ਪਾਕਿਸਤਾਨੀ ਚੋਣਾਂ ਵਿੱਚ ਫੌਜ ਕਈ ਖੇਡਾਂ ਖੇਡ ਗਈ, ਪਰ ਇੱਕ ਫਤਵਾ ਲੋਕਾਂ ਨੇ ਵੀ ਦੇ ਦਿੱਤੈ - ਜਤਿੰਦਰ ਪਨੂੰ
ਭਾਵੇਂ ਜੋ ਕੁਝ ਹੋ ਰਿਹਾ ਹੈ, ਆਮ ਆਦਮੀ ਪਾਰਟੀ ਵਿੱਚ ਉਹ ਕੁਝ ਹੋਣ ਦੇ ਅੰਦਾਜ਼ੇ ਪਹਿਲਾਂ ਤੋਂ ਲੱਗਦੇ ਪਏ ਸਨ, ਇਹ ਮੁੱਦਾ ਅਸੀਂ ਹਾਲ ਦੀ ਘੜੀ ਨਹੀਂ ਛੋਹਣਾ ਚਾਹੁੰਦੇ। ਪਲ-ਪਲ ਬਦਲਦੇ ਹਾਲਾਤ ਵਿੱਚੋਂ ਲੰਘ ਰਹੀ ਇਸ ਪਾਰਟੀ ਵਿੱਚ ਹੁੰਦੀ ਹਲਚਲ ਦਾ ਕੁਝ ਟਿਕਾਅ ਆਉਣ ਤੱਕ ਉਡੀਕ ਲੈਣਾ ਠੀਕ ਸਮਝਦੇ ਹਾਂ। ਉਂਜ ਵੀ ਇਹ ਏਨੇ 'ਸਿਆਣੇ' ਲੋਕਾਂ ਦੀ ਪਾਰਟੀ ਹੈ ਕਿ ਘੜੀ ਕੁ ਤੱਕ ਕੌਣ ਕੀ ਕਰੇਗਾ, ਉਨ੍ਹਾਂ ਨੂੰ ਖੁਦ ਵੀ ਪਤਾ ਨਹੀਂ। ਇਸ ਵੇਲੇ ਅਸੀਂ ਨਾਲ ਦੇ ਦੇਸ਼ ਬਾਰੇ ਕੁਝ ਗੱਲ ਕਰਨਾ ਚਾਹੁੰਦੇ ਹਾਂ, ਜਿੱਥੇ ਕੌਮੀ ਅਸੈਂਬਲੀ ਦੀ ਚੋਣ ਹੋਈ ਤੇ ਇਸ ਨਾਲ ਵੱਡਾ ਮੋੜ ਆਇਆ ਹੈ। ਪਹਿਲਾਂ ਇਸ ਦੇਸ਼ ਵਿੱਚ ਫੌਜੀ ਰਾਜ-ਪਲਟੇ ਹੁੰਦੇ ਤਾਂ ਵੇਖੀਦੇ ਸਨ, ਫੌਜ ਨੂੰ 'ਲੋਕਤੰਤਰੀ ਮੋਰਚਾ' ਜਿੱਤਦੀ ਨੂੰ ਪਹਿਲੀ ਵਾਰ ਵੇਖਿਆ ਹੈ।
ਪੰਜ ਸਾਲ ਪਹਿਲਾਂ ਜਦੋਂ ਨਵਾਜ਼ ਸ਼ਰੀਫ ਨੇ ਹਕੂਮਤ ਦੀ ਵਾਗ ਸੰਭਾਲਣੀ ਸੀ ਤੇ ਆਸਿਫ ਅਲੀ ਜ਼ਰਦਾਰੀ ਨੇ ਦੇਸ਼ ਦੇ ਰਾਸ਼ਟਰਪਤੀ ਵਜੋਂ ਕਮਾਨ ਉਸ ਨੂੰ ਸੌਂਪਣੀ ਸੀ ਤਾਂ ਜ਼ਰਦਾਰੀ ਨੇ ਕਿਹਾ ਸੀ ਕਿ ਪਹਿਲੀ ਵਾਰੀ ਮੇਰੀ ਪਾਰਟੀ ਨੇ ਮੁਲਕ ਵਿੱਚ ਪੂਰੇ ਪੰਜ ਸਾਲ ਸਰਕਾਰ ਚਲਾਈ ਹੈ, ਵਿਚਾਲਿਓਂ ਚੋਣਾਂ ਨਹੀਂ ਕਰਾਉਣੀਆਂ ਪਈਆਂ। ਉਸ ਦੀ ਗੱਲ ਬਿਲਕੁਲ ਠੀਕ ਸੀ, ਪਰ ਸਰਕਾਰ ਪੰਜ ਸਾਲ ਲਗਾਤਾਰ ਇੱਕਸਾਰ ਨਹੀਂ ਸੀ ਚੱਲੀ। ਖੁਦ ਜ਼ਰਦਾਰੀ ਦੇ ਭ੍ਰਿਸ਼ਟਾਚਾਰ ਵਾਲੇ ਕੇਸਾਂ ਦੇ ਕਾਰਨ ਚੱਲਦੀ ਸਰਕਾਰ ਦੇ ਪ੍ਰਧਾਨ ਮੰਤਰੀ ਯੂਸਫ ਗਿਲਾਨੀ ਨੂੰ ਅੱਧ ਵਿਚਾਲੇ ਸੁਪਰੀਮ ਕੋਰਟ ਦੇ ਹੁਕਮ ਨਾਲ ਅਹੁਦਾ ਛੱਡਣਾ ਪੈ ਗਿਆ ਸੀ ਤੇ ਇਹੋ ਕੁਝ ਅਗਲੀ ਸਰਕਾਰ ਵੇਲੇ ਨਵਾਜ਼ ਦੀ ਪਾਰਟੀ ਨਾਲ ਹੋ ਗਿਆ, ਸਰਕਾਰ ਨਵਾਜ਼ ਦੀ ਪਾਰਟੀ ਨੇ ਵੀ ਪੂਰੇ ਪੰਜ ਸਾਲ ਚਲਾ ਕੇ ਵਿਖਾ ਦਿੱਤੀ ਹੈ। ਇਸ ਦੌਰਾਨ ਦੋਵਾਂ ਸਰਕਾਰਾਂ ਨੂੰ ਫੌਜ ਵੱਲੋਂ ਪਲਟਣ ਦੀਆਂ ਗੱਲਾਂ ਵੀ ਲਗਾਤਾਰ ਸੁਣੀਂਦੀਆਂ ਰਹੀਆਂ, ਕੋਸ਼ਿਸ਼ਾਂ ਵੀ ਹੁੰਦੀਆਂ ਰਹੀਆਂ, ਪਰ ਸਰਕਾਰਾਂ ਦੋਵੇਂ ਪੰਜ ਸਾਲ ਕੱਢ ਗਈਆਂ। ਅਗਲੀ ਵਾਰੀ ਦੀਆਂ ਚੋਣਾਂ ਲਈ ਪੂਰੀ ਤਿਆਰੀ ਬੇਸ਼ੱਕ ਸਿਆਸੀ ਪਾਰਟੀਆਂ ਨੇ ਵੀ ਕੀਤੀ ਸੀ ਤੇ ਫੌਜ ਨੇ ਵੀ ਕੀਤੀ, ਪਰ ਅਖੀਰਲੇ ਸਿੱਟੇ ਵਜੋਂ ਇਸ ਦੌੜ ਵਿੱਚ ਫੌਜ ਅੱਗੇ ਨਿਕਲ ਗਈ ਤੇ ਦੋਵੇਂ ਵੱਡੀਆਂ ਸਿਆਸੀ ਪਾਰਟੀਆਂ ਹਾਰ ਗਈਆਂ ਹਨ।
ਜਿਹੜਾ ਨਤੀਜਾ ਪਾਕਿਸਤਾਨ ਦੀਆਂ ਕੌਮੀ ਅਸੈਂਬਲੀ ਚੋਣਾਂ ਤੋਂ ਬਾਅਦ ਸਾਡੇ ਸਾਹਮਣੇ ਆਇਆ ਹੈ, ਉੱਪਰੀ ਦ੍ਰਿਸ਼ ਉਸ ਦਾ ਇਹੋ ਹੈ ਕਿ ਇਮਰਾਨ ਖਾਨ ਦੀ ਤਹਿਰੀਕ-ਇ-ਇਨਸਾਫ ਪਾਰਟੀ ਦੀ ਜਿੱਤ ਹੋਈ ਹੈ, ਪਰ ਅਸਲ ਚੱਕਰ ਇਸ ਚੋਣ ਦੇ ਓਹਲੇ ਹੇਠ ਚੱਲਦਾ ਰਿਹਾ ਹੈ। ਇਮਰਾਨ ਖਾਨ ਇਕੱਲਾ ਸਿਆਸੀ ਆਗੂ ਹੈ, ਜਿਸ ਨੇ ਲੋਕਾਂ ਦੀ ਚੁਣੀ ਹੋਈ ਨਵਾਜ਼ ਸ਼ਰੀਫ ਸਰਕਾਰ ਦਾ ਤਖਤਾ ਪਲਟੇ ਜਾਣ ਵੇਲੇ ਫੌਜੀ ਰਾਜ ਦਾ ਸਵਾਗਤ ਕੀਤਾ ਸੀ ਤੇ ਉਸ ਦਿਨ ਤੋਂ ਅੱਜ ਤੱਕ ਉਹ ਫੌਜੀ ਜਰਨੈਲਾਂ ਦਾ ਚਹੇਤਾ ਹੈ। ਜਦੋਂ ਇੱਕ ਵਾਰੀ ਫੌਜ ਨੇ ਕੁਝ ਸਾਲ ਪਹਿਲਾਂ ਦੇਸ਼ ਦੀ ਸਰਕਾਰ ਉੱਤੇ ਕਬਜ਼ਾ ਕਰਨ ਦਾ ਆਪਣਾ ਇੱਕ ਹੋਰ ਸੁਫਨਾ ਸਿਰੇ ਚਾੜ੍ਹਨ ਦਾ ਯਤਨ ਕੀਤਾ ਸੀ, ਓਦੋਂ ਸਰਕਾਰ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਮੁੱਦਾ ਚੁੱਕ ਕੇ ਇਕੱਠੀ ਦੋ ਪਾਸਿਆਂ ਤੋਂ ਚਾਂਦਮਾਰੀ ਦਾ ਇੱਕ ਮੋਰਚਾ ਇਮਰਾਨ ਖਾਨ ਨੇ ਸੰਭਾਲਿਆ ਸੀ ਤੇ ਦੂਸਰਾ ਕੈਨੇਡਾ ਦਾ ਨਾਗਰਿਕ ਬਣ ਚੁੱਕੇ ਪਾਕਿਸਤਾਨੀ ਮੂਲ ਦੇ ਤਾਹਿਰ-ਉਲ-ਕਾਦਰੀ ਨੇ ਆਪਣੇ ਹੱਥ ਲਿਆ ਸੀ। ਦੋਵਾਂ ਦਾ ਫਰਕ ਇਹ ਸੀ ਕਿ ਆਪਣੇ ਮਗਰ ਆਈ ਜਦੋਂ ਲੋਕਾਂ ਦੀ ਭੀੜ ਮੂਹਰੇ ਇਮਰਾਨ ਖਾਨ ਬੋਲਦਾ ਤਾਂ ਖੁੱਲ੍ਹੇ ਮੰਚ ਤੋਂ ਬੋਲਦਾ ਤੇ ਜਦੋਂ ਓਦਾਂ ਦੀ ਭੀੜ ਨੂੰ ਤਾਹਿਰ-ਉਲ-ਕਾਦਰੀ ਸੰਬੋਧਨ ਕਰਨ ਲੱਗਦਾ ਤਾਂ ਬੁਲੇਟ ਪਰੂਫ ਗੱਡੀ ਵਿੱਚੋਂ ਬੋਲਦਾ ਸੀ। ਦੋਵਾਂ ਦਾ ਮੋਰਚਾ ਇੱਕੋ ਵੇਲੇ ਰਾਜਧਾਨੀ ਦਾ ਜਨ-ਜੀਵਨ ਠੱਪ ਕਰਦਾ ਪਿਆ ਸੀ ਤੇ ਹਕੂਮਤੀ ਕੇਂਦਰਾਂ, ਪਾਰਲੀਮੈਂਟ ਜਾਂ ਹੋਰ ਸਭ ਸਰਕਾਰੀ ਦਫਤਰਾਂ ਵੱਲ ਜਾਂਦੇ ਰਸਤੇ ਹੀ ਨਹੀਂ, ਅਦਾਲਤੀ ਕੰਪਲੈਕਸ ਦਾ ਰਾਹ ਵੀ ਰੋਕਿਆ ਪਿਆ ਸੀ ਤੇ ਉਡੀਕ ਇਹ ਕੀਤੀ ਜਾਂਦੀ ਰਹੀ ਸੀ ਕਿ ਇਸ ਸਥਿਤੀ ਨਾਲ ਨਿਪਟਣ ਦੇ ਪੱਖੋਂ ਸਰਕਾਰ ਨੂੰ ਨਿਕੰਮੀ ਕਹਿ ਕੇ ਫੌਜ ਦਖਲ ਦੇਵੇਗੀ। ਫੌਜ ਨੇ ਇਸ ਮਾਮਲੇ ਵਿੱਚ ਤਿਆਰੀ ਵੀ ਆਰੰਭ ਕਰ ਦਿੱਤੀ ਸੀ ਤੇ ਉਸ ਦੇ ਖਿਲਾਫ ਸੁਪਰੀਮ ਕੋਰਟ ਤੱਕ ਕੇਸ ਵੀ ਚਲਾ ਗਿਆ ਸੀ।
ਓਦੋਂ ਇਸ ਵਿੱਚ ਇੱਕ ਨਵਾਂ ਮੋੜ ਅਚਾਨਕ ਆ ਗਿਆ, ਜਦੋਂ ਪਾਕਿਸਤਾਨ ਸਰਕਾਰ ਨੇ ਕਿਸੇ ਚੈਨਲ ਰਾਹੀਂ ਕੈਨੇਡਾ ਦੀ ਸਰਕਾਰ ਨੂੰ ਇਹ ਸੁਨੇਹਾ ਪੁਚਾ ਦਿੱਤਾ ਕਿ ਤੁਹਾਡੇ ਦੇਸ਼ ਦਾ ਨਾਗਰਿਕ ਏਥੇ ਸਿੱਧੀ ਸਿਆਸੀ ਮੁਹਿੰਮ ਚਲਾ ਰਿਹਾ ਹੈ ਤੇ ਇਸ ਨਾਲ ਲੋਕਾਂ ਵਿੱਚ ਵਿਦੇਸ਼ੀ ਦਖਲ ਦੀ ਚਰਚਾ ਛਿੜ ਸਕਦੀ ਹੈ। ਕੈਨੇਡਾ ਸਰਕਾਰ ਨੇ ਡਿਪਲੋਮੈਟਿਕ ਸੂਝ ਦਾ ਸਬੂਤ ਦੇਂਦੇ ਹੋਏ ਤਾਹਿਰ-ਉਲ-ਕਾਦਰੀ ਨੂੰ ਕਿਸੇ ਤਰ੍ਹਾਂ ਸੁਨੇਹਾ ਪੁਚਾ ਦਿੱਤਾ ਕਿ ਉਹ ਕੈਨੇਡਾ ਦਾ ਨਾਗਰਿਕ ਰਹਿਣ ਜਾਂ ਫਿਰ ਤੋਂ ਪਾਕਿਸਤਾਨੀ ਬਣਨ, ਵਿੱਚੋਂ ਇੱਕ ਰਾਹ ਚੁਣ ਲਵੇ, ਦੋਗਲਾ ਵਿਹਾਰ ਨਹੀਂ ਚੱਲਣਾ। ਕਾਦਰੀ ਨੇ ਚੌਵੀ ਘੰਟੇ ਨਾ ਲਾਏ ਤੇ ਓਥੋਂ ਆਪਣਾ ਬੋਰੀਆ ਬਿਸਤਰਾ ਸਮੇਟ ਕੇ ਕੈਨੇਡਾ ਜਾ ਵੜਿਆ ਸੀ। ਦੂਸਰੇ ਦਿਨ ਤੱਕ ਇਮਰਾਨ ਦੇ ਦੁਆਲੇ ਜੁੜੀ ਭੀੜ ਵੀ ਘਰਾਂ ਨੂੰ ਪਰਤਣ ਲੱਗ ਪਈ। ਇਸ ਨਾਲ ਫੌਜ ਉਸ ਵਕਤ ਹਾਲਾਤ ਨੂੰ ਵਰਤ ਨਹੀਂ ਸੀ ਸਕੀ। ਅਗਲੇ ਸਮੇਂ ਵਿੱਚ ਇਹੋ ਜਿਹੀ ਮਜਬੂਰੀ ਦਾ ਸਾਹਮਣਾ ਨਾ ਕਰਨਾ ਪਵੇ, ਫੌਜ ਨੇ ਇਸ ਦਾ ਪ੍ਰਬੰਧ ਇਸ ਵਾਰ ਚੋਣਾਂ ਵਿੱਚ ਕਰ ਲਿਆ ਹੈ।
ਕੌਮੀ ਅਸੈਂਬਲੀ ਦੀਆਂ ਚੋਣਾਂ ਤੋਂ ਪਹਿਲਾਂ ਫੌਜ ਨੇ ਇਕ ਮੌਕੇ ਸੰਸਾਰ ਵਿੱਚ ਬਦਨਾਮ ਅੱਤਵਾਦੀ ਹਾਫਿਜ਼ ਸਈਦ ਨੂੰ ਜਨਤਾ ਦੇ ਨੁਮਾਇੰਦੇ ਵਜੋਂ ਉਭਾਰਨ ਦਾ ਯਤਨ ਕੀਤਾ ਸੀ, ਪਰ ਉਸ ਦੇ ਖਿਲਾਫ ਰਾਜਨੀਤੀ ਦੇ ਸਾਰੇ ਪੁਰਾਣੇ ਆਗੂ ਜੁੜਨ ਲੱਗ ਪਏ ਤੇ ਚੋਣ ਕਮਿਸ਼ਨ ਨੇ ਉਨ੍ਹਾਂ ਦੇ ਦਬਾਅ ਹੇਠ ਉਸ ਦੀ ਪਾਰਟੀ ਰਜਿਸਟਰ ਨਹੀਂ ਸੀ ਕੀਤੀ। ਫਿਰ ਉਹ ਕਿਸੇ ਹੋਰ ਪਾਰਟੀ ਦਾ ਫੱਟਾ ਲਾ ਕੇ ਚੋਣ ਮੈਦਾਨ ਵਿੱਚ ਕੁੱਦਿਆ ਤਾਂ ਫੌਜ ਨੇ ਹਾਲਾਤ ਦੀ ਨਬਜ਼ ਟੋਹੀ, ਪਰ ਤਿਲਾਂ ਵਿੱਚ ਤੇਲ ਨਾ ਵੇਖ ਕੇ ਫੌਜ ਨੇ ਇਮਰਾਨ ਖਾਨ ਦੀ ਮਦਦ ਲਈ ਤਾਕਤ ਝੋਕ ਦਿੱਤੀ। ਇਸ ਪਿੱਛੋਂ ਇੱਕ ਦਾਅ ਹੋਰ ਫੌਜ ਨੇ ਚੱਲਿਆ। ਜਿਸ ਵੀ ਪਾਰਟੀ ਵਿੱਚ ਫੌਜ ਦੇ ਪੱਕੇ ਪਿਆਦੇ ਗਿਣੇ ਜਾਣ ਵਾਲੇ ਕੁਝ ਰਸੂਖਦਾਰ ਲੋਕ ਮੌਜੂਦ ਸਨ, ਉਨ੍ਹਾਂ ਸਭਨਾਂ ਵੱਲ ਸੁਨੇਹਾ ਭੇਜ ਕੇ ਉਨ੍ਹਾਂ ਪਾਰਟੀਆਂ ਤੋਂ ਅਸਤੀਫੇ ਦਿਵਾਏ ਤੇ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਭਰਵਾਏ ਅਤੇ ਸਭ ਨੂੰ 'ਫੌਜੀ ਜੀਪ' ਦਾ ਇੱਕੋ ਚੋਣ ਨਿਸ਼ਾਨ ਜਾਰੀ ਕਰਵਾ ਦਿੱਤਾ। ਇਹ ਲੋਕ ਉਂਜ ਇੱਕ ਦੂਸਰੇ ਨੂੰ ਜਾਣਦੇ ਵੀ ਨਹੀਂ ਸਨ, ਪਰ ਫੌਜ ਦੇ ਇਹੋ ਜਿਹੇ ਕਾਰਿੰਦੇ ਸਨ, ਜਿਨ੍ਹਾਂ ਨੂੰ ਜਦੋਂ ਮਰਜ਼ੀ ਤੇ ਜਿੱਥੇ ਮਰਜ਼ੀ ਵਰਤਿਆ ਜਾ ਸਕਦਾ ਸੀ। ਚੋਣਾਂ ਆਜ਼ਾਦ ਉਮੀਦਵਾਰਾਂ ਦੀ ਜਿਹੜੀ ਵੱਡੀ ਗਿਣਤੀ ਜਿੱਤ ਗਈ ਹੈ, ਉਨ੍ਹਾਂ ਵਿੱਚ 'ਫੌਜੀ ਜੀਪ' ਵਾਲੇ ਕਈ ਲੋਕ ਹਨ ਤੇ ਇਸ ਵਕਤ ਕੁਝ ਸੀਟਾਂ ਤੋਂ ਪੱਛੜ ਰਹੇ ਇਮਰਾਨ ਖਾਨ ਦੀ ਸਰਕਾਰ ਦੇ ਸਹਾਈ ਬਣਨ ਪਿੱਛੋਂ ਫੌਜ ਲਈ ਨਵੀਂ ਖੇਡ ਖੇਡਣਗੇ। ਇਮਰਾਨ ਖਾਨ ਫੌਜ ਦਾ ਪਿਆਦਾ ਹੈ, ਪਰ ਕਿਸੇ ਵੀ ਵਕਤ ਬਾਗੀ ਵੀ ਹੋ ਸਕਦਾ ਹੈ। ਅਗਾਊਂ ਇਸ ਗੱਲ ਬਾਰੇ ਸੋਚ ਕੇ ਫੌਜੀ ਕਮਾਂਡਰਾਂ ਨੇ 'ਫੌਜੀ ਜੀਪ' ਦੇ ਨਿਸ਼ਾਨ ਵਾਲੀ ਏਦਾਂ ਦੀ ਪਲਟਣ ਉਸ ਨਾਲ ਜੋੜਨੀ ਹੈ ਕਿ ਜਦੋਂ ਕਦੀ ਉਹ ਥੋੜ੍ਹਾ ਜਿਹਾ ਵੀ ਪਰੇਡ ਕਰਨ ਤੋਂ ਥੱਕਦਾ ਜਾਂ ਅੱਕਦਾ ਜਾਪਣ ਲੱਗੇ ਤਾਂ ਉਸ ਨੂੰ 'ਅਬਾਊਟ ਟਰਨ' ਦਾ ਆਰਡਰ ਦੇ ਕੇ ਟਿਕਾਣੇ ਲਿਆਂਦਾ ਜਾ ਸਕੇ।
ਵੋਟਾਂ ਪਾਕਿਸਤਾਨ ਦੇ ਲੋਕਾਂ ਨੇ ਪਾਈਆਂ ਹਨ, ਪਰ ਇਸ ਚੋਣ ਖੇਡ ਵਿੱਚ ਜਿਹੜਾ ਚੱਕਰ ਫੌਜ ਚਲਾਉਂਦੀ ਰਹੀ ਹੈ, ਉਸ ਬਾਰੇ ਉਹ ਨਹੀਂ ਜਾਣਦੇ। ਉਨ੍ਹਾਂ ਨੇ ਫਿਰ ਵੀ ਇੱਕ ਚੰਗਾ ਕੰਮ ਕਰ ਦਿੱਤਾ। ਜਿਹੜਾ ਹਾਫਿਜ਼ ਸਈਦ ਸੰਸਾਰ ਦੇ ਲੋਕਾਂ ਨੂੰ ਇਹ ਕਹਿਣ ਦਾ ਯਤਨ ਕਰ ਰਿਹਾ ਸੀ ਕਿ ਉਹ ਇਸਲਾਮ ਦੇ ਭਲੇ ਲਈ ਦਹਿਸ਼ਤਗਰਦੀ ਕਰਦਾ ਹੈ ਅਤੇ ਪਾਕਿਸਤਾਨ ਦੇ ਲੋਕ ਉਸ ਦੇ ਨਾਲ ਹਨ, ਪਾਕਿਸਤਾਨੀ ਲੋਕਾਂ ਨੇ ਉਸ ਦੀ ਪਾਰਟੀ ਤੇ ਪਰਵਾਰ ਦੇ ਜੀਆਂ ਨੂੰ ਮਾਂਜਾ ਫੇਰ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਬੰਦਾ ਆਪਣੇ ਦੇਸ਼ ਦੇ ਲੋਕਾਂ ਦੀ ਨਜ਼ਰ ਵਿੱਚ ਕੌਡੀ ਦਾ ਨਹੀਂ। ਪਾਕਿਸਤਾਨ ਦੀ ਕੌਮੀ ਅਸੈਂਬਲੀ ਦੀਆਂ ਚੋਣਾਂ ਦੀ ਸਾਰਿਆਂ ਤੋਂ ਵੱਡੀ ਪ੍ਰਾਪਤੀ ਇਹ ਹੀ ਕਹੀ ਜਾ ਸਕਦੀ ਹੈ।
29 July 2018