ਸੰਤ ਸਿਪਾਹੀ ਦੀ ਸਿਰਜਨਾ : ਇੱਕ ਅਨੌਖਾ ਕੌਤਕ - ਜਸਵੰਤ ਸਿੰਘ 'ਅਜੀਤ'
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਰੂਪੀ ਸੰਤ ਸਿਪਾਹੀ ਦੀ ਸਿਰਜਨਾ ਨੂੰ ਸੰਪੂਰਨ ਕਰਦਿਆਂ 'ਸੀਸ ਭੇਟ' ਕਰਨ ਦੀ ਮੰਗ ਕਰਦਿਆਂ ਜੋ ਕੌਤਕ ਰਚਾਇਆ, ਉਸਨੂੰ ਵੇਖ-ਸੁਣ ਪੰਡਾਲ ਵਿੱਚ ਸਜੀ ਸੰਗਤ ਵਿੱਚ ਬੈਠੇ ਹਰ ਕਿਸੇ ਦੀਆਂ ਅੱਖਾਂ ਵਿਚ ਇਹੀ ਇਕੋ-ਇੱਕ ਸੁਆਲ ਸੀ, ਕਿ ਗੁਰੂ ਸਾਹਿਬ ਨੇ ਇਹ ਕੀ, ਕਿਵੇਂ ਅਤੇ ਕਿਉਂ ਕੌਤਕ ਵਰਤਾਇਆ ਹੈ? ਪਰ ਕਿਸੇ ਕੋਲ ਵੀ ਇਸ ਸੁਆਲ ਦਾ ਜਵਾਬ ਨਹੀਂ ਸੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿਸ ਸੁਆਲ ਦਾ ਜੁਆਬ ਉਸ ਸਮੇਂ ਕਿਸੇ ਵਲੋਂ ਵੀ ਨਹੀਂ ਸੀ ਦਿੱਤਾ ਜਾ ਸਕਿਆ, ਉਸੇ ਸੁਆਲ ਦਾ ਜੁਆਬ ਅੱਜ ਦੇ ਵਿਦਵਾਨ ਆਪੋ-ਆਪਣੀ ਕਲਪਨਾ ਦੇ ਸਹਾਰੇ ਦੇ ਰਹੇ ਹਨ। ਪ੍ਰਿੰਸੀਪਲ ਤੇਜਾ ਸਿੰਘ ਅਤੇ ਡਾ. ਗੰਡਾ ਸਿੰਘ 'ਸਿੱਖ ਇਤਿਹਾਸ' ਵਿਚ ਲਿਖਦੇ ਹਨ : 'ਤੀਜੀ ਵਾਰ ਦੀ ਆਵਾਜ਼ ਤੇ ਲਾਹੌਰ ਦਾ ਇਕ ਖੱਤਰੀ ਦਯਾ ਰਾਮ ਆਪਣੀ ਥਾਂ ਤੋਂ ਉੱਠਿਆ ਅਤੇ ਆਪਣੇ ਆਪਨੂੰ ਕੁਰਬਾਨੀ ਲਈ ਪੇਸ਼ ਕੀਤਾ। ਗੁਰੂ ਜੀ ਉਸਨੂੰ ਨਾਲ ਲੱਗਦੇ ਇਕ ਅਹਾਤੇ ਵਿਚ ਲੈ ਗਏ, ਜਿੱਥੇ ਕੁਝ ਬੱਕਰੇ ਬੰਨ੍ਹੇ ਹੋਏ ਸਨ। ਉਸ ਸਿੱਖ ਨੂੰ ਉੱਥੇ ਬਿਠਾ ਕੇ ਇਕ ਬੱਕਰਾ ਝਟਕਾ ਦਿੱਤਾ ਗਿਆ''
ਇਹ 'ਖੋਜ' ਪੂਰਣ ਜਾਣਕਾਰੀ ਪੰਥ ਦੇ ਪ੍ਰਸਿੱਧ ਵਿਦਵਾਨਾਂ ਪ੍ਰਿੰਸੀਪਲ ਤੇਜਾ ਸਿੰਘ ਅਤੇ ਡਾ. ਗੰਡਾ ਸਿੰਘ ਨੇ ਹੀ ਨਹੀਂ, ਸਗੋਂ ਹੋਰ ਵੀ ਬਹੁਤ ਸਾਰੇ ਵਿਦਵਾਨਾਂ ਨੇ ਵੀ ਆਪਣੀਆਂ ''ਖੋਜ ਪੂਰਨ'' ਪੁਸਤਕਾਂ ਵਿਚ ਬਿਆਨ ਕੀਤੀ ਹੈ। ਪਰ ਇਸ ਗੱਲ ਨੂੰ ਕਿਸੇ ਨੇ ਸਪੱਸ਼ਟ ਨਹੀਂ ਕੀਤਾ ਕਿ ਇਹ 'ਬੱਕਰੇ' ਗੁਰੂ ਸਾਹਿਬ ਨੇ ਕਿਸ ਰਾਹੀਂ ਮੰਗਵਾ ਕੇ ਬੰਨ੍ਹੇ ਸਨ, ਜਾਂ ਫਿਰ ਗੁਰੂ ਸਾਹਿਬ ਆਪ ਹੀ ਇਨ੍ਹਾ ਨੂੰ ਕਿਧਰੋਂ ਲਿਆਏ ਸਨ? ਇਥੇ ਇਹ ਸੁਆਲ ਵੀ ਉੱਠਦਾ ਕਿ ਜੇ ਸੱਚਮੁੱਚ ਹੀ ਗੁਰੂ ਸਾਹਿਬ ਨੇ ਸਿੰਘਾਂ ਦੀ ਬਜਾਏ ਝਟਕਾਉਣ ਲਈ ਬੱਕਰੇ ਬੰਨ੍ਹੇ ਹੋਏ ਸਨ ਤਾਂ ਜਦੋਂ ਗੁਰੂ ਸਾਹਿਬ ਨੇ ਇਕ ਤੋਂ ਬਾਅਦ ਇਕ ਕਰਕੇ ਪੰਜ ਬੱਕਰੇ ਝਟਕਾਏ ਤਾਂ ਕੀ ਇਤਨੇ ਲੰਮੇ ਸਮੇਂ ਵਿਚ ਇਨ੍ਹਾਂ ਬੱਕਰਿਆਂ ਵਿਚੋਂ ਕਿਸੇ ਇਕ ਨੇ ਵੀ ਆਵਾਜ਼ ਨਹੀਂ ਸੀ ਕੱਢੀ? ਜਦਕਿ ਦੁਨੀਆਂ ਜਾਣਦੀ ਹੈ ਕਿ ਜੇ ਕਿਧਰੇ ਇਕ ਬੱਕਰਾ ਵੀ ਬੰਨ੍ਹਿਆ ਜਾਂ ਰੱਖਿਆ ਗਿਆ ਹੋਵੇ, ਉਹ ਚੁੱਪ ਕਰਕੇ ਨਹੀਂ ਖਲੋ ਸਕਦਾ, ਫਿਰ ਇਥੇ ਤਾਂ ਘੱਟੋ-ਘੱਟ ਪੰਜ ਬੱਕਰੇ ਬੰਨ੍ਹੇ ਗਏ ਹੋਣਗੇ? ਜੇ ਇਹ ਬੱਕਰੇ ਆਪਣੀ ਆਵਾਜ਼ ਕੱਢਦੇ ਰਹੇ ਤਾਂ ਕੀ ਦੀਵਾਨ ਵਿਚ ਬੈਠੀਆਂ ਸੰਗਤਾਂ ਨੂੰ ਉਨ੍ਹਾਂ ਦੀ ਆਵਾਜ਼ ਸੁਣਾਈ ਨਹੀਂ ਸੀ ਦਿੰਦੀ ਰਹੀ?
ਜੇ ਬੱਕਰਿਆਂ ਦੀ ਅਵਾਜ਼ ਦੀਵਾਨ ਵਿਚ ਜੁੜੀਆਂ ਸੰਗਤਾਂ ਤੱਕ ਪੁੱਜਦੀ ਰਹੀ ਸੀ ਤਾਂ ਉਨ੍ਹਾਂ ਵਿਚੋਂ ਬਹੁਤਿਆਂ ਨੂੰ ਡਰ ਕੇ ਦੀਵਾਨ ਵਿਚੋਂ ਉੱਠ ਜਾਣ ਦੀ ਕੀ ਲੋੜ ਸੀ? ਕੀ ਬੱਕਰਿਆਂ ਦੀ ਆਵਾਜ਼ ਸੁਣ, ਗੁਰੂ ਸਾਹਿਬ ਦੀ ਲਲਕਾਰ ਤੇ ਸਾਰੀ ਸੰਗਤ ਹੀ ਸਿਰ ਭੇਂਟ ਕਰਨ ਲਈ ਨਹੀਂ ਸੀ ਉੱਠ ਖੜੀ ਹੋ ਸਕਦੀ?
ਫਿਰ ਜੇ ਗੁਰੂ ਸਾਹਿਬ ਨੇ ਕਿਸੇ ਪਾਸੋਂ ਮੰਗਵਾ ਕੇ ਬੱਕਰੇ ਬੰਨ੍ਹਵਾਏ ਸਨ ਤਾਂ ਭਾਈ ਦਯਾ ਰਾਮ ਜਾਂ ਉਨ੍ਹਾਂ ਤੋਂ ਪਿਛੋਂ ਦੂਜੇ ਅਤੇ ਤੀਜੇ ਸਿੱਖ ਦੇ ਅੰਦਰ ਜਾਣ ਤੋਂ ਬਾਅਦ ਅਤੇ ਗੁਰੂ ਸਾਹਿਬ ਦੀ ਵਾਪਸੀ ਤੇ, ਬੱਕਰੇ ਲਿਆਉਣ ਵਾਲੇ ਨੂੰ ਤਾਂ ਇਹ ਸ਼ੰਕਾ ਜ਼ਰੂਰ ਹੋ ਸਕਦੀ ਸੀ ਕਿ ਗੁਰੂ ਜੀ ਸਿੱਖਾਂ ਨੂੰ ਨਹੀਂ, ਸਗੋਂ ਬੱਕਰਿਆਂ ਨੂੰ ਝਟਕਾ ਰਹੇ ਹਨ। ਤਾਂ ਕੀ ਇਹ ਸ਼ੰਕਾ ਹੋਣ ਤੇ ਉਹ ਵਿਅਕਤੀ ਆਪ ਆਪਣਾ ਸੀਸ ਭੇਂਟ ਕਰਨ ਲਈ ਅੱਗੇ ਨਹੀਂ ਸੀ ਆ ਸਕਦਾ? ਜੇ ਅਜਿਹਾ ਵਿਅਕਤੀ ਅੱਗੇ ਆ ਜਾਂਦਾ ਤਾਂ ਫਿਰ ਗੁਰੂ ਸਾਹਿਬ ਵਲੋਂ ਲਈ ਜਾ ਰਹੀ ਪ੍ਰੀਖਿਆ ਦੀ ਕੀ ਸਾਰਥਕਤਾ ਰਹਿ ਜਾਣੀ ਸੀ?
ਸਿੱਧੀ ਤੇ ਸਪੱਸ਼ਟ ਗੱਲ ਇਹ ਹੈ ਕਿ ਬੱਕਰੇ ਬੰਨ੍ਹੇ ਹੋਣ ਜਾਂ ਝਟਕਾਉਣ ਦੀ ਗੱਲ ਵਿਦਵਾਨ ਵੀਰਾਂ ਦੀ ਕੋਰੀ ਕਲਪਨਾ ਅਤੇ ਉੱਚੀ ਕਲਪਤ ਉਡਾਣ ਦਾ ਸਿੱਟਾ ਹੈ। ਗੁਰੂ ਸਾਹਿਬ ਵਾਰੋ-ਵਾਰੀ ਪੰਜ ਸਿੰਘਾਂ ਨੂੰ ਤੰਬੂ ਅੰਦਰ ਲੈ ਕੇ ਗਏ ਅਤੇ ਹਰ ਵਾਰ ਖੜਾਕ ਦੀ ਅਵਾਜ਼ ਤੋਂ ਬਾਅਦ 'ਲਹੂ-ਲਿਬੜੀ' ਤਲਵਾਰ ਲੈ, ਬਾਹਰ ਆਏ। ਅੰਦਰ ਕੀ ਕੌਤਕ ਵਰਤਿਆ? ਇਸ ਬਾਰੇ ਕੇਵਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹ ਪੰਜ ਸਿੰਘ ਹੀ ਜਾਣਦੇ ਸਨ, ਜੋ ਗੁਰੂ ਸਾਹਿਬ ਦੀ ਮੰਗ ਤੇ ਵਾਰੋ-ਵਾਰ ਆਪਣਾ ਸੀਸ ਭੇਂਟ ਕਰਨ ਲਈ ਉੱਠ, ਅੱਗੇ ਆਏ ਸਨ। ਇਤਿਹਾਸ ਵਿਚ ਕਿਧਰੇ ਵੀ ਜ਼ਿਕਰ ਨਹੀਂ ਆਉਂਦਾ ਕਿ ਇਨ੍ਹਾਂ ਵਿਚੋਂ ਕਿਸੇ ਇਕ ਨੇ ਵੀ ਕਦੇ ਕੁਝ ਦੱਸਿਆ ਹੋਵੇ ਕਿ ਤੰਬੂ ਅੰਦਰ ਕੀ ਕੌਤਕ ਵਾਪਰਿਆ ਸੀ?
ਪ੍ਰਿੰਸੀਪਲ ਸਤਿਬੀਰ ਸਿੰਘ ਨੇ ਵੀ ਲਿਖਿਆ ਹੈ ਕਿ 'ਅੰਦਰ ਤੰਬੂ ਵਿੱਚ ਉਨ੍ਹਾਂ 'ਪੰਜਾਂ' ਨਾਲ ਕੀ ਬੀਤੀ, ਇਸ ਬਾਰੇ ਕੁਝ ਵੀ ਕਹਿਣਾ ਅਸੰਭਵ ਹੈ। ਸਿਰਫ ਇਤਨਾ ਹੀ ਕਹਿਣਾ ਫਬਦਾ ਹੈ ਕਿ ਉਹ ਪ੍ਰੀਖਿਆ ਵਾਲਾ ਦਿਨ ਸੀ ਤੇ ਕੋਈ ਵੀ ਪ੍ਰੀਖਿਆਕਾਰ ਆਪਣਾ ਪਰਚਾ ਨਹੀਂ ਦਸਦਾ। ਜੇ ਪਰਚਾ ਦੱਸ ਦਿੱਤਾ ਗਿਆ ਹੁੰਦਾ ਤਾਂ ਪ੍ਰੀਖਿਆ ਕਾਹਦੀ ਹੋਈ'?
ਇਸਲਈ ਕਲਪਤ ਉਡਾਣਾਂ ਰਾਹੀਂ ਕੋਈ ਕਹਾਣੀ ਘੜ, ਆਪਣੀ ਵਿਦਵਤਾ ਦਾ ਸਿੱਕਾ ਬਿਠਾਣ ਦੀ ਬਜਾਏ ਚੰਗਾ ਇਹੀ ਹੈ ਕਿ ਤੰਬੂ ਅੰਦਰ ਕੀ ਵਾਪਰਿਆ? ਇਸ ਬਾਰੇ ਆਪਣੀ ਅਨਜਾਣਤਾ ਨੂੰ ਸਵੀਕਾਰ ਕਰ ਲਿਆ ਜਾਏ।
Mobile : + 91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085