ਦੇਸ਼ ਦੇ ਕਾਨੂੰਨਾਂ ਦੀ ਉਲੰਘਣਾ ਕਰਨ ਪਿੱਛੋਂ ਲੋਕਾਂ ਨੂੰ ਚੰਗੇ ਬਣਨ ਦੀ ਪ੍ਰੇਰਨਾ ਦੇਂਦਾ ਹੈ ਸੰਤ ਰਵੀ ਸ਼ੰਕਰ - ਜਤਿੰਦਰ ਪਨੂੰ
ਆਪਣੇ ਆਪ ਨੂੰ 'ਸ੍ਰੀ ਸ੍ਰੀ' ਕਹਾਉਣ ਵਾਲੇ ਰਵੀ ਸ਼ੰਕਰ ਨਾਂਅ ਦੇ ਸੰਤ ਨੇ ਕਈ ਕਾਨੂੰਨੀ ਅੜਿੱਕਿਆਂ ਨੂੰ ਪਾਰ ਕਰ ਕੇ ਦਿੱਲੀ ਵਿੱਚ ਆਪਣਾ ਪ੍ਰੋਗਰਾਮ ਕਰਨ ਵਿੱਚ ਕਾਮਯਾਬੀ ਹਾਸਲ ਕਰ ਲਈ ਹੈ। ਅੜਿੱਕਿਆਂ ਦਾ ਆਮ ਆਦਮੀ ਨੂੰ ਰਾਹ ਨਾ ਲੱਭਦਾ ਹੋਵੇਗਾ, ਜਿਸ ਸੰਤ ਦੇ ਪਿੱਠ ਪਿੱਛੇ ਕੇਂਦਰ ਦੀ ਉਹ ਸਰਕਾਰ ਸਰਪ੍ਰਸਤ ਬਣੀ ਬੈਠੀ ਹੈ, ਜਿਸ ਦਾ ਸੰਸਾਰ ਵਿੱਚ 'ਡੰਕਾ ਵੱਜ ਰਿਹਾ ਹੈ', ਉਸ ਸੰਤ ਲਈ ਇਹ ਅੜਿੱਕੇ ਮਾਮੂਲੀ ਸਨ। ਮੇਲੇ ਦੇ ਉਦਘਾਟਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਅਗੇਤੀ ਹਾਂ ਕਰ ਦਿੱਤੀ ਤਾਂ ਰਵੀ ਸ਼ੰਕਰ ਸਾਹਿਬ ਲਈ 'ਸਈਆਂ ਭਏ ਕੋਤਵਾਲ, ਅਬ ਡਰ ਕਾਹੇ ਕਾ' ਵਾਲੀ ਸੁਖਾਵੀਂ ਸਥਿਤੀ ਓਦੋਂ ਹੀ ਬਣ ਗਈ। ਸਾਰਾ ਕੰਮ ਕਾਨੂੰਨ ਦੀ ਉਲੰਘਣਾ ਵਾਲਾ ਸੀ। ਜਦੋਂ ਦੇਸ਼ ਦੀ ਸੁਪਰੀਮ ਕੋਰਟ ਵਿੱਚ ਕੇਸ ਚਲਾ ਗਿਆ ਤੇ ਇਹ ਜਾਪਦਾ ਸੀ ਕਿ ਪੰਜ ਕਰੋੜ ਰੁਪਏ ਜੁਰਮਾਨਾ ਦੇਣ ਬਿਨਾਂ ਗੱਲ ਨਹੀਂ ਬਣਨੀ, ਰਵੀ ਸ਼ੰਕਰ ਨੇ ਓਦੋਂ ਵੀ ਇਹ ਕਿਹਾ ਸੀ ਕਿ ਜੇਲ੍ਹ ਚਲਾ ਜਾਊਂਗਾ, ਜੁਰਮਾਨਾ ਮੈਂ ਨਹੀਂ ਭਰੂੰਗਾ। ਇਸ ਦਾ ਸਿੱਧਾ ਅਰਥ ਇਹ ਸੀ ਕਿ ਉਹ ਦੇਸ਼ ਦੀ ਸਿਖਰਲੀ ਅਦਾਲਤ ਦਾ ਹੁਕਮ ਨਾ ਮੰਨਣ ਦੀ ਗੱਲ ਵੀ ਕਰਦਾ ਹੈ, ਪਰ ਕਿਸੇ ਨੇ ਇਸ ਪੱਖ ਨੂੰ ਨਹੀਂ ਸੀ ਗੌਲਿਆ। ਉਸ ਦੇ ਸਮਾਗਮ ਲਈ ਦਰਿਆ ਦੇ ਉੱਤੇ ਪੁਲ ਉਸਾਰਨ ਲਈ ਫੌਜ ਝੋਕ ਦਿੱਤੀ ਗਈ, ਜਿਹੜੀ ਦੇਸ਼ ਦੀ ਰਾਖੀ ਵਾਸਤੇ ਹੁੰਦੀ ਹੈ। ਪੁੱਛੇ ਜਾਣ ਉੱਤੇ ਦੇਸ਼ ਦਾ ਰੱਖਿਆ ਮੰਤਰੀ ਇਹ ਕਹਿਣ ਲੱਗ ਪਿਆ ਕਿ ਏਥੇ ਪੁਲ ਬਣਾਉਣ ਨੂੰ ਦਿੱਲੀ ਪੁਲਸ ਨੇ ਕਿਹਾ ਹੈ। ਕੇਂਦਰ ਦੇ ਕਹੇ ਉੱਤੇ ਕੇਜਰੀਵਾਲ ਦੀ ਸਰਕਾਰ ਪਿੱਛੇ ਡੰਡਾ ਘੁੰਮਾਉਣ ਵਾਲੀ ਦਿੱਲੀ ਪੁਲਸ ਨੇ ਰੱਖਿਆ ਮੰਤਰੀ ਦੀ ਗੱਲ ਕੱਟ ਕੇ ਉਸੇ ਦਿਨ ਇਹ ਕਹਿ ਦਿੱਤਾ ਕਿ ਉਨ੍ਹਾਂ ਨੇ ਪੁਲ ਬਣਾਉਣ ਨੂੰ ਬਿਲਕੁਲ ਨਹੀਂ ਕਿਹਾ, ਸਗੋਂ ਉਨ੍ਹਾਂ ਨੇ ਇਸ ਸਮਾਗਮ ਤੋਂ ਪੈਦਾ ਖਤਰਿਆਂ ਬਾਰੇ ਲਿਖਿਆ ਹੈ। ਫਿਰ ਵੀ ਕਿਸੇ ਨੇ ਪ੍ਰਵਾਹ ਨਹੀਂ ਕੀਤੀ, ਕਿਉਂਕਿ ਸੰਸਾਰ ਵਿੱਚ ਡੰਕੇ ਵੱਜਦੇ ਵਾਲਾ ਪ੍ਰਧਾਨ ਮੰਤਰੀ ਇਸ ਸਮਾਗਮ ਦੇ ਲਈ ਆਪ ਹਰ ਹੱਦ ਤੱਕ ਜਾਣ ਲਈ ਤਿਆਰ ਹੋਇਆ ਬੈਠਾ ਸੀ। ਸੰਤ ਜੀ ਦੀ ਧੰਨ-ਧੰਨ ਹੋ ਗਈ।
ਜਦੋਂ ਇਸ ਮੁੱਦੇ ਬਾਰੇ ਬਹਿਸ ਹੋ ਰਹੀ ਸੀ, ਰਵੀ ਸ਼ੰਕਰ ਦੀ ਸਮੱਰਥਕ ਇੱਕ ਬੀਬੀ ਜਦੋਂ ਵੀ ਸਮਾਗਮ ਵਾਲੇ ਥਾਂ ਜਮਨਾ ਦਰਿਆ ਵਿੱਚ ਗੰਦ ਪੈਣ ਬਾਰੇ ਜਵਾਬ ਦੇਂਦੀ ਸੀ, ਉਹ ਆਪ ਵੀ ਜਮਨਾ ਨੂੰ 'ਜਮਨਾ ਜੀ' ਕਹਿੰਦੀ ਸੀ ਤੇ ਬਹਿਸ ਵਿੱਚ ਸ਼ਾਮਲ ਬਾਕੀ ਲੋਕਾਂ ਨੂੰ ਵੀ ਕਹਿੰਦੀ ਸੀ ਕਿ 'ਜਮਨਾ ਜੀ' ਕਹੋ। ਪਹਿਲਾਂ ਗੰਗਾ ਦਰਿਆ ਨੂੰ 'ਗੰਗਾ ਜੀ' ਦੇ ਨਾਂਅ ਨਾਲ ਪੁਕਾਰਨ ਵਾਲਿਆਂ ਨੇ ਸਭ ਤੋਂ ਵੱਧ ਪਲੀਤ ਕੀਤਾ ਸੀ, ਹੁਣ 'ਜਮਨਾ ਜੀ' ਕਹਿ ਕੇ ਜਮਨਾ ਦਰਿਆ ਨੂੰ ਪਲੀਤ ਕਰਨ ਵਾਲੇ ਦਿੱਲੀ ਵਿੱਚ ਆਣ ਵੜੇ। ਗੰਗਾ ਪਵਿੱਤਰ ਹੁੰਦੀ ਸੀ, ਪਵਿੱਤਰ ਰਹਿਣ ਨਹੀਂ ਦਿੱਤੀ, ਪਰ ਉਸ ਨੂੰ ਅਜੇ ਵੀ 'ਗੰਗਾ ਜੀ' ਕਿਹਾ ਜਾਵੇ ਤਾਂ ਕੋਈ ਫਰਕ ਨਹੀਂ ਪੈਂਦਾ, ਜਮਨਾ ਨੂੰ ਕੋਈ 'ਜਮਨਾ ਜੀ' ਕਹਿ ਦੇਵੇ ਤਾਂ ਹਰਜ ਕੋਈ ਨਹੀਂ। ਏਦਾਂ ਹੀ ਭਾਰਤ ਦੀਆਂ ਕ੍ਰਿਸ਼ਨਾ, ਗੋਦਾਵਰੀ, ਸਰਸਵਤੀ ਨਦੀਆਂ ਤੋਂ ਤੁਰਦਿਆਂ ਹੁਣ ਬਿਆਸ ਨੂੰ ਕੁਝ ਲੋਕ 'ਬਿਆਸ ਜੀ' ਕਹਿਣ ਦਾ ਸੁਝਾਅ ਦੇਣ ਲੱਗ ਪਏ ਹਨ। ਪ੍ਰਕਾਸ਼ ਸਿੰਘ ਬਾਦਲ ਨੇ ਮੁਕਤਸਰ ਦੀ ਹਾਲਤ ਨਹੀਂ ਸੁਧਾਰੀ, ਇੱਕ ਵਾਰੀ ਮੁਕਤਸਰ ਤੋਂ 'ਮੁਕਤਸਰ ਸਾਹਿਬ' ਬਣਾ ਕੇ ਦੂਸਰੀ ਵਾਰੀ 'ਸ੍ਰੀ ਮੁਕਤਸਰ ਸਾਹਿਬ' ਲਿਖਣ ਦਾ ਹੁਕਮ ਜਾਰੀ ਕਰ ਕੇ ਫਿਰ ਮਾਛੀਵਾੜਾ ਤੋਂ 'ਮਾਛੀਵਾੜਾ ਸਾਹਿਬ' ਬਣਾ ਦਿੱਤਾ। ਹਾਲਤ ਸੁਧਾਰਨ ਜਾਂ ਗੰਦ ਸਾਫ ਕਰਨ ਦੀ ਲੋੜ ਨਹੀਂ, ਪੰਜਾਬ ਸਮੇਤ ਸਾਡੇ ਸਾਰੇ ਭਾਰਤ ਦੇ ਲੋਕ ਏਨੀ ਗੱਲ ਨਾਲ ਵੋਟਾਂ ਪਾ ਦੇਂਦੇ ਹਨ ਕਿ ਇੱਕ ਹੋਰ ਸ਼ਹਿਰ ਦੇ ਨਾਂਅ ਨਾਲ 'ਸ੍ਰੀ', 'ਸਾਹਿਬ' ਜਾਂ ਫਿਰ ਕਿਸੇ ਦਰਿਆ ਨਾਲ 'ਜੀ' ਲਾ ਦਿੱਤਾ ਗਿਆ ਹੈ। 'ਭਾਰਤ ਦੇ ਤਿੰਨ ਲਾਲ ਤੜਫਦੇ ਸੀ ਸਤਲੁਜ ਦੇ ਕੰਢੇ' ਦਾ ਗੀਤ ਸੁਣਦੇ ਹੁੰਦੇ ਸਾਂ, ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਨਾਂਅ ਨਾਲ ਜੁੜਦੇ ਉਸ ਸਤਲੁਜ ਨੂੰ ਵੀ ਹੁਣ ਸਾਨੂੰ 'ਸਤਲੁਜ ਜੀ' ਆਖਣ ਲਈ ਤਿਆਰ ਹੋਣਾ ਚਾਹੀਦਾ ਹੈ।
ਗੱਲ ਇਸ ਵਾਰੀ ਸੰਤ ਰਵੀ ਸ਼ੰਕਰ ਦੇ ਸਮਾਗਮ ਦੀ ਚੱਲੀ ਹੈ। ਇਸ ਸਮਾਗਮ ਲਈ ਹਰ ਕਾਨੂੰਨ ਤੋੜਿਆ ਤੇ ਹਰ ਹਦਾਇਤ ਦੀ ਉਲੰਘਣਾ ਕੀਤੀ ਗਈ ਹੈ। ਸਰਕਾਰ ਦੇ ਵਾਤਾਵਰਣ ਬਚਾਉਣ ਵਾਲੇ ਵਿਭਾਗ ਵੀ ਅਤੇ ਨਿਯਮਾਂ ਦੀ ਪਾਲਣਾ ਕਰਵਾਉਣ ਵਾਲੇ ਵੀ ਸੰਤ ਦੀ ਸੇਵਾ ਵਿੱਚ ਲੱਗੇ ਰਹੇ। ਨੇੜਲੇ ਖੇਤਾਂ ਵਾਲੇ ਕਿਸਾਨ ਰਗੜੇ ਗਏ ਹਨ। ਸਮਾਗਮ ਦੀ ਪਾਰਕਿੰਗ ਲਈ ਉਨ੍ਹਾਂ ਦੇ ਖੇਤਾਂ ਵਿੱਚ ਖੜੀ ਫਸਲ ਨੂੰ ਮਸ਼ੀਨਾਂ ਫੇਰ ਕੇ ਤਬਾਹ ਕਰ ਦਿੱਤਾ ਤੇ ਮੁਆਵਜ਼ੇ ਦੇ ਨਾਂਅ ਉੱਤੇ ਮਾਮੂਲੀ ਰਕਮ ਹੱਥਾਂ ਵਿੱਚ ਫੜਾ ਦਿੱਤੀ ਹੈ। ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਹਨ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਖੁਸ਼ਹਾਲ ਕਰਨਾ ਚਾਹੁੰਦੀ ਹੈ। ਖੁਸ਼ਹਾਲੀ ਦਾ ਇਹ ਮੰਤਰ ਦਿੱਲੀ ਵਿੱਚ ਲਾਗੂ ਹੁੰਦਾ ਪਿਆ ਹੈ।
ਸਾਡੇ ਕੋਲ ਸੰਤ ਰਵੀ ਸ਼ੰਕਰ ਦੇ ਖਿਲਾਫ ਨਿੱਜੀ ਪੱਧਰ ਦੀ ਕੋਈ ਖਾਸ ਗੱਲ ਨਹੀਂ, ਸਿਵਾਏ ਇਸ ਦੇ ਕਿ ਉਹ ਪਿਛਲੀਆਂ ਪਾਰਲੀਮੈਂਟ ਚੋਣਾਂ ਦੇ ਅਗੇਤੇ ਬੁੱਲਿਆਂ ਵੇਲੇ ਭਾਜਪਾ ਨਾਲ ਜੁੜਨ ਵਾਲਿਆਂ ਵਿੱਚ ਸ਼ਾਮਲ ਸੀ। ਦਿੱਲੀ ਵਿੱਚ ਜਦੋਂ ਯੋਗੀ ਰਾਮਦੇਵ ਕੁੱਟਿਆ ਗਿਆ ਤੇ ਫਿਰ ਉਸ ਨੇ ਹਰਦੁਆਰ ਜਾ ਕੇ ਮਰਨ-ਵਰਤ ਦਾ ਸਾਂਗ ਜਿਹਾ ਕਰਨਾ ਸ਼ੁਰੂ ਕੀਤਾ ਤਾਂ ਉਸ ਨੂੰ ਵਰਤ ਛੱਡਣ ਦੇ ਤਰਲੇ ਕਰਨ ਵਾਲੀ ਨੌਟੰਕੀ ਭਾਜਪਾ ਨੇ ਕਰਵਾਈ ਸੀ। ਉਸ ਨਾਟਕ ਦੀ ਸਕ੍ਰਿਪਟ ਉਸ ਭਾਜਪਾਈ ਲੇਖਕ ਨੇ ਲਿਖੀ ਸੀ, ਜਿਹੜਾ ਉਸ ਵਕਤ ਲਾਲ ਕ੍ਰਿਸ਼ਨ ਅਡਵਾਨੀ ਦਾ ਸੇਵਕ ਹੁੰਦਾ ਸੀ ਤੇ ਨਰਿੰਦਰ ਮੋਦੀ ਰਾਜ ਵਿੱਚ ਇੱਕ ਦਿਨ ਵਿਚਾਰੇ ਦੇ ਚਿਹਰੇ ਉੱਤੇ ਕਾਲਾ ਰੰਗ ਮਲ਼ ਦਿੱਤਾ ਗਿਆ ਸੀ। ਰੰਗ-ਮੰਚ ਦੇ ਮੈਨੇਜਰ ਦਾ ਰੋਲ ਓਦੋਂ ਦੇ ਉਤਰਾਂਚਲ ਪ੍ਰਦੇਸ਼ ਦੇ ਭਾਜਪਾ ਮੁੱਖ ਮੰਤਰੀ ਰਮੇਸ਼ ਪੋਖਰੀਆਲ ਨਿਸ਼ੰਕ ਦੇ ਕੋਲ ਸੀ। ਓਦੋਂ ਕੈਮਰਿਆਂ ਦੇ ਸਾਹਮਣੇ ਰਾਮਦੇਵ ਕਹੀ ਜਾਂਦਾ ਸੀ ਕਿ ਮੈਂ ਮਰਨ ਵਰਤ ਨਹੀਂ ਛੱਡਣਾ ਤੇ ਭਾਜਪਾ ਲੀਡਰਾਂ ਨਾਲ ਸੰਤ ਲੋਕ ਵਾਰੀ-ਵਾਰੀ ਜਾ ਕੇ ਕਹਿ ਰਹੇ ਸਨ ਕਿ ਯੋਗੀ ਜੀ, ਹੱਠ ਹੁਣ ਛੱਡ ਦਿਓ। ਇਸ ਦੌਰਾਨ ਇੱਕ ਦਿਨ ਬੜੇ ਜਾਹੋ-ਜਲਾਲ ਨਾਲ ਰਵੀ ਸ਼ੰਕਰ ਨੂੰ ਓਥੇ ਭੇਜਿਆ ਗਿਆ ਤੇ ਉਸ ਨੇ ਕਿਹਾ ਸੀ ਕਿ ਯੋਗੀ ਰਾਮਦੇਵ ਹੋਰ ਕਿਸੇ ਦੇ ਕਹੇ ਵਰਤ ਨਾ ਛੱਡੇ ਤਾਂ ਜਦੋਂ ਮੈਂ ਜਾ ਕੇ ਆਪਣਾ 'ਹੱਠ ਯੋਗ' ਸ਼ੁਰੂ ਕੀਤਾ, ਓਦੋਂ ਛੱਡ ਦੇਵੇਗਾ। ਸਿਆਸਤ ਨਾਲ ਸਾਂਝ ਦੀ ਇਹ ਸੋਚੀ-ਸਮਝੀ ਇੰਟਰੀ ਕਰ ਚੁੱਕੇ ਸੰਤ ਰਵੀ ਸ਼ੰਕਰ ਦੀ ਬਾਅਦ ਵਿੱਚ ਭਾਜਪਾ ਨਾਲ ਸਾਂਝ ਨਿਭਦੀ ਗਈ ਤੇ ਨਿਭੀ ਜਾ ਰਹੀ ਹੈ।
ਹੁਣ ਆਈਏ ਇਸ ਤਰ੍ਹਾਂ ਦੇ ਹੋਰ ਸਾਧਾਂ ਦੇ ਰਾਜਨੀਤੀ ਨਾਲ ਜੁੜਨ ਦੀ ਕਹਾਣੀ ਵੱਲ। ਧੀਰੇਂਦਰ ਬ੍ਰਹਮਚਾਰੀ ਦੀ ਗੱਲ ਕੀਤੀ ਜਾ ਸਕਦੀ ਹੈ, ਆਪਣੇ ਆਪ 'ਫਲਾਇੰਗ ਸਵਾਮੀ' ਦੱਸਣ ਵਾਲੇ ਸੰਤ ਦੀ ਵੀ ਅਤੇ ਚੰਦਰਾ ਸਵਾਮੀ ਦੀ ਵੀ, ਪਰ ਉਹ ਸਾਰੇ ਹੁਣ ਰਾਜਨੀਤਕ ਮੰਚ ਉੱਤੇ ਬੇਲੋੜੇ ਹੋ ਚੁੱਕੇ ਹਨ। ਨਵੇਂ ਸੰਤ ਅੱਗੇ ਖੜੇ ਹਨ। ਵੱਡਾ-ਛੋਟਾ ਇਨ੍ਹਾਂ ਵਿੱਚ ਕੋਈ ਨਹੀਂ, ਸਾਰੇ ਆਪੋ ਆਪਣੀ ਭੂਮਿਕਾ ਨਿਭਾਉਣ ਵਿੱਚ ਇੱਕ ਦੂਸਰੇ ਤੋਂ ਵੱਧ ਹਨ।
ਇਨ੍ਹਾਂ ਵਿੱਚੋਂ ਇੱਕ ਆਸਾ ਰਾਮ ਨਾਂਅ ਦਾ ਸੰਤ ਇਸ ਵੇਲੇ ਜੇਲ੍ਹ ਵਿੱਚ ਬੈਠਾ ਹੈ, ਜਿਸ ਨੂੰ ਸਿਆਸੀ ਆਗੂਆਂ ਨੇ 'ਬਾਪੂ' ਬਣਾਇਆ ਸੀ, ਪਰ ਹੁਣ ਕੋਈ ਜੇਲ੍ਹ ਵਿੱਚ ਉਸ ਨੂੰ ਮਿਲਣ ਨਹੀਂ ਜਾਂਦਾ। ਰੇਲਵੇ ਸਟੇਸ਼ਨ ਤੋਂ ਦਰਗਾਹ ਤੱਕ ਸਵਾਰੀਆਂ ਢੋਣ ਲਈ ਇੱਕ ਸਮੇਂ ਟਾਂਗਾ ਚਲਾਉਣ ਤੇ ਕੁਝ ਚਿਰ ਸਾਈਕਲਾਂ ਦੇ ਪੰਕਚਰ ਲਾਉਣ ਦਾ ਕੰਮ ਕਰਨ ਵੇਲੇ ਜਦੋਂ ਗੁਜ਼ਾਰਾ ਨਾ ਚੱਲਿਆ ਤਾਂ ਉਹ ਸਾਧ ਬਣ ਗਿਆ ਸੀ। ਉਸ ਨੂੰ ਪਹਿਲਾਂ ਕਾਂਗਰਸ ਵਾਲਿਆਂ ਨੇ ਹੀ ਚੁੱਕਿਆ ਸੀ ਤੇ ਰਿਕਾਰਡ ਇਸ ਗੱਲ ਦਾ ਗਵਾਹ ਹੈ ਕਿ ਸਾਢੇ ਚੌਦਾਂ ਹਜ਼ਾਰ ਵਰਗ ਮੀਟਰ ਦਾ ਪਹਿਲਾ ਪਲਾਟ ਗੁਜਰਾਤ ਦੇ ਕਾਂਗਰਸੀ ਮੁੱਖ ਮੰਤਰੀ ਮਾਧਵ ਸਿੰਘ ਸੋਲੰਕੀ ਦੀ ਕ੍ਰਿਪਾ ਸਦਕਾ ਉਸ ਨੂੰ ਮਿਲਿਆ ਸੀ। ਬਾਅਦ ਵਿੱਚ ਆਸਾ ਰਾਮ ਨੇ ਕਾਂਗਰਸ ਦਾ ਪਾਣੀ ਲੱਥਦਾ ਅਤੇ ਚੁਸਤ ਕਾਂਗਰਸੀਆਂ ਨੂੰ ਭਾਜਪਾ ਵੱਲ ਭੱਜਦੇ ਵੇਖਿਆ ਤਾਂ ਉਨ੍ਹਾਂ ਦੇ ਨਾਲ ਹੀ ਉਹ ਵੀ ਭਾਜਪਾ ਆਗੂਆਂ ਦਾ 'ਬਾਪੂ' ਜਾ ਬਣਿਆ। ਭਾਜਪਾ ਦੇ ਕੇਸ਼ੂ ਭਾਈ ਪਟੇਲ ਦੀ ਸਰਕਾਰ ਨੇ ਆਸਾ ਰਾਮ ਨੂੰ ਪੰਝੀ ਹਜ਼ਾਰ ਵਰਗ ਮੀਟਰ ਦਾ ਪਲਾਟ ਦੇ ਦਿੱਤਾ ਤੇ ਸਾਰੇ ਦੇਸ਼ ਵਿੱਚ ਜਿੱਥੇ ਕਿਤੇ ਭਾਜਪਾ ਸਰਕਾਰਾਂ ਸਨ, ਉਹ ਆਸਾ ਰਾਮ ਲਈ ਪਲਾਟ ਕੱਟਣ ਲੱਗ ਪਈਆਂ। ਕਾਂਗਰਸੀਆਂ ਨੇ ਮੋੜਾ ਪਾਉਣ ਲਈ ਆਪਣੀਆਂ ਸਰਕਾਰਾਂ ਤੋਂ ਕੁਝ ਪਲਾਟ ਦਿਵਾਏ, ਪਰ ਉਹ ਪਲਾਟ ਲੈਣ ਦੇ ਬਾਅਦ ਅੱਖਾਂ ਫੇਰ ਜਾਂਦਾ ਰਿਹਾ ਤੇ ਨਰਿੰਦਰ ਮੋਦੀ ਦੇ ਉਭਾਰ ਤੱਕ ਭਾਜਪਾ ਆਗੂਆਂ ਦਾ ਪੱਕਾ ਆੜੀ ਬਣਿਆ ਰਿਹਾ। ਮੋਦੀ ਨਾਲ ਕਿਸੇ ਗੱਲੋਂ ਰੇੜਕਾ ਪਿਆ ਤਾਂ ਕੇਸ ਬਣਨ ਲੱਗ ਪਏ ਅਤੇ ਹੁਣ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਉਸ ਨੂੰ ਜੇਲ੍ਹੋਂ ਨਹੀਂ ਨਿਕਲਣ ਦਿੱਤਾ ਜਾ ਰਿਹਾ। ਉਸ ਉੱਤੇ ਕਤਲ ਦੇ ਕੇਸ ਹਨ, ਜ਼ਮੀਨ-ਜਾਇਦਾਦਾਂ ਦੀ ਧੋਖਾਧੜੀ ਦੇ ਵੀ ਅਤੇ ਉਹੋ ਜਿਹੇ ਕੇਸ ਵੀ ਹਨ, ਜਿਹੜੇ ਸੰਤਾਂ ਨੂੰ ਸ਼ੋਭਾ ਦੇਣ ਵਾਲੇ ਨਹੀਂ।
ਫਿਰ ਇੱਕ ਯੋਗੀ ਬਾਬਾ ਰਾਮਦੇਵ ਉੱਭਰ ਪਿਆ। ਇਹ ਵੀ ਭਾਜਪਾ ਦਾ ਭਾਈਬੰਦ ਬਾਅਦ ਵਿੱਚ ਬਣਿਆ ਸੀ, ਪਹਿਲਾਂ ਇਸ ਦੀ ਜੜ੍ਹ ਕਾਂਗਰਸ ਵਾਲਿਆਂ ਦੀ ਕ੍ਰਿਪਾ ਸਦਕਾ ਲੱਗੀ ਸੀ। ਕਈ ਰਾਜਾਂ ਵਿੱਚ ਇਸ ਨੂੰ ਕਾਂਗਰਸ ਰਾਜ ਦੇ ਕਾਰਨ ਪਲਾਟ ਦਿੱਤੇ ਜਾਣ ਦਾ ਕੰਮ ਏਨੇ ਖੁੱਲ੍ਹੇ ਰੂਪ ਵਿੱਚ ਹੋਇਆ ਕਿ ਕੋਈ ਅਧਿਕਾਰੀ ਰਾਹ ਰੋਕਣ ਜੋਗੀ ਹਿੰਮਤ ਨਹੀਂ ਸੀ ਕਰ ਸਕਦਾ। ਅੰਨਾ ਹਜ਼ਾਰੇ ਦੇ ਭ੍ਰਿਸ਼ਟਾਚਾਰ ਵਿਰੋਧੀ ਮੋਰਚੇ ਤੋਂ ਲੋਕਾਂ ਦਾ ਧਿਆਨ ਪਾਸੇ ਪਾਉਣ ਲਈ ਇਸ ਨੂੰ ਕਾਂਗਰਸ ਪਾਰਟੀ ਨੇ ਵਿਦੇਸ਼ ਤੋਂ ਕਾਲਾ ਧਨ ਦੇਸ਼ ਵਿੱਚ ਵਾਪਸ ਲਿਆਉਣ ਦੇ ਰਾਹ ਆਪ ਪਾਇਆ ਸੀ। ਰੱਫੜ ਓਦੋਂ ਪੈ ਗਿਆ, ਜਦੋਂ ਉਹ ਦਿੱਲੀ ਵਿੱਚ ਰਾਮ ਲੀਲ੍ਹਾ ਮੈਦਾਨ ਵਿੱਚ ਧਰਨਾ ਮਾਰਨ ਪੁੱਜਾ ਤੇ ਪਹਿਲਾਂ ਖਬਰ ਪੁੱਜ ਗਈ ਕਿ ਉਹ ਭਾਜਪਾ ਨਾਲ ਅੱਖ ਮਿਲਾ ਚੁੱਕਾ ਹੈ। ਕਾਂਗਰਸੀਆਂ ਨੇ ਕਹਿ ਦਿੱਤਾ ਕਿ ਧਰਨਾ ਮਾਰਨ ਤੋਂ ਪਹਿਲਾਂ ਲਿਖ ਕੇ ਦੇਵੇ ਕਿ ਕੱਲ੍ਹ ਚਾਰ ਵਜੇ ਉੱਠ ਜਾਵਾਂਗਾ। ਉਸ ਨੇ ਲਿਖ ਦਿੱਤਾ ਤੇ ਇਸੇ ਤੋਂ ਬਾਅਦ ਡਾਂਗ-ਸੋਟਾ ਚੱਲਿਆ ਸੀ ਤੇ ਫਿਰ ਉਹ ਦਿੱਲੀ ਛੱਡ ਕੇ ਭਾਜਪਾ ਦੇ ਰਾਜ ਵਾਲੇ ਉੱਤਰਾਖੰਡ ਜਾ ਪਹੁੰਚਿਆ ਸੀ।
ਏਨੀ ਕੁ ਦਲ-ਬਦਲੀ ਨਾਲ ਰਾਮਦੇਵ ਲਈ ਭਾਜਪਾ ਸਰਕਾਰਾਂ ਨੇ ਗੱਫਿਆਂ ਦੀ ਝੜੀ ਲਾ ਦਿੱਤੀ। ਹਿਮਾਚਲ ਪ੍ਰਦੇਸ਼ ਦੀ ਓਦੋਂ ਦੀ ਭਾਜਪਾ ਸਰਕਾਰ ਨੇ ਉਸ ਨੂੰ ਪੈਂਤੀ ਕਰੋੜ ਮੁੱਲ ਵਾਲੀ ਅਠਾਈ ਏਕੜ ਜ਼ਮੀਨ ਨੜਿੰਨਵੇਂ ਸਾਲਾਂ ਲਈ ਸਿਰਫ ਇੱਕ ਰੁਪਏ ਸਾਲਾਨਾ ਕਿਰਾਏ ਉੱਤੇ ਦੇ ਦਿੱਤੀ। ਨਰਿੰਦਰ ਮੋਦੀ ਸਰਕਾਰ ਆਈ ਤੇ ਫਿਰ ਮਹਾਰਾਸ਼ਟਰ ਵਿੱਚ ਭਾਜਪਾ ਸਰਕਾਰ ਦੇ ਬਣਨ ਦਾ ਸਬੱਬ ਬਣਿਆ ਤਾਂ ਸਿਰਫ ਹੇਮਾ ਮਾਲਿਨੀ ਨੂੰ ਗਲਤ ਪਲਾਟ ਹੀ ਨਹੀਂ ਸੀ ਦਿੱਤਾ ਗਿਆ, ਰਾਮਦੇਵ ਵਾਲੀ ਸੰਸਥਾ ਨੂੰ ਵੀ ਵਿਦਰਭ ਖੇਤਰ ਵਿੱਚ ਤਿੰਨ ਥਾਈਂ ਵੰਡ ਕੇ ਛੇ ਸੌ ਏਕੜ ਜ਼ਮੀਨ ਦੇ ਦਿੱਤੀ ਗਈ। ਹੁਣ ਆਸਾਮ ਵਿੱਚ ਵਿਧਾਨ ਸਭਾ ਚੋਣ ਹੋਣ ਵਾਲੀ ਹੈ ਤਾਂ ਓਥੋਂ ਖਬਰ ਆ ਗਈ ਹੈ ਕਿ ਭਾਜਪਾ ਦਾ ਬੋਡੋਲੈਂਡ ਪੀਪਲਜ਼ ਫਰੰਟ ਨਾਲ ਵਲ-ਵਲਾਵੇਂ ਦਾ ਗੱਠਜੋੜ ਬਣਦੇ ਸਾਰ ਬੋਡੋਲੈਂਡ ਟੈਰੀਟੋਰੀਅਲ ਕੌਂਸਲ ਨੇ 3800 ਏਕੜ ਜ਼ਮੀਨ ਰਾਮਦੇਵ ਦੇ ਅਦਾਰੇ ਨੂੰ ਅਲਾਟ ਕਰ ਦਿੱਤੀ ਹੈ। ਬੋਡੋਲੈਂਡ ਪੀਪਲਜ਼ ਫਰੰਟ ਦਾ ਮੁਖੀ ਹਾਗਰਾਮਾ ਮੋਹਿਲਾਰੀ ਹੈ, ਜਿਹੜਾ ਪਹਿਲਾਂ ਗੈਰ-ਕਾਨੂੰਨ ਮੰਨੀ ਜਾਂਦੀ ਰਹੀ ਬੋਡੋ ਲਿਬਰੇਸ਼ਨ ਟਾਈਗਰਜ਼ ਫੋਰਸ ਦਾ ਮੁਖੀ ਸੀ ਤੇ ਦਸੰਬਰ 2003 ਵਿੱਚ ਵਾਜਪਾਈ ਸਰਕਾਰ ਨਾਲ ਸਮਝੌਤਾ ਕਰ ਕੇ ਮੁੱਖ ਧਾਰਾ ਵੱਲ ਮੁੜਿਆ ਸੀ। ਉਸ ਤੋਂ ਮਹੀਨਾ ਕੁ ਪਿੱਛੋਂ ਬਣੀ ਬੋਡੋਲੈਂਡ ਟੈਰੀਟੋਰੀਅਲ ਕੌਂਸਲ ਦਾ ਉਸ ਨੂੰ ਮੁਖੀ ਬਣਾ ਦਿੱਤਾ ਗਿਆ। ਹੁਣ ਪੰਜਾਬ ਸਰਕਾਰ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਬਾਬਾ ਰਾਮਦੇਵ ਦੀ ਪਾਤੰਜਲੀ ਪੀਠ ਨੂੰ ਪੰਜਾਬ ਦੇ ਵਿਕਾਸ ਵਿੱਚ ਯੋਗਦਾਨ ਦਾ ਮੌਕਾ ਦੇਣਾ ਹੈ।
ਅਸੀਂ ਇਹ ਫੇਰ ਕਹਿ ਸਕਦੇ ਹਾਂ ਕਿ ਸ੍ਰੀ ਸ੍ਰੀ ਰਵੀ ਸ਼ੰਕਰ ਦੇ ਖਿਲਾਫ ਕਹਿਣ ਲਈ ਨਿੱਜੀ ਤੌਰ ਉੱਤੇ ਸਾਡੇ ਕੋਲ ਕੁਝ ਨਹੀ, ਪਰ ਇਹ ਗੱਲ ਸਾਰਾ ਦੇਸ਼ ਜਾਣਦਾ ਹੈ ਕਿ ਉਸ ਨੇ ਆਪਣਾ ਜਲੌਅ ਵਧਾਉਣ ਦੇ ਲਈ ਦਿੱਲੀ ਵਿੱਚ ਜਿੱਦਾਂ ਦਾ ਜਲਸਾ ਜੋੜਿਆ ਹੈ, ਉਸ ਦੇ ਲਈ ਨਿਯਮ ਤੋੜਨ ਵਿੱਚ ਕੋਈ ਕਸਰ ਨਹੀਂ ਛੱਡੀ। ਕਮਾਲ ਦੀ ਗੱਲ ਹੈ ਕਿ ਰਵੀ ਸ਼ੰਕਰ ਇਹ ਕਹਿੰਦਾ ਹੈ ਕਿ ਉਹ ਲੋਕਾਂ ਨੂੰ ਜਿਊਣ ਦੀ ਜਾਚ ਦੱਸੇਗਾ। ਆਰਟ ਆਫ ਲਿਵਿੰਗ ਜ਼ਿੰਦਾਬਾਦ। ਬਾਬੇ ਕਹਿੰਦੇ ਹੁੰਦੇ ਸਨ ਕਿ 'ਸਾਧਾਂ ਨੂੰ ਕੀ ਸਵਾਦਾਂ ਨਾਲ', ਪਰ ਨਵੇਂ ਯੁੱਗ ਵਿੱਚ ਸਾਰੇ ਸਵਾਦਾਂ ਦਾ ਚਸਕਾ ਸਾਧਾਂ ਤੇ ਉਨ੍ਹਾਂ ਦੇ ਬਾਲਕਿਆਂ ਦਾ ਹੱਕ ਬਣਦਾ ਜਾ ਰਿਹਾ ਹੈ। ਸੰਤ ਰਵੀ ਸ਼ੰਕਰ ਕਹਿੰਦਾ ਹੈ ਕਿ ਭਾਰਤ ਦੇ ਨਾਗਰਿਕਾਂ ਵਿੱਚ ਏਦਾਂ ਦੀ ਦੇਸ਼ਭਗਤੀ ਪੈਦਾ ਕਰਨੀ ਹੈ ਕਿ ਏਥੇ ਕੋਈ ਗਲਤ ਕੰਮ ਨਹੀਂ ਹੋਣਾ ਚਾਹੀਦਾ। ਆਪ ਗਲਤ ਕੰਮ ਕਰਨ ਪਿੱਛੋਂ ਆਮ ਲੋਕਾਂ ਲਈ ਠੀਕ ਰਾਹ ਚੱਲਣ ਦਾ ਉਪਦੇਸ਼ ਹਾਰੀ-ਸਾਰੀ ਬੰਦਾ ਨਹੀਂ ਵੰਡ ਸਕਦਾ। ਇਸ ਕੰਮ ਲਈ ਬੰਦੇ ਨੂੰ ਪਹਿਲਾਂ ਏਨਾ ਖਾਸ ਬਣਨਾ ਚਾਹੀਦਾ ਹੈ ਕਿ ਉਸ ਦਾ ਗਲਤ ਕੀਤਾ ਵੀ ਕਿਸੇ ਨੂੰ ਗਲਤ ਨਜ਼ਰ ਨਾ ਆਵੇ। ਉਸ ਦੇ ਨਾਲ ਖੱਬੇ-ਸੱਜੇ ਇਸ ਦੇਸ਼ ਦੇ ਪ੍ਰਧਾਨ ਮੰਤਰੀ ਦੇ ਪੱਧਰ ਦੇ ਆਗੂ ਖੜੇ ਦਿੱਸਣੇ ਚਾਹੀਦੇ ਹਨ, ਉਸ ਮਾਹੌਲ ਵਿੱਚ ਇਹ ਗਾਉਣ ਦਾ ਮੁਕੰਮਲ ਮਜ਼ਾ ਆਉਂਦਾ ਹੈ, 'ਯੇ ਮੇਰਾ ਇੰਡੀਆ, ਆਈ ਲਵ ਮਾਈ ਇੰਡੀਆ'।
12 March 2016