ਕਿਸ ਨੂੰ ਪਾਈਏ ਵੋਟ, ਕਿਸ ਨੂੰ ਨਾ ਪਾਈਏ - ਸ਼ਾਮ ਸਿੰਘ ਅੰਗ ਸੰਗ

ਲੋਕਤੰਤਰ ਵਿੱਚ ਵੋਟ ਦੀ ਬਹੁਤ ਹੀ ਅਹਿਮੀਅਤ ਹੈ, ਜਿਸ ਨਾਲ ਉਹ ਨੁਮਾਇੰਦੇ ਚੁਣੇ ਜਾਣੇ ਹੁੰਦੇ ਹਨ, ਜਿਨ੍ਹਾਂ ਨੇ ਦੇਸ਼ ਦੀ ਦਸ਼ਾ ਵੀ ਬਦਲਣੀ ਹੁੰਦੀ ਹੈ ਅਤੇ ਦਿਸ਼ਾ ਵੀ। ਜੇ ਚੰਗੇ ਨੁਮਾਇੰਦਿਆਂ ਨੂੰ ਵੋਟ ਮਿਲਦੀ ਹੈ ਤਾਂ ਉਹ ਦੇਸ਼ ਹਿਤ ਵਿੱਚ ਕੰਮ ਕਰਕੇ ਮੁਲਕ ਦਾ ਮੂੰਹ-ਮੱਥਾ ਵੀ ਸੰਵਾਰ ਦੇਣਗੇ ਅਤੇ ਲੋਕਾਂ ਦਾ ਵੀ।
      ਪੰਜ ਵਰ੍ਹਿਆਂ ਬਾਅਦ ਜਦ ਦੇਸ਼ ਦੀਆਂ ਚੋਣਾਂ ਦਾ ਵਕਤ ਆਉਂਦਾ ਹੈ ਤਾਂ ਭਾਸ਼ਣਾਂ ਦਾ ਅਜਿਹਾ ਸ਼ੋਰ ਮਚਦਾ ਹੈ, ਜਿਸ ਵਿੱਚ ਵਾਅਦਿਆਂ ਦੇ ਛੈਣੇ ਵਜਾਏ ਜਾਂਦੇ ਹਨ ਅਤੇ ਲਾਰਿਆਂ ਦੇ ਘੁੰਗਰੂ ਛਣਕਦੇ ਹਨ। ਲੋਕ ਉਨ੍ਹਾਂ ਦੀ ਸਹਿਜ ਜਹੀ ਆਵਾਜ਼ ਨਾਲ ਮੋਹੇ ਜਾਂਦੇ ਹਨ ਤੇ ਏਦਾਂ ਹੀ ਵੋਟ ਦਾ ਇਸਤੇਮਾਲ ਹੋ ਜਾਂਦੈ।
       ਹੁਣ ਫੇਰ ਮੁਲਕ ਦੇ ਲੋਕਾਂ ਲਈ ਇਮਤਿਹਾਨ ਆ ਗਿਆ ਹੈ, ਜਿਸ ਵਿੱਚ ਮੁੱਖ ਪ੍ਰਸ਼ਨ ਇਹੀ ਹੈ ਕਿ ਵੋਟ ਕਿਸ ਨੂੰ ਪਾਈਏ, ਕਿਸ ਨੂੰ ਨਾ ਪਾਈਏ। ਇਸ ਪ੍ਰਸ਼ਨ ਦਾ ਜਵਾਬ ਦੇਣਾ ਏਨਾ ਆਸਾਨ ਨਹੀਂ, ਕਿਉਂਕਿ ਹਰੇਕ ਸਿਆਸੀ ਪਾਰਟੀ ਵੱਲੋਂ ਕੀਤੇ ਕੰਮ ਵੀ ਦੇਖਣੇ ਪੈਣਗੇ ਅਤੇ ਪ੍ਰਤੀਨਿਧਾਂ ਵੱਲੋਂ ਵੀ।
      ਜਿਸ ਪਾਰਟੀ ਨੇ ਲੋਕ ਹਿੱਤ ਦੇ ਕੰਮ ਕੀਤੇ ਹੋਣ ਅਤੇ ਮੁਲਕ ਨੂੰ ਵਿਕਾਸ ਦੇ ਰਾਹ ਉੱਤੇ ਤੋਰਿਆ ਹੋਵੇ, ਉਸ ਪਾਰਟੀ ਮਗਰ ਲੋਕ ਆਪ ਹੀ ਤੁਰ ਪੈਂਦੇ ਹਨ, ਉਸ ਨੂੰ ਵੋਟ ਆਪਣੇ-ਆਪ ਮਿਲਦੇ ਹਨ, ਮੰਗਣੇ ਨਹੀਂ ਪੈਂਦੇ। ਬਦਕਿਸਮਤੀ ਇਹ ਹੈ ਕਿ ਇਹੋ ਜਿਹੀ ਪਾਰਟੀ ਹੁਣ ਮਿਲਦੀ ਨਹੀਂ।
       ਲੋਕਤੰਤਰ ਵਿੱਚ ਹੁਣ ਲੋਕਾਂ ਦਾ ਭਰਵਾਂ ਹਿੱਸਾ ਜਾਗ ਪਿਆ ਹੈ, ਜਿਨ੍ਹਾਂ ਨੇ ਕਈ ਵਾਰ ਸਾਬਤ ਕਰਕੇ ਵਿਖਾਇਆ, ਜਦ ਸਰਕਾਰਾਂ ਬਦਲ ਕੇ ਰੱਖ ਦਿੱਤੀਆਂ। ਕੇਂਦਰ ਦੀ ਸ਼ਕਤੀਸ਼ਾਲੀ ਹਕੂਮਤ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ, ਜਿਸ ਨਾਲ ਲੋਕਤੰਤਰ ਵਿੱਚ ਲੋਕ-ਸ਼ਕਤੀ ਦਾ ਜਲਵਾ ਦਿਖਾਈ ਦਿੱਤਾ।
       ਚੋਣਾਂ ਦਾ ਸ਼ੋਰ ਫੇਰ ਸਿਰ ਨੇੜੇ ਆ ਗਿਆ। ਵੋਟਾਂ ਦੀ ਅਹਿਮੀਅਤ ਦਾ ਪਤਾ ਲੱਗੇਗਾ। ਨੇਤਾ ਇੱਕ-ਇੱਕ ਵੋਟ ਲਈ ਸਹਿਕ ਰਹੇ ਹਨ ਤਾਂ ਜੋ ਜਿੱਤ ਵੱਲ ਵਧਿਆ ਜਾ ਸਕੇ। ਇਸ ਲਈ ਸਾਰੇ ਹਰਬੇ ਵਰਤੇ ਜਾ ਰਹੇ ਹਨ ਤਾਂ ਕਿ ਹਜ਼ੂਮਾਂ ਦੇ ਹਜ਼ੂਮ ਢੋਲ-ਢਮੱਕੇ ਨਾਲ ਮਗਰ ਲੱਗ ਸਕਣ।
       ਇਸ ਵਕਤ ਜਦ ਨੇਤਾ ਕੇਵਲ ਵੋਟਾਂ ਬਟੋਰਨ ਲਈ ਤਰਲੇ ਮਾਰ ਰਹੇ ਹਨ ਤਾਂ ਲੋਕ ਨੇਤਾਵਾਂ ਵੱਲੋਂ ਪਿਛਲੀ ਚੋਣ ਸਮੇਂ ਦੇ ਵਾਅਦਿਆਂ 'ਤੇ ਨਜ਼ਰ ਮਾਰ ਰਹੇ ਹਨ ਕਿ ਕੋਈ ਪੂਰਾ ਹੋਇਆ ਵੀ ਹੈ ਕਿ ਨਹੀਂ।
       ਭਾਸ਼ਣਾਂ 'ਚ ਨਵੇਂ ਵਾਅਦੇ ਕੀਤੇ ਜਾ ਰਹੇ ਹਨ, ਜਿਹੜੇ ਲੋਕਾਂ ਨੂੰ ਭਰਮਾਉਂਦੇ ਵੀ ਹਨ ਤੇ ਆਪਣੇ ਵੱਲ ਖਿੱਚਦੇ ਵੀ। ਨਵੇਂ ਵਾਅਦਿਆਂ ਨੂੰ ਸੁਣਦੇ ਹੋਏ ਲੋਕ ਪਿਛਲੀ ਚੋਣ ਸਮੇਂ ਕੀਤੇ ਵਾਅਦਿਆਂ ਨੂੰ ਨਹੀਂ ਭੁੱਲਦੇ। ਨੇਤਾ ਕਿਸੇ ਕਿਸਮ ਦੀ ਸ਼ਰਮ ਮਹਿਸੂਸ ਨਾ ਕਰਦੇ ਹੋਏ ਨਵੇਂ ਵਾਅਦੇ ਕਰਨ ਲੱਗ ਪਏ।
      ਲੋਕ ਅਜੇ ਤੱਕ ਖਾਤਿਆਂ ਵਿੱਚ ਆਉਣ ਵਾਲੇ ਪੰਦਰਾਂ ਲੱਖ ਉਡੀਕ ਰਹੇ ਹਨ ਅਤੇ ਕਾਲੇ ਧਨ ਦੀ ਦੇਸ਼ ਵਾਪਸੀ ਵੀ। ਦੋ ਕਰੋੜ ਨੌਕਰੀਆਂ ਇੱਕ ਸਾਲ ਵਿੱਚ ਤਾਂ ਕੀ, ਪੰਜ ਸਾਲ ਵਿੱਚ ਵੀ ਨਹੀਂ ਮਿਲੀਆਂ। ਭ੍ਰਿਸ਼ਟਾਚਾਰ ਘਟਣ ਦੀ ਇੰਤਜ਼ਾਰ ਸੀ, ਪਰ ਉਹ ਤਾਂ ਏਨਾ ਵਧ ਗਿਆ ਕਿ ਬੈਂਕਾਂ ਦਾ ਧਨ ਬਾਹਰ ਚਲਾ ਗਿਆ।
       ਬੇਰੁਜ਼ਗਾਰਾਂ ਦੀ ਗਿਣਤੀ ਵਿੱਚ ਬਹੁਤ ਹੀ ਜ਼ਿਆਦਾ ਵਾਧਾ ਹੋ ਗਿਆ। ਬਹੁਤੇ ਨੌਜਵਾਨ ਮਜਬੂਰੀ ਵਿੱਚ ਦੂਜੇ ਮੁਲਕਾਂ ਵੱਲ ਤੁਰ ਪਏ, ਕਿਉਂਕਿ ਆਪਣੇ ਇਸ ਮੁਲਕ ਵਿੱਚ ਅਜਿਹਾ ਸਿਸਟਮ ਨਹੀਂ ਬਣਾਇਆ ਜਾ ਸਕਿਆ, ਜਿਸ ਅਧੀਨ ਨੌਕਰੀਆਂ ਪੈਦਾ ਹੋ ਜਾਂਦੀਆਂ।
     ਕਿਸਾਨਾਂ ਦੇ ਕਰਜ਼ੇ ਮਾਫ਼ ਨਹੀਂ ਕੀਤੇ ਗਏ। ਜੇ ਥੋੜ੍ਹੇ-ਬਹੁਤ ਕੀਤੇ ਵੀ ਗਏ, ਉਹ ਕਾਫ਼ੀ ਨਹੀਂ। ਵਪਾਰੀਆਂ, ਸਨਅਤਕਾਰਾਂ ਨੂੰ ਟੈਕਸਾਂ ਨੇ ਮਾਰ ਲਿਆ। ਲੋਕਾਂ ਕੋਲ ਖਾਲੀ ਜੇਬਾਂ ਹਨ, ਜਿਸ ਕਾਰਨ ਕਾਰੀਗਰਾਂ, ਹੁਨਰਵਾਨਾਂ, ਮਜ਼ਦੂਰਾਂ ਨੂੰ ਕੰਮ ਮਿਲਣਾ ਔਖਾ ਹੋ ਕੇ ਰਹਿ ਗਿਆ। ਉਨ੍ਹਾਂ ਦੀ ਜ਼ਿੰਦਗੀ ਹੋਰ ਔਖੀ ਹੋ ਗਈ।
      ਕਾਲਜਾਂ, ਯੂਨੀਵਰਸਿਟੀਆਂ ਵਿੱਚ ਪੜ੍ਹਨ ਵਾਲੇ ਕੇਵਲ ਪੜ੍ਹੀ ਜਾ ਰਹੇ ਹਨ, ਡਿਗਰੀਆਂ ਹਾਸਲ ਕਰੀ ਜਾ ਰਹੇ ਹਨ, ਪਰ ਉਨ੍ਹਾਂ ਨੂੰ ਕੰਮ ਨਾ ਮਿਲਣ ਕਾਰਨ ਉਨ੍ਹਾਂ ਦਾ ਭਵਿੱਖ ਧੁੰਦਲਾ ਹੋ ਕੇ ਰਹਿ ਗਿਆ ਅਤੇ ਡਿਗਰੀਆਂ ਨਕਾਰਾ ਅਤੇ ਬੇਕਾਰ। ਕੀ ਕਿਹਾ ਜਾਵੇ, ਕੀ ਨਾ?
       ਸਿਆਸੀ ਪਾਰਟੀਆਂ ਦੇ ਮੈਨੀਫੈਸਟੋ ਮੁੜ ਆ ਗਏ। ਵਾਅਦਿਆਂ ਦੀ ਫੇਰ ਭਰਮਾਰ ਹੋ ਗਈ। ਕਿਸੇ ਪਾਰਟੀ ਨੇ ਸੌ ਦੇ ਨੇੜੇ ਵਾਅਦੇ ਕਰ ਲਏ ਅਤੇ ਕਿਸੇ ਦੂਜੀ ਨੇ ਪੰਜ ਸੌ ਦੇ ਨੇੜੇ। ਲੋਕਾਂ ਨੂੰ ਨਿਰਣਾ ਕਰਨਾ ਔਖਾ ਹੋ ਜਾਵੇਗਾ ਕਿ ਉਹ ਕਿਸ ਪਾਰਟੀ ਦੇ ਜਾਲ ਵਿੱਚ ਫਸਣ, ਕਿਸ ਦੇ ਨਾ।
      ਅੱਜ ਵਕਤ ਆ ਗਿਆ ਹੈ ਕਿ ਲੋਕ ਲਕੀਰ ਖਿੱਚ ਕੇ ਉਸ ਪਾਸੇ ਆਪਣਾ ਯੋਗਦਾਨ ਪਾਉਣ, ਜਿਸ ਨਾਲ ਚੰਗੇ ਅਤੇ ਦੇਸ਼ ਹਿੱਤ ਵਾਲੇ ਲੋਕ ਸਰਕਾਰ ਬਣਾਉਣ ਤਾਂ ਕਿ ਲੋਕਾਂ ਦੇ ਹੱਥਾਂ 'ਤੇ ਧੁਰੋਂ ਖਿੱਚੀਆਂ ਲਕੀਰਾਂ ਵਿੱਚ ਤਬਦੀਲੀ ਲਿਆਂਦੀ ਜਾ ਸਕੇ। ਆਉ, ਸਾਰੇ ਹੰਭਲਾ ਮਾਰੀਏ।
     ਵੋਟ ਉਸ ਨੂੰ ਪਾਈਏ, ਜੋ ਵਾਅਦੇ ਪੂਰੇ ਕਰੇ ਅਤੇ ਉਨ੍ਹਾਂ ਨੂੰ ਲਾਰੇ ਨਾ ਬਣਨ ਦੇਵੇ। ਉਨ੍ਹਾਂ ਨੂੰ ਪਾਈਏ, ਜਿਹੜੇ ਸੱਚੇ ਹੋਣ ਅਤੇ ਸੁਹਿਰਦ ਵੀ। ਆਪਣੇ ਲੋਕਾਂ ਦਾ ਭਲਾ ਸੋਚਣ ਵਾਲਿਆਂ, ਆਪਣੇ ਦੇਸ਼ ਨੂੰ ਵਿਕਾਸ ਦੇ ਰਾਹ ਪਾਉਣ ਵਾਲਿਆਂ ਨੂੰ ਹੀ ਵੋਟ ਪਾਈਏ, ਵਿਨਾਸ਼ ਕਰਨ ਵਾਲਿਆਂ ਨੂੰ ਨਹੀਂ।
      ਲੋਕਾਂ ਵਿੱਚ ਵੰਡੀਆਂ ਪਾਉਣ ਵਾਲਿਆਂ ਨੂੰ ਬਿਲਕੁਲ ਵੋਟ ਨਾ ਪਾਈਏ, ਜਾਤਪਾਤ ਨੂੰ ਮੁੜ ਹਵਾ ਦੇਣ ਵਾਲਿਆਂ ਅਤੇ ਨਫ਼ਰਤ ਫੈਲਾਉਣ ਵਾਲਿਆਂ ਨੂੰ ਵੋਟ ਤਾਂ ਕੀ ਪਾਉਣੀ, ਨੇੜੇ ਤੱਕ ਨਾ ਲੱਗਣ ਦੇਈਏ ਕਿ ਦੇਸ਼ ਬਚਾਇਆ ਜਾ ਸਕੇ। ਅਜਿਹਾ ਨਾ ਕੀਤਾ ਗਿਆ ਤਾਂ ਪਛਤਾਉਣਾ ਪਵੇਗਾ।
       ਉਨ੍ਹਾਂ ਨੂੰ ਵੋਟ ਨਾ ਹੀ ਪਾਈਏ, ਜਿਹੜੇ ਦੇਸ਼ ਨੂੰ ਇੱਕੋ ਰੰਗ ਵਿੱਚ ਰੰਗਣਾ ਚਾਹੁੰਦੇ ਹਨ ਅਤੇ ਬਾਗ ਵਿੱਚ ਕੇਵਲ ਇੱਕੋ ਤਰ੍ਹਾਂ ਦੇ ਰੰਗ ਚਾਹੁੰਦੇ ਹੋਣ। ਹਵਾਵਾਂ ਆਪਣੇ ਵੱਸ ਵਿੱਚ ਕਰਨੀਆਂ ਚਾਹੁੰਦੇ ਹੋਣ ਅਤੇ ਦਰਿਆਵਾਂ ਦੀਆਂ ਲਹਿਰਾਂ ਤੱਕ ਨੂੰ ਮਰਜ਼ੀ ਮੁਤਾਬਕ ਉੱਛਲ ਕੁੱਦ ਨਾ ਕਰਨ ਦੇਣ।
      ਮੁੱਕਦੀ ਗੱਲ ਤਾਂ ਇਹ ਹੈ ਕਿ ਕੇਂਦਰ ਵਿੱਚ ਅਤੇ ਰਾਜਾਂ ਵਿੱਚ ਸਰਕਾਰਾਂ ਬਦਲਦੀਆਂ ਹੀ ਰਹਿਣੀਆਂ ਚਾਹੀਦੀਆਂ ਹਨ ਤਾਂ ਜੋ ਨਵੀਂ ਸਰਕਾਰ ਆਵੇ, ਨਵੇਂ ਕੰਮ ਕਰੇ ਤਾਂ ਕਿ ਲੋਕਾਂ ਨੂੰ ਰਾਹਤ ਨਸੀਬ ਹੋ ਸਕੇ। ਅਜਿਹਾ ਤਾਂ ਹੀ ਹੋ ਸਕੇਗਾ, ਜੇ ਸਾਰੇ ਮਿਲ ਕੇ ਹੰਭਲਾ ਮਾਰਨ।


ਲਤੀਫ਼ੇ ਦਾ ਚਿਹਰਾ-ਮੋਹਰਾ

ਇੱਕ ਟੋਲਾ ਵੋਟਾਂ ਮੰਗਣ ਘਰ ਵਿੱਚ ਦਾਖ਼ਲ ਹੋਇਆ ਤਾਂ ਬਜ਼ੁਰਗ ਨੇ ਸਵਾਗਤ ਕਰਦਿਆਂ ਕਿਹਾ, ਹਾਂ ਜੀ ਦੱਸੋ? ਵੋਟਾਂ ਮੰਗਣ ਵਾਲਿਆਂ ਨੇ ਅਰਜ਼ ਗੁਜ਼ਾਰੀ ਕਿ ਵੋਟ ਸਾਨੂੰ ਪਾਓ। ਅੱਗੋਂ ਬਜ਼ੁਰਗ ਨੇ ਕਿਹਾ ਕਿ ਪੰਜ ਸਾਲ ਤਾਂ ਲੰਘ ਗਏ, ਹੁਣ ਫੇਰ ਮੂੰਹ ਚੁੱਕ ਕੇ ਆ ਗਏ, ਕੋਈ ਸਾਡਾ ਕੰਮ ਨ੍ਹੀਂ ਕੀਤਾ। ਵੋਟਾਂ ਮੰਗਣ ਵਾਲਿਆਂ ਦੇ ਆਗੂ ਨੇ ਮਾਫ਼ੀਨਾਮਾ ਪੇਸ਼ ਕਰਦਿਆਂ ਕਿਹਾ ਕਿ ਇਹ ਲਓ ਜੁੱਤੀ ਮੇਰੇ ਮਾਰੋ। ਬਜ਼ੁਰਗ ਨੇ ਪੰਜ ਜੁੱਤੀਆਂ ਮਾਰ ਦਿੱਤੀਆਂ। ਆਗੂ ਨੇ ਪੁੱਛਿਆ, ''ਬਜ਼ੁਰਗੋ ਵੋਟਾਂ ਕਿੰਨੀਆਂ?'' ''ਵੋਟ ਤਾਂ ਮੇਰੀ ਇੱਕੋ ਹੈ'' ਬਜ਼ੁਰਗ ਨੇ ਕਿਹਾ। ਆਗੂ ਕਹਿਣ ਲੱਗਾ ਕਿ ਵੋਟ ਕੇਵਲ ਇੱਕ ਹੈ, ਜੁੱਤੀਆਂ ਫੇਰ ਪੰਜ ਕਿਉਂ ਮਾਰ ਦਿੱਤੀਆਂ ਤਾਂ ਹੁਣ ਤਾਂ ਵੋਟ ਪੱਕੀ ਸਮਝੀਏ। ਬਜ਼ੁਰਗ ਬੋਲਿਆ, ''ਵੋਟ ਹੁਣ ਪੱਕੀ, ਪਰ ਕੰਮ ਕਰੋ, ਕੰਮ ਐਵੇਂ ਝੂਠੇ ਵਾਅਦੇ ਨਾ ਕਰੋ, ਕੇਵਲ ਲਾਰੇ ਨਾ ਲਾਓ।''

ਸੰਪਰਕ : 9814113338