ਪੰਜਾਬ ਵਿੱਚਲੀਆਂ ਲੋਕਸਭਾ ਸੀਟਾਂ ਪੁਰ - ਜਸਵੰਤ ਸਿੰਘ 'ਅਜੀਤ'
ਬਾਦਲ=ਕੈਪਟਨ ਗਠਜੋੜ ਹੋਣ ਦੀ ਚਰਚਾ?
ਕਾਫੀ ਲੰਮੇ ਇੰਤਜ਼ਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਫਿਰੋਜ਼ਪੁਰ ਅਤੇ ਬਠਿੰਡਾ ਲੋਕਸਭਾ ਹਲਕਿਆਂ ਤੋਂ, ਤਰਤੀਬਵਾਰ ਦਲ ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਬੀਬਾ ਹਰਸਿਮਰਤ ਕੌਰ ਨੂੰ ਆਪਣੇ ਉਮੀਦਵਾਰਾਂ ਵਜੋਂ ਪੇਸ਼ ਕੀਤੇ ਜਾਣ ਦਾ ਐਲਾਨ ਕੀਤਾ ਗਿਆ। ਉਨ੍ਹਾਂ ਦੇ ਨਾਵਾਂ ਅਤੇ ਹਲਕਿਆਂ ਦਾ ਇਤਨੀ ਦੇਰ ਨਾਲ ਐਲਾਨ ਕੀਤੇ ਜਾਣ ਪੁਰ ਹੈਰਾਨੀ ਪ੍ਰਗਟ ਕਰਦਿਆਂ ਪੰਜਾਬ ਦੇ ਰਾਜਸੀ ਹਲਕਿਆਂ ਨੇ ਕਿਹਾ ਕਿ ਆਮ ਤੋਰ ਤੇ ਹਰ ਪਾਰਟੀ ਵਲੋਂ ਆਪਣੇ ਮੁਖ ਉਮੀਦਵਾਰਾਂ ਦੇ ਨਾਵਾਂ ਅਤੇ ਉਨ੍ਹਾਂ ਦੇ ਚੋਣ ਹਲਕਿਆਂ ਦਾ ਐਲਾਨ ਅਰੰਭ ਵਿੱਚ ਹੀ ਕਰ ਦਿੱਤਾ ਜਾਂਦਾ ਹੈ, ਤਾਂ ਜੋ ਉਨ੍ਹਾਂ ਨੂੰ ਲੈਕੇ ਪਾਰਟੀ ਵਿੱਚ ਜਾਂ ਪਾਰਟੀ ਤੋਂ ਬਾਹਰ ਕੋਈ ਗਲਤ ਧਾਰਨਾਂ ਪੈਦਾ ਨਾ ਹੋ ਸਕੇ। ਪ੍ਰੰਤੂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਇਸ ਪਰੰਪਰਾ ਨੂੰ ਤੋੜ, ਆਖਰੀ ਸਮੇਂ 'ਤੇ ਐਲਾਨ ਕੀਤਾ ਜਾਣਾ, ਕਈ ਤਰ੍ਹਾਂ ਦੇ ਸੁਆਲ ਖੜੇ ਕਰਦਾ ਹੈ। ਕਈ ਰਾਜਨੀਤਿਕਾਂ ਦਾ ਕਹਿਣਾ ਹੈ ਕਿ ਬਾਦਲ ਪਰਿਵਾਰ ਵਿੱਚ ਸ਼ਾਇਦ ਇਹ ਡਰ ਬਣਿਆ ਹੋਇਆ ਚਲਿਆ ਆ ਰਿਹਾ ਸੀ ਕਿ ਉਨ੍ਹਾਂ ਦੇ ਪਾਰਟੀ ਉਮੀਦਵਾਰਾਂ ਨੂੰ ਆਪਣੇ ਚੋਣ ਪ੍ਰਚਾਰ ਦੌਰਾਨ ਜਿਸਤਰ੍ਹਾਂ ਦੇ ਜਨ-ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੇ ਉਹੀ ਸਥਿਤੀ ਉਨ੍ਹਾਂ ਸਾਹਮਣੇ ਵੀ ਪੈਦਾ ਹੋ ਜਾਂਦੀ ਹੈ ਤਾਂ ਉਨ੍ਹਾਂ ਦਾ ਵਕਾਰ ਤਾਂ ਮਿੱਟੀ ਵਿੱਚ ਰੁਲੇਗਾ ਹੀ, ਨਾਲ ਹੀ ਦਲ ਦੀ ਰਹਿੰਦੀ ਖੂੰਹਦੀ ਸਾਖ ਵੀ ਖਤਮ ਹੋ ਕੇ ਰਹਿ ਜਾਇਗੀ। ਉਨ੍ਹਾਂ ਅਨੁਸਾਰ, ਜਾਪਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਤਾਰਣਹਾਰ ਬਣ, ਸਾਹਮਣੇ ਆਏ। ਕਿਹਾ ਜਾਂਦਾ ਹੈ ਕਿ ਕੈਪਟਨ ਨੇ ਉਨ੍ਹਾਂ ਨੂੰ ਭਰੋਸਾ ਦੁਆਇਆ ਹੈ ਕਿ ਉਹ ਬੇਫਿਕਰ ਹੋ ਮੈਦਾਨ ਵਿੱਚ ਨਿਤਰਨ, ਉਹ ਉਨ੍ਹਾਂ ਨੂੰ ਕਿਸੇ ਵੀ ਕੀਮਤ ਤੇ ਹਾਰਨ ਨਹੀਂ ਦੇਣਗੇ। ਕਿਹਾ ਜਾਂਦਾ ਹੈ ਕਿ ਕੈਪਟਨ ਵਲੋਂ ਦਿੱਤੀ ਗਈ ਗਰੰਟੀ ਨੇ ਮੀਆਂ-ਬੀਵੀ ਦਾ ਹੌਂਸਲਾ ਵਧਾਇਆ ਤੇ ਉਹ ਚੋਣ ਮੈਦਾਨ ਵਿੱਚ ਨਿਤਰਨ ਲਈ ਤਿਆਰ ਹੋ ਗਏ। ਇਹ ਵੀ ਚਰਚਾ ਹੈ ਕਿ ਬਦਲੇ ਵਿੱਚ ਸ. ਸੁਖਬੀਰ ਸਿੰਘ ਬਾਦਲ ਨੇ ਕੈਪਟਨ ਨੂੰ ਭਰੋਸਾ ਦੁਆਇਆ ਹੈ ਕਿ ਉਹ ਪਟਿਆਲਾ ਵਿਖੇ ਮਹਾਰਾਣੀ ਪ੍ਰਨੀਤ ਕੌਰ ਵਿਰੁਧ ਡੰਮੀ ਉਮੀਦਵਾਰ ਉਤਾਰਨਗੇ ਤਾਂ ਜੋ ਉਨ੍ਹਾਂ ਦੀ ਜਿੱਤ ਵੀ ਨਿਸ਼ਚਤ ਬਣੀ ਰਹਿ ਸਕੇ।
ਕੈਪਟਨ ਬਨਾਮ ਬਾਦਲ : ਨੂਰਾ ਕੁਸ਼ਤੀ : ਪੰਜਾਬ ਦੇ ਰਾਜਸੀ ਹਲਕਿਆਂ ਵਿੱਚ ਇਹ ਵੀ ਚਰਚਾ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕੈਪਟਨ ਨੇ ਸ. ਪ੍ਰਕਾਾਸ਼ ਸਿੰਘ ਬਾਦਲ ਦੀ ਜਿੱਤ ਪੱਕੀ ਕਰਨ ਵਿੱਚ ਮੁਖ ਭੁਮਿਕਾ ਨਿਭਾਈ ਸੀ। ਮੰਨਿਆ ਜਾਂਦਾ ਹੈ ਕਿ ਜਦੋਂ ਕੈਪਟਨ ਨੇ ਵੇਖਿਆ ਕਿ ਆਮ ਆਦਮੀ ਪਾਰਟੀ ਦੇ ਧਾਕੜ ਉਮੀਦਵਾਰ ਜਰਨੈਲ ਸਿੰਘ ਨਾਲ ਸਿਧੇ ਮੁਕਾਬਲੇ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਦੀ ਹਾਰ ਪੱਕੀ ਹੈ ਤਾਂ ਉਹ ਬਾਦਲ-ਵਿਰੋਧੀ ਵੋਟਾਂ ਵੰਡਾ ਕੇ ਸ. ਬਾਦਲ ਦੀ ਜਿੱਤ ਪੱਕੀ ਕਰਨ ਲਈ ਦੋਹਾਂ ਵਿੱਚ ਆ ਮੈਦਾਨ ਵਿੱਚ ਨਿਤਰੇ ਸਨ। ਨਤੀਜਾ ਸਭ ਦੇ ਸਾਹਮਣੇ ਹੈ ਕਿ ਬਾਦਲ ਵਿਰੋਧੀ ਵੋਟਾਂ ਦੇ ਕੈਪਟਨ ਅਤੇ ਜਰਨੈਲ ਸਿੰਘ ਵਿੱਚ ਵੰਡੇ ਜਾਣ ਦੇ ਫਲਸਰੂਪ ਹੀ ਸ. ਬਾਦਲ ਆਪਣੇ ਜੀਵਨ ਦੀ ਆਖਰੀ ਚੋਣ ਵਿੱਚ ਹਾਰ ਦਾ ਮੂੰਹ ਵੇਖਣ ਤੋਂ ਬਚ ਗਏ।
ਜਗਮੀਤ ਸਿੰਘ ਬਰਾੜ ਦੀ ਰਾਜਨੈਤਿਕ ਆਤਮ-ਹਤਿਆ : ਕਿਸੇ ਸਮੇਂ ਕਾਂਗ੍ਰਸ ਪਾਰਟੀ ਦੇ ਚੋਣਵੇਂ ਮੁੱਖੀ ਕੌਮੀ ਆਗੂਆਂ ਵਿੱਚ ਗਿਣੇ ਜਾਂਦੇ ਰਹੇ ਸ. ਜਗਮੀਤ ਸਿੰਘ ਬਰਾੜ, ਜੋ ਨਿਜੀ ਉਚ ਖਾਹਿਸ਼ਾਂ ਦਾ ਸ਼ਿਕਾਰ ਹੋ ਆਪਣੇ ਸਮੁਚੇ ਰਾਜਸੀ ਜੀਵਨ ਵਿੱਚ ਕਿਸੇ ਨਾਲ ਵੀ ਬਣਾ ਕੇ ਨਾ ਰਖ ਸਕੇ, ਨੇ ਆਖਿਰ ਆਪਣੇ ਹਥੀਂ ਆਪਣੀ ਰਾਜਨੈਤਿਕ ਆਤਮ-ਹਤਿਆ ਕਰ ਲਈ ਅਤੇ ਸਾਬਤ ਕਰ ਦਿੱਤਾ ਕਿ ਵਿਚਲਤ (ਬੇਚੈਨ) ਮਨ ਦੇ ਮਾਲਕ ਸ. ਬਰਾੜ ਆਖਿਰ ਆਪਣੇ ਆਪਦੇ ਵੀ ਬਣ ਕੇ ਨਾ ਰਹਿ ਸਕੇ। ਇਤਿਹਾਸ ਗੁਆਹ ਹੈ ਕਿ ਲਗਭਗ 42 ਵਰ੍ਹੇ ਪਹਿਲਾਂ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਨੂੰ, ਆਪਣੇ ਪਿਤਾ ਸ. ਗੁਰਮੀਤ ਸਿੰਘ ਬਰਾੜ ਦਾ ਕਾਤਲ ਗਰਦਾਨਦਿਆਂ, ਉਨ੍ਹਾਂ ਦੀ ਅਗਵਾਈ (ਪ੍ਰਧਾਨਗੀ) ਵਾਲੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਸਦੀਵੀ ਕਿਨਾਰਾ ਕਰ ਲਿਆ ਸੀ। ਹੁਣ ਜਦਕਿ ਉਨ੍ਹਾਂ ਸ. ਸੁਖਬੀਰ ਸਿੰਘ ਬਾਦਲ, ਸਾਹਮਣੇ ਆਤਮ-ਸਮਰਪਣ ਕਰ, ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚਲੇ ਸੀਨੀਅਰ ਮੀਤ ਪ੍ਰਧਾਨਾਂ ਦੀ ਲਾਈਨ ਵਿੱਚ ਖੜਿਆਂ ਹੋਣ ਦਾ 'ਮਾਣ' ਪ੍ਰਾਪਤ ਕਰ ਲਿਆ ਅਤੇ ਇਸ 'ਅਦੁਤੀ ਪ੍ਰਾਪਤੀ' ਪੁਰ ਉਨ੍ਹਾਂ ਨੇ ਜਿਸ ਤਰ੍ਹਾਂ ਬਗਲਾਂ ਵਜਾਣੀਆਂ ਸ਼ੁਰੂ ਕੀਤੀਆਂ ਹਨ, ਉਸ ਪੁਰ ਹੈਰਾਨੀ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਰਾਜਨੀਤੀ ਦੇ ਜਾਣਕਾਰ ਇਹ ਕਹੇ ਬਿਨਾਂ ਨਹੀਂ ਰਹਿ ਪਾ ਰਹੇ ਕਿ ਆਖਿਰ ਸ. ਜਗਮੀਤ ਸਿੰਘ ਬਰਾੜ ਨੇ ਆਪ ਹੀ ਆਪਣੀ ਰਾਜਸੀ ਆਤਮਹਤਿਆ ਕਰ ਲਈ ਹੈ। ਉਹ ਤਾਂ ਇਥੋਂ ਤਕ ਵੀ ਕਹਿੰਦੇ ਹਨ ਕਿ ਸ. ਜਗਮੀਤ ਸਿੰਘ ਬਰਾੜ ਨੇ ਅਜਿਹਾ ਕਰਦਿਆਂ ਆਪਣੇ ਪਿਤਾ ਦੀ ਮੌਤ ਨੂੰ ਵੀ 'ਵਿਸਾਰ' ਦਿੱਤਾ। ਉਹ ਮੰਨਦੇ ਹਨ ਕਿ ਸ. ਜਗਮੀਤ ਸਿੰਘ ਬਰਾੜ (ਸਾਬਕਾ ਕਾਂਗ੍ਰਸੀ ਸਾਂਸਦ) ਹੁਣ ਅਕਾਲੀ ਬਣ ਗਏ ਹਨ। ਇਸਦੇ ਨਾਲ ਹੀ ਉਹ ਇਹ ਵੀ ਦਸਦੇ ਹਨ ਕਿ ਲਗਭਗ 42 ਵਰ੍ਹੇ ਤੋਂ ਬਾਦਲ ਪਰਿਵਾਰ ਵਿਰੁਧ ਮੋਰਚਾ ਸੰਭਾਲੀ ਚਲੇ ਆ ਰਹੇ, ਸ. ਜਗਮੀਤ ਸਿੰਘ ਬਰਾੜ ਨੇ ਬਾਦਲ ਪਰਿਵਾਰ ਵਿਰੁਧ ਦੋ ਵਿਧਾਨ ਸਭਾ ਅਤੇ ਤਿੰਨ ਲੋਕਸਭਾ ਚੋਣਾਂ ਲੜੀਆਂ। ਸੰਨ-1999 ਵਿੱਚ ਹੋਈਆਂ ਲੋਕਸਭਾ ਚੋਣਾਂ ਵਿੱਚ ਤਾਂ ਉਨ੍ਹਾਂ ਨੇ ਸ. ਸੁਖਬੀਰ ਸਿੰਘ ਬਾਦਲ ਨੂੰ ਹਰਾ, ਲੋਕਸਭਾ ਵਿੱਚ ਪਹੁੰਚਣ ਵਿੱਚ ਸਫਲਤਾ ਵੀ ਪ੍ਰਾਪਤ ਕਰ ਲਈ ਸੀ। ਇਹੀ ਰਾਜਸੀ ਮਾਹਿਰ ਦਸਦੇ ਹਨ ਕਿ ਸ. ਜਗਮੀਤ ਸਿੰਘ ਬਰਾੜ ਦੇ ਪਿਤਾ ਸ. ਗੁਰਮੀਤ ਸਿੰਘ ਬਰਾੜ ਸਾਬਕਾ ਮੁੱਖ ਮੰਤ੍ਰੀ ਪੰਜਾਬ ਅਤੇ ਸਾਬਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਸ. ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਹੀ ਨੇੜਲੇ ਸਾਥੀਆਂ ਵਿੱਚ ਮੰਨੇ ਜਾਂਦੇ ਸਨ। ਉਹ ਤਿੰਨ ਵਾਰ ਚੋਣਾਂ ਜਿੱਤ ਪੰਜਾਬ ਵਿਧਾਨ ਸਭਾ ਦੇ ਮੈਂਬਰ ਵੀ ਬਣੇ। 1977 ਵਿੱਚ, ਜਦੋਂ ਸ. ਪ੍ਰਕਾਸ਼ ਸਿੰਘ ਬਾਦਲ ਲੋਕਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ, ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤ੍ਰੀ ਬਣੇ, ਤਾਂ ਉਸ ਸਮੇਂ ਸ. ਗੁਰਮੀਤ ਸਿੰਘ ਬਰਾੜ ਉਨ੍ਹਾਂ ਵਲੋਂ ਖਾਲੀ ਕੀਤੀ ਗਈ ਲੋਕਸਭਾ ਦੀ ਸੀਟ ਪੁਰ ਹੋਣ ਵਾਲੀ ਉਪ-ਚੋਣ ਲੜਨਾ ਚਾਹੁੰਦੇ ਸਨ। ਸ. ਬਾਦਲ ਦੀ ਨੇੜਤਾ ਪ੍ਰਾਪਤ ਹੋਣ ਕਾਰਣ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਸ. ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਨਿਰਾਸ਼ ਨਹੀਂ ਕਰਨਗੇ, ਪਰ ਸ. ਬਾਦਲ ਉਨ੍ਹਾਂ ਨਾਲ ਵਾਇਦਾ ਕਰਕੇ ਵੀ ਆਖਰੀ ਪਲਾਂ ਵਿੱਚ, ਉਨ੍ਹਾਂ ਨੂੰ ਟਿਕਟ ਦੇਣ ਤੋਂ ਮੁਨਕਰ ਹੋ ਗਏ। ਜਿਸਦਾ ਉਨ੍ਹਾਂ (ਸ. ਗੁਰਮੀਤ ਸਿੰਘ ਬਰਾੜ) ਨੂੰ ਅਜਿਹਾ ਗਹਿਰਾ ਧੱਕਾ ਲਗਾ, ਜੋ ਉਨ੍ਹਾਂ ਲਈ ਜਾਨਲੇਵਾ ਸਾਬਤ ਹੋ ਨਿਬੜਿਆ। ਉਸ ਸਮੇਂ ਤੋਂ ਹੀ ਸ. ਜਗਮੀਤ ਸਿੰਘ ਬਰਾੜ, ਸ. ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਪਿਤਾ ਦਾ ਕਾਤਲ ਗਰਦਾਨਦਿਆਂ ਉਨ੍ਹਾਂ ਵਿਰੁਧ ਮੋਰਚਾ ਸੰਭਾਲੀ ਚਲੇ ਆ ਰਹੇ ਸਨ।
ਲੰਮੇਂ ਸਮੇਂ ਤੋਂ ਅਕਾਲੀ ਰਾਜਨੀਤੀ ਨਾਲ ਜੁੜੇ ਚਲੇ ਆ ਰਹੇ ਰਾਜਸੀ ਮਾਹਿਰਾਂ ਦੀ ਮਾਨਤਾ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਉਹ ਰਾਜਸੀ ਨੇਤਾ ਹਨ, ਜਿਨ੍ਹਾਂ ਆਪਣੇ ਪੂਰੇ ਰਾਜਸੀ ਜੀਵਨ ਵਿੱਚ ਕਿਸੇ ਵੀ ਸਮੇਂ ਰਹੇ ਆਪਣੇ ਵਿਰੋਧੀ ਨੂੰ ਕਦੀ ਬਖਸ਼ਿਆ ਨਹੀਂ। ਇਤਿਹਾਸ ਗੁਆਹ ਹੈ ਕਿ ਉਨ੍ਹਾਂ ਸਮਾਂ ਆਉਣ ਤੇ ਉਨ੍ਹਾਂ ਨੇ ਆਪਣੇ ਹਰ ਵਿਰੋਧੀ ਨੂੰ ਵਿਸ਼ਵਾਸ ਦੀ 'ਗਲਵਕੜੀ' ਦਾ ਨਿਘ ਦੇ, ਅਜਿਹੀ ਜਗ੍ਹਾ ਲਿਜਾ ਮਾਰਿਆ, ਜਿਥੇ ਉਹ ਪਾਣੀ ਤਕ ਨਹੀਂ ਮੰਗ ਸਕਿਆ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਵੇਖਦੇ ਹਾਂ, ਸ. ਜਗਮੀਤ ਸਿੰਘ ਬਰਾੜ ਕਦੋਂ ਤਕ ਸ. ਬਾਦਲ ਦੀ 'ਗਲਵਕੜੀ' ਦਾ ਨਿਘ ਮਾਣਦੇ ਰਹਿ ਸਕਦੇ ਹਨ।
...ਅਤੇ ਅੰਤ ਵਿੱਚ : ਪੰਜਾਬ ਕਾਂਗ੍ਰਸ ਦੇ ਕਈ ਪੁਰਾਣੇ ਆਗੂ ਦਸਦੇ ਹਨ ਕਿ ਆਲ ਇੰਡੀਆ ਕਾਂਗ੍ਰਸ ਦੇ ਇਤਿਹਾਸ ਵਿੱਚ ਇੱਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਉਸਦੇ ਅਰਜਨ ਸਿੰਘ, (ਐਨਡੀ) ਤਿਵਾੜੀ ਆਦਿ ਵਰਗੇ ਉਚੇ ਕਦ ਦੇ ਕਈ ਚੋਟੀ ਦੇ ਆਗੂਆਂ ਨੇ ਮੂਲ ਕਾਂਗ੍ਰਸ ਨਾਲੋਂ ਨਾਤਾ ਤੋੜ, ਅਲਗ ਆਲ ਇੰਡੀਆ ਕਾਂਗ੍ਰਸ (ਤਿਵਾੜੀ) ਦਾ ਗਠਨ ਕਰ ਲਿਆ ਸੀ। ਅਰਜਨ ਸਿੰਘ ਨਾਲ ਨੇੜਤਾ ਹੋਣ ਕਾਰਣ ਸ. ਜਗਮੀਤ ਸਿੰਘ ਬਰਾੜ ਅਤੇ ਸ. ਬੀਰਦਵਿੰਦਰ ਸਿੰਘ ਨੇ ਵੀ ਆਪਣੇ ਸਾਥੀਆਂ ਸਮੇਤ ਮੂਲ ਕਾਂਗ੍ਰਸ ਨਾਲੋਂ ਨਾਤਾ ਤੋੜ ਤਿਵਾੜੀ ਕਾਂਗ੍ਰਸ ਵਿੱਚ ਸ਼ਮੂਲੀਅਤ ਕਰ ਲਈ। ਤਿਵਾੜੀ ਕਾਂਗ੍ਰਸ ਦੇ ਮੁਖੀਆਂ ਨੇ ਪਾਰਟੀ ਵਲੋਂ ਪੰਜਾਬ ਲਈ ਦੋ ਅਹੁਦੇ ਰਾਖਵੇਂ ਕੀਤੇ। ਇੱਕ ਕੌਮੀ ਜਨਰਲ ਸਕਤੱਰ ਦਾ ਅਤੇ ਦੂਜਾ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਦਾ। ਇਨ੍ਹਾਂ ਕਾਂਗ੍ਰਸੀਆਂ ਅਨੁਸਾਰ ਚਾਹੀਦਾ ਤਾਂ ਇਹ ਸੀ ਕਿ ਸ. ਜਗਮੀਤ ਸਿੰਘ ਬਰਾੜ ਇਨ੍ਹਾਂ ਦੋਹਾਂ ਅਹੁਦਿਆਂ ਵਿਚੋਂ ਇਕ ਆਪ ਲੈ ਲੈਂਦੇ ਅਤੇ ਦੂਸਰਾ ਆਪਣੇ ਨਾਲ ਆਏ ਬੀਰਦਵਿੰਦਰ ਸਿੰਘ ਨੂੰ ਦੇ, ਆਪਸੀ ਸਾਂਝ ਨੂੰ ਪਕੇ ਰੂਪ ਵਿੱਚ ਕਾਇਮ ਕਰ ਲੈਂਦੇ। ਪਰ ਉਨ੍ਹਾਂ ਨੇ ਅਜਿਹਾ ਨਾ ਕੀਤਾ ਤੇ ਦੋਵੇਂ ਅਹੁਦੇ ਆਪਣੇ ਪਾਸ ਹੀ ਰਖ ਲਏ। ਜਿਸਦਾ ਨਤੀਜਾ ਇਹ ਹੋਇਆ ਕਿ ਦੋਹਾਂ, ਸ. ਜਗਮੀਤ ਸਿੰਘ ਬਰਾੜ ਅਤੇ ਸ. ਬੀਰਦਵਿੰਦਰ ਸਿੰਘ ਵਿੱਚ ਅਜਿਹੀ ਦੂਰੀ ਬਣੀ, ਜੋ ਅੱਜ ਤਕ ਮਿਟ ਨਹੀਂ ਸਕੀ। ਇਸੇ ਘਟਨਾ ਦਾ ਹਵਾਲਾ ਦਿੰਦਿਆਂ ਇਹ ਪੁਰਾਣੇ ਅਕਾਲੀ ਜ਼ੋਰ ਦੇ ਕੇ ਆਖਦੇ ਹਨ ਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਕਿ ਸ. ਜਗਮੀਤ ਸਿੰਘ ਬਰਾੜ ਬਹੁਤਾ ਸਮਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਮੀਤ ਪ੍ਰਧਾਨਾਂ ਲੰਮੀ ਲਾਈਨ ਵਿੱਚ ਆਪਣੇ ਆਪ ਨੂੰ ਬਹੁਤਾ ਸਮਾਂ ਖੜਿਆਂ ਰਖ ਸਕਣ।
Mobile : + 91 95 82 71 98 90
E-mail : jaswantsinghajit@gmail.com
Address : Jaswant Singh Ajit, Flat No. 51, Sheetal Apartment, Plot No. 12,
Sector 14, Rohini, DELHI-110085