ਮਾਂ ਬੋਲੀ ਦੇ ਨਾਂ ਤੇ ਲੱਚਰਤਾ ਦਾ ਹੋ ਰਿਹੈ ਵਪਾਰ - ਮਨਜਿੰਦਰ ਸਿੰਘ ਸਰੌਦ
ਸਰਾਰਤੀ ਲੋਕਾਂ ਨੇ ਹੁਣ ਤੱਕ ਦਰਜਨ ਦੇ ਕਰੀਬ ਅਣਭੋਲ ਨੌਜਵਾਨਾਂ ਨੂੰ ਬਣਾਇਆ ਮੋਹਰਾ
ਲੱਚਰ ਗਾਇਕੀ ਤੇ ਹਾਈ ਕੋਰਟ ਵਲੋਂ ਰੋਕ ਲਉਣ ਤੋਂ ਕੀਤੀ ਕੋਰੀ ਨਾਂਹ
ਲੰਘੇ ਹਫ਼ਤੇ ਇੱਕ ਚੈਨਲ ਤੇ ਪ੍ਰੋਗਰਾਮ ਕਰਦੇ ਸਮੇਂ ਮੈਨੂੰ ਕਿਸੇ ਸਰੋਤੇ ਵੱਲੋਂ ਗਾਇਕ ਗੁਰਵਿੰਦਰ ਬਰਾੜ ਦੇ ਗਾਏ ਇੱਕ ਪੁਰਾਣੇ ਗੀਤ ਪਿਸਤੌਲ ਬੰਦੂਕਾਂ ਦੇ ਕਲਚਰ ਤੋਂ ਤੰਗ ਆ ਗਏ ਹਾਂ ਡਾਢੇ ਤੇ ਸਵਾਲ ਕੀਤਾ ਗਿਆ ਜੋ ਅੱਜ ਦੀ ਰਸਤਿਓਂ ਭਟਕ ਚੁੱਕੀ ਗਾਇਕੀ ਦੇ ਨਾਲ ਸੰਬੰਧਿਤ ਸੀ । ਸ਼ਾਇਦ ਉਸ ਸਮੇਂ ਗੀਤ ਸੰਗੀਤ ਦੀ ਹੋ ਰਹੀ ਧੂ ਘੜੀਸ ਨੂੰ ਵੇਖਦਿਆਂ ਗੁਰਵਿੰਦਰ ਨੇ ਇਸ ਗੀਤ ਨੂੰ ਆਪਣੇ ਬੋਲਾਂ ਜ਼ਰੀਏ ਸੰਗੀਤਕ ਫ਼ਿਜ਼ਾਵਾਂ ਅੰਦਰ ਬਿਖੇਰਨ ਦਾ ਯਤਨ ਕੀਤਾ ਹੋਵੇ ਪਰ ਹੁਣ ਇਹ ਗੱਲਾਂ ਬਾਤਾਂ ਬੀਤੇ ਜ਼ਮਾਨੇ ਦੀਆਂ ਪ੍ਰਤੀਤ ਹੋ ਰਹੀਆਂ ਨੇ ।
ਕਿਉਂਕਿ ਅੱਜ ਪੰਜਾਬੀ ਗਾਇਕੀ ਦੇ ਖੈਰ ਖਵਾਹਾ ਨੇ ਵੱਡਾ ਸਫ਼ਰ ਤੈਅ ਕਰਦਿਆਂ ਉਨ੍ਹਾਂ ਅੱਧੀ ਦਰਜਨ ਲੋਕਾਂ ਨੂੰ ਵੀ ਸਟਾਰਾਂ ਦੀ ਦੁਨੀਆਂ ਵਿੱਚ ਪੁੱਜਦਾ ਕਰ ਦਿੱਤੈ ਜਿਨ੍ਹਾਂ ਨੂੰ ਨਾ ਸੁਰ ਦੀ ਸਮਝ ਹੈ ਨਾ ਤਾਲ ਦੀ । ਨਾ ਇਹ ਲੋਕ ਗਾਇਕੀ ਦੇ ਇਤਿਹਾਸ ਤੋਂ ਵਾਕਫ਼ ਨੇ । ਸਾਡੀ ਸੰਸਕ੍ਰਿਤੀ ਤੇ ਸੱਭਿਅਤਾ ਤੋਂ ਕੋਰੇ ਲੋਕਾਂ ਨੇ ਹੁਣ ਪੰਜਾਬੀ ਗਾਇਕੀ ਦੀ ਲਗਾਮ ਆਪਣੇ ਹੱਥ ਵਿੱਚ ਲੈ ਕੇ ਪੈਸੇ ਅਤੇ ਸੋਹਰਤ ਦੇ ਘੋੜੇ ਨੂੰ ਸਿਰਪੱਟ ਦੌੜਾਉਣਾ ਸ਼ੁਰੂ ਕਰ ਦਿੱਤਾ ਹੈ ਇਹ ਘੋੜਾ ਜਿੱਧਰ ਧਿਆਨ ਗਿਆ ਉਧਰ ਨੂੰ ਭੱਜ ਨਿਕਲਿਆ ਕੋਈ ਸੀਮਾ ਨਹੀਂ ਕੋਈ ਮੰਜ਼ਿਲ ਨਹੀਂ ।
ਸੋਸ਼ਲ ਮੀਡੀਆ ਤੇ ਕਈ ਨਿੱਜੀ ਚੈਨਲ ਇਨ੍ਹਾਂ ਆਪ ਹੁਦਰੇ ਹੁੜਦੰਗ ਮਚਾਉਂਦੇ ਸਿਖਾਂਦਰੂ ਕਲਾਕਾਰਾਂ ਨੂੰ ਪ੍ਰਮੋਟ ਕਰਨ ਤੋਂ ਲੈ ਕੇ ਹੱਲਾ ਸ਼ੇਰੀ ਦੇਣ ਤੱਕ ਦੀ ਜ਼ਿੰਮੇਵਾਰੀ ਨਿਭਾ ਰਹੇ ਨਜ਼ਰ ਆਉਂਦੇ ਹਨ । ਭਾਵੇਂ ਕਾਫੀ ਲੋਕ ਇਨ੍ਹਾਂ ਨੌਜਵਾਨਾਂ ਨੂੰ ਮੰਦਬੁੱਧੀ ਵੀ ਆਖਦੇ ਨੇ ਪਰ ਸੱਚ ਅਜੇ ਵੀ ਜ਼ਹਿਰੀ ਨਾਗ ਦੀ ਤਰ੍ਹਾਂ ਪਟਾਰੀ ਵਿੱਚ ਹੀ ਫੁਕਾਰੇ ਮਾਰ ਸਮੇਂ ਦੀ ਗਰਦਸ਼ ਵਿੱਚ ਲਿਪਟਿਆ ਨਜ਼ਰੀਂ ਪੈਂਦਾ ਹੈ ।
ਪਿਛਲੇ ਪੰਜ ਕੁ ਸਾਲਾਂ ਤੋਂ ਆਪਣੇ ਆਪ ਨੂੰ ਤੇਜ਼ ਤਰਾਰ, ਸੂਝ ਬੂਝ ਤੇ ਲਿਆਕਤ ਦੇ ਧਨੀ ਮੰਨਦੇ ਕਈ ਭੱਦਰ ਪੁਰਸ਼ਾਂ ਨੇ ਇਸ ਵਰਤਾਰੇ ਰਾਹੀਂ ਜਨਤਾ ਦਾ ਧਿਆਨ ਆਪਣੇ ਵੱਲ ਖਿੱਚਣ ਦਾ ਯਤਨ ਕੀਤਾ ਹੈ । ਉਨ੍ਹਾਂ ਵੱਲੋਂ ਪ੍ਰਮੋਟ ਕੀਤੇ ਫ਼ਨਕਾਰ ਇੱਕ ਸਮੇਂ ਜ਼ਰੂਰ ਸੁਰਖੀਆਂ ਬਟੋਰਨ ਵਿਚ ਕਾਮਯਾਬ ਹੁੰਦੇ ਨੇ ਪਰ ਫਿਰ ਸਾਉਣ ਦੀ ਬੱਦਲੀ ਵਾਂਗ ਅਲੋਪ ਹੋ ਮੁੜ ਮੂੰਹ ਨਹੀਂ ਵਿਖਾਉਂਦੇ । ਇਨ੍ਹਾਂ ਅਲਬੇਲੇ ਕਲਾਕਾਰਾਂ ਵੱਲੋਂ ਪਾਏ ਖਿਲਾਰੇ ਦੀ ਗਿਣਤੀ ਮਿਣਤੀ ਕਰੀਏ ਤਾਂ ਹੋ ਸਕਦੈ ਕਿ ਇਨ੍ਹਾਂ ਦੇ ਪਾਏ ਪੂਰਨੇ ਕਈ ਸਾਲਾਂ ਤੱਕ ਮਾਂ ਬੋਲੀ ਨੂੰ ਖੂਨ ਦੇ ਅੱਥਰੂ ਕੇਰਨ ਲਈ ਮਜਬੂਰ ਕਰਦੇ ਰਹਿਣ । ਜੇਕਰ ਇਨ੍ਹਾਂ ਖੌਰੂ ਪਾਉਂਦੇ ਫ਼ਨਕਾਰਾਂ ਨੂੰ ਕਿਸੇ ਨੇ ਰੋਕਣ ਦੀ ਕੋਸ਼ਿਸ਼ ਵੀ ਕੀਤੀ ਤਾਂ ਇਨ੍ਹਾਂ ਦੇ ਪਿਛਲਖੁਰੀ ਖੜ੍ਹੇ , ਆਕੇ , ਰੋਹਬ ਨਾਲ ਸੱਚ ਆਖਣ ਵਾਲੇ ਦੀ ਜ਼ੁਬਾਨ ਬੰਦ ਕਰਵਾਉਣ ਦੇ ਲਈ ਆਖਰ ਤੱਕ ਜਾਂਦੇ ਹਨ ।
ਅਸੀਂ ਇਹ ਨਹੀਂ ਕਹਿਣਾ ਚਾਹੁੰਦੇ ਕਿ ਗਾਉਣਾ ਗਲਤ ਗੱਲ ਹੈ ਜਾਂ ਗਾਉਣ ਦਾ ਕਿਸੇ ਨੂੰ ਹੱਕ ਨਹੀਂ ਪਰ ਜੋ ਸੱਚ ਹੈ ਉਸ ਨੂੰ ਵੀ ਕਬੂਲ ਕਰਨਾ ਚਾਹੀਦਾ ਹੈ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਜੇਕਰ ਅਸੀਂ ਖੁਦ ਹੀ ਆਪਣੇ ਵਿਰਸੇ ਅਤੇ ਸੱਭਿਆਚਾਰ ਦੇ ਵਾਰਸ ਉਨ੍ਹਾਂ ਲੋਕਾਂ ਨੂੰ ਬਣਾਵਾਂਗੇ ਜਿਹੜੇ ਸਾਡੇ ਮਾਣਮੱਤੇ ਪਿਛੋਕੜ ਦੇ ਬਾਰੇ ਦੋ ਸਬਦ ਵੀ ਨਹੀਂ ਜਾਣਦੇ ਜਿਨ੍ਹਾਂ ਨੂੰ ਸਿਵਾਏ , ਕਮਲੀ ਸ਼ੋਹਰਤ , ਤੇ ਦੌਲਤ ਤੋਂ ਬਾਅਦ ਕੌਮੀ ਜਜ਼ਬੇ ਦਾ ਭੋਰਾ ਭਰ ਵੀ ਗਿਆਨ ਨਾ ਹੋਵੇ , ਹੋਰ ਤਾਂ ਹੋਰ ਉਹ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੌਰਾਨ ਵੀ ਪੂਰੇ ਨਾ ਉਤਰਦੇ ਹੋਣ ਤੇ ਅਸੀਂ ਉਨ੍ਹਾਂ ਨੂੰ ਸਮਾਜਿਕ ਸ਼ੀਸ਼ੇ ਦੇ ਰੂਪ ਵਿੱਚ ਪੇਸ਼ ਕਰੀਏ ਤਾਂ ਵਿਵਾਦ ਦਾ ਹੋਣਾ ਜ਼ਰੂਰੀ ਹੋ ਜਾਂਦਾ ਹੈ । ਕਲਾਕਾਰ ਬਣੋ ਜੀ ਸਦਕੇ ਕਿਸੇ ਨੂੰ ਕੋਈ ਰੋਕ ਨਹੀਂ ਬਸ਼ਰਤੇ ਅਸੀਂ ਇੱਕ ਕਲਾਕਾਰ ਦੀ ਪਰਿਭਾਸ਼ਾ ਤੋਂ ਜਾਣੂ ਜ਼ਰੂਰ ਹੋਈ?ੇ ਕਿ ਆਖਰ ਇਨ੍ਹਾਂ ਲੋਕਾਂ ਦੀ ਜ਼ਿੰਮੇਵਾਰੀ ਅਤੇ ਫਰਜ਼ ਸਾਡੇ ਸਮਾਜ ਪ੍ਰਤੀ ਕੀ ਹਨ ਇਹ ਨਹੀਂ ਕਿ ਜੋ ਮੂੰਹ ਆਇਆ ਬੋਲੀ ਜਾਉ ਇਹ ਕਲਾਕਾਰੀ ਨਹੀਂ ਹਾਂ ਕਲਾਕਾਰੀ ਦੇ ਨਾਂ ਤੇ ਡਰਾਮਾ ਜ਼ਰੂਰ ਮੰਨ ਸਕਦੇ ਹਾਂ ।
ਮੈਨੂੰ ਇਹ ਵੀ ਸ਼ੱਕ ਜ਼ਾਹਿਰ ਹੁੰਦਾ ਹੈ ਕਿ ਲੰਘੇ ਸਮੇਂ ਤੋਂ ਇਨਾਂ ਅੱਧੀ ਦਰਜਨ ਅਟਪਟੇ ਕਲਾਕਾਰਾਂ ਨੂੰ ਗਾਇਕ ਦੇ ਤੌਰ ਤੇ ਬੇਸ਼ੱਕ ਪੇਸ਼ ਕੀਤਾ ਗਿਆ ਪਰ ਇਹਨਾਂ ਨੌਜਵਾਨਾਂ ਨੂੰ ਆਪ ਇਹ ਗੱਲ ਸਮਝ ਅੱਜ ਤੱਕ ਨਹੀਂ ਲੱਗੀ ਕਿ ਇਨ੍ਹਾਂ ਨੂੰ ਕਿਤੇ ਨਾ ਕਿਤੇ ਵਰਤਿਆ ਜਾ ਰਿਹਾ ਹੈ । ਠੀਕ ਹੈ ਕਿ ਸਾਇੰਸ ਦਾ ਯੁੱਗ ਹੈ ਮਸ਼ਹੂਰੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਖਰੀਦੀ ਜਾ ਸਕਦੀ ਹੈ ਪਰ ਕਦੇ ਇਹ ਵੀ ਸੋਚਿਐ ਕਿ ਇਨ੍ਹਾਂ ਦੀਆਂ ਮਾਰੀਆਂ ਯਭਲੀਆਂ ਦੇ ਅਰਥ ਕੀ ਹਨ ਅਤੇ ਤਰਕ ਕੀ ਹੈ ਫੇਰ ਇਹ ਕਿਸੇ ਦਾ ਕੀ ਸੰਵਾਰਨਗੀਆਂ ।
ਗੀਤ ਸੰਗੀਤ ਸਮੇਂ ਦੇ ਹਾਣ ਦਾ ਜ਼ਰੂਰ ਹੋਣਾ ਚਾਹੀਦਾ ਹੈ ਪਰ ਸਮੇਂ ਨਾਲੋਂ ਅੱਗੇ ਲੰਘ ਕਿ ਮਾਰੀਆਂ ਡੀਂਗਾਂ ਅਕਸਰ ਵਿਨਾਸ਼ ਦਾ ਕਾਰਨ ਬਣ ਜਾਂਦੀਆਂ ਨੇ । ਕਿੱਥੇ ਉਹ ਲੋਕ ਜਿਹੜੇ ਆਪਣੇ ਬੋਲਾਂ ਰਾਹੀਂ ਅਸਮਾਨੀ ਉੱਡਦੇ ਪੰਛੀਆਂ ਨੂੰ ਹੇਠਾਂ ਪਰਤਣ ਲਈ ਮਜਬੂਰ ਕਰਿਆ ਕਰਦੇ ਸਨ ਤੇ ਕਿੱਥੇ ਅੱਜ ਦੇ ਇਹ ਅਖੌਤੀ ਕਲਾਕਾਰ ਗੀਤਾਂ ਵਿੱਚ ਗਾਲਾਂ ਕੱਢ ਕੇ ਸ਼ਰਮ ਹਿਆ ਨੂੰ ਕੀਲੇ ਟੰਗ ਆਪਣਾ ਸੰਘ ਪਾੜਨ ਵਿੱਚ ਹੀ ਕਲਾਕਾਰੀ ਨੂੰ ਲੱਭਣ ਤੁਰੇ ਨੇ ।
ਮਾਵਾਂ ਭੈਣਾਂ ਦੀਆਂ ਗਾਲਾਂ ਨੂੰ ਕਿਸ ਨੇ ਗਾਇਕੀ ਆਖਿਆ ਹੈ ਰੈਪ ਦੇ ਨਾਂ ਤੇ ਹੋ ਰਹੀ ਗੁੰਡਾਗਰਦੀ ਦਾ ਕਲਾਕਾਰੀ ਦੇ ਖੇਤਰ ਨਾਲ ਦੂਰ ਦਾ ਵੀ ਵਾਸਤਾ ਨਹੀਂ । ਕੀ ਨੰਗੀਆਂ ਤਸਵੀਰਾਂ , ਖੁੱਲ੍ਹੀਆਂ ਗਾਲਾਂ , ਆਸ਼ਕੀ ਦੇ ਚਿੱਠੇ ਪੜ੍ਹਨ ਨੂੰ ਹੀ ਗਾਇਕੀ ਆਖਿਆ ਜਾਂਦਾ ਹੈ? ਕਿਉਂ ਭੁੱਲ ਚੁੱਕੇ ਹਾਂ ਕਿ ਕਲਾਕਾਰ ਸਮਾਜ ਦੇ ਦੁੱਖ ਤਕਲੀਫਾਂ ਤੇ ਹੋਰ ਮੁੱਦਿਆਂ ਨੂੰ ਰੂਪਮਾਨ ਕਰਕੇ ਸਾਡੇ ਸਾਹਮਣੇ ਰੱਖਣ ਦਾ ਜ਼ਰੀਆ ਵੀ ਹੁੰਦੇ ਹਨ ਤੇ ਨਾਲੋਂ ਨਾਲ ਥੱਕ ਚੁੱਕੇ ਇਨਸਾਨ ਲਈ ਊਰਜਾ ਦਾ ਵੱਡਾ ਸ੍ਰੋਤ ਬਣ ਅਗਲੀ ਜ਼ਿੰਦਗੀ ਲਈ ਪਹੀਏ ਦਾ ਕੰਮ ਵੀ ਕਰਦੇ ਹਨ । ਆਹ ਕੱਚ ਘਰੜ ਗਾਇਕਾਂ ਨੂੰ ਸਵਾਲ ਪੁੱਛਣਾ ਬਣਦਾ ਹੈ ਕਿ ਇਹ ਕਿਹੜੀ ਕੈਟਾਗਰੀ ਦੇ ਕਲਾਕਾਰ ਨੇ ।
ਰੱਬ ਦਾ ਵਾਸਤਾ ਬੱਸ ਕਰੋ ਕਲਾਕਾਰੀ ਦੇ ਨਾਂ ਤੇ ਠੇਕੇਦਾਰੀ ਕਰਨ ਵਾਲਿਓ ਨਹੀਂ ਤਾਂ ਇਸ ਸੱਭਿਅਕ ਖੇਤਰ ਵਿੱਚ ਬਲ ਰਹੀ ਭਿਆਨਕ ਅੱਗ ਦਾ ਸੇਕ ਤੁਹਾਨੂੰ ਵੀ ਲੈ ਮੱਚੇਗਾ । ਹੁਣ ਤਾਂ ਲੰਘੇ ਦਿਨੀਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਕੁੱਝ ਮਾਂ ਬੋਲੀ ਦੇ ਪੁੱਤਰਾਂ ਵੱਲੋਂ ਦਾਇਰ ਕੀਤੀ ਇਕ ਜਨਤਕ ਪਟੀਸ਼ਨ ਤੇ ਸੁਣਵਾਈ ਕਰਦਿਆਂ ਜੱਜ ਸਾਹਿਬਾਨ ਵੱਲੋਂ ਵੀ ਇਹ ਆਖਿਆ ਗਿਆ ਹੈ ਕਿ ਲੱਚਰ ਗਾਇਕੀ ਦੇ ਮੁੱਦੇ ਤੇ ਕੋਰਟਾਂ ਕੁਝ ਨਹੀਂ ਕਰ ਸਕਦੀਆਂ । ਇਸ ਦੇ ਲਈ ਤਾਂ ਜਨਤਾ ਆਪ ਹੀ ਕੋਈ ਫ਼ੈਸਲਾ ਲੈ ਸਕਦੀ ਹੈ ।
ਜੇ ਅਜੇ ਵੀ ਪੰਜਾਬੀ ਨਹੀਂ ਸਮਝ ਸਕਦੇ ਤਾਂ ਰੱਬ ਹੀ ਰਾਖਾ ਹੈ ਇਨ੍ਹਾਂ ਦਾ । ਅੱਜ ਸਮੇਂ ਦੀ ਵੱਡੀ ਮੰਗ ਹੈ ਕਿ ਸਾਡੀ ਨਵੀਂ ਪਨੀਰੀ ਅਤੇ ਸੱਭਿਅਤਾ ਨੂੰ ਤਬਾਹ ਕਰ ਰਹੀ ਇਸ ਗਾਇਕੀ ਦਾ ਜਿੰਨੀ ਛੇਤੀ ਹੋ ਸਕੇ ਫਾਸਤਾ ਵੱਡਣਾ ਚਾਹੀਦਾ ਹੈ ਤਾਂ ਕਿ ਇਸ ਦੀ ਬਦੌਲਤ ਕੁਰਾਹੇ ਪੈ ਕੇ ਅਪਰਾਧ ਜਗਤ ਦੀ ਡੂੰਘੀ ਦਲਦਲ ਵਿੱਚ ਧੱਸ ਰਹੀ ਜਵਾਨੀ ਨੂੰ ਕੁਝ ਸੁੱਖ ਦਾ ਸਾਹ ਮਿਲ ਸਕੇ । ਆਓ ਇੱਕ ਲੰਬੀ ਪਰਵਾਜ਼ ਤੋਂ ਬਾਅਦ ਆਪੋ ਆਪਣੇ ਆਲ੍ਹਣਿਆਂ ਨੂੰ ਵਾਪਸ ਪਰਤ ਆਪਣੇ ਮੂਲ ਨੂੰ ਪਛਾਣੀਏ ਕਿ ਅਸੀਂ ਕਿੱਥੇ ਕੁ ਖੜ੍ਹੇ ਹਾਂ ।
ਮਨਜਿੰਦਰ ਸਿੰਘ ਸਰੌਦ
ਪ੍ਰਚਾਰ ਸਕੱਤਰ
ਵਿਸ਼ਵ ਪੰਜਾਬੀ ਲੇਖਕ ਮੰਚ
9463463136