ਬਲਦੀ 'ਤੇ ਤੇਲ ਪਾਉਣਾ ਮੀਡੀਆ ਦਾ ਮਕਸਦ ਨਹੀਂ - ਗੁਰਚਰਨ ਸਿੰਘ ਨੂਰਪੁਰ
ਹੋਰ ਲੋੜਾਂ ਵਾਂਗ ਸਹੀ ਸੂਚਨਾ ਵੀ ਅਜੋਕੇ ਮਨੁੱਖ ਦੀ ਅਹਿਮ ਲੋੜ ਬਣ ਗਈ ਹੈ। ਜਿਵੇਂ ਸਾਨੂੰ ਖਾਣੇ ਵਿਚ ਕੁਝ ਗ਼ਲਤ ਮਿਲਾ ਕੇ ਦੇ ਦਿੱਤਾ ਜਾਵੇ ਤਾਂ ਇਹ ਖਾਣਾ, ਸਾਡੇ ਲਈ ਖਾਣਾ ਨਹੀਂ ਬਲਕਿ ਜ਼ਹਿਰ ਬਣ ਜਾਂਦਾ ਹੈ ਇਸੇ ਤਰ੍ਹਾਂ ਗ਼ਲਤ ਸੂਚਨਾਵਾਂ ਜਿਨ੍ਹਾਂ ਨਾਲ ਸਮਾਜ ਵਿਚ ਡਰ ਸਹਿਮ, ਫ਼ਿਰਕੂ ਤਣਾਅ, ਜਾਤਪਾਤ, ਧਰਮ ਕਰਮ ਦੇ ਨਾਂਅ 'ਤੇ ਲੋਕਾਂ ਵਿਚ ਤਣਾਅ ਪੈਦਾ ਹੋਵੇ ਤਾਂ ਇਹ ਵੀ ਨਾ ਮੁਆਫ਼ ਕੀਤੇ ਜਾਣ ਵਾਲਾ ਜੁਰਮ ਬਣ ਜਾਂਦਾ ਹੈ।
ਅਡੋਲਫ ਹਿਟਲਰ ਕਿਹਾ ਕਰਦਾ ਸੀ ਕਿ 'ਜੇਕਰ ਇਕ ਝੂਠ ਨੂੰ ਸੌ ਵਾਰ ਬੋਲਿਆ ਜਾਵੇ ਤਾਂ ਬਹੁਗਿਣਤੀ ਲੋਕਾਂ ਨੂੰ ਇਹ ਸੱਚ ਪ੍ਰਤੀਤ ਹੋਣ ਲੱਗ ਜਾਂਦਾ ਹੈ।' ਬੇਸ਼ੱਕ ਇਹ ਕਥਨ ਕੁਝ ਹੱਦ ਤੱਕ ਠੀਕ ਹੋਵੇ, ਪਰ ਸੱਚ ਇਹ ਵੀ ਹੈ ਕਿ 'ਸੱਚ' ਦੇਰ ਸਵੇਰ ਪ੍ਰਗਟ ਜ਼ਰੂਰ ਹੁੰਦਾ ਹੈ ਅਤੇ ਇਸ ਦੇ ਸਾਹਵੇਂ ਝੂਠ ਦਾ ਪ੍ਰਾਪੋਗੰਡਾ ਜਿਸ ਨੂੰ ਬਿਨਾਂ ਪੈਰਾਂ ਤੋਂ ਖੜ੍ਹਾ ਕੀਤਾ ਜਾਂਦਾ ਹੈ ਢਹਿ-ਢੇਰੀ ਹੋ ਜਾਂਦਾ ਹੈ। ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਮੰਨਿਆ ਜਾਂਦਾ ਹੈ ਜਿਸ ਨੇ ਲੋਕਾਂ ਨੂੰ ਹਰ ਚੰਗੀ ਮਾੜੀ ਸਥਿਤੀ ਤੋਂ ਜਾਣੂ ਹੀ ਨਹੀਂ ਕਰਨਾ ਹੁੰਦਾ ਬਲਕਿ ਹਰ ਤਰ੍ਹਾਂ ਦੀਆਂ ਬੁਰਾਈਆਂ ਪ੍ਰਤੀ ਜਾਗਰੂਕ ਵੀ ਕਰਨਾ ਹੁੰਦਾ ਹੈ। ਅੱਜ ਸਾਡੇ ਦੇਸ਼ ਵਿਚ ਮੀਡੀਆ ਖਾਸ ਕਰਕੇ ਕੁਝ ਹਿੰਦੀ ਨਿਊਜ਼ ਚੈਨਲ ਦੀ ਹਾਲਤ ਏਨੀ ਪਤਲੀ ਹੋ ਗਈ ਹੈ ਜਾਂ ਕਹਿ ਲਈਏ ਕਿ ਬਣਾ ਦਿੱਤੀ ਗਈ ਹੈ ਕਿ ਇਨ੍ਹਾਂ ਦੇ ਐਂਕਰ ਸੱਤਾਧਾਰੀ ਧਿਰ ਨੂੰ ਸਵਾਲ ਪੁੱਛਣ ਦੀ ਬਜਾਏ ਉਨ੍ਹਾਂ ਦੇ ਗੁਣਗਾਨ ਕਰਦੇ ਨਜ਼ਰ ਆਉਂਦੇ ਹਨ। ਹਾਲਤ ਇਹ ਹੈ ਕਿ ਜਦੋਂ ਕੋਈ ਐਂਕਰ ਚੀਕ ਚੀਕ ਕੇ ਕਹਿੰਦਾ ਹੈ ਕਿ 'ਅਬ ਤੱਕ ਕੀ ਸਬਸੇ ਬੜੀ ਖ਼ਬਰ' ਤਾਂ ਹੁਣ ਬਹੁਗਿਣਤੀ ਲੋਕਾਂ ਨੂੰ ਉਹ ਖ਼ਬਰ ਵੇਖਣ ਲਈ ਉਤਸੁਕਤਾ ਜਾਂ ਹੈਰਾਨੀ ਨਹੀਂ ਹੁੰਦੀ। ਬਹੁਗਿਣਤੀ ਹਿੰਦੀ ਨਿਊਜ਼ ਚੈਨਲਾਂ ਦੇ ਪ੍ਰਸਾਰਨ 'ਤੇ ਲੋਕ ਵਿਸ਼ਵਾਸ ਕਰਨੋ ਹਟ ਗਏ। ਇਨ੍ਹਾਂ ਦੀ ਸਥਿਤੀ ਅਜਿਹੀ ਬਣ ਗਈ ਹੈ ਕਿ ਲੋਕ ਇਨ੍ਹਾਂ ਦੇ ਪ੍ਰਸਾਰਨਾਂ 'ਤੇ ਚੁਟਕਲੇ ਬਣਾਉਣ ਲੱਗ ਪਏ ਹਨ। ਭਾਰਤੀ ਮੀਡੀਆ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ। ਮੀਡੀਆ ਦਾ ਕੰਮ ਵਿਵਸਥਾ ਦੇ ਵਿਰੁੱਧ ਲੋਕ ਹਿਤਾਂ ਲਈ ਖੜ੍ਹੇ ਹੋਣਾ ਹੁੰਦਾ ਹੈ। ਮੀਡੀਆ ਨੇ ਲੋਕਾਂ ਅੱਗੇ ਉਹ ਤੱਥ ਉਜਾਗਰ ਕਰਨੇ ਹੁੰਦੇ ਹਨ ਜੋ ਆਮ ਮਨੁੱਖ ਦੀ ਨਜ਼ਰ ਤੋਂ ਉਹਲੇ ਰਹਿ ਜਾਂਦੇ ਹਨ। ਮੀਡੀਆ ਦਾ ਹੀ ਕੰਮ ਹੈ ਕਿ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਹਿਤਾਂ ਲਈ ਜਾਣੂ ਕਰਵਾਏ। ਮੀਡੀਆ ਦਾ ਹੀ ਫਰਜ਼ ਬਣਦਾ ਹੈ ਕਿ ਉਹ ਆਮ ਲੋਕਾਂ ਨੂੰ ਉਹ ਸਮਝ ਦੇਵੇ ਕਿ ਉਨ੍ਹਾਂ ਨਾਲ ਕਿਸ ਧਿਰ ਵਲੋਂ ਫਰੇਬ ਕੀਤਾ ਜਾ ਰਿਹਾ ਹੈ। ਮੀਡੀਆ ਦਾ ਇਹ ਵੀ ਕੰਮ ਹੈ ਕਿ ਉਹ ਲੋਕਾਂ ਨੂੰ ਉਨ੍ਹਾਂ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ ਲਈ ਸੱਤਾਧਾਰੀ ਧਿਰ ਨੂੰ ਕਟਹਿਰੇ ਵਿਚ ਖੜ੍ਹਾ ਕਰੇ। ਪਰ ਜਦੋਂ ਮੀਡੀਆ ਪੈਸੇ ਵਾਲੇ ਲੋਕਾਂ ਦਾ ਹੱਥ-ਠੋਕਾ ਬਣ ਜਾਵੇ ਤਾਂ ਫਿਰ ਸਭ ਤੋਂ ਪਹਿਲਾਂ ਉਸ ਨੂੰ ਆਪਣੇ ਇਨ੍ਹਾਂ ਫਰਜ਼ਾਂ ਤੋਂ ਵਾਂਝੇ ਕਰ ਦਿੱਤਾ ਜਾਵੇਗਾ ਅਤੇ ਉਸ ਦੀ ਅਗਲੀ ਕੜੀ ਇਹ ਹੋਵੇਗੀ ਕਿ ਉਸ ਨੂੰ ਆਪਣੇ ਆਕਿਆਂ ਦਾ ਝੋਲੀ ਚੁੱਕ ਵੀ ਬਣਨਾ ਪਵੇਗਾ। ਅੱਜ ਹਾਲਾਤ ਇਹ ਹਨ ਕਿ ਬਹੁਤ ਸਾਰੇ ਨਿਊਜ਼ ਟੀ. ਵੀ. ਚੈਨਲਾਂ ਦੀ ਹਾਲਤ ਪਾਣੀ ਨਾਲੋਂ ਪਤਲੀ ਹੋਈ ਪਈ ਹੈ।
ਪੁਲਵਾਮਾਂ ਵਿਚ ਵਾਪਰੀ ਘਟਨਾ ਜਿਸ ਵਿਚ ਸਾਡੇ 40 ਜਵਾਨ ਸ਼ਹੀਦ ਹੋ ਗਏ ਸਨ ਇਕ ਬੜੀ ਵੱਡੀ 'ਤੇ ਦੁਖਦਾਈ ਘਟਨਾ ਸੀ। ਇਸ ਨਾਲ ਪੂਰਾ ਦੇਸ਼ ਹਿੱਲ ਗਿਆ। ਇਸ ਘਟਨਾ ਸਬੰਧੀ ਲੋਕਾਂ ਨੂੰ ਜਾਣੂ ਕਰਾਉਣਾ ਮੀਡੀਆ ਦਾ ਫਰਜ਼ ਜੋ ਨਿਭਾਇਆ ਵੀ ਗਿਆ। ਇਸ ਘਟਨਾ ਤੋਂ ਕੁਝ ਦਿਨ ਜੇਕਰ ਪਿੱਛੇ ਜਾਈਏ ਤਾਂ ਬਹੁ ਗਿਣਤੀ ਟੀ. ਵੀ. ਚੈਨਲਾਂ 'ਤੇ ਰਾਮ ਮੰਦਰ ਦਾ ਮੁੱਦਾ ਸਭ ਤੋਂ ਵੱਡੀ ਖ਼ਬਰ ਸੀ ਜੋ ਪਿਛਲੇ ਕਈ ਦਿਨਾਂ ਤੋਂ ਸਭ ਤੋਂ ਅਹਿਮ ਖ਼ਬਰ ਬਣਾ ਕੇ ਚਲਾਈ ਜਾ ਰਹੀ ਸੀ। ਦੇਸ਼ ਦੇ ਲੋਕਾਂ ਨੂੰ ਇਹ ਦਰਸਾਇਆ ਜਾ ਰਿਹਾ ਸੀ ਕਿ ਇਸ ਵੇਲੇ ਬਸ ਰਾਮ ਮੰਦਰ ਹੀ ਇਕੋ-ਇਕ ਦੇਸ਼ ਵੀ ਸਭ ਤੋਂ ਵੱਡੀ ਸਮੱਸਿਆ ਹੈ ਜਿਸ ਦੇ ਹੱਲ ਹੁੰਦੇ ਹੀ ਦੇਸ਼ ਦੇ ਲੋਕਾਂ ਦੇ ਸਾਰੇ ਮਸਲੇ ਹੱਲ ਹੋ ਜਾਣੇ ਹਨ। ਇਸ ਮੁੱਦੇ 'ਤੇ ਜਟਾਧਾਰੀ ਸਾਧ ਸੰਤਾਂ ਅਤੇ ਮੁੱਲਾ-ਮੁਲਾਣਿਆਂ ਦੀਆਂ ਬਹਿਸਾਂ ਦਾ ਸਿਲਸਿਲਾ ਬਹੁਗਿਣਤੀ ਚੈਂਨਲਾਂ 'ਤੇ ਸ਼ੁਰੂ ਹੋ ਗਿਆ ਸੀ। ਧਰਮ ਕਰਮ ਦੇ ਨਾਂਅ 'ਤੇ ਹੁੰਦੀਆਂ ਬਹਿਸਾਂ ਦੀ ਬੋਲਬਾਣੀ ਤੋਂ ਲਗਦਾ ਸੀ ਕਿ ਜਿਵੇਂ ਅਗਲੇ ਕੁਝ ਦਿਨਾਂ ਵਿਚ ਦੋ ਵੱਡੇ ਫ਼ਿਰਕਿਆਂ ਵਿਚ ਵੱਡਾ ਭੇੜ ਹੋਣ ਜਾ ਰਿਹਾ ਹੋਵੇ। ਮੀਡੀਆ ਦਾ ਮਕਸਦ ਬਲਦੀ 'ਤੇ ਪਾਣੀ ਪਾਉਣਾ ਹੋਣਾ ਚਾਹੀਦਾ ਹੈ ਪਰ ਇੱਥੇ ਇਸ ਤੋਂ ਉਲਟ ਬਹੁਗਿਣਤੀ ਨਿਊਜ਼ ਚੈਨਲਾਂ ਦਾ ਕੰਮ ਬਲਦੀ 'ਤੇ ਤੇਲ ਪਾਉਣ ਦਾ ਬਣ ਗਿਆ ਹੈ। ਇਹ ਸਮਾਜ ਪ੍ਰਤੀ ਗ਼ੈਰ-ਜ਼ਿੰਮੇਵਾਰਾਨਾ ਹੀ ਨਹੀਂ ਬਲਕਿ ਇਕ ਤਰ੍ਹਾਂ ਨਾਲ ਦੇਸ਼ ਦੇ ਤਾਣੇ ਬਾਣੇ ਨੂੰ ਜਾਤ-ਪਾਤ ਅਤੇ ਧਰਮ ਦੇ ਆਧਾਰ 'ਤੇ ਵੰਡਣ ਦੀਆਂ ਕੋਝੀਆਂ ਸਾਜਿਸ਼ਾਂ ਹਨ। ਜਿਹੜੀ ਕੌਮੀ ਜਮਹੂਰੀ ਗੱਠਜੋੜ ਦੀ ਸਰਕਾਰ ਰਾਮ ਮੰਦਰ ਨੂੰ ਵੱਡਾ ਮੁੱਦਾ ਬਣਾ ਕੇ ਸੱਤਾ ਵਿਚ ਆਈ ਸੀ ਨੂੰ ਲੋਕ ਸਵਾਲ ਕਰਨ ਲੱਗੇ ਸਨ ਕਿ ਤੁਸੀਂ ਆਪਣੇ ਪੰਜ ਸਾਲਾਂ ਦੇ ਸ਼ਾਸਨ ਦੌਰਾਨ ਰਾਮ ਮੰਦਰ ਕਿਉਂ ਨਹੀਂ ਬਣਵਾਇਆ? ਚੋਣਾਂ ਦੌਰਾਨ ਹੀ ਹੁਣ ਰਾਮ ਜੀ ਦੀ ਯਾਦ ਕਿਉਂ ਆਈ? ਜਦੋਂ ਅਜਿਹੇ ਸਵਾਲਾਂ ਦੀ ਗਿਣਤੀ ਵਧਣ ਲੱਗੀ ਤਾਂ ਜਾਪਿਆ ਕਿ ਰਾਮ ਮੰਦਰ ਵਾਲਾ ਮੁੱਦਾ ਸਗੋਂ ਉਲਟਾ ਪੈ ਰਿਹਾ ਹੈ। ਇਸੇ ਹੀ ਸਮੇਂ ਦੌਰਾਨ ਪੁਲਵਾਮਾਂ ਵਿਚ ਅਤਿਵਾਦੀ ਘਟਨਾ ਵਾਪਰ ਗਈ ਅਤੇ ਇਹੋ ਹੀ ਨਿਊਜ਼ ਚੈਨਲਾਂ ਨੇ ਰਾਮ ਮੰਦਰ ਵਾਲੇ ਮੁੱਦੇ ਨੂੰ ਇਸ ਤਰ੍ਹਾਂ ਪਰ੍ਹਾਂ ਕਰਕੇ ਰੱਖ ਦਿੱਤਾ ਜਿਵੇਂ ਦੀਵਾਰ ਤੋਂ ਕੋਈ ਤਸਵੀਰ ਉਤਾਰ ਕੇ ਪਾਸੇ ਕਰਕੇ ਰੱਖ ਦਿੱਤੀ ਜਾਂਦੀ ਹੈ। ਜੋ ਟੀ. ਵੀ. ਚੈਨਲ ਕੁਝ ਸਮਾਂ ਪਹਿਲਾਂ ਲੋਕਾਂ ਨੂੰ ਧਰਮ ਕਰਮ ਦੇ ਨਾਂਅ 'ਤੇ ਵੰਡ ਰਹੇ ਸਨ। ਧਰਮ ਕਰਮ ਦੇ ਇਸ ਮਸਲੇ ਨੂੰ ਦੋ ਧਿਰਾਂ ਦੇ ਵਕਾਰ ਦਾ ਸਵਾਲ ਬਣਾ ਕੇ ਦੋਵਾਂ ਵਿਚਕਾਰ ਟਕਰਾਅ ਪੈਦਾ ਕਰਨ ਦੀ ਹਰ ਕੋਸ਼ਿਸ਼ ਕਰ ਰਹੇ ਸਨ ਉਨ੍ਹਾਂ ਅੰਦਰ ਇਕਦਮ ਦੇਸ਼ ਭਗਤੀ ਜਾਗ ਪਈ ਅਤੇ ਇਸ ਲਈ ਬਹਿਸਾਂ ਦਾ ਰੁੱਖ ਭਾਰਤ ਬਨਾਮ ਪਾਕਿਸਤਾਨ ਹੋ ਗਿਆ।
ਪੁਲਵਾਮਾ ਵਿਚ ਹੋਏ ਅਤੰਕੀ ਹਮਲੇ ਤੋਂ ਦੇਸ਼ ਸਦਮੇ ਵਿਚ ਸੀ ਇਸ ਸਾਰੀ ਖ਼ਬਰ ਦੀ ਕਵਰੇਜ ਕਰਨਾ ਮੀਡੀਆ ਦਾ ਫਰਜ਼ ਵੀ ਸੀ ਜੋ ਇਸ ਵਲੋਂ ਪੂਰਾ ਕੀਤਾ ਗਿਆ ਪਰ ਅਗਲੇ ਕੁਝ ਦਿਨਾਂ ਦੌਰਾਨ ਜੋ ਕੁਝ ਵਾਪਰਿਆ ਬੜਾ ਨਿਰਾਸ਼ ਕਰਨ ਵਾਲਾ ਸੀ। ਇਸ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਸਾਡੇ ਬਹਾਦਰ ਫ਼ੌਜੀ ਜਵਾਨਾਂ ਨੇ ਪਾਕਿਸਤਾਨ ਦੀ ਹੱਦ ਵਿਚ ਦਾਖਲ ਹੋ ਕੇ ਇਕ ਤਰ੍ਹਾਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਪੁਲਵਾਮਾ ਵਰਗੀਆਂ ਕਾਇਰਾਨਾਂ ਅਤੇ ਬਰਬਰਤਾ ਭਰੀਆਂ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ। ਇਸ ਅਟੈਕ ਵਿਚ ਅੱਤਵਾਦੀਆਂ ਦੇ ਟਿਕਾਣੇ ਨਸ਼ਟ ਹੋਏ ਜਾਂ ਨਹੀਂ ਇਹ ਇਕ ਵੱਖਰੀ ਗੱਲ ਹੈ, ਪਰ ਜਿਸ ਢੰਗ ਨਾਲ ਇਸ ਕਾਰਵਾਈ ਨੂੰ ਸੱਤਾਧਾਰੀ ਧਿਰ ਨੇ ਆਪਣੇ ਹੱਕ ਵਿਚ ਭੁਨਾਉਣ ਦੀ ਕੋਸ਼ਿਸ਼ ਕੀਤੀ ਉਹ ਬੜੀ ਅਫ਼ਸੋਸਨਾਕ ਸੀ। ਹਫ਼ਤਾ ਪਹਿਲਾਂ ਸਾਰਾ ਦੇਸ਼ ਸਦਮੇ ਵਿਚ ਸੀ, ਫ਼ੌਜੀ ਜਵਾਨਾਂ ਦੇ ਪਰਿਵਾਰਾਂ ਦਾ ਵਿਰਲਾਪ ਅਤੇ ਲੋਕ ਰੋਹ ਟੀ ਵੀ ਚੈਂਨਲਾਂ ਤੇ ਵਿਖਾਇਆ ਜਾ ਰਿਹਾ ਸੀ। ਪਰ ਪਾਕਿਸਤਾਨ 'ਤੇ ਦੋ ਜੰਗੀ ਜਹਾਜ਼ਾਂ ਦੇ ਅਟੈਕ ਹੁੰਦਿਆਂ ਹੀ ਇਨ੍ਹਾਂ ਨਿਊਜ਼ ਚੈਨਲਾਂ ਨੇ ਵਿਖਾਉਣਾ ਸ਼ੁਰੂ ਕਰ ਦਿੱਤਾ ਕਿ ਦੇਸ਼ ਹੁਣ ਖੁਸ਼ੀਆਂ ਮਨਾ ਰਿਹਾ ਹੈ। ਹੁਣ ਟੀ. ਵੀ. ਸਕਰੀਨ ਤੇ ਹਰ ਪਾਸੇ ਢੋਲ ਦੇ ਡੱਗਿਆਂ 'ਤੇ ਪਾਏ ਜਾ ਰਹੇ ਭੰਗੜਿਆਂ ਦਾ ਜਸ਼ਨ ਸੀ। ਪਟਾਕੇ ਛੱਡੇ ਜਾ ਰਹੇ ਸਨ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ। ਕੀ ਇਹ ਸੰਵੇਦਨਹੀਣਤਾ ਦੀ ਸਿਖਰ ਨਹੀਂ? ਮਨੁੱਖੀ ਸੁਭਾਅ ਦੀਆਂ ਕੁਝ ਮਰਿਆਦਾਵਾਂ ਹੁੰਦੀਆਂ ਹਨ ਪਰ ਇਹ ਘਟਨਾਕਰਮ ਗ਼ੈਰ-ਜ਼ਿੰਮੇਵਾਰਨਾ ਵਰਤਾਰੇ ਦੀ ਹੱਦ ਸੀ ਜਿਹੜੀ ਸਾਡੇ ਚੈਨਲਾਂ ਨੇ ਇਨ੍ਹਾਂ ਦਿਨਾਂ ਵਿਚ ਪਾਰ ਕਰ ਲਈ। ਕਿਸੇ ਗਮ ਵਿਚ ਡੁੱਬੇ ਬੰਦੇ ਨੂੰ ਜੇਕਰ ਇਹ ਕਹੋ ਕਿ ਜਿਨ੍ਹਾਂ ਨੇ ਤੁਹਾਡਾ ਇਕ ਬੰਦਾ ਮਾਰਿਆ ਸੀ ਉਸ ਦੇ ਚਾਰ ਮਰ ਗਏ ਹਨ ਤਾਂ ਉਹ ਉੱਠ ਕੇ ਭੰਗੜੇ ਨਹੀਂ ਪਾਉਣ ਲੱਗ ਪੈਂਦਾ। ਲੋਕਾਂ ਨੂੰ ਵੱਖਰੀ ਤਰ੍ਹਾਂ ਦੀ ਦੇਸ਼ ਭਗਤੀ ਸਿਖਾਉਣ ਤੁਰੇ ਇਨ੍ਹਾਂ ਟੀ. ਵੀ. ਚੈਨਲਾਂ ਦੇ ਵਿਹਾਰ ਤੋਂ ਇਹ ਲੱਗਦਾ ਹੈ ਕਿ ਇਨ੍ਹਾਂ ਲੋਕਾਂ ਨੂੰ ਕਿਸੇ ਦੇਸ਼ ਜਾਂ ਦੇਸ਼ ਦੇ ਲੋਕਾਂ ਨਾਲ ਕੋਈ ਬਾਹਲਾ ਸਰੋਕਾਰ ਨਹੀਂ ਬਲਕਿ ਕਾਰਪੋਰੇਟ ਮੀਡੀਆ ਦਾ ਸਾਰਾ ਜੋਰ ਇਸ ਗੱਲ 'ਤੇ ਲੱਗਿਆ ਹੋਇਆ ਹੈ ਕਿ ਆਪਣੇ ਆਕਾਵਾਂ ਨੂੰ ਕਿਵੇਂ ਖੁਸ਼ ਰੱਖਣਾ ਹੈ। ਪ੍ਰਿੰਟ ਮੀਡੀਆ ਦੇ ਨਾਲ-ਨਾਲ ਕੁਝ ਹਿੰਦੀ ਅਖ਼ਬਾਰਾਂ ਵੀ ਇਸ ਵਿਚ ਪਿੱਛੇ ਨਹੀਂ ਰਹੀਆਂ ਜਿਨ੍ਹਾਂ ਨੇ ਜੰਗੀ ਜਹਾਜ਼ਾਂ ਨਾਲ ਰਾਜਸੀ ਨੇਤਾਵਾਂ ਦੀਆਂ ਤਸਵੀਰਾਂ ਪ੍ਰਕਾਸ਼ਿਤ ਕਰਕੇ ਦੇਸ਼ ਭਗਤੀ ਦਾ ਸਬੂਤ ਦਿੱਤਾ। ਮੀਡੀਆ ਦਾ ਪੂਰਾ ਜ਼ੋਰ ਇਸ ਗੱਲ 'ਤੇ ਲੱਗਿਆ ਰਿਹਾ ਕਿ ਭਾਰਤ ਪਾਕਿਸਤਾਨ ਵਿਚ ਹੁਣੇ-ਹੁਣੇ ਜੋ ਯੁੱਧ ਛਿੜ ਪਿਆ ਹੈ ਇਸ ਦੀਆਂ ਤਾਜ਼ਾ ਤਰੀਨ ਖ਼ਬਰਾਂ ਪ੍ਰਸਾਰਤ ਕਰਨ ਲਈ ਸਟੂਡੀਓ ਵਿਚ ਵਾਰ ਰੂਮ (ਜੰਗੀ ਖ਼ਬਰਾਂ ਵਾਲੇ ਕਮਰੇ) ਸਥਾਪਤ ਕਰ ਦਿੱਤੇ ਗਏ ਹਨ। ਨਿਊਜ਼ ਚੈਨਲਾਂ 'ਤੇ ਛੂਕਦੇ ਜੰਗੀ ਜਹਾਜ਼, ਇਨ੍ਹਾਂ ਨਾਲ ਸੁੱਟੇ ਬੰਬਾਂ ਨਾਲ ਹੁੰਦੇ ਧਮਾਕੇ ਅਤੇ ਧਮਾਕਿਆਂ 'ਚੋਂ ਨਿਕਲਦੀਆਂ ਅੱਗ ਦੀਆਂ ਲਪਟਾਂ ਟੀ. ਵੀ. ਸਕਰੀਨਾਂ ਦਾ ਸ਼ਿਗਾਰ ਬਣ ਗਈਆਂ। ਹਰ ਪਾਸੇ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕਰਨ ਦੀ ਪੂਰੀ-ਪੂਰੀ ਵਾਹ ਲਾਈ ਗਈ। ਸਾਡੇ ਭਾਰਤੀ ਸੈਨਾ ਦੇ ਹਥਿਆਰਾਂ/ਮਿਜ਼ਾਈਲਾਂ ਦੀ ਸਮਰੱਥਾ ਅਤੇ ਇਨ੍ਹਾਂ ਨੂੰ ਭਾਰਤ ਦੇ ਕਿਹੜੇ ਸਟੇਸ਼ਨ ਤੋਂ ਛੱਡ ਕੇ ਪਾਕਿਸਤਾਨ ਦਾ ਕਿਹੜਾ-ਕਿਹੜਾ ਸ਼ਹਿਰ ਤਬਾਹ ਕੀਤਾ ਜਾਣਾ ਹੈ ਇਸ ਸਭ ਕੁਝ ਦੀ ਰੂਪ ਰੇਖਾ ਇਸ ਤਰ੍ਹਾਂ ਬਣਾ ਕੇ ਪੇਸ਼ ਕੀਤੀ ਗਈ ਕਿ ਪਾਕਿਸਤਾਨ ਨਾਲ ਯੁੱਧ ਜਿਵੇਂ ਫ਼ੌਜ ਵਲੋਂ ਨਹੀਂ ਬਲਕਿ ਨਿਊਜ਼ ਚੈਨਲਾਂ ਦੇ ਸਟੂਡੀਓਜ਼ ਤੋਂ ਲੜਿਆ ਜਾਵੇਗਾ।
ਇੱਥੇ ਮੀਡੀਆ ਦਾ ਫਰਜ਼ ਤਾਂ ਇਹ ਬਣਦਾ ਸੀ ਕਿ ਉਹ ਇਸ ਘਟਨਾ ਦੌਰਾਨ ਦੁਨੀਆ ਵਿਚ ਜੰਗਾਂ ਯੁੱਧਾਂ ਨਾਲ ਹੋਈ ਤਬਾਹੀ ਦੀ ਤਸਵੀਰ ਲੋਕਾਂ ਅੱਗੇ ਰੱਖਦਾ। ਜੰਗ ਦੇ ਮਾੜੇ ਪੱਖਾਂ ਤੋਂ ਲੋਕਾਂ ਨੂੰ ਜਾਗਰੂਕ ਕਰਦਾ ਪਰ ਇੱਥੇ ਹਾਲਾਤ ਇਹ ਸਨ ਕਿ ਦੋਵਾਂ ਦੇਸ਼ਾਂ ਦੀਆਂ ਸੈਨਾਵਾਂ ਅਤੇ ਸਰਕਾਰਾਂ ਜੰਗ ਲਈ ਓਨੀਆਂ ਕਾਹਲੀਆਂ ਨਹੀਂ ਸਨ ਜਿੰਨੀ ਕਾਹਲ ਕੁਝ ਕੁ ਨਿਊਜ਼ ਚੈਨਲ ਵਾਲਿਆਂ ਨੂੰ ਸੀ। ਟੀ. ਵੀ. ਚੈਨਲਾਂ ਨੂੰ ਦੇਖ-ਦੇਖ ਕੇ ਸਰਹੱਦਾਂ 'ਤੇ ਬੈਠੇ ਲੋਕ ਤਰਾਹ-ਤਰਾਹ ਕਰਨ ਲੱਗ ਪਏ ਸਨ। ਅੱਜ ਅਸੀਂ ਇਹ ਕਹਿ ਸਕਦੇ ਹਾਂ ਕਿ ਹੁਣ ਟੀ ਵੀ ਚੈਨਲਾਂ ਤੋਂ ਖ਼ਬਰਾਂ ਵਿਖਾਈਆਂ ਜਾਂ ਸੁਣਾਈਆਂ ਨਹੀਂ ਜਾਂਦੀਆਂ ਬਲਕਿ ਹੁਣ ਖਬਰਾਂ ਬਣਾਈਆਂ ਜਾਣ ਲੱਗੀਆਂ ਹਨ ਇਸ ਤੋਂ ਵੀ ਅਗਾਂਹ ਇਹ ਖ਼ਬਰਾਂ ਹੁਣ ਆਪਣੇ ਆਕਾਵਾਂ ਦੀ ਮਰਜ਼ੀ ਅਨੁਸਾਰ ਘੜੀਆਂ ਤਰਾਸ਼ੀਆਂ ਜਾਂਦੀਆਂ ਹਨ। ਗੁੰਮਰਾਹਕੁੰਨ ਅਤੇ ਸਨਸਨੀ ਪੈਦਾ ਕਰਨ ਵਾਲੀਆਂ ਬਣਾਉਟੀ ਖ਼ਬਰਾਂ ਬਣਾ ਕੇ ਪ੍ਰਸਾਰਤ ਕਰਨਾ ਸਮਾਜ ਲਈ ਹੀ ਘਾਤਕ ਸਿੱਧ ਨਹੀਂ ਹੁੰਦਾ ਬਲਕਿ ਇਹ ਸਭ ਕੁਝ ਸਾਡੀਆਂ ਸੰਵਿਧਾਨਕ ਮਰਿਆਦਾਵਾਂ ਦੇ ਵੀ ਉਲਟ ਹੈ।
ਅੱਜ ਜਦੋਂ ਦੇਸ਼ ਬਹੁਤ ਵੱਡੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਦੇ ਸਨਮੁੱਖ ਹੈ ਦੇਸ਼ ਵਿਚ ਗ਼ਰੀਬੀ ਮੰਦਹਾਲੀ ਦੀ ਜੂਨ ਭੋਗਦੇ ਲੋਕ ਦਰ-ਬ-ਦਰ ਭਟਕਣ ਤੇ ਮਜਬੂਰ ਹਨ। ਸਾਡੇ ਹਸਪਤਾਲਾਂ ਵਿਚ ਲੋੜੀਂਦੀਆਂ ਸਿਹਤ ਸਹੂਲਤਾਂ ਨਾ ਹੋਣ ਕਰਕੇ ਇੱਕੋ ਵਾਰ ਦਰਜਨਾਂ ਬੱਚਿਆਂ ਦੀ ਮੌਤ ਹੋ ਜਾਂਦੀ ਹੈ। ਕਿਸਾਨ, ਮਜ਼ਦੂਰ, ਮੁਲਾਜ਼ਮ, ਵਪਾਰੀ ਵਰਗ, ਆਪਣੀਆਂ ਹੱਕੀ ਮੰਗਾਂ ਲਈ ਧਰਨੇ ਮੁਜ਼ਾਹਰੇ ਕਰ ਰਹੇ ਹਨ। ਬੇਰੁਜ਼ਗਾਰੀ ਕਾਰਨ ਦੇਸ਼ ਦੀ ਹਾਲਤ ਵਿਸਫੋਟਕ ਬਣੀ ਹੋਈ ਹੈ ਤਾਂ ਇਨ੍ਹਾਂ ਸਭ ਮਸਲਿਆਂ ਨੂੰ ਉਭਾਰਨਾ ਮੀਡੀਆ ਦਾ ਫਰਜ਼ ਬਣਦਾ ਹੈ। ਪਰ ਇਸ ਦੇ ਉਲਟ ਸੱਚ ਤੋਂ ਦੂਰ ਹੋ ਕੇ ਮੀਡੀਆ ਰਾਜਸੀ ਪਾਰਟੀਆਂ ਦੇ ਨੇਤਾਵਾਂ ਦਾ ਭੌਂਪੂ ਬਣਨਾ ਕਿਸੇ ਲਈ ਵੀ ਮਾਣ ਵਾਲੀ ਗੱਲ ਨਹੀਂ ਹੋਵੇਗੀ। ਸਗੋਂ ਇਹ ਇਕ ਅਜਿਹਾ ਜਾਲ ਹੈ ਜਿਸ ਨੂੰ ਮੀਡੀਆ ਨੇ ਆਪ ਬੁਣਿਆ ਹੈ ਅਤੇ ਆਪ ਹੀ ਇਸ ਵਿਚ ਉਲਝ ਕੇ ਰਹਿ ਜਾਵੇਗਾ। ਇਹ ਸਭ ਕੁਝ ਲੋਕਾਂ ਲਈ ਗੁੰਮਰਾਹਕੁੰਨ ਤਾਂ ਹੈ ਹੀ ਅਫ਼ਸੋਸਨਾਕ ਵੀ ਹੈ। ਅੱਜ ਇਸ ਵਿਸ਼ੇ 'ਤੇ ਗੰਭੀਰਤਾ ਨਾਲ ਮੰਥਨ ਕਰਨ ਦੀ ਲੋੜ ਹੈ।
- ਜ਼ੀਰਾ, ਸੰਪਰਕ - 98550-51099