਮ ਨੂੰ ਹੱਥ *ਚ ਲਿਆ ਹੈ, ਤਾਂ ਜਾਰੀ ਰੱਖਣਾ ਚਾਹੀਦਾ ਹੈ ਅਤੇ ਅੱਗੇ ਵਧਾਉਣਾ ਚਾਹੀਦਾ ਹੈ। ਪਹਿਲਾ ਆਪਣਾ ਨਿਜ਼ਵਾਦ ਖਤਮ ਕਰੋ। ਨਿਜੀ ਆਰਾਮ ਦੇ ਸੁਪਨੇ ਲਾਂਹ ਕੇ ਇਕ ਪਾਸ ਰੱਖ ਦਿਓ ਤੇ ਫਿਰ ਕੰਮ ਸ਼ੁਰੂ ਕਰੋ। ਇੰਚ ਇੰਚ ਕਰਕੇ ਤੁਸੀ ਅੱਗੇ ਵੱਧੋਗੇ। ਪਰ ਸਾਮਰਾਜੀ ਜ਼ਬਰ ਵੀ ਤੇਜ਼ ਹੋਵੇਗਾ ? ਉਹ ਵਿਅੱਕਤੀਆਂ ਨੂੰ ਕਤਲ ਕਰ ਸਕਦੇ ਹਨ, ਪਰ ਵਿਚਾਰਾਂ ਨੂੰ ਨਹੀਂ ? ਮਨੁੱਖਤਾ ਪ੍ਰਤੀ ਵਿਚਾਰ ਪ੍ਰਗਟ ਕਰਦੇ ਹੋਏ ਭਗਤ ਸਿੰਘ ਲਿਖਦਾ ਹੈ, *ਕਿ ਜਿਸ ਦਿਨ ਮਨੁੱਖਤਾ ਦੀ ਸੇਵਾ ਅਤੇ ਦੁੱਖ ਝਾਗ ਰਹੀ ਮਨੁੱਖਤਾ ਦੀ ਨਿਜ਼ਾਤ ਦੀ ਭਾਵਨਾ ਨਾਲ ਮਰਦ-ਔਰਤਾਂ ਅੱਗੇ ਆ ਗਏ,*ਉਸ ਦਿਨ ਤੋਂ ਆਜ਼ਾਦੀ ਦਾ ਯੁੱਗ ਸ਼ੁਰੂ ਹੋਵੇਗਾ ! ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਪਹਿਲਾ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਹੀ ਆਵਾਜ਼ ਬੁਲੰਦ ਕੀਤੀ। ਜਦਕਿ ਕਾਂਗਰਸ ਪਾਰਟੀ ਵੱਲੋਂ ਇਹ ਮੱਤਾ 20-ਮਾਰਚ 1929 ਨੂੰ ਪੇਸ਼ ਕੀਤਾ। ਕਿਰਤੀਆਂ ਅਤੇ ਸ਼ਹਿਰੀ ਆਜ਼ਾਦੀਆਂ ਵਿਰੁਧ ਬਰਤਾਨਵੀ ਸਾਮਰਾਜ ਵੱਲੋਂ ਪੇਸ਼ ਪਬਲਿਕ ਸੇਫਟੀ ਬਿਲ ਅਤੇ ਸਨਅਤੀ ਵਿਵਾਦ ਬਿਲ ਦੇ ਵਿਰੋਧ ਵਿੱਚ **ਬੋਲੇ ਸਾਮਰਾਜੀਆਂ** ਤੇ ਉਨ੍ਹਾਂ ਨਾਲ ਮੇਲ ਮਿਲਾਪ ਰੱਖਣ ਵਾਲੇ ਭਾਰਤੀਆਂ ਦੇ ਕੰਨ ਖੋਲ੍ਹਣ ਲਈ ਭਗਤ ਸਿੰਘ ਅਤੇ ਉਸ ਦੇ ਸਾਥੀ ਬੀ.ਕੇ.ਦੱਤ ਨੇ 8 ਅਪ੍ਰੈਲ 1929 ਨੂੰ ਕੌਮੀ ਅਸੰਬਲੀ *ਚ ਇਕ ਨੁਕਸਾਨ ਰਹਿਤ ਬੰਬ ਸੁੱਟ ਕੇ ਸਾਰੇ ਭਾਰਤੀਆਂ ਨੂੰ ਚੌਕਸ ਕੀਤਾ ਸੀ। ਇਹ ਕਦਮ ! ਦੇਸ਼ ਦੇ ਲੋਕਾਂ ਨੂੰ ਜਾਗਰੂਕ ਕਰਨ ਵਾਲਾ ਸੀ। ਉਨ੍ਹਾਂ ਦੀ ਇਸ ਵਿਚਾਰਧਾਰਾ ਦੀ ਪਰਪੱਕਤਾ ਦੇਖ ਕੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ 20-ਮਾਰਚ 1931 ਨੂੰ ਦਿੱਲੀ ਦੇ ਇਕ ਵਿਸ਼ਾਲ ਇਕੱਠ (ਜਿਸ ਨੂੰ ਸਾਮਰਾਜੀਆ ਦੇ ਦਬਾਅ ਅਧੀਨ ਗਾਂਧੀ ਜੀ ਨੇ ਰੋਕਣਾ ਚਾਹਿਆ ਸੀ) ਵਿੱਚ ਕਿਹਾ ਸੀ,*ਕਿ ਭਗਤ ਸਿੰਘ ਇਕ ਵਿਅੱਕਤੀ ਨਹੀਂ **ਪਰਤੀਕ** ਹੈ !
ਸ਼ਹੀਦ ਭਗਤ ਸਿਘ ਕੌਮਾਂਤਰੀਵਾਦ, ਦੇਸ਼ ਭਗਤ ਅਤੇ ਪਰਪੱਕ ਸਿਆਸੀ ਚਿੰਤਕ ਸੀ। ਉਸ ਨੇ ਸਾਰੀ ਦੁਨੀਆਂ ਅੰਦਰ ਹੋਈਆਂ ਕ੍ਰਾਂਤੀਆਂ, ਦਾਰਸ਼ਨਿਕਾਂ, ਲਹਿਰਾਂ, ਪਲੈਟੋ, ਅਰਸਤੂ, ਮਾਰਕਸਵਾਦ, ਏਜ਼ਲਜ ਅਤੇ ਫਾਂਸੀ ਤੋਂ ਕੁਝ ਪਲ ਪਹਿਲਾਂ ਲੈਨਿਨ ਸਬੰਧੀ ਅਧਿਅਨ ਕੀਤਾ। ਇਸ ਤੋਂ ਇਲਾਵਾ ਬਹੁਤ ਸਾਰਾ ਭਾਰਤੀ ਤੇ ਵਿਦੇਸ਼ੀ ਕਲਾਸੀਕਲ ਇਤਿਹਾਸ ਅਤੇ ਲਿਟਰੇਚਰ ਵੀ ਜੇਲ੍ਹ ਦੌਰਾਨ ਹੀ ਪੜ੍ਹਿਆ। 16-17 ਸਾਲ ਦੀ ਉਮਰ ਵਿੱਚ ਹੀ ਉਸ ਨੇ ਲਿਖਣਾ ਸ਼ੁਰੂ ਕਰ ਦਿੱਤਾ ਸੀ। ਉਹ 6-ਜ਼ਬਾਨਾਂ ਦਾ ਮਾਹਿਰ ਸੀ। 1924-25 ਦੌਰਾਨ ਉਸ ਨੇ *ਕਿਰਤੀ ਰਸਾਲੇ* *ਚ ਭਾਈ ਸੰਤੋਖ ਸਿੰਘ ਅਤੇ ਭਾਈ ਰਤਨ ਸਿੰਘ ਨਾਲ ਲਿਖਣਾ ਸ਼ੁਰੂ ਕੀਤਾ। ਛੇਤੀ ਹੀ ਉਹ ਕਾਨਪੁਰ ਚਲਾ ਗਿਆ। ਜਿਥੇ ਉਸ ਨੇ ਕਈ ਅਖਬਾਰਾਂ *ਚ ਬਲਵੰਤ ਸਿੰਘ ਦੇ ਨਾਂ ਹੇਠ ਲਿਖਣਾ ਸ਼ੁਰੂ ਕੀਤਾ। ਇਥੇ ਹੀ ਉਸ ਦਾ ਗਨੇਸ਼ ਸ਼ੰਕਰ ਵਿਦਿਆਰਥੀ ਰਾਹੀ ਮੇਲ ਪ੍ਰਸਿਧ ਕਮਿਊਨਿਸਟ ਆਗੂ ਮੁਜੱਫਰ ਅਹਿਮਦ, ਸੱਤਿਆ ਭਗਤ, ਰਾਧਾ ਮੋਹਨ ਗੋਕਲ, ਸ਼ੌਕਤ ਉਸਮਾਨੀ ਆਦਿ ਬੁਧੀਜੀਵੀਆਂ ਨਾਲ ਹੋਇਆ। ਜੋ ਵਿਚਾਰ ਕਿਰਤੀ ਰਸਾਲੇ ਦੌਰਾਨ ਕੰਮ ਕਰਦਿਆਂ ਉਸ ਦੀ ਸਮਝ ਦਾ ਹਿਸਾ ਨਹੀਂ ਸੀ ਬਣੇ, *ਇਥੇ ਉਸ ਨੇ ਕਾਫੀ ਸਪਸ਼ਟਤਾ ਮਹਿਸੂਸ ਕੀਤੀ ! ਗਦਰ ਪਾਰਟੀ ਦੇ ਆਗੂ ਭਾਈ ਰਤਨ ਸਿੰਘ, ਕਮਿਊਨਿਸਟ ਆਗੂ ਸੋਹਣ ਸਿੰਘ ਜੋਸ਼ ਨਾਲ ਵੀ ਵਿਚਾਰ ਚਰਚਾ ਹੁੰਦੀ ਰਹੀ। ਜੇਲ੍ਹ ਅੰਦਰ ਸ਼ਹੀਦ ਭਗਤ ਸਿੰਘ ਨੇ ਭਾਰਤੀ ਸਮਾਜ ਵਾਰੇ ਕਿਹਾ, *ਕਿ ਭਾਰਤੀ ਸਮਾਜ ਦੇ ਪੱਛੜੇਪਣ ਲਈ ਸਾਮੰਤਵਾਦੀ ਸੰਸਕਰਣ ਅਤੇ ਅੰਧ-ਵਿਸ਼ਵਾਸ਼ ਦੋਸ਼ੀ ਹਨ। ਇਸ ਵਿਰੁਧ ਵਿਗਿਆਨਕ ਪਹੁੰਚ ਅਪਣਾ ਕੇ ਹੀ ਅਸੀਂ ਵਿਰੋਧ ਵਿਕਾਸੀ ਢੰਗ ਰਾਹੀਂ ਸਮਾਜ ਨੂੰ ਤਬਦੀਲ ਕਰ ਸਕਦੇ ਹਾਂ। ਉਸ ਦੇ ਇਕ ਕੌਮਾਂਤਰੀਵਾਦੀ ਸੰਕਲਪ ਕਾਰਨ ਹੀ ਉਹ ਭਾਰਤ ਅੰਦਰ 20-ਵੀਂ ਸਦੀ ਦੀ ਇਕ ਮਹਾਨ ਸਖਸ਼ੀਅਤ ਹੋ ਗੁਜ਼ਰਿਆ ! 1920 ਦੇ ਸੱਤਿਆਗ੍ਰਿਹ ਦੀ ਵਾਪਸੀ ਬਾਦ ਭਾਰਤ ਅੰਦਰ ਗਾਂਧੀ ਦੀ ਅਗਵਾਈ ਵਿੱਚ ਨਰਮ-ਦਲੀਆਂ ਦੇ ਮੁਕਾਬਲੇ ਭਗਤ ਸਿੰਘ ਦੀ ਅਗਵਾਈ *ਚ ਗਰਮ-ਦਲੀਏ ਨੌਜਵਾਨਾਂ ਨੇ ਆਜ਼ਾਦੀ ਦੀ ਲੜਾਈ ਨੂੰ ਹੋਰ ਪ੍ਰਚੰਡ ਕੀਤਾ। 24 ਸਾਲ ਤੋਂ ਘੱਟ ਉਮਰ ਵਿੱਚ ਹੀ ਭਗਤ ਸਿੰਘ ਇਕ ਮਹਾਨ ਬੁੱਧੀਜੀਵੀ, ਚਿੰਤਕ ਅਤੇ ਆਖਰੀ ਵੇਲੇ ਇਕ ਮਾਰਕਸੀ ਵਿਦਿਆਰਥੀ ਵੱਜੋ 23 ਮਾਰਚ, 1931 ਨੂੰ ਆਪਣੇ ਦੋ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨਾਲ ਫਾਂਸੀ ਦੇ ਤਖਤੇ ਤੇ ਚੜ੍ਹ ਗਿਆ !
ਉਹ ਇਕ ਅਧਿਅਨ-ਪਸੰਦ ਚੇਤੰਨ ਨੌਜਵਾਨ ਅਤੇ ਗਤੀਸ਼ੀਲ ਸ਼ਖਸੀਅਤ ਸੀ ! ਉਸ ਦੀ ਪ੍ਰਤਿਭਾ, ਦ੍ਰਿੜਤਾ, ਦਲੇਰੀ, ਸਮਰੱਥਾ ਅਤੇ ਪਰਪੱਕਤਾ ਬਾਰੇ ਉਸ ਦੀਆਂ ਲਿਖਤਾਂ, ਬਿਆਨ ਅਤੇ ਡਾਇਰੀ ਅੱਜ ਵੀ ਗਵਾਹੀ ਭਰ ਰਹੀਆਂ ਹਨ ! ਉਸ ਦੇ ਖਤ, ਲਿਖਤਾਂ, ਕੋਰਟ ਬਿਆਨਾਂ ਤੋਂ ਇਲਾਵਾ ਸਮਾਜਵਾਦ ਕੀ ਹੈ, ਮੈਂ ਨਾਸਤਿਕ ਕਿਉ ਹਾਂ, ਬੰਬ ਦਾ ਫਲਸਫ਼ਾ, ਸੁਖਦੇਵ ਨੂੰ ਖਤ, ਕਸ਼ਟਾਂ ਤੋਂ ਭੱਜਣਾ ਕਾਇਰਤਾ ਹੈ, ਕੌਮ ਦੇ ਨਾਂ ਸੰਦੇਸ਼, ਆਜ਼ਾਦੀ ਦੀ ਲੜਾਈ ਅਤੇ ਉਸ ਤੋਂ ਬਾਦ, ਫਾਂਸੀ ਨਹੀ ਗੋਲੀ ਨਾਲ ਉਡਾਇਆ ਜਾਵੇ, ਹੋਲੀ ਦੇ ਦਿਨ ਖ਼ੂਨ ਦੇ ਛਿੱਟੇ (ਆਟੋ ਬਾਇਓਗ੍ਰਾਫੀ), ਸ਼ਹੀਦ ਕਰਤਾਰ ਸਿੰਘ ਸਰਾਭਾ, ਕੂਕਾ ਲਹਿਰ, ਅਨਾਰਕਿਜ਼ਮ, ਵਿਦਿਆਰਥੀ ਤੇ ਸਿਆਸਤ (ਡੋਰ ਟੂ ਡੈ''ੱਥ), ਅਛੂਤਾਂ ਦਾ ਸਵਾਲ, ਜੇਲ੍ਹ ਡਾਇਰੀ ਆਦਿ ਰਚਨਾਵਾਂ ਪੜ੍ਹਨ ਯੋਗ ਹੀ ਨਹੀ, ਸਗੋਂ ਅਜੋਕੇ ਸੰਦਰਭ ਵਿੱਚ ਪੂਰੀ ਤਰ੍ਹਾਂ ਪ੍ਰਸੰਗਿਕ ਹਨ ! ਉਹ ਇਕ ਦਾਰਸ਼ਨਿਕ ਅਤੇ ਸ਼ਹਾਦਤ ਵੇਲੇ ਇਕ ਸਿਆਸੀ ਚਿੰਤਨ ਸੀ ਜਿਸ *ਤੇ ਕਿਸੇ ਕਿਸਮ ਦੀ ਕੋਈ ਉਂਗਲ ਨਹੀਂ ਉਠਾਈ ਜਾ ਸਕਦੀ ਸੀ ! ਅੱਜ ਅਸੀਂ 20-ਵੀਂ ਸਦੀ ਦੇ ਇਨ੍ਹਾਂ ਮਹਾਨ ਨਾਇਕਾ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ 88-ਵੀਂ ਸ਼ਹਾਦਤ *ਤੇ ਸ਼ਰਧਾ ਦੇ ਫੁੱਲ ਭੇਂਟ ਕਰਕੇ ਉਨ੍ਹਾਂ ਨੂੰ ਯਾਦ ਕਰ ਰਹੇ ਹਾਂ ! ਪਰ ਦੇਸ਼ ਦੀਆਂ ਰਾਜ ਕਰ ਰਹੀਆਂ ਹਾਕਮ ਜਮਾਤਾਂ ਦੀਆਂ ਪਾਰਟੀਆਂ ਦੀਆਂ ਸਰਕਾਰਾਂ ਵੱਲੋਂ ਇਨ੍ਹਾਂ ਮਹਾਨ ਸਪੂਤਾਂ ਨੂੰ ਕੌਮੀ ਪੱਧਰ ਤੇ ਅੱਜ ਤਕ ਬਣਦੀ ਮਾਨਤਾ ਨਹੀਂ ਦਿੱਤੀ ਹੈ। ਆਖਰੀ ਸਮੇਂ ਭਗਤ ਸਿੰਘ ਨੇ ਕਿਹਾ ਸੀ, *ਕਿ ਇਨਕਲਾਬ ਨਿਸ਼ਚੇ ਹੀ ਬਿਨਾਂ ਸੋਚੀ ਸਮਝੀ, ਕਤਲਾਂ ਤੇ ਅਗਜ਼ਾਨੀ ਦੀ ਦਰਿੰਦਾ ਮੁਹਿੰਮ ਨਹੀਂ, ਇਨਕਲਾਬ ਕੋਈ ਮਯੂਸੀ *ਚ ਪੈਦਾ ਹੋਇਆ ਫਲਸਫ਼ਾ ਵੀ ਨਹੀਂ ਅਤੇ ਨਾ ਹੀ ਸਰ-ਫਰੋਸ਼ੀ ਦਾ ਕੋਈ ਸਿਧਾਂਤ ਹੈ ! ਇਨਕਲਾਬ ਰੱਬ ਵਿਰੋਧੀ ਤਾਂ ਹੋ ਸਕਦਾ ਹੈ, ਪਰ ਮਨੁੱਖ ਵਿਰੋਧੀ ਨਹੀਂ ! ਇਹ ਇਕਪੁਖਤਾ ਤੇ ਜ਼ਿੰਦਾ ਤਾਕਤ ਹੈ।ਇਹ ਕੌਮਾਂ ਨੂੰ ਆਪਣੇ ਪੈਰਾਂ ਤੇ ਖੜਾ ਕਰੇਗਾ ? ਇਸ ਦੇ ਬਾਵਜੂਦ ਵੀ, *ਅੱਜ ਵੀ ਪੂੰਜੀਵਾਦੀ ਅਤੇ ਉਨ੍ਹਾਂ ਦੇ ਬੁਧੀਜੀਵੀ ਪੈਰੋਕਾਰ ਆਪਣੀਆਂ ਲਿਖਤਾਂ *ਚ ਉਸ ਨੂੰ (ਭਗਤ ਸਿੰਘ) ਅਰਾਜਕਤਾਵਾਦੀ ਪੇਸ਼ ਕਰਦੇ ਹਨ ! ਭਾਵੇਂ ਉਨ੍ਹਾਂ ਸਾਹਮਣੇ ਬਰਤਾਨਵੀ ਬਸਤੀਵਾਦੀ ਸਾਮਰਾਜ ਅਤੇ ਮਾਜੂਦਾ ਭਾਰਤ ਦੇ ਹਾਕਮ ਜਿਨ੍ਹਾਂ ਦੇ ਰਾਜ ਅੰਦਰ ਰੋਜ਼ਾਨਾਂ ਸੈਕੜੇ ਲੋਕਾਂ ਨੂੰ ਨੰਗ-ਭੁੱਖ ਅਤੇ ਬਿਮਾਰੀਆਂ ਕਾਰਨ ਮਰਨਾ ਪੈ ਰਿਹਾ ਹੈ, ਉਹ ਦੁਧ ਧੋਤੇ ਨਜ਼ਰ ਆ ਰਹੇ ਹਨ। ਭਗਤ ਸਿੰਘ ਨੇ ਤਾਂ ਇਕਵਾਰ ਗੋਲੀ ਚਲਾਈ ਅਤੇ ਖੁਦ ਉਸ ਨੇ ਕਬੂਲ ਕੀਤਾ ਸੀ, *ਕਿ ਬੰਬ ਅਤੇ ਪਿਸਤੌਲ ਕਦੇ ਇਨਕਲਾਬ ਨਹੀਂ ਲਿਆਉਂਦੇ, ਬਲਕਿ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ ਤੋਂ ਤਿੱਖੀ ਹੁੰਦੀ ਹੈ। ਪਰ ਹਾਕਮ ਰੋਜ਼ਾਨਾਂ ਗੋਲੀਆਂ ਚਲਾ ਕੇ ਹੱਕ ਮੰਗਦੇ ਲੋਕਾਂ ਦਾ ਕਤਲ ਕਰ ਰਹੇ ਹਨ। ਇਸ ਲਈ ਅਰਾਜਕਤਾਵਾਦੀ ਇਹ ਹਾਕਮ ਹੁੰਦੇ ਹਨ ?
ਅੱਜ ! ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਸ਼ਹਾਦਤ ਨੂੰ ਯਾਦ ਕਰਦਿਆ, *ਜਿੱਥੇ ਉਸ ਦੇ ਰਾਹ *ਤੇ ਚੱਲਣ ਦੀ ਹਾਮੀ ਭਰੀਏ, *ਉਥੇ ਉਸ ਦੇ ਕਥਨਾਂ ਅਨੁਸਾਰ, *ਮੇਰੀ ਜ਼ਿੰਦਗੀ ! ਦਾ ਮਹਾਨ ਮਕਸਦ, *ਭਾਵ ਭਾਰਤ ਦੀ ਆਜ਼ਾਦੀ ਦੇ ਕਾਜ ਦੇ ਲੇਖੇ ਲਾਉਣਾ ਸੀ। ਇਸ ਲਈ ਮੇਰੀ ਜ਼ਿੰਦਗੀ *ਚ ਆਰਾਮ ਅਤੇ ਦੁਨਿਆਵੀ ਖਾਹਿਸ਼ਾਂ ਵਾਸਤੇ ਕੋਈ ਖਿੱਚ ਨਹੀਂ ? ਬੱਸ ! ਸੰਪੂਰਨ ਇਨਕਲਾਬ ! ਇਸ ਲਈ ਸਾਨੂੰ ਵੀ ਇਸ ਦੀ ਪੂਰਤੀ ਲਈ ਅਮਲੀ ਰੂਪ ਵਿੱਚ ਪੈਹਿਰਾ ਦੇਣਾ ਪੈਣਾ ਹੈ। ਜਿਸ ਲਈ ਭਗਤ ਸਿੰਘ ਨੇ ਸੰਕਲਪ ਲਿਆ ਸੀ, *ਕਿ ਦੇਸ਼ ਵਿੱਚੋਂ ਸਾਮਰਾਜੀਆਂ ਨੂੰ ਬਾਹਰ ਕੱਢਣਾ ਹੈ, ਇਨਕਲਾਬ ਲਿਆ ਕੇ ਮਨੁੱਖ ਹੱਥੋ ਮਨੁੱਖ ਦੀ ਹੁੰਦੀ ਲੁੱਟ-ਖਸੁੱਟ ਰਹਿਤ ਸਮਾਜ ਦੀ ਸਿਰਜਨਾ ਕਰਨੀ। ਹਰ ਤਰ੍ਹਾਂ ਦੀ ਫਿਰਕਾਪ੍ਰਸਤੀ ਅਤੇ ਕੱਟੜਵਾਦ ਦਾ ਖਾਤਮਾ ਹੋਵੇ ! ਉਸ ਨੇ ਇਕ ਅਜਿਹੇ ਭਾਰਤ ਦੀ ਸਿਰਜਨਾ ਦਾ ਜੋ ਸੁਪਨਾ ਸੰਜੋਇਆ ਸੀ, *ਜਿਥੇ ਜਨਤਾ, ਕਾਸ਼ਤਕਾਰ ਅਤੇ ਮਜ਼ਦੂਰ ਭੁੱਖੇ ਨਾ ਮਰਨ ! ਇਹ ਸੁਪਨੇ ! ਅੱਜੇ ਵੀ ਅਧੂਰੇ ਹਨ। ਹੁਣ ਲੋੜ ਹੈ ! ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਲੋੜਬੰਦੀ ਨੂੰ ਅਮਲੀ ਜਾਮਾ ਪਹਿਨਾਉਣ ਲਈ, ਭਾਰਤ ਅੰਦਰ ਲੋਕ ਜਮੂਹਰੀ ਇਨਕਲਾਬ ਦੀ ਸੰਪੂਰਨਤਾ ਲਈ ਯੋਗਦਾਨ ਪਾਉਣ ਦੀ !!
ਜਬ ਲਿਖੋ ਤਾਰੀਖ ਗੁਲਸ਼ਨ ਕੀ,
ਯਹ ਲਿਖਨਾ ਮਤ ਭੁਲਨਾ !!
ਕਿ ਹਮਨੇ ਭੀ ਲੁਟਾਯਾ ਹੈ ਆਸ਼ਿਆਂ ਅਪਨਾ !!
ਮੇਰੀ ਹਵਾਂ ਮੇ ਰਹੇਗੀ ਖਯਾਲ ਕੀ ਖੁਸ਼ਬੂ, ਯਹ ਮੁਸ਼ਤ-ਖਾਕ ਹੈ ਫਾਨੀ, ਰਹੇ ਨਾ ਰਹੇ !!!
9217997445
ਜਗਦੀਸ਼ ਸਿੰਘ ਚੋਹਕਾ
001-403-285-4208
17 March 2019