ਮਨਜੀਤ ਸਿੰਘ ਜੀਕੇ ਬਨਾਮ ਸ਼੍ਰੋਮਣੀ ਅਕਾਲੀ ਦਲ (ਬਾਦਲ) - ਜਸਵੰਤ ਸਿੰਘ 'ਅਜੀਤ'
ਇਨ੍ਹੀਂ ਦਿਨੀਂ ਮੀਡੀਆ ਵਿੱਚ ਆਈਆਂ ਖਬਰਾਂ ਅਨੁਸਾਰ ਦਿੱਲੀ ਪੁਲਿਸ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਵਿਰੁਧ ਗੁਰਦੁਆਰਾ ਕਮੇਟੀ ਦੇ ਮੈਂਬਰ ਅਤੇ ਸਾਬਕਾ ਜਨਰਲ ਸਕਤੱਰ ਸ. ਗੁਰਮੀਤ ਸਿੰਘ ਸ਼ੰਟੀ ਵਲੋਂ ਲਾਏ ਲਾਏ ਗਏ ਕਥਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਅਧਾਰ 'ਤੇ ਅਦਾਲਤ ਵਿੱਚ ਚਲ ਰਹੇ ਮਾਮਲੇ ਦੇ ਸੰਬੰਧ ਵਿੱਚ ਅਦਾਲਤ ਦੇ ਆਦੇਸ਼ ਅਨੁਸਾਰ ਕੀਤੀ ਗਈ ਜਾਂਚ ਦੀ ਰਿਪੋਰਟ, ਜੋ 300 ਤੋਂ ਵੱਧ ਪੰਨਿਆਂ ਪੁਰ ਅਧਾਰਤ ਦਸੀ ਜਾਂਦੀ ਹੈ, ਕਲੋਜ਼ਰ ਰਿਪੋਰਟ ਦੇ ਰੂਪ ਵਿੱਚ ਦਾਖਲ ਕਰ ਦਿੱਤੀ ਹੈ। ਦਸਿਆ ਗਿਆ ਹੈ ਕਿ ਸ. ਗੁਰਮੀਤ ਸਿੰਘ ਸ਼ੰਟੀ ਨੇ ਪੁਲਿਸ ਵਲੋਂ ਦਾਖਲ ਕੀਤੀ ਗਈ ਰਿਪੋਰਟ ਤੇ ਕਿੰਤੂ ਕਰਦਿਆਂ ਕਿਹਾ ਹੈ ਕਿ ਉਹ ਮਾਮਲੇ ਦੀ ਸੁਣਵਾਈ ਦੀ ਅਗਲੀ ਤਾਰੀਖ 'ਤੇ ਇਸ, ਕਲੋਜ਼ਰ ਰਿਪੋਰਟ, ਦਾ ਵਿਰੋਧ ਕਰਨਗੇ। ਦੂਜੇ ਪਾਸੇ ਬਾਦਲ ਅਕਾਲੀ ਰਾਜਨੀਤੀ ਦੇ ਮੁੱਖੀਆਂ ਦੇ ਇੱਕ ਵਰਗ ਦੀ ਮਾਨਤਾ ਹੈ ਕਿ ਪਾਰਟੀ ਵਿਚਲੇ ਹੀ ਸ. ਮਨਜੀਤ ਸਿੰਘ ਜੀਕੇ ਦੇ ਵਿਰੋਧੀਆਂ ਨੇ ਹੀ ਉਨ੍ਹਾਂ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਦੇ ਮੁਕਬਲੇ ਦੇ ਮੈਦਾਨ ਵਿਚੋਂ ਬਾਹਰ ਕਰਨ ਦੇ ਉਦੇਸ਼ ਨਾਲ ਇੱਕ ਸੋਚੀ-ਸਮਝੀ ਸਾਜ਼ਿਸ਼ ਦਾ ਸ਼ਿਕਾਰ ਬਣਾਇਆ ਹੈ। ਜਿਸਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੀ ਸਮਝ ਨਹੀਂ ਸਮਝ ਸਕੇ 'ਤੇ ਉਹ ਵੀ ਜਾਣੇ ਅਨਜਾਣੇ ਉਨ੍ਹਾਂ ਦੀ ਸਾਜ਼ਿਸ਼ ਦਾ ਹਿਸਾ ਬਣ ਗਏ। ਉਨ੍ਹਾਂ ਅਨੁਸਾਰ ਸ. ਸੁਖਬੀਰ ਸਿੰਘ ਬਾਦਲ ਇਹ ਵੀ ਭੁਲ ਗਏ ਕਿ ਜਿਸ ਸਮੇਂ ਉਨ੍ਹਾਂ ਦੀ ਅਗਵਾਈ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਵਿੱਚ ਹੋਈ ਸ਼ਰਮਨਾਕ ਹਾਰ ਤੋਂ ਬਾਅਦ ਵਿਧਾਨਸਭਾ ਵਿੱਚ ਤੀਜੇ ਪਾਇਦਾਨ ਪੁਰ ਜਾ ਪੁਜਾ ਸੀ, ਦਲ ਵਿੱਚ ਆਪਣਾ ਭਵਿਖ ਖਤਰੇ ਵਿੱਚ ਮਹਿਸੂਸ ਕਰਦਿਆਂ ਸੀਨੀਅਰ ਅਤੇ ਟਕਸਾਲੀ ਅਕਾਲੀ ਮੁਖੀ ਇੱਕ-ਇੱਕ ਕਰ ਦਲ ਨਾਲੋਂ ਨਾਤਾ ਤੋੜਦੇ ਚਲੇ ਜਾ ਰਹੇ ਸਨ, ਉਨ੍ਹਾਂ ਹੀ ਦਿਨਾਂ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਹੋਣ ਜਾ ਰਹੀਆਂ ਆਮ ਚੋਣਾਂ ਵਿੱਚ ਵੀ ਦਲ ਦੀ ਹਾਰ ਚਿੱਟੇ ਦਿਨ ਵਾਂਗ ਸਾਫ ਵਿਖਾਈ ਦੇਣ ਲਗ ਪਈ ਸੀ। ਉਸ ਸਮੇਂ ਸ. ਮਨਜੀਤ ਸਿੰਘ ਜੀਕੇ ਨੇ ਹੀ ਅੱਗੇ ਆ ਦਿੱਲੀ ਵਿੱਚ ਦਲ ਦੀ ਸਾਖ ਨੂੰ ਬਚਾਈ ਰਖਣ ਦੇ ਦਾਅਵੇ ਨਾਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੀ ਅਗਵਾਈ ਦੀ ਜ਼ਿਮੇਂਦਾਰੀ ਸੰਭਾਲ ਲਈ ਸੀ।
ਉਨ੍ਹਾਂ ਦਿੱਲੀ ਗੁਰਦੁਆਰਾ ਚੋਣਾ ਲਈ ਇਕ ਨਿਸ਼ਚਤ ਰਣਨੀਤੀ ਦੇ ਤਹਿਤ, ਆਪਣੇ ਪਿਤਾ ਜ. ਸੰਤੋਖ ਸਿੰਘ ਦੇ ਕੀਤੇ ਕੰਮਾਂ ਦੇ ਅਧਾਰ 'ਤੇ ਆਪਣੀ ਮੇਹਨਤ ਅਤੇ ਲਗਨ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੇ ਨਾਂ ਪੁਰ ਰਿਕਾਰਡ ਜਿੱਤ ਹਾਸਿਲ ਕੀਤੀ ਅਤੇ ਉਸਨੂੰ ਬਿਨਾ ਕਿਸੇ ਸੰਕੋਚ ਸ. ਸੁਖਬੀਰ ਸਿੰਘ ਬਾਦਲ ਦੀ ਝੋਲੀ ਵਿੱਚ ਜਾ ਪਾਈ ਅਤੇ ਉਨ੍ਹਾਂ ਦਾ ਸਨਮਾਨ ਵਧਾਇਆ। ਬਾਦਲ ਅਕਾਲੀ ਦਲ ਦੀ ਰਾਜਨੀਤੀ ਦੇ ਮਾਹਿਰਾਂ ਅਨੁਸਾਰ ਸ. ਮਨਜੀਤ ਸਿੰਘ ਜੀਕੇ ਦੀ ਇਹੀ ਸਫਲਤਾ ਉਨ੍ਹਾਂ ਦੀ ਦੁਸ਼ਮਣ ਜਾ ਸਾਬਤ ਹੋਈ। ਉਹ ਇਹ ਵੀ ਆਖਦੇ ਹਨ ਕਿ ਹੈਰਾਨੀ ਦੀ ਗਲ ਇਹ ਹੈ ਕਿ ਪਾਰਟੀ ਦੀ ਲੀਡਰਸ਼ਿਪ ਨੇ ਬਿਨਾ ਪਾਰਟੀੱ ਹਿਤਾਂ ਨੂੰ ਸੋਚਿਆਂ-ਵਿਚਾਰਿਆਂ ਉਨ੍ਹਾਂ ਨੂੰ ਪਿੱਛੇ ਧੱਕ ਦਿੱਤਾ। ਉਹ ਇਹ ਵੀ ਮੰਨਦੇ ਹਨ ਕਿ ਇਸ ਸਮੇਂ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਪਾਸ ਕੋਈ ਵੀ ਅਜਿਹਾ ਚੇਹਰਾ ਨਹੀਂ, ਜੋ ਸ. ਮਨਜੀਤ ਸਿੰਘ ਜੀਕੇ ਦੀ ਜਗ੍ਹਾ ਲੈ ਸਕੇ ਅਤੇ ਦੋ ਵਰ੍ਹੇ ਬਾਅਦ ਹੋਣ ਵਾਲੀਆਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਆਮ ਚੋਣਾਂ ਵਿੱਚ ਉਸਦੀ ਜਿੱਤ ਨਿਸ਼ਚਿਤ ਕਰਵਾਣ ਦਾ ਦਾਅਵਾ ਕਰ ਸਕੇ।
ਇਸ ਵਿੱਚ ਕੋਈ ਸ਼ਕ ਨਹੀਂ ਕਿ ਜਿਵੇਂ ਦਿੱਲੀ ਗੁਰਦੁਆਰਾ ਕਮੇਟੀ ਦੇ ਨਵੇਂ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਆਪਣੀ ਟੀਮ ਦੇ ਨਾਲ ਅਜਿਹਾ ਪ੍ਰਭਾਵ ਕਾਇਮ ਕਰਨ ਦੀ ਕੌਸ਼ਿਸ਼ ਕਰਨਗੇ ਜਿਸਤੋਂ ਪਾਰਟੀ ਲੀਡਰਸ਼ਿਪ ਨੂੰ ਇਹ ਸੁਨੇਹਾ ਜਾ ਸਕੇ ਕਿ ਉਹ ਸ. ਮਨਜੀਤ ਸਿੰਘ ਜੀਕੇ ਦੀ ਖਾਲੀ ਜਗ੍ਹਾ ਭਰਨ ਦੇ ਸਮਰਥ ਹਨ। ਪ੍ਰੰਤੂ ਇਸ ਗਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹ ਆਪਣੀ ਟੀਮ ਨਾਲ ਦਿੱਲੀ ਵਿਧਾਨਸਭਾ ਵਿੱਚ ਭਾਜਪਾ ਦੇ ਵਿਧਾਇਕ ਵਜੋਂ ਕੀਤੇ ਜਾਂਦੇ ਰਹੇ ਅਤੇ ਕੀਤੇ ਜਾ ਰਹੇ ਕੰਮਾਂ ਦੇ ਸਹਾਰੇ, ਭਾਜਪਾ ਪ੍ਰਤੀ ਆਪਣੇ ਝੁਕਾਅ ਦਾ ਜੋ ਪ੍ਰਭਾਵ ਸਥਾਪਤ ਕਰ ਚੁਕੇ ਹੋਏ ਹਨ, ਉਸਤੋਂ ਉਹ ਆਪਣਾ ਪਿੱਛਾ ਸ਼ਾਇਦ ਨਾ ਛੁਡਾ ਸਕਣ। ਫਿਰ ਅਗਲੇ ਵਰ੍ਹੇ ਹੋਣ ਵਾਲੀਆਂ ਦਿੱਲੀ ਵਿਧਾਨਸਭਾ ਦੀਆਂ ਆਮ ਚੋਣਾਂ ਵਿੱਚ ਉਨ੍ਹਾਂ ਦਾ ਭਾਜਪਾ ਦੇ ਟਿਕਟ ਪੁਰ ਚੋਣ ਲੜਨਾ ਲਗਭਗ ਨਿਸ਼ਚਿਤ ਹੈ। ਅਜਿਹੀ ਸਥਿਤੀ ਵਿੱਚ ਰਾਜਧਾਨੀ ਵਿੱਚਲਾ ਸਿੱਖਾਂ ਦਾ ਇੱਕ ਵਰਗ, ਜੋ ਭਾਜਪਾ ਦੀਆਂ ਨੀਤੀਆਂ ਦਾ ਸਿੱਖ ਅਤੇ ਸਿੱਖੀ-ਵਿਰੋਧੀ ਨੀਤੀਆਂ ਦੇ ਰੂਪ ਵਿੱਚ ਮੁਲਾਂਕਣ ਕਰਦਾ ਚਲਿਆ ਆ ਰਿਹਾ ਹੈ, ਉਹ ਸ਼ਾਇਦ ਹੀ ਇਸ ਸਥਿਤੀ ਦਾ ਲਾਭ ਉਠਾਣ ਤੋਂ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਕਰੇ।
ਪੰਜ ਸੌ ਪੰਜਾਹ ਸਾਲਾ ਪ੍ਰਕਾਸ਼ ਪੁਰਬ ਬਨਾਮ ਦਾਅਵੇ :ਬੀਤੇ ਦਿਨੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਚੁਣੇ ਗਏ ਪ੍ਰਬੰਧਕਾਂ ਨੇ ਆਪਣੀਆਂ ਪ੍ਰਬੰਧਕੀ ਜ਼ਿਮੇਂਦਾਰੀਆਂ ਸੰਭਾਲਦਿਆਂ, ਪਹਿਲੀ ਪਤ੍ਰਕਾਰ ਮਿਲਣੀ ਦੌਰਾਨ ਪਹਿਲ ਦੇ ਅਧਾਰ ਤੇ ਕੀਤੇ ਜਾਣ ਵਾਲੇ ਜਿਨ੍ਹਾਂ ਕੰਮਾਂ ਦੀ ਜਾਣਕਾਰੀ ਦਿੱਤੀ, ਉਨ੍ਹਾਂ ਅਨੁਸਾਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550-ਸਾਲਾ ਪ੍ਰਕਾਸ਼ ਪੁਰਬ, ਜੋ ਇਸੇ ਵਰ੍ਹੇ ਆ ਰਿਹਾ ਹੈ, ਉਸਨੂੰ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਜਾਇਗਾ, ਤਾਂ ਜੋ ਗੁਰੂ ਸਾਹਿਬ ਦੀਆਂ ਸਿਖਿਆਵਾਂ ਦਾ ਸੰਦੇਸ਼ ਸੰਸਾਰ-ਭਰ ਵਿੱਚ ਸਦੀਵੀ ਰੂਪ ਵਿੱਚ ਪਹੁੰਚਾਇਆ ਜਾਂਦਾ ਰਹਿ ਸਕੇ। ਇਸਦੇ ਨਾਲ ਹੀ ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਅਗਲੇ 6 ਮਹੀਨਿਆਂ ਵਿੱਚ ਉਹ ਅੱਧੀ ਦਿੱਲੀ ਨੂੰ ਸਿੱਖੀ ਦੇ ਵਿਰਸੇ ਨਾਲ ਜੋੜਨ ਵਿੱਚ ਸਫਲ ਹੋ ਜਾਣਗੇ। ਉਨ੍ਹਾਂ ਦਸਿਆ ਕਿ ਇਸ ਉਦੇਸ਼ ਲਈ ਉਹ ਬਹੁ-ਭਾਸ਼ੀ 23 ਵਿਦਵਾਨ ਪ੍ਰਚਾਰਕਾਂ ਦਾ ਸਹਿਯੋਗ ਪ੍ਰਾਪਤ ਕਰਨਗੇ। ਜਿਨ੍ਹਾਂ ਵਿਚੋਂ ਹਰ-ਇੱਕ ਨੂੰ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਦੋ-ਦੋ ਚੋਣ ਹਲਕਿਆਂ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਦੀ ਜ਼ਿਮੇਂਦਾਰੀ ਸੌਂਪੀ ਜਾਇਗੀ। ਇਸਤਰ੍ਹਾਂ ਦਿੱਲੀ ਕਮੇਟੀ ਦੇ ਸਾਰੇ 46 ਚੋਣ ਹਲਕੇ ਉਨ੍ਹਾਂ ਦੇ ਪ੍ਰਚਾਰ ਦੇ ਘੇਰੇ ਵਿੱਚ ਆ ਜਾਣਗੇ। ਇਸ ਵਿੱਚ ਕੋਈ ਸ਼ਕ ਨਹੀਂ ਕਿ ਦਿੱਲੀ ਗੁਰਦੁਆਰਾ ਕਮੇਟੀ ਦਾ ਇਹ ਫੈਸਲਾ ਉਨ੍ਹਾਂ ਲਈ ਵਿਸ਼ਵਾਸ ਪੈਦਾ ਕਰਨ ਵਾਲਾ ਹੋਵੇਗਾ, ਜੋ ਸਿੱਖ ਨੌਜਵਾਨਾਂ ਦੇ ਸਿੱਖੀ ਵਿਰਸੇ ਨਾਲੋਂ ਟੁੱਟ ਸਿੱਖੀ ਸਰੂਪ ਨੂੰ ਤਿਲਾਂਜਲੀ ਦਿੰਦਿਆਂ ਜਾਣ ਵਲ ਵਧਦਿਆਂ ਜਾਣ ਨੂੰ ਠਲ੍ਹ ਨਾ ਪੈ ਸਕਣ ਕਾਰਣ ਨਿਰਾਸ਼ ਹੋ ਗਏ ਹੋਏ ਹਨ। ਇਸਦੇ ਨਾਲ ਹੀ ਇਸ ਗਲ ਨੂੰ ਵੀ ਸਮਝਣਾ ਹੋਵੇਗਾ ਕਿ ਬੀਤੇ ਸਮੇਂ ਵਿੱਚ ਸ਼ਤਾਬਦੀਆਂ ਮੰਨਾਉਂਦਿਆਂ ਹੋਇਆਂ ਵੀ ਧਾਰਮਕ ਸੰਸਥਾਵਾਂ ਵਲੋਂ ਅਜਿਹੇ ਹੀ ਵੱਡੇ-ਵੱਡੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਜਾਂਦਾ ਰਿਹੈ। ਇਸੇ ਤਰ੍ਹਾਂ ਦਾ ਹੀ ਇੱਕ ਐਲਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਨ-1999 ਵਿੱਚ ਖਾਲਸਾ ਸਿਰਜਨਾ ਦੀ ਤੀਜੀ ਸ਼ਤਾਬਦੀ ਮਨਾਂਦਿਆਂ ਹੋਇਆਂ ਸਾਂਝੇ ਰੂਪ ਵਿੱਚ ਕੀਤਾ ਗਿਆ ਸੀ, ਜਿਸ ਅਨੁਸਾਰ ਉਸ ਵਰ੍ਹੇ ਵਿੱਚ 'ਸਮੁਚੇ ਸਿੱਖ ਜਗਤ ਨੂੰ ਅੰਮ੍ਰਿਤਧਾਰੀ' ਬਣਾਇਆ ਜਾਣਾ ਸੀ। ਪ੍ਰੰਤੂ 1999 ਦਾ ਵਰ੍ਹਾ ਬੀਤ ਜਾਣ ਦੇ ਬਾਅਦ ਵੀ 'ਪਰਨਾਲਾ ਉਥੇ ਦਾ ਉਥੇ' ਹੀ ਰਿਹਾ। ਅਜਿਹਾ ਕੇਵਲ ਇੱਕ ਵਾਰ ਹੀ ਨਹੀਂ ਹੋਇਆ, ਲਗਭਗ ਹਰ ਵਾਰ ਹੀ ਅਜਿਹਾ ਹੁੰਦਾ ਆਇਆ ਹੈ। ਇਸ ਕਾਰਣ ਅਜਿਹੇ ਦਾਅਵੇ ਕਰਦਿਆਂ ਬੀਤੇ ਦੀਆਂ ਪ੍ਰਾਪਤੀਆਂ ਦੇ ਨਾਲ-ਨਾਲ ਅਸਫਲਤਾਵਾਂ ਦੀ ਵੀ ਘੋਖ ਕਰਦਿਆਂ ਰਹਿਣਾ ਚਾਹੀਦਾ ਹੈ।
...ਅਤੇ ਅੰਤ ਵਿੱਚ :ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550-ਸਾਲਾ ਪ੍ਰਕਾਸ਼ ਪੁਰਬ ਮਨਾਏ ਜਾਣ ਦੇ ਸੰਬੰਧ ਵਿੱਚ ਐਲਾਨੇ ਗਏ ਪ੍ਰੋਗਰਾਮਾਂ ਨੂੰ, ਸਿੱਖ ਮੁਖੀ ਸ. ਦਰਸ਼ਨ ਸਿੰਘ, ਜੋ ਰਾਜਸੀ ਮੁੱਦਿਆਂ ਪੁਰ ਘਟ ਤੇ ਧਾਰਮਕ ਮੁੱਦਿਆਂ ਪੁਰ ਵਧੇਰੇ ਅਤੇ ਸ. ਕੁਲਬੀਰ ਸਿੰਘ ਦਿੱਲੀ ਜੋ ਰਾਜਨੀਤੀ ਦੇ ਨਾਲ ਧਾਰਮਕ, ਮੁੱਦਿਆਂ ਪੁਰ ਵੀ ਆਪੋ-ਆਪਣੀ ਪ੍ਰਤੀਕ੍ਰਿਆ ਦਿੰਦੇ ਰਹਿੰਦੇ ਹਨ, ਆਪਣੀਆਂ ਹੀ ਨਜ਼ਰਾਂ ਨਾਲ ਵੇਖਦੇ ਹਨ। ਉਨ੍ਹਾਂ ਦੀ ਮਾਨਤਾ ਹੈ ਕਿ ਅੱਜਕਲ ਲੋਕੀ ਭਾਸ਼ਣਾਂ ਤੇ ਐਲਾਨਾਂ ਤੋਂ ਨਹੀਂ, ਮੁੱਖੀਆਂ ਅਤੇ ਪ੍ਰਚਾਰਕਾਂ ਦੇ ਜੀਵਨ ਆਚਰਣ ਤੋਂ ਪ੍ਰਭਾਵਤ ਹੁੰਦੇ ਹਨ। ਇਸਲਈ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ ਜਿਨ੍ਹਾਂ ਪ੍ਰਚਾਰਕਾਂ ਅਤੇ ਮੁਖੀਆਂ ਨੂੰ ਧਰਮ ਪ੍ਰਚਾਰ ਦੀ ਜ਼ਿਮੇਂਦਾਰੀ ਸੌਂਪਣ ਜਾ ਰਹੇ ਹਨ, ਉਨ੍ਹਾਂ ਨੂੰ 'ਪ੍ਰਵਾਨਤ ਸਿੱਖ ਰਹਿਤ ਮਰਿਆਦਾ' ਦੀ ਇੱਕ-ਇੱਕ ਕਾਪੀ ਜ਼ਰੂਰ ਉਪਲਬੱਧ ਕਰਵਾਉਣ ਅਤੇ ਉਨ੍ਹਾਂ ਲਈ ਵੀ ਇਹ ਜ਼ਰੂਰੀ ਬਨਾਣ ਕਿ ਉਹ ਉਸਦੀ ਗੰਭੀਰ ਘੋਖ ਕਰ, ਉਸ ਅਨੁਸਾਰ ਆਪਣਾ ਜੀਵਨ ਢਾਲ, ਲੋਕਾਂ ਸਾਹਮਣੇ ਆਪਣੇ-ਆਪਨੂੰ ਮਿਸਾਲ ਦੇ ਰੂਪ ਵਿੱਚ ਪੇਸ਼ ਕਰਨ। ਇਸਤੋਂ ਬਾਅਦ ਹੀ ਧਰਮ ਪ੍ਰਚਾਰ ਦੀ ਜ਼ਿਮੇਂਦਾਰੀ ਸੰਭਾਲਣ।
Mobile : +91 95 82 71 98 90
E-Mail : jaswantsinghajit@gmail.com
Address : Jaswant Singh Ajit, Senior Journalist
51, Sheetal Apartment, Plot no. 12, Sector 14, Rohini DELHI-110085
28 March 2019