ਮੋਲਕੀ - ਡਾ. ਹਰਸ਼ਿੰਦਰ ਕੌਰ, ਐਮ. ਡੀ.,
''ਵਿਚਾਰੀ ਬਹੁਤ ਮਾੜੀ ਹਾਲਤ ਵਿਚ ਹੈ। ਬੋਲ ਵੀ ਨਹੀਂ ਸਕਦੀ। ਮਾਨਸਿਕ ਰੋਗੀ ਬਣ ਚੁੱਕੀ ਹੋਈ ਹੈ। ਭੁੱਖਮਰੀ ਦਾ ਸ਼ਿਕਾਰ ਵੀ ਹੈ। ਕੋਈ ਉਸ ਦੇ ਨਾਲ ਵੀ ਨਹੀਂ ਹੈ। ਸੜਕ ਕਿਨਾਰੇ ਬੇਹੋਸ਼ੀ ਦੀ ਹਾਲਤ ਵਿਚ ਲੱਭੀ ਹੈ। ਉਮਰ ਤਾਂ ਸ਼ਾਇਦ 35-36 ਸਾਲਾਂ ਦੀ ਹੋਵੇ ਪਰ 50 ਦੀ ਲੱਗਦੀ ਪਈ ਹੈ। ਲੀੜੇ ਪਾਟੇ ਪਏ ਨੇ। ਖ਼ੌਰੇ ਬਲਾਤਕਾਰ ਹੋਇਐ? ਕੁੱਝ ਪਤਾ ਨਹੀਂ ਲੱਗ ਰਿਹਾ। ਡਾਕਟਰ ਵੀ ਉਸ ਬਾਰੇ ਦੱਸ ਨਹੀਂ ਰਹੇ। ਤੁਸੀਂ ਪਤਾ ਕਰ ਕੇ ਕੁੱਝ ਦੱਸੋ, ''ਇਹ ਸਵਾਲ ਮੇਰੇ ਨੇੜੇ ਬੈਠੀ ਇਕ ਨਰਸ ਤੋਂ ਹਿੰਦੀ ਅਖ਼ਬਾਰ ਦਾ ਇੱਕ ਪੱਤਰਕਾਰ ਵੀਰ ਪੁੱਛ ਰਿਹਾ ਸੀ ਤੇ ਬੇਨਤੀ ਵੀ ਕਰ ਰਿਹਾ ਸੀ ਕਿ ਉਹ ਆਪਣੀ ਡਿਊਟੀ ਛੱਡ ਕੇ ਗਾਈਨੀ ਵਿਭਾਗ ਜਾ ਕੇ ਉਸ ਔਰਤ ਬਾਰੇ ਪੜਤਾਲ ਕਰ ਕੇ ਦੱਸੇ ਤਾਂ ਜੋ ਖ਼ਬਰ ਲੱਗ ਸਕੇ। ''ਓਹੋ ਇਕ ਹੋਰ ਗ਼ਰੀਬ ਦਾ ਬਲਾਤਕਾਰ'' ਸੋਚ ਕੇ ਮੈਂ ਦਿਲ ਉੱਤੇ ਪੱਥਰ ਰੱਖ ਕੇ ਉਸ ਦਿਨ ਵਾਪਸ ਘਰ ਮੁੜੀ। ਸ਼ਾਇਦ ਪਾਠਕਾਂ ਨੂੰ ਇਹ ਗੱਲ ਅਜੀਬ ਲੱਗੇ ਪਰ ਡਾਕਟਰ ਦੂਜੇ ਵਿਭਾਗ ਦੇ ਮਰੀਜ਼ਾਂ ਦੇ ਚੈੱਕਅੱਪ ਵਿੱਚ ਦਖ਼ਲ ਅੰਦਾਜ਼ੀ ਨਹੀਂ ਕਰਦੇ। ਵੈਸੇ ਵੀ ਬਲਾਤਕਾਰ ਵਰਗੇ ਜੁਰਮ ਵਿਚ ਏਨਾ ਵਾਧਾ ਡਾਕਟਰਾਂ ਵਾਸਤੇ ਚੈੱਕਅੱਪ ਇਕ ਰੁਟੀਨ ਵਾਂਗ ਹੀ ਬਣ ਚੁੱਕਿਆ ਹੈ।
ਅਗਲੇ ਦਿਨ ਅਖ਼ਬਾਰਾਂ ਵਿੱਚੋਂ ਹੀ ਖ਼ਬਰ ਪੜ੍ਹ ਲਵਾਂਗੀ ਸੋਚ ਕੇ ਘਰ ਮੁੜੀ। ਦਿਲ ਵਿਚ ਫਿਰ ਵੀ ਇਕ ਹੂਕ ਸੀ ਕਿ ਖ਼ੌਰੇ ਉਸ ਦੇ ਘਰ ਵਾਲਿਆਂ ਨੂੰ ਉਸ ਬਾਰੇ ਕੁੱਝ ਪਤਾ ਲੱਗਿਆ ਕਿ ਨਹੀਂ। ਆਪਣੇ ਮਨ ਨੂੰ ਇਹ ਸਮਝਾ ਕੇ ਸ਼ਾਂਤ ਕੀਤਾ ਕਿ ਚਲੋ ਹੁਣ ਮੀਡੀਆ ਤੇ ਪੁਲਿਸ ਨੂੰ ਪਤਾ ਲੱਗ ਚੁੱਕਿਆ ਹੈ, ਸੋ ਉਹ ਔਰਤ ਜ਼ਰੂਰ ਆਪਣਿਆਂ ਤੱਕ ਪਹੁੰਚ ਜਾਵੇਗੀ।
ਅਗਲੇ ਦਿਨ ਅਖ਼ਬਾਰਾਂ ਵਿਚ ਸੁਰਖ਼ੀ ਬੜੀ ਅਜੀਬ ਸੀ। ਇਕ ਅੰਗਰੇਜ਼ੀ ਦੀ ਅਖ਼ਬਾਰ ਵਿਚ ਤਾਂ ਪੂਰੇ ਪੰਨੇ ਉੱਤੇ ਵੱਖੋ-ਵੱਖ ਥਾਵਾਂ ਦੀਆਂ ਅਜਿਹੀਆਂ ਔਰਤਾਂ ਦੇ ਇੰਟਰਵਿਊ ਛਾਪੇ ਪਏ ਸਨ। ਸੁਰਖ਼ੀ ਵਿਚ ਇਕ ਸ਼ਬਦ ਦੀ ਮੈਨੂੰ ਸਮਝ ਨਹੀਂ ਆਈ। ਲਿਖਿਆ ਸੀ-''ਪੰਜਾਬ ਵਿਚ ਵੀ ਮੋਲਕੀਆਂ ਦਿਸਣ ਲੱਗੀਆਂ।''
ਮੈਂ ਉਸ ਦਿਨ ਤੋਂ ਪਹਿਲਾਂ ਕਿਸੇ ਮੋਲਕੀ ਬਾਰੇ ਕਦੇ ਪੜ੍ਹਿਆ ਸੁਣਿਆ ਨਹੀਂ ਸੀ। ਅਖ਼ਬਾਰ ਰਾਹੀਂ ਹੀ ਜਾਣਕਾਰੀ ਮਿਲੀ ਕਿ ਹਰਿਆਣੇ ਦੇ ਪਿੰਡਾਂ ਵਿਚ ਔਰਤਾਂ ਦੀ ਕਮੀ ਸਦਕਾ ਨਾਬਾਲਗ ਬੱਚੀਆਂ ਹਿਮਾਚਲ, ਬਿਹਾਰ ਜਾਂ ਅਸਾਮ ਤੋਂ ਖ਼ਰੀਦ ਕੇ ਲਿਆਈਆਂ ਜਾਂਦੀਆਂ ਹਨ ਜੋ ਆਪਣੀ ਉਮਰ ਤੋਂ ਤਿੰਨ ਗੁਣਾ ਵੱਡੀ ਉਮਰ ਵਾਲੇ ਨਾਲ ਬਿਠਾ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਨੂੰ ਕੋਈ ਹੱਕ ਨਹੀਂ ਦਿੱਤਾ ਜਾਂਦਾ। ਨਾ ਜਾਇਦਾਦ ਵਿਚ ਤੇ ਨਾ ਹੀ ਬੱਚਿਆਂ ਉੱਤੇ। ਗੁਆਂਢੀਆਂ ਨਾਲ ਵੀ ਮਿਲਣ ਨਹੀਂ ਦਿੱਤਾ ਜਾਂਦਾ। ਇਨ੍ਹਾਂ ਨੂੰ ਇਕ ਵੇਲੇ ਦੀ ਰੋਟੀ ਦਿੱਤੀ ਜਾਂਦੀ ਹੈ ਤੇ ਬੰਧੂਆਂ ਮਜੂਰ ਵਾਂਗ ਕੰਮ ਕਰਵਾਇਆ ਜਾਂਦਾ ਹੈ। ਲਗਭਗ 100 ਰੁਪੈ ਤੋਂ 50,000 ਰੁਪੈ ਤੱਕ ਦੀ ਇਨ੍ਹਾਂ ਦੀ ਵਿਕਰੀ ਦੀ ਰਕਮ ਵਿਚੋਲੇ ਲੈਂਦੇ ਹਨ। ਕਈ ਤਾਂ ਦਿਓਰਾਂ ਜੇਠਾਂ ਹੱਥੋਂ ਵੀ ਜਿਸਮਾਨੀ ਸ਼ੋਸ਼ਣ ਸਹਿੰਦੀਆਂ ਰਹਿੰਦੀਆਂ ਹਨ। ਕੁੱਝ ਸਹੁਰੇ ਹੱਥੋਂ ਵੀ ਜ਼ਲੀਲ ਹੁੰਦੀਆਂ ਹਨ। ਇਨ੍ਹਾਂ ਨੂੰ ਪੇਕੇ ਘਰ ਜਾਣ ਨਹੀਂ ਦਿੱਤਾ ਜਾਂਦਾ।
ਇਹ ਮੁੱਲ ਵਿਕਦੀਆਂ ਔਰਤਾਂ ਜਦੋਂ ਮੁੰਡਾ ਜੰਮ ਲੈਣ ਤਾਂ ਅੱਗੇ ਦੂਜੀ ਵਾਰ, ਤੀਜੀ ਵਾਰ ਜਾਂ ਚੌਥੀ ਵਾਰ ਤੱਕ ਵਿਕਦੀਆਂ ਰਹਿੰਦੀਆਂ ਹਨ ਤੇ ਵੇਚਣ ਵਾਲੇ ਆਪਣਾ ਖਰੀਦਣ ਵੇਲੇ ਦਾ ਪੈਸਾ ਪੂਰਾ ਕਰ ਕੇ ਇਨ੍ਹਾਂ ਨੂੰ ਬੱਚੇ ਜੰਮਣ ਦੀ ਮਸ਼ੀਨ ਮੰਨ ਕੇ ਅਗਾਂਹ ਤੋਰਦੇ ਰਹਿੰਦੇ ਹਨ। ਇਨ੍ਹਾਂ ਵਿੱਚੋਂ ਬਹੁਤੀਆਂ ਅਖ਼ੀਰ ਇੰਜ ਹੀ ਭੁਖਮਰੀ ਦਾ ਸ਼ਿਕਾਰ ਹੋ ਕੇ, ਅੰਨ੍ਹੇ ਹੋ ਕੇ, ਅਪੰਗ ਹੋ ਕੇ ਜਾਂ ਮਾਨਸਿਕ ਰੋਗੀ ਬਣ ਕੇ ਆਵਾਰਾ ਪਸ਼ੂਆਂ ਵਾਂਗ ਸੜਕ ਕਿਨਾਰੇ ਸੁੱਟ ਦਿੱਤੀਆਂ ਜਾਂਦੀਆਂ ਹਨ ਜਿੱਥੇ ਆਪੇ ਹੀ ਮਾਰ ਖੱਪ ਜਾਂਦੀਆਂ ਹਨ।
ਮੈਨੂੰ ਇਹ ਸਭ ਪੜ੍ਹ ਕੇ ਬਹੁਤ ਧੱਕਾ ਲੱਗਿਆ ਤੇ ਮੈਂ ਉਸ ਮੋਲਕੀ ਨੂੰ ਮਿਲਣ ਅਗਲੇ ਦਿਨ ਵਾਰਡ ਵਿਚ ਚਲੀ ਗਈ। ਪੰਜਾਬ ਵਿਚਲੀ ਇਸ ਮੋਲਕੀ (ਹਰਿਆਣੇ ਵਿਚ ਪਾਰੋ ਨਾਂ ਵੀ ਇਨ੍ਹਾਂ ਨੂੰ ਦਿੱਤਾ ਗਿਆ ਹੈ) ਨੂੰ ਮੇਰੇ ਪਹੁੰਚਣ ਸਮੇਂ ਪੀ.ਜੀ.ਆਈ. ਚੰਡੀਗੜ੍ਹ ਰੈਫ਼ਰ ਕੀਤਾ ਜਾ ਰਿਹਾ ਸੀ। ਉਸ ਦੇ ਨੇੜੇ ਹੁੰਦਿਆਂ ਹੀ ਏਨੀ ਭੈੜੀ ਮੁਸ਼ਕ ਆ ਰਹੀ ਸੀ ਜਿਵੇਂ ਅੱਠ ਦਿਨ ਪੁਰਾਣੀ ਲਾਸ਼ ਕੋਲੋਂ ਆਉਂਦੀ ਹੈ। ਮਸਾਂ ਹੀ ਨੱਕ ਉੱਤੇ ਰੁਮਾਲ ਰੱਖ ਕੇ ਨੇੜੇ ਹੋਇਆ ਗਿਆ। ਨਿਰੀ ਹੱਡੀਆਂ ਦੀ ਮੁੱਠ ਉਸ ਔਰਤ ਦੀ ਮੈਡੀਕਲ ਰਿਪੋਰਟ ਅਨੁਸਾਰ :-
1. ਅੱਖਾਂ ਦੀ ਰੌਸ਼ਨੀ ਜਾ ਚੁੱਕੀ ਸੀ।
2. ਬੱਚੇਦਾਨੀ ਵਿਚ ਪੀਕ ਪੈ ਚੁੱਕੀ ਸੀ ਤੇ ਉਸ ਥਾਂ ਕੀੜੇ ਪੈ ਚੁੱਕੇ ਸਨ ਜਿਨ੍ਹਾਂ ਨੇ ਲਗਭਗ ਪੂਰੀ ਬੱਚੇਦਾਨੀ ਖਾ ਲਈ ਸੀ।
3. ਗੁਰਦੇ ਫੇਲ੍ਹ ਹੋ ਚੁੱਕੇ ਸਨ।
4. ਏਡਜ਼ ਪੀੜਤ ਸੀ।
5. ਪੀਲੀਆ ਕਾਫੀ ਵਧਿਆ ਪਿਆ ਸੀ।
6. ਉਲਟੀਆਂ ਕਰ-ਕਰ ਕੇ ਉਸ ਦੇ ਪਾਟੇ ਕਪੜੇ ਲੀੜੇ ਲਿਬੜੇ ਪਏ ਸਨ।
7. ਨੀਮ ਬੇਹੋਸ਼ ਸੀ।
8. ਦਿਮਾਗ਼ ਅੰਦਰ ਸੋਜ਼ਿਸ਼ ਹੋ ਚੁੱਕੀ ਹੋਈ ਸੀ।
9. ਬਲੱਡ ਪ੍ਰੈੱਸ਼ਰ ਬਹੁਤ ਘੱਟ ਚੁੱਕਿਆ ਸੀ।
10. ਨਬਜ਼ ਬਹੁਤ ਕਮਜ਼ੋਰ ਤੇ ਤੇਜ਼ ਸੀ।
ਅਗਲੇ ਦਿਨ ਪਤਾ ਲੱਗਿਆ ਕਿ ਪੀ.ਜੀ.ਆਈ. ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ ਸੀ। ਜ਼ਿੰਦਗੀ ਵਿਚ ਪਹਿਲੀ ਵਾਰ ਕਿਸੇ ਦੀ ਮੌਤ ਉੱਤੇ ਮੈਂ ਸ਼ੁਕਰ ਮਨਾਇਆ ਕਿ ਘੱਟੋ-ਘੱਟ ਇਕ ਮੋਲਕੀ ਤਾਂ ਆਪਣੀ ਇਸ ਨਰਕ ਤੋਂ ਬਦਤਰ ਜ਼ਿੰਦਗੀ ਤੋਂ ਨਿਜਾਤ ਪਾ ਗਈ।
ਇਨ੍ਹਾਂ ਔਰਤ ਰੂਪੀ ਮਸ਼ੀਨਾਂ ਦੇ ਹੱਕਾਂ ਲਈ ਹਾਲੇ ਤੱਕ ਤਾਂ ਕਿਸੇ ਨੇ ਆਵਾਜ਼ ਨਹੀਂ ਚੁੱਕੀ। ਉਡੀਕ ਰਹੇ ਹਾਂ ਕਿ ਕਦੇ ਤਾਂ ਕਿਸੇ ਸਦੀ ਵਿਚ ਫਿਰ ਕੋਈ ਔਰਤ ਦੇ ਹੱਕ ਵਿਚ ਆਵਾਜ਼ ਚੁੱਕਣ ਵਾਲਾ ਜੰਮੇਗਾ ਤੇ ਲੋਕਾਂ ਨੂੰ ਸਮਝਾਏਗਾ ਕਿ ਔਰਤ ਦੇ ਕੁੱਖੋਂ ਹੀ ਮਨੁਖਾ ਜਨਮ ਸੰਭਵ ਹੈ ਤੇ ਏਸੇ ਕੁੱਖ ਵਿੱਚੋਂ ਹੀ ਰਾਜੇ ਮਹਾਰਾਜੇ ਤੇ ਪੀਰ ਪੈਗੰਬਰ ਜੰਮੇ ਹਨ ! ਪਰ ਇਹ ਤਾਂ ਦੱਸੋ ਕਿ ਕੀ ਹੁਣ ਔਰਤ ਦੇ ਕੁੱਖੋਂ ਮਲੰਗ ਜੰਮਣ ਲੱਗ ਪਏ ਹਨ, ਜੋ ਕਦੇ ਵੀ ਇਨ੍ਹਾਂ ਔਰਤਾਂ ਦੇ ਹੱਕ ਵਿਚ ਬੁਲੰਦ ਆਵਾਜ਼ ਚੁੱਕਣ ਦਾ ਹੀਆ ਨਹੀਂ ਕਰਦੇ?
ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,
ਲੋਅਰ ਮਾਲ ਪਟਿਆਲਾ।
ਫੋਨ ਨੰ: 0175-2216783
01 April 2019