'ਇਕ ਖੱਤ ਈਸਟ ਇੰਡੀਆ ਕੰਪਨੀ ਦੇ ਨਾਮ' - ਰਣਜੀਤ ਕੌਰ ਤਰਨ ਤਾਰਨ
ਭਾਰਤੀ ਬਾਸ਼ਿੰਦੇ ਆਪਣੇ ਹਿਰਦੇ ਦੀ ਤੜਪਦੀ ਤਹਿ ਵਿਚੌਂ ਬੇਨਤੀ ਕਰਦੇ ਹਨ-----
ਕੰਪਨੀ ਜੀ ਅਸੀਂ ਤੈਨੂੰ ਕੱਢ ਕੇ ਬਹੁਤ ਦੁਖੀ ਹਾਂ ਕ੍ਰਿਪਾ ਕਰਕੇ ਤੂੰ ਫਿਰ ਆ ਤੇ ਆ ਕੇ ਇਸ ਡੁਬਦੇ ਜਾਂਦੇ ਮੁਲਕ ਨੂੰ ਬਚਾ ਲੈ।ਜਾਲਮ ਤਾਂ ਤੂੰ ਵੀ ਬਹੁਤ ਸੀ ਪਰ ਤੂੰ ਗੈਰ ਸੀ,ਤੇ ਤੇਰੇ ਕੋਲੋਂ ਜੋ ਵੀ ਜੁਲਮ ਢਾਹੇ ਗਏ ਉਸ ਵਿੱਚ ਸਾਡੇ ਆਪਣਿਆਂ ਦਾ ਕੋਝਾ ਹੱਥ ਜਿਆਦਾ ਸੀ।
ਤੈਨੂੰ ਸੱਭ ਕੁਝ ਪਤਾ ਹੈ ਫਿਰ ਵੀ ਥੋੜੇ ਸ਼ਬਦਾਂ ਵਿੱਚ ਹਾਲਾਤ ਕੁਝ ਇਸ ਤਰਾਂ ਹਨ-
ਸੰਤਾਲੀ ਤੋਂ ਬਾਦ ਗੋਰੇ ਤੇ ਚਲੇ ਗਏ ,ਕਾਲੇ ਅੰਗਰੇਜਾਂ ਨੇ ਇਸਦੇ ਪਰਖਚੇ ਉਡਾਉਣੇ ਸ਼ੁਰੂ ਕਰ ਦਿੱਤੇ। ਬੱਸ ਭੂੱਖੇ ਦੀ ਧੀ ਰੱਜੀ ਤੇ ਖੇਹ ਉਡਾਉਣ ਲਗੀ''। ਦੇਸ਼ ਪ੍ਰੇਮੀ ਤਾਂ ਦੁਨੀਆ ਛੱਡ ਗਏ ਤੇ ਦੇਸ਼ ਧਰੋਹੀਆਂ ਦੇ ਹੱਥ ਬਟੇਰਾ ਆ ਗਿਆ।
ਰੇਲਾਂ ਜਿੰਨੀਆਂ ਤੁਸੀਂ ਚਲਾ ਗਏ ਚਲਾ ਗਏ ਇਹਨਾਂ ਉਸ ਤੋਂ ਅੱਗੇ ਕਸ਼ਟ ਨਹੀਂ ਕੀਤਾ।
ਸਕੂਲ਼ ਹਸਪਤਾਲ ਜੋ ਤੁਸਾਂ ਬਣਾਏ ਸੀ ਉਹਨਾ ਵਿਚੋ ਬਹੁਤੇ ਇਹਨਾਂ ਬੰਦ ਕਰ ਦਿੱਤੇ ਇਸ ਡਰ ਤੋਂ ਕਿ ਜੇ ਕਿਤੇ ਵੋਟਰ ਜਾਗਰੂਕ ਹੋ ਗਏ ਤਾਂ ਇਹਨਾਂ ਨੇਤਾਵਾਂ ਦੇ ਐਸ਼ ਮੁੱਕ ਜਾਣਗੇ।
ਰੋਡਵੇਜ਼,ਬਿਜਲੀ ਮਾਲ ਮਹਿਕਮਿਆਂ ਦਾ ਨਿਜੀਕਰਣ ਕਰ ਕੇ ਆਪਣੇ ਖਾਤੇ ਬਣਾ ਲਏ।
ਲੋਕ ਤੰਤਰ ਦੇ ਨਾਮ ਜੋਂਕ ਤੰਤਰ ਕਾਇਮ ਹੋ ਗਿਆ।ਮੱਧ ਵਰਗ ਤੇ ਕਈ ਤਰਾਂ ਦੇ ਜਜੀਆ ਟੈਕਸ।
ਜੋ ਕੋਈ ਭੂੱਲ ਭੁਲੇਖੇ ਰੱਬ ਨੇ ਚੰਗਾ ਨੇਤਾ ਭੇਜ ਵੀ ਦਿੱਤਾ, ਸ਼ੇੈਤਾਨਾਂ ਨੇ ਉਸਨੂੰ ਰੱਬ ਦੇ ਘਰ ਭਿਜਵਾ ਦਿੱਤਾ।
ਸੱਤਰ ਸਾਲ ਬਾਦ ਹੁਣ ਜਨਤਾ ਦੀ ਸਮਝ ਵਿੱਚ ਆਇਆ ਹੈ ਕਿ ਦੇਸ਼ ਆਜ਼ਾਦ ਕਰਾਉਣ ਦੇ ਇਨਕਲਾਬ ਵਿੱਚ ਇਹਨਾਂ ਆਗੂਆਂ ਦੇ ਕੁੱਤੇ ਬਿਲੀ ਨੂੰ ਵੀ ਝਰੀਟ ਕਿਉਂ ਨਹੀਂ ਸੀ ਆਈ,ਦੇਸ਼ ਪ੍ਰੇਮੀ ਕਿਉਂ ਮਰਵਾ ਦਿੱਤੇ ਗਏ।
ਉਹੀ ਜਿਹਨਾਂ ਨੇ ਆਪਣੇ ਪਰਿਵਾਰ ਤੱਕ ਦੇਸ਼ ਤੋਂ ਵਾਰ ਦਿੱਤੇ ਉਹ ਦਰ ਬਦਰ ਕਰ ਦਿੱਤੇ ਗਏ,ਤੇ ਸ਼ੈਤਾਨ ਤਖ਼ਤਾਂ ਤੇ ਕਾਬਜ਼ ਹੋ ਗਏ।ਤੇ ਖਾਕੀ ਲਾਠੀ ਦੇ ਆਸਰੇ ਰਾਜਾਸ਼ਾਹੀ ਤੇ ਜਗੀਰੂ ਨਿਯਾਮ ਕਾਇਮ ਕਰ ਲਿਆ।
ਪਹਿਲਾਂ ਵੀ ਲੋਕ ਵਲਾਇਤ ਨੂੰ ਜਾਂਦੇ ਰਹੇ ਕਈਆਂ ਨੇ ਸਿਆਸੀ ਪਨਾਹ ਵੀ ਲਈ।ਤੇ ਅੱਜ ਕਲ ਰੋਜ਼ ਜਹਾਜ ਭਰ ਭਰ ਕੇ ਜਵਾਨ ਪੜ੍ਹੈ ਅੱਧਪੜ੍ਹ ਅਨ੍ਹਪੜ੍ਹ ਜਿੰਮੀਦਾਰ ਸੱਭ ਜਿਹਨਾਂ ਨੂੰ ਕੱਢਣ ਲਈ ਯਤੀਮ ਹੋਏ ਉਹਨਾਂ ਦੇ ਹੀ ਤਲਵੇ ਚਟਣ ਵਿਦੇਸ਼ੀਂ ਵਹੀਰਾਂ ਘੱਤ ਰਹੇ ਹਨ।
ਚੀਫ ਮਾਰਸ਼ਲ ਨੂੰ ਫੀਤੀਆਂ ਲਾਉਣ ਤੋਂ ਪਹਿਲਾਂ ਉਸਦੀ ਜਮੀਰ ਪਾਰਲੀਮੈਂਟ ਹਾਉਸ ਵਿੱਚ ਰਖਵਾ ਲਈ ਜਾਂਦੀ ਹੇੈ,ਤੇ ਸਹੁੰ ਚੁਕਣ ਤੋਂ ਪਹਿਲਾਂ ਉਸਦੀ ਆਤਮਾ ਰਾਖ ਕਰ ਦਿੱਤੀ ਜਾਂਦੀ ਹੈ।ਉਹ ਬੇਜਮੀਰਾ,ਬੇਰੂਹ ਬੁੱਤ ਜਿਹਾ ਕੁਰਸੀ ਤੇ ਬੈਠ ਆਪਣੇ ਹੀ ਭੇੈਣ ਭਰਾਵਾਂ ਦੀ ਹੁੰਦੀ ਕੁੱਟ ਲੁਟ ਦਾ ਮੂਕ ਦਰਸ਼ਕ ਗੂੰਗਾ ਬੋਲਾ ਹੀ ਸੇਵਾ ਮੁਕਾ ਘਰ ਤੁਰ ਜਾਂਦਾ ਹੈ। ਆਈ.ਏ ਅੇਸ. ਥੇ ਆਈ ਪੀ ਅੇਸ ਨੂੰ ਆਪਣੀ ਚਮੜੀ ਬਚਾਉਣ ਦੇ ਆਹਰ ਵਿੱਚ ਹੀ ਉਮਰ ਗੁਜਾਰ ਜਾਂਦੇ ਹਨ।
ਅਪਨੀ ਹੀ ਹੱਕ ਹਲਾਲ ਦੀ ਜਮ੍ਹਾ ਪੂੰਜੀ ਵਰਤਣ ਦੀ ਆਗਿਆ ਲੈਣੀ ਪੈਂਦੀ ਹੈ .।ਆਰਥਿਕ ਨਾਂਬਰਾਬਰੀ ਤੇ ਆਰਥਿਕ ਗੁਲਾਮੀ ਦੋ ਕਾਨੂੰਨ ਲਾਗੂ ਹਨ।ਯੂੰ ਸਮਝ ਲਓ ਕਿ ਕੁਲ ਪੰਜ ਹਜਾਰ ਅਜਗਰ ਹਨ ਜੋ ਵੀਹ ਹਜਾਰ ਕੋਬਰਾ ਬਾਉਂਸਰ ਪਾਲ ਕੇ ਇਕਸੌ ਤੀਹ ਕਰੋੜ ਨੂੰ ਦਰੜੀ ਜਾ ਰਹੇ ਹਨ।ਪੁਰਨ ਚੰਡਾਲ ਚੌਕੜੀ ਪਸਰੀ ਹੋਈ ਹੇ।
ਜਿਆਦਾ ਵੇਰਵੇ ਲਿਖਣ ਦੀ ਲੋੜ ਤਾਂ ਹੈ ਨਹੀਂ ਮੀਡੀਆ ਨੇ ਸੱਭ ਕੁਝ ਤੇਰੇ ਤਕ ਪੁਚਾ ਦਿੱਤਾ ਹੋਵੇਗਾ।ਬੱਸ ਇੰਨਾ ਸਮਝ ਲਓ ਕਿ---
'' ਸ਼ਾਹ ਮੁਹਮੰਦਾ ਇਕ ਸਰਕਾਰ ਬਾਝੌਂ ਫੋਜਾਂ ਜਿੱਤਕੇ ਅੰਤ ਨੂੰ ਹਾਰੀਆ ਨੇ''॥
ਇਸ ਲਈ ਹੱਥ ਪੈਰ ਜੋੜ ਕੇ ਗੁਜਾਰਿਸ਼ ਹੈ ਕਿ ਸਾਡੇ ਦੇਸ਼ ਮੁੜ ਆਉਣ ਦੀ ਕ੍ਰਿਪਾਲਤਾ ਕਰੋ ਜੀ।
ਰਣਜੀਤ ਕੌਰ ' ਗੁੱਡੀ ਤਰਨ ਤਾਰਨ