ਵਿਸਾਖੀ ਦੇ ਦਿਨ - ਰਵੇਲ ਸਿੰਘ ਇਟਲੀ
ਜਦੋਂ ਸੰਤ ਸਿਪਾਹੀ ਦਸ਼ਮੇਸ਼ ਜੀ ਨੇ,ਰਚਿਆ ਨਵਾਂ ਇਤਹਾਸ ਵਿਸਾਖੀ ਦੇ ਦਿਨ।
ਕਰਕੇ ਵੱਡਾ ਇੱਕੱਠ ਅਨੰਦ ਪੁਰ ਵਿੱਚ,ਬੜਾ ਖਾਸ ਤੋਂ ਖਾਸ ਵਿਸਾਖੀ ਦੇ ਦਿਨ।
ਜ਼ਾਤ ਪਾਤ ਨੂੰ ਮੇਟ ਕੇ ਇੱਕ ਕਰਕੇ, ਕੀਤਾ ਬੰਦ ਖਲਾਸ ਵਿਸਾਖੀ ਦੇ ਦਿਨ।
ਕਿਵੇਂ ਆਬੇ ਹਯਾਤ ਤਿਆਰ ਕਰਕੇ,ਦਿੱਤਾ ਨਵਾਂ ਧਰਵਾਸ ਵਿਸਾਖੀ ਦੇ ਦਿਨ।
ਪੰਜ ਬਾਣੀਆਂ,ਪੰਜ ਪਿਆਰਿਆਂ ਨੂੰ,ਦਿੱਤਾ ਕਿਵੇਂ ਸਤਿਕਾਰ ਵਿਸਾਖੀ ਦੇ ਦਿਨ।
ਕਿਵੇਂ ਸਿੱਖ ਨੂੰ ਸੁੰਦਰ ਸਰੂਪ ਦੇ ਕੇ, ਬਖਸ਼ੇ ਪੰਜ ਕਕਾਰ ਵਿਸਾਖੀ ਦੇ ਦਿਨ।
ਸੱਚ, ਹੱਕ, ਨਿਆਂ, ਤੇ ਧਰਮ ਬਦਲੇ,ਕੀਤਾ ਸਦਾ ਤਿਆਰ ਵਿਸਾਖੀ ਦੇ ਦਿਨ।
ਸਿਰਜੀ ਕੌਮ ਸੀ ਬੀਰ ਬਹਾਦਰਾਂ ਦੀ,ਕੀਤਾ ਵੱਡਾ ਉਪਕਾਰ ਵਿਸਾਖੀ ਦੇ ਦਿਨ।
ਜੀਣਾ ਅਣਖ ਅੰਦਰ,ਨਾਲ ਗੈਰਤਾਂ ਦੇ, ਨਾਲੇ ਸਿੱਖੀ ਸੰਭਾਲ ਵਿਸਾਖੀ ਦੇ ਦਿਨ।
ਜਬਰ ਜ਼ੁਲਮ ਅੱਗੇ ਸਦਾ ਜੂਝਣਾ ਹੈ ,ਬਣਕੇ ਮਾੜੇ ਦੀ ਢਾਲ ਵਿਸਾਖੀ ਦੇ ਦਿਨ।
ਕਿਵੇਂ ਮੁਰਦਿਆਂ ਵਿੱਚ ਵੀ ਭਰੀ ਸ਼ਕਤੀ,ਅੰਦਰ ਭਰੇ ਪੰਡਾਲ ਵਿਸਾਖੀ ਦੇ ਦਿਨ।
ਸੇਵਾ ਸਿਮਰਣ ਗੁਰਬਾਣੀ ਦੇ ਨਾਲ ਜੀ ਕੇ,ਬਣਨਾ ਕਿਵੇਂ ਮਿਸਾਲ ਵਿਸਾਖੀ ਦੇ ਦਿਨ।
ਮੁਗਲਰਾਜ ਦੇ ਜਾਬਰਾਂ ਅੱਤ ਚੁਕੀ,ਧੱਕਾ ਜ਼ੋਰੀਆਂ, ਦੌਰ ਵਿਸਾਖੀ ਦੇ ਦਿਨ।
ਕਿਵੇਂ ਜ਼ੁਲਮ ਦੇ ਦੈਂਤ ਦਾ ਨਾਸ ਕਰੀਏ,ਕੀਤਾ ਕਿਸਤਰ੍ਹਾਂ ਗੌਰ ਵਿਸਾਖੀ ਦੇ ਦਿਨ।
ਜਦੋਂ ਤੱਕੇ ਨਜ਼ਾਰੇ ਰਜਵਾੜਿਆਂ ਨੇ,ਉੱਡ ਗਏ ਹੋਸ਼ ਦੇ ਭੌਰ ਵਿਸਾਖੀ ਦੇ ਦਿਨ।
ਰੱਤ ਪੀਣਿਆਂ,ਜ਼ਾਲਮਾਂ ਜਾਬਰਾਂ ਦੇ, ਬਦਲ ਗਏ ਸੀ ਤੌਰ ਵਿਸਾਖੀ ਦੇ ਦਿਨ।
ਮੰਗਾਂ ਰਹਿਮਤਾਂ, ਏਕਤਾ ਖਾਲਸੇ ਲਈ,ਇਹੋ ਕਰਾਂ ਮੈਂ ਆਸ ਵਿਸਾਖੀ ਦੇ ਦਿਨ।
ਝੰਡੇ ਝੂਲਦੇ ਰਹਿਣ ਸਦਾ ਖਾਲਸੇ ਦੇ,ਉਤੇ ਧਰਤ ਆਕਾਸ਼ ਵਿਸਾਖੀ ਦੇ ਦਿਨ।
ਚੜ੍ਹਦੀ ਕਲਾ ਹੋਵੇ ਸਦਾ ਖਾਲਸੇ ਦੀ,ਮੇਰੀ ਏਹੋ ਅਰਦਾਸ ਵਿਸਾਖੀ ਦੇ ਦਿਨ।
ਨਾਲ ਨਿਮ੍ਰਤਾ ਜੋੜ ਕੇ ਹੱਥ ਦੋਵੇਂ ਦੱਸਾਂ ਗੁਰਾਂ ਦੇ ਪਾਸ ਵਿਸਾਖੀ ਦੇ ਦਿਨ।
12 April 2019