ਜਾਤੀ ਨਫ਼ਰਤ ਦਾ ਗ੍ਰਹਿਣ - ਸਵਰਾਜਬੀਰ
ਸਾਰੇ ਦੇਸ਼ ਵਿਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਬਾਰੇ ਭਰਪੂਰ ਚਰਚਾ ਛਿੜੀ ਹੋਈ ਹੈ। ਕੋਈ ਪਾਰਟੀ ਬੇਰੁਜ਼ਗਾਰੀ, ਰਿਸ਼ਵਤਖੋਰੀ ਤੇ ਕਿਸਾਨ ਸੰਕਟ ਦੇ ਮੁੱਦੇ ਉਭਾਰ ਰਹੀ ਹੈ ਅਤੇ ਕੋਈ ਪਾਰਟੀ ਰਾਸ਼ਟਰਵਾਦ, ਰਾਮ ਮੰਦਰ, ਕੌਮੀ ਸੁਰੱਖਿਆ ਅਤੇ ਗਵਾਂਢੀ ਦੇਸ਼ ਨੂੰ ਸਬਕ ਸਿਖਾਉਣ ਦੇ। ਰਾਸ਼ਟਰਵਾਦ ਦੇ ਮੁੱਦੇ ਬਾਰੇ ਚਰਚਾ ਕਰਦਿਆਂ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਾਡੇ ਦੇਸ਼ ਦੀ ਸੱਭਿਅਤਾ ਸਭ ਤੋਂ ਮਹਾਨ ਹੈ। ਮਰਿਆਦਾ ਤੇ ਰਵਾਇਤਾਂ ਦੀ ਮਹਾਨਤਾ ਦੀ ਚਰਚਾ ਦੇ ਨਾਲ ਨਾਲ ਇਸ ਦੇਸ਼ ਵਿਚ ਕੁਝ ਇਹੋ ਜਿਹਾ ਵਾਪਰਿਆ ਹੈ ਜਿਸ ਉੱਤੇ ਬਹੁਤ ਘੱਟ ਚਰਚਾ ਹੋਈ ਹੈ। ਦੁਨੀਆਂ ਦੇ ਚੋਟੀ ਦੇ ਚਾਰ ਸੌ ਵਿਦਵਾਨਾਂ ਨੇ ਇੰਡੀਅਨ ਇੰਸਟੀਟਿਊਟ ਆਫ਼ ਟੈਕਨਾਲੋਜੀ (ਆਈਆਈਟੀ) ਕਾਨਪੁਰ ਵਿਚ ਪੜ੍ਹਾ ਰਹੇ ਸਹਾਇਕ ਪ੍ਰੋਫ਼ੈਸਰ ਸੁਬਰਾਮਨੀਅਮ ਸਦਰੇਲਾ ਦੀ ਹਮਾਇਤ ਵਿਚ ਆਵਾਜ਼ ਉਠਾਈ ਹੈ ਜਿਸ ਨੂੰ ਉਸ ਸੰਸਥਾ ਵਿਚ ਜਾਤੀਵਾਦੀ ਘਿਰਣਾ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਇਨ੍ਹਾਂ ਵਿਦਵਾਨਾਂ ਵਿਚ ਆਸਾਮ ਦੇ ਮਸ਼ਹੂਰ ਲੇਖਕ ਹਿਰਨ ਗੋਹਾਈਂ ਤੋਂ ਲੈ ਕੇ ਮੈਸੇਚਿਊਟਸ ਇੰਸਟੀਟਿਊਟ ਆਫ਼ ਟੈਕਨਾਲੋਜੀ ਦੇ ਨਿਓਮ ਚੌਮਸਕੀ ਤਕ ਸ਼ਾਮਲ ਹਨ। ਪ੍ਰਾਪਤ ਖ਼ਬਰਾਂ ਅਨੁਸਾਰ ਪਹਿਲਾਂ ਤਾਂ ਡਾ. ਸਦਰੇਲਾ ਨੂੰ ਜਾਤੀ ਦਵੈਸ਼ ਤੇ ਘਿਰਣਾ ਦਾ ਨਿਸ਼ਾਨਾ ਬਣਾਇਆ ਗਿਆ ਅਤੇ ਇਸ ਤੋਂ ਬਾਅਦ ਜਾਤੀ ਨਫ਼ਰਤ ਦੀ ਗਹਿਰ ਏਨੀ ਜ਼ਿਆਦਾ ਚੜ੍ਹੀ ਕਿ ਤਥਾਕਥਿਤ ਉੱਚੀਆਂ ਜਾਤੀਆਂ ਨਾਲ ਸਬੰਧਤ ਪ੍ਰਾਅਧਿਆਪਕਾਂ ਨੇ ਉਸ ਦੇ ਪੀਐੱਚਡੀ ਦੇ ਥੀਸਿਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਡਾ. ਸਦਰੇਲਾ ਆਂਧਰਾ ਪ੍ਰਦੇਸ਼ ਦੀ ਇਕ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਦਾ ਹੈ ਅਤੇ ਉਸ ਨੇ ਬੀਟੈੱਕ, ਐੱਮਟੈੱਕ ਅਤੇ ਪੀਐੱਚਡੀ ਦੀਆਂ ਡਿਗਰੀਆਂ ਆਈਆਈਟੀ ਕਾਨਪੁਰ ਤੋਂ ਹਾਸਲ ਕੀਤੀਆਂ ਹਨ।
ਇਹ ਸਾਰਾ ਘਟਨਾਕ੍ਰਮ ਅਗਸਤ 2017 ਵਿਚ ਸ਼ੁਰੂ ਹੋਇਆ। ਬਾਕੀ ਆਈਆਈਟੀ ਸੰਸਥਾਵਾਂ ਵਾਂਗ ਕਾਨਪੁਰ ਆਈਆਈਟੀ ਵਿਚ ਵੀ ਅਨੁਸੂਚਿਤ ਜਾਤੀਆਂ ਤੇ ਕਬੀਲਿਆਂ ਨਾਲ ਸਬੰਧਤ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਸੰਖਿਆ ਬਹੁਤ ਘੱਟ ਹੈ। ਇਸ ਲਈ ਉਨ੍ਹਾਂ ਉਮੀਦਵਾਰਾਂ, ਜੋ ਰਾਖਵੀਆਂ ਸ਼੍ਰੇਣੀਆਂ ਨਾਲ ਸਬੰਧ ਰੱਖਦੇ ਹਨ, ਤੋਂ ਵੱਖ ਵੱਖ ਆਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ। ਆਈਆਈਟੀ ਵਿਚ ਕਿਸੇ ਵੀ ਸਹਾਇਕ ਪ੍ਰੋਫ਼ੈਸਰ ਦੀ ਚੋਣ ਕਰਨ ਦਾ ਢੰਗ-ਤਰੀਕਾ ਕਾਫ਼ੀ ਪਾਰਦਰਸ਼ੀ ਹੈ ਅਤੇ ਉਮੀਦਵਾਰ ਨੂੰ ਆਖ਼ਰੀ ਚੋਣ ਕਮੇਟੀ ਦੇ ਸਾਹਮਣੇ ਪਹੁੰਚਣ ਤੋਂ ਪਹਿਲਾਂ ਕਈ ਪੜਾਵਾਂ ਵਿਚੋਂ ਗੁਜ਼ਰਨਾ ਪੈਂਦਾ ਹੈ। ਪਹਿਲੇ ਪੜਾਅ ਉੱਤੇ ਵਿਭਾਗ ਦੀ ਸਲਾਹਕਾਰ ਕਮੇਟੀ (ਡਿਪਾਰਟਮੈਂਟ ਫੈਕਲਟੀ ਅਡਵਾਇਜ਼ਰੀ ਕਮੇਟੀ) ਉਮੀਦਵਾਰਾਂ ਨੂੰ ਇਕ ਸੈਮੀਨਾਰ ਦੇਣ ਲਈ ਕਹਿੰਦੀ ਹੈ ਅਤੇ ਇਸ ਤੋਂ ਬਾਅਦ ਇਸ ਕਮੇਟੀ ਦੁਆਰਾ ਚੁਣੇ ਹੋਏ ਉਮੀਦਵਾਰਾਂ ਬਾਰੇ ਸੰਸਥਾ ਦੀ ਸਲਾਹਕਾਰ ਕਮੇਟੀ (ਇੰਸਟੀਟਿਊਟ ਫੈਕਲਟੀ ਅਡਵਾਇਜ਼ਰੀ ਕਮੇਟੀ) ਨਾਲ ਗੱਲਬਾਤ ਕੀਤੀ ਜਾਂਦੀ ਹੈ। ਆਖ਼ਰੀ ਚੋਣ ਕਮੇਟੀ ਸੰਸਥਾ ਦੇ ਡਾਇਰੈਕਟਰ ਦੀ ਅਗਵਾਈ ਵਿਚ ਹੁੰਦੀ ਹੈ ਜਿਸ ਵਿਚ ਬਾਹਰ ਤੋਂ ਤਿੰਨ ਮਾਹਿਰ ਸੱਦੇ ਜਾਂਦੇ ਹਨ। ਡਾ. ਸਦਰੇਲਾ ਇਹੋ ਜਿਹੀ ਕਠਿਨ ਪ੍ਰਕਿਰਿਆ ਰਾਹੀਂ ਏਅਰੋਸਪੇਸ ਇੰਜੀਨੀਅਰਿੰਗ ਵਿਭਾਗ ਲਈ ਚੁਣਿਆ ਗਿਆ। ਉਸ ਲਈ ਇਹ ਚੋਣ ਉਸ ਦੇ ਸੁਪਨੇ ਦਾ ਸਾਕਾਰ ਹੋਣਾ ਸੀ ਕਿਉਂਕਿ ਉਸ ਨੇ ਸਾਰੀ ਪੜ੍ਹਾਈ ਉਸੇ ਸੰਸਥਾ ਤੋਂ ਕੀਤੀ ਸੀ।
ਜਿਉਂ ਹੀ ਉਸ ਨੇ ਵਿਭਾਗ ਵਿਚ ਕੰਮ ਕਰਨਾ ਸ਼ੁਰੂ ਕੀਤਾ ਤਾਂ ਜਾਤੀਵਾਦੀ ਸੋਚ ਰੱਖਣ ਵਾਲੇ ਕੁਝ ਪ੍ਰੋਫ਼ੈਸਰਾਂ ਨੇ ਉਹਦੇ ਵਿਰੁੱਧ ਤਰ੍ਹਾਂ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾਉਣੀਆਂ ਸ਼ੁਰੂ ਕੀਤੀਆਂ। ਇਹ ਪ੍ਰਚਾਰ ਕੀਤਾ ਗਿਆ ਕਿ ਵਿਭਾਗ ਦਾ ਪੱਧਰ ਡਿੱਗ ਰਿਹਾ ਹੈ ਅਤੇ ਡਾ. ਸਦਰੇਲਾ ਦੀ ਚੋਣ ਹੀ ਗ਼ਲਤ ਸੀ। ਇਸ ਬਾਰੇ ਸੰਸਥਾ ਦੇ ਬੋਰਡ ਆਫ਼ ਗਵਰਨਰਜ਼ ਨੂੰ ਈਮੇਲ ਭੇਜੀ ਗਈ। ਡਾ. ਸਦਰੇਲਾ ਇਸ ਤੋਂ ਬਹੁਤ ਦੁਖੀ ਹੋਇਆ ਅਤੇ ਉਸ ਨੇ ਕਾਰਜਕਾਰੀ ਡਾਇਰੈਕਟਰ ਨੂੰ ਮਿਲ ਕੇ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ। ਉਹਦੇ ਵਿਰੁੱਧ ਨਫ਼ਰਤ ਭਰਿਆ ਪ੍ਰਚਾਰ ਵਧਦਾ ਗਿਆ ਅਤੇ ਇਹੋ ਜਿਹੀ ਈਮੇਲ ਥਾਂ ਥਾਂ 'ਤੇ ਭੇਜੀ ਗਈ ਜਿਸ ਵਿਚ ਇਹ ਕਿਹਾ ਗਿਆ ਕਿ ਇਸ ਜਾਤੀ ਨਾਲ ਸਬੰਧਤ ਪੜ੍ਹਾਉਣ ਵਾਲੇ ਦਾ ਆਉਣਾ ਸੰਸਥਾ ਲਈ ਇਕ ਤਰ੍ਹਾਂ ਦਾ ਸਰਾਪ ਹੈ। ਕਾਰਜਕਾਰੀ ਡਾਇਰੈਕਟਰ ਨੇ ਤੱਥ ਲੱਭਣ ਲਈ ਕਮੇਟੀ ਬਣਾਈ ਅਤੇ ਸੁਲ੍ਹਾ-ਸਫ਼ਾਈ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਜਾਤੀਵਾਦ ਦਾ ਪ੍ਰਚਾਰ ਕਰਨ ਵਾਲੇ ਪ੍ਰੋਫ਼ੈਸਰਾਂ ਨੂੰ ਇਹ ਮਨਜ਼ੂਰ ਨਹੀਂ ਸੀ। ਬੋਰਡ ਆਫ਼ ਗਵਰਨਰਜ਼ ਨੇ ਇਕ ਸੇਵਾਮੁਕਤ ਜੱਜ ਤੋਂ ਜਾਂਚ ਕਰਾਉਣ ਦਾ ਫ਼ੈਸਲਾ ਲਿਆ। ਇਸੇ ਹੀ ਸਮੇਂ ਡਾ. ਸਦਰੇਲਾ ਨੇ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਕੌਮੀ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਅਤੇ ਕਮਿਸ਼ਨ ਨੇ ਸਿਫ਼ਾਰਸ਼ ਕੀਤੀ ਕਿ ਚਾਰ ਪ੍ਰੋਫ਼ੈਸਰਾਂ ਦੇ ਵਿਰੁੱਧ ਐੱਫ਼ਆਈਆਰ ਦਰਜ ਕਰਾਈ ਜਾਵੇ। ਇਨ੍ਹਾਂ ਪ੍ਰੋਫ਼ੈਸਰਾਂ ਨੇ ਕਮਿਸ਼ਨ ਦੇ ਆਦੇਸ਼ ਵਿਰੁੱਧ ਅਲਾਹਾਬਾਦ ਹਾਈ ਕੋਰਟ ਤੋਂ ਸਟੇਅ ਲੈ ਲਈ।
ਅਲਾਹਾਬਾਦ ਹਾਈ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਐੱਸ.ਜ਼ੈੱਡ. ਸਦੀਕੀ ਨੂੰ ਜਾਂਚ ਸੌਂਪੀ ਗਈ। ਜਸਟਿਸ ਸਦੀਕੀ ਨੇ ਪੜਤਾਲ ਕਰਕੇ ਇਹ ਪਾਇਆ ਕਿ ਚਾਰ ਪ੍ਰੋਫ਼ੈਸਰਾਂ ਨੇ ਅਨੁਸੂਚਿਤ ਜਾਤੀਆਂ/ਜਨਜਾਤੀਆਂ ਬਾਰੇ ਐਕਟ ਦੀਆਂ ਕਈ ਧਾਰਾਵਾਂ ਦੀ ਉਲੰਘਣਾ ਕੀਤੀ ਅਤੇ ਉਨ੍ਹਾਂ ਦਾ ਵਿਵਹਾਰ ਅਸੱਭਿਅਕ ਸੀ। ਰਿਪੋਰਟ ਬੋਰਡ ਆਫ਼ ਗਵਰਨਰਜ਼ ਵਿਚ ਪੇਸ਼ ਕੀਤੀ ਗਈ ਅਤੇ ਉਸ 'ਤੇ ਉੱਚਿਤ ਕਾਰਵਾਈ ਕਰਦਿਆਂ ਤਿੰਨ ਪ੍ਰੋਫ਼ੈਸਰਾਂ ਦੇ ਅਹੁਦੇ ਘਟਾ ਦਿੱਤੇ ਗਏ ਅਤੇ ਇਕ ਨੂੰ ਚਿਤਾਵਨੀ ਦਿੱਤੀ ਗਈ। ਇਸ ਤੋਂ ਬਾਅਦ ਇਹ ਦੋਸ਼ ਲੱਗਣੇ ਸ਼ੁਰੂ ਹੋਏ ਕਿ ਡਾ. ਸਦਰੇਲਾ ਨੇ ਆਪਣੇ ਪੀਐੱਚਡੀ ਦੇ ਥੀਸਿਸ ਵਿਚ ਦੂਸਰੇ ਸਰੋਤਾਂ ਤੋਂ ਨਕਲ ਮਾਰੀ ਸੀ। ਇਸ ਦੀ ਨਿਰਖ-ਪਰਖ ਦੌਰਾਨ ਇਹ ਪਾਇਆ ਗਿਆ ਕਿ ਉਸ ਦੇ ਪੀਐੱਚਡੀ ਦੇ ਥੀਸਿਸ ਵਿਚ ਮੁੱਖ-ਬੰਦ (ਜਾਣ-ਪਛਾਣ) ਤੇ ਪੁਰਾਣੀ ਖੋਜ ਬਾਰੇ ਜਾਣਕਾਰੀ ਦੇਣ ਵਾਲੇ ਅਧਿਆਇ ਵਿਚ ਕੁਝ ਹਿੱਸੇ ਇਕ ਪਹਿਲੇ ਥੀਸਿਸ ਤੋਂ ਲਏ ਗਏ ਸਨ। ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਅਕਾਦਮਿਕ ਨੈਤਿਕ ਸੈੱਲ, ਜਿਸ ਨੇ ਇਹ ਜਾਂਚ-ਪੜਤਾਲ ਕੀਤੀ, ਨੂੰ ਉਸ ਦੀ ਖੋਜ ਤੇ ਖੋਜ ਤੋਂ ਪ੍ਰਾਪਤ ਸਿੱਟਿਆਂ ਵਿਚ ਕੋਈ ਵੀ ਗ਼ਲਤੀ ਨਾ ਲੱਭੀ। ਇਸ ਲਈ ਉਸ ਨੂੰ ਆਪਣੇ ਥੀਸਿਸ ਵਿਚ ਬਦਲਾਓ ਕਰਕੇ ਦੁਬਾਰਾ ਪੇਸ਼ ਕਰਨ ਲਈ ਕਿਹਾ ਗਿਆ। ਇਹ ਮਾਮਲਾ ਹੱਲ ਹੋਣ ਵਾਲਾ ਹੀ ਸੀ ਕਿ ਜਾਤੀਵਾਦੀ ਘਿਰਣਾ ਫੈਲਾਉਣ ਵਾਲਿਆਂ ਨਵਾਂ ਦਾਅ ਖੇਡਿਆ ਤੇ ਇਹ ਪ੍ਰਚਾਰ ਕੀਤਾ ਕਿ ਉਸ ਨੇ ਆਪਣੇ ਐੱਮਟੈੱਕ ਦੇ ਥੀਸਿਸ ਵਿਚ ਵੀ ਨਕਲ ਮਾਰੀ ਸੀ। ਜਦ ਪਾਣੀ ਸਿਰ ਤੋਂ ਲੰਘਦਾ ਦਿਖਾਈ ਦਿੱਤਾ ਤਾਂ ਡਾ. ਸਦਰੇਲਾ ਨੇ ਚਾਰ ਪ੍ਰੋਫ਼ੈਸਰਾਂ ਅਤੇ ਅਣਜਾਣ ਸਰੋਤਾਂ ਤੋਂ ਈਮੇਲ ਭੇਜਣ ਵਾਲਿਆਂ ਵਿਰੁੱਧ ਫ਼ੌਜਦਾਰੀ ਕੇਸ ਦਰਜ ਕਰਾਇਆ। ਜਾਤੀਵਾਦੀ ਤੱਤ ਇਕੱਠੇ ਹੁੰਦੇ ਗਏ ਅਤੇ ਸੈਨੇਟ ਵਿਚ ਇਹ ਮਤਾ ਪਾਸ ਕਰਵਾਇਆ ਗਿਆ ਕਿ ਉਸ ਦੀ ਪੀਐੱਚਡੀ ਦੀ ਡਿਗਰੀ ਰੱਦ ਕੀਤੀ ਜਾਏ। ਇਸ ਸੰਦਰਭ ਵਿਚ ਵੀ 160 ਦੇਸ਼ਾਂ ਦੇ ਚਾਰ ਸੌ ਪ੍ਰਸਿੱਧ ਵਿਦਵਾਨਾਂ ਨੇ ਉਸ ਦੀ ਹਮਾਇਤ ਵਿਚ ਆਵਾਜ਼ ਉਠਾਈ ਹੈ ਜਿਨ੍ਹਾਂ ਵਿਚ ਮਸ਼ਹੂਰ ਅਮਰੀਕਨ ਗਣਿਤ ਵਿਗਿਆਨੀ ਡੇਵਿਡ ਮਮਫੋਰ, ਭਾਰਤੀ ਭੌਤਿਕ ਵਿਗਿਆਨੀ ਅਸ਼ੋਕ ਸੇਨ, ਚਿੰਤਕ ਅਚਿਨ ਵਿਨਾਇਕ ਅਤੇ ਹੋਰ ਬਹੁਤ ਸਾਰੇ ਵਿਦਵਾਨ ਸ਼ਾਮਲ ਹਨ।
ਉੱਪਰ ਦਿੱਤਾ ਗਿਆ ਘਟਨਾਕ੍ਰਮ ਇਹ ਦਰਸਾਉਂਦਾ ਹੈ ਕਿ ਸਾਡੇ ਦੇਸ਼ ਵਿਚ ਮਹਾਨ ਰਵਾਇਤਾਂ ਹੋਣ ਅਤੇ ਉਨ੍ਹਾਂ ਦਾ ਪ੍ਰਚਾਰ ਕੀਤੇ ਜਾਣ ਦੇ ਬਾਵਜੂਦ ਵਰਣ-ਆਸ਼ਰਮ ਅਤੇ ਜਾਤ-ਪਾਤ ਨਾਲ ਸਬੰਧਤ ਧਾਰਨਾਵਾਂ ਕਿੰਨੀ ਡੂੰਘੀ ਤਰ੍ਹਾਂ ਨਾਲ ਲੋਕਾਂ ਦੇ ਮਨ ਵਿਚ ਘਰ ਕਰ ਚੁੱਕੀਆਂ ਹਨ। ਇਸ ਸਬੰਧ ਵਿਚ ਹੋਏ ਪੱਖਪਾਤ ਕਾਰਨ ਦੇਸ਼ ਦੇ ਵੱਡੇ ਵਰਗਾਂ ਨੂੰ ਸੈਂਕੜੇ ਵਰ੍ਹੇ ਨਾ ਸਿਰਫ਼ ਵਿੱਦਿਆ ਤੋਂ ਵਿਰਵਾ ਰੱਖਿਆ ਗਿਆ ਸਗੋਂ ਉਨ੍ਹਾਂ ਨੂੰ ਘੋਰ ਅਪਮਾਨ ਦਾ ਸਾਹਮਣਾ ਵੀ ਕਰਨਾ ਪਿਆ। ਅਨੁਸੂਚਿਤ ਜਾਤੀਆਂ ਨਾਲ ਸਬੰਧਤ ਲੋਕਾਂ ਨੂੰ ਮੰਦਰਾਂ ਵਿਚ ਜਾਣ ਦੀ ਇਜਾਜ਼ਤ ਨਹੀਂ ਸੀ ਅਤੇ ਉਹ ਛੂਆ-ਛਾਤ ਦੇ ਭਿਅੰਕਰ ਵਰਤਾਰੇ ਦਾ ਸ਼ਿਕਾਰ ਹੋਏ। ਉਨ੍ਹਾਂ ਦੇ ਰਹਿਣ ਲਈ ਪਿੰਡਾਂ ਦੇ ਵੱਖ ਹਿੱਸੇ ਨਿਸ਼ਚਿਤ ਕੀਤੇ ਗਏ ਅਤੇ ਜਾਇਦਾਦ ਸਬੰਧੀ ਅਧਿਕਾਰਾਂ ਤੋਂ ਵਿਰਵੇ ਕੀਤਾ ਗਿਆ। ਦੇਸ਼ ਵਿਚ ਪੁਰਾਣੇ ਸਮਿਆਂ ਤੋਂ ਬੁੱਧ ਧਰਮ ਅਤੇ ਮੱਧਕਾਲੀਨ ਸਮਿਆਂ ਵਿਚ ਭਗਤੀ ਲਹਿਰ ਦੇ ਵੱਖ ਵੱਖ ਆਗੂਆਂ, ਜਿਨ੍ਹਾਂ ਵਿਚ ਭਗਤ ਕਬੀਰ, ਭਗਤ ਰਵਿਦਾਸ, ਗੁਰੂ ਨਾਨਕ ਦੇਵ, ਭਗਤ ਨਾਮਦੇਵ ਅਤੇ ਹੋਰ ਪ੍ਰਮੁੱਖ ਸੰਤ ਸ਼ਾਮਲ ਹਨ, ਨੇ ਜਾਤ-ਪਾਤ ਵਿਰੁੱਧ ਆਵਾਜ਼ ਉਠਾਈ। ਜਾਤ-ਪਾਤ ਦੀ ਇਸ ਘ੍ਰਿਣਤ ਸਮਾਜਿਕ ਵੰਡ ਕਾਰਨ ਹੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਛਾਣ ਦਮਿਤ ਅਤੇ ਦਲਿਤ ਲੋਕਾਂ ਦੇ ਸਮਰਥਕ ਵਜੋਂ ਕੀਤੀ ''ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥'' ਅਜੋਕੇ ਸਮੇਂ ਵਿਚ ਜਿਓਤਿਰਬਾ ਫੂਲੇ, ਭੀਮ ਰਾਓ ਅੰਬੇਦਕਰ ਅਤੇ ਕਾਮਰੇਡ ਮੰਗੂ ਰਾਮ ਨੇ ਇਸ ਵਿਦਰੋਹ ਨੂੰ ਨਵੇਂ ਤੇਵਰ ਦਿੱਤੇ।
ਆਜ਼ਾਦੀ ਤੋਂ ਬਾਅਦ ਛੂਆ-ਛਾਤ ਵਿਰੁੱਧ ਕਾਨੂੰਨ ਬਣਾਏ ਗਏ ਤੇ ਕੁਝ ਬਦਲਾਓ ਆਇਆ ਪਰ ਅੱਜ ਵੀ ਤਥਾਕਥਿਤ ਉੱਚੇ ਵਰਣਾਂ ਤੇ ਜਾਤਾਂ ਨਾਲ ਸਬੰਧ ਰੱਖਣ ਵਾਲੇ ਬਹੁਤ ਸਾਰੇ ਲੋਕ ਜਾਤੀ ਹਉਮੈ ਦਾ ਸ਼ਿਕਾਰ ਹਨ ਅਤੇ ਦੂਸਰੇ ਵਰਣਾਂ ਤੇ ਜਾਤਾਂ ਨਾਲ ਸਬੰਧਤ ਲੋਕਾਂ ਨੂੰ ਘਿਰਣਾ ਨਾਲ ਵੇਖਦੇ ਹਨ। ਉਹ ਇਸ ਨਫ਼ਰਤ ਨੂੰ ਇਕ ਖ਼ਾਸ ਤਰ੍ਹਾਂ ਦੀ ਅਧਿਆਤਮਕਤਾ ਦੇ ਪਰਦੇ ਹੇਠ ਛੁਪਾ ਲੈਂਦੇ ਹਨ ਅਤੇ ਇਹ ਕਹਿਣ ਦੀ ਕੋਸ਼ਿਸ਼ ਕਰਦੇ ਹਨ ਕਿ ਦੇਸ਼ ਵਿਚ ਹਰ ਕੰਮ ਉਨ੍ਹਾਂ ਲੋਕਾਂ ਦੁਆਰਾ ਕੀਤਾ ਜਾਣਾ ਚਾਹੀਦਾ ਹੈ ਜਿਹੜੇ 'ਲਾਇਕ' ਅਤੇ 'ਯੋਗ' ਹਨ। ਲਿਆਕਤ, ਕਾਬਲੀਅਤ ਅਤੇ ਯੋਗਤਾ ਦਾ ਇਹ 'ਅਧਿਆਤਮ' ਦੇਸ਼ ਦੇ ਪਛੜੇ ਵਰਗ ਦੇ ਲੋਕਾਂ ਨੂੰ ਮੁੱਖ ਧਾਰਾ ਤੋਂ ਪਰ੍ਹੇ ਰੱਖਣਾ ਲੋਚਦਾ ਹੈ। ਇਹੀ ਕਾਰਨ ਹੈ ਕਿ ਦੇਸ਼ ਦੀਆਂ ਅਖ਼ਬਾਰਾਂ, ਮੀਡੀਆ ਚੈਨਲਾਂ ਅਤੇ ਅਕਾਦਮਿਕ ਅਦਾਰਿਆਂ ਵਿਚ ਇਸ ਘਟਨਾ ਬਾਰੇ ਕੋਈ ਵੱਡੀ ਚਰਚਾ ਨਹੀਂ ਹੋਈ। ਜੇਕਰ ਡਾ. ਸਦਰੇਲਾ, ਜੋ ਆਈਆਈਟੀ ਕਾਨਪੁਰ ਤੋਂ ਵਿੱਦਿਆ ਪ੍ਰਾਪਤ ਵਿਦਵਾਨ ਹੈ, ਨੂੰ ਘਿਰਣਾ ਭਰੇ ਪ੍ਰਚਾਰ ਦਾ ਸਾਹਮਣਾ ਕਰਦੇ ਹੋਏ ਅਜਿਹੀਆਂ ਮੁਸ਼ਕਲਾਂ ਉਠਾਉਣੀਆਂ ਪਈਆਂ ਹਨ ਤਾਂ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਘੱਟ ਪੜ੍ਹੇ-ਲਿਖੇ ਤੇ ਅਨਪੜ੍ਹ ਲੋਕਾਂ ਨੂੰ ਜੋ ਮੁਸ਼ਕਲਾਂ ਉਠਾਉਣੀਆਂ ਪੈਂਦੀਆਂ ਹਨ, ਉਨ੍ਹਾਂ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ। ਅਸੀਂ ਆਪਣੀ ਮਰਿਆਦਾ ਤੇ ਰਵਾਇਤਾਂ ਦੀ ਵਡਿਆਈ ਦੀਆਂ ਜਿੰਨੀਆਂ ਵੀ ਡੀਂਗਾਂ ਮਾਰੀਏ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਾਡੇ ਸਮਾਜ ਨੂੰ ਅੱਜ ਵੀ ਜਾਤ-ਪਾਤ ਦੇ ਵਖਰੇਵੇਂ ਦਾ ਗ੍ਰਹਿਣ ਲੱਗਾ ਹੋਇਆ ਹੈ।
07 April 2019