ਕੁਦਰਤ ਆਪ ਵੀ ਇਨਸਾਫ਼ ਕਰਦੀ ਹੈ - ਹਰਦੇਵ ਸਿੰਘ ਧਾਲੀਵਾਲ
ਮੈਂ ਕੋਈ ਵੱਡਾ ਭਗਤ ਨਹੀਂ। ਸੱਚ ਬੋਲਣਾ ਤੇ ਕੌੜੀ ਗੱਲ ਕਹਿ ਦੇਣਾ ਮੇਰੇ ਵਿੱਚ ਨੁਕਸ ਮੰਨਿਆ ਜਾਂਦਾ ਹੈ। ਮੇਰੇ ਬਾਪੂ ਜੀ ਦਾ ਚਲਾਣਾ 1947 ਵਿੱਚ ਹੋ ਗਿਆ ਸੀ। ਮੈਂ ਕੋਈ ਸੱਤ ਕੁ ਸਾਲਾਂ ਦਾ ਸੀ ਤੇ ਤਿੰਨ ਭਰਾਵਾਂ ਵਿੱਚੋਂ ਮੈਂ ਛੋਟਾ ਸੀ। ਸਾਡੀਆਂ ਦੋ ਮਾਵਾਂ ਸਨ, ਵੱਡੀ ਮਾਂ ਦੇ ਕੋਈ ਬੱਚਾ ਨਹੀਂ ਸੀ। ਅਸੀਂ ਸਾਰੇ ਛੋਟੀ ਮਾਂ ਦੀ ਔਲਾਦ ਸੀ, ਪਰ ਸਾਡਾ ਪਾਲਣ-ਪੋਸ਼ਣ ਵੱਡੀ ਮਾਂ ਹੀ ਕਰਦੀ ਸੀ। ਉਸ ਦਾ ਪਿਆਰ ਛੋਟੀ ਮਾਂ ਤੋਂ ਘੱਟ ਨਹੀਂ ਸੀ। ਸਾਡੇ ਘਰ ਆ ਕੇ ਆਮ ਆਦਮੀ ਨੂੰ ਸਾਡੀ ਮਾਂ ਬਾਰੇ ਸੋਚਣਾ ਪੈਂਦਾ ਸੀ ਤੇ ਅਸੀਂ ਵੀ ਦੋਹਾਂ ਦਾ ਬਰਾਬਰ ਸਤਿਕਾਰ ਕਰਦੇ ਸੀ। ਉਨ੍ਹਾਂ ਔਖੇ ਸਮੇਂ ਵਿੱਚ ਮਿਹਨਤ ਕਰਕੇ ਸਾਨੂੰ ਪਾਲਿਆ ਸੀ। ਭਾਵੇਂ ਜਮੀਨ ਕਾਫੀ ਸੀ, ਪਰ ਉਸ ਸਮੇਂ ਜਮੀਨ ਤੋਂ ਆਮਦਨ ਬਹੁਤੀ ਨਹੀਂ ਸੀ ਹੁੰਦੀ। ਇਸ ਕਰਕੇ ਉਹ ਚਾਰ ਮੱਝਾਂ ਦਾ ਦੁੱਧ ਵੇਚਦੀਆਂ ਸਨ, ਜਦੋਂ ਕਿ ਚੰਗੇ ਜਿਮੀਂਦਾਰ ਪਰਿਵਾਰ ਉਨ੍ਹੀਂ ਦਿਨੀ ਦੁੱਧ ਵੇਚਣਾ ਚੰਗਾ ਨਹੀਂ ਸਨ ਸਮਝਦੇ। ਛੋਟੀ ਮਾਂ ਦਾ ਪਿੰਡ ਵਿੱਚ ਵਿਆਜ ਵੀ ਚੱਲਦਾ ਸੀ ਤੇ ਉਹ ਪੁਆਨੀ (ਇੱਕ ਰੁਪਿਆ ਨੌਂ ਆਨੇ) ਦਾ ਵਿਆਜ ਲਾਉਂਦੀ ਸੀ। ਪਿੰਡ ਵਿੱਚ ਕਾਫੀ ਪੇਸਾ ਚੱਲਦਾ ਸੀ।
ਮੈਂ 11 ਅਪ੍ਰੈਲ 1965 ਨੂੰ ਫਿਰੋਜਪੁਰ ਤੋਂ ਚਾਰ ਦਿਨਾਂ ਦੀ ਛੁੱਟੀ ਲੈ ਕੇ ਆਇਆ ਸੀ। ਮੇਰੀ ਛੋਟੀ ਮਾਂ ਜੀ ਸੀਰੀਆ ਤੌਂ ਇੰਜਣ ਰਾਹੀਂ ਕਪਾਹ ਦੀ ਰੌਣੀ ਕਰਵਾ ਰਹੀ ਸੀ। ਮੈਨੂੰ ਵੱਟ ਤੇ ਬਿਠਾ ਕੇ ਕਹਿਣ ਲੱਗੀ ਕਿ "ਤੂੰ ਥਾਣੇਦਾਰ ਬਣ ਗਿਆ ਹੈਂਂ, ਲੋਕਾਂ ਤੋਂ ਵੱਢੀ ਨਹੀਂ ਲੈਣੀ, ਨਹੀਂ ਤਾਂ ਲੋਕ ਕਹਿਣਗੇ ਕਿ ਗਿਆਨੀ ਸ਼ੇਰ ਸਿੰਘ ਦਾ ਭਤੀਜਾ ਤੇ ਸ੍ਰ. ਖੀਵਾ ਸਿੰਘ ਦਾ ਪੁੱਤਰ ਰਿਸ਼ਵਤਖੋਰ ਹੈ, ਬਜੁਰਗਾਂ ਦੀ ਬਦਨਾਮੀ ਹੋਵੇਗੀ, ਜੋ ਮੈਂ ਬਰਦਾਸਤ ਨਹੀਂ ਕਰ ਸਕਸਦੀ। ਤੈਨੂੰ ਕੱਪੜੇ, ਘਿਉ ਤੇ ਵਾਧੂ ਖਰਚਾ ਘਰ ਤੋਂ ਮਿਲ ਜਾਏਗਾ।" ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਕਿ ਮੈਂ ਤਾਂ ਫਿਲੌਰ ਤੋਂ ਆਇਆ ਹੀ ਹਾਂ, ਅਜੇ ਕਈ ਕੋਰਸ ਕਰਨੇ ਹਨ, ਹਾਲੇ ਪੈਸੇ ਨਹੀਂ ਮਿਲਦੇ । ਪਰ ਉਹ ਆਪਣੀ ਗੱਲ ਦੁਬਾਰਾ ਸ਼ਖਤੀ ਨਾਲ ਕਹਿ ਗਈ।
ਇਹ ਮੇਰੀ ਛੋਟੀ ਮਾਂ ਨਾਲ ਅਖੀਰੀ ਮੁਲਾਕਾਤ ਸੀ। ਮੈਂ ਹੈਰਾਨ ਸੀ ਕਿ ਮਾਂ ਨੇ 17-18 ਸਾਲ ਵਿਆਜ ਲਾਇਆ ਹੈ ਤੇ ਵਿਆਜ ਘੱਟ ਵੀ ਨਹੀਂ ਕਰਦੀ, ਪਰ ਇਹ ਨਸੀਹਤ ਉਲਟ ਸੀ। ਮੈਂ ਸਾਰੀ ਉਮਰ ਉਸ ਦੀ ਗੱਲ ਮੰਨਣ ਦੀ ਪੂਰੀ ਕੋਸ਼ਿਸ਼ ਕੀਤੀ। ਬਾਰਾਂ ਅਪ੍ਰੈਲ ਨੂੰ ਮੈਂ ਦੋ-ਤਿੰਨ ਦੋਸਤਾਂ ਨਾਲ ਤਲਵੰਡੀ ਸਾਬੋ ਮੇਲਾ ਦੇਖਣ ਚਲਿਆ ਗਿਆ। ਸੁਖਦੇਵ ਸਿੰਘ ਦੇ ਸਹੁਰੇ ਬੁਰਜ ਬਘੇਹਰ ਸਨ। ਦੋ ਰਾਤਾਂ ਲਾਲ ਕੇ ਮੈਂ ਵਾਪਸ ਆਇਆ, ਜਦੋਂ ਕਿ ਉਹ ਦੋਵੇਂ ਉੱਥੇ ਹੀ ਰਹਿ ਗਏ। ਵਾਪਸ ਆਉਂਦੇ ਹੀ ਪਤਾ ਲੱਗਿਆ ਕਿ ਸੀਰੀਆਂ ਨੇ ਇੰਜਣ ਦੇ ਹੈਂਡਲ ਤੇ ਕੁਹਾੜੀ ਨਾਲ ਮਾਂ ਦਾ ਕਤਲ ਕਰ ਦਿੱਤਾ ਹੈ। ਉਹ ਸਖਤ ਮਿਜਾਜ਼ ਸੀ, ਨਰਮ ਵੀ ਬਹੁਤ ਸੀ। ਸੀਰੀਆਂ ਨੇ ਨਸ਼ੇ ਵਾਲੀਆਂ ਗੋਲੀਆਂ ਖਾਧੀਆਂ ਹੋਈਆਂ ਸਨ ਤੇ ਇੰਜਣ ਤੇਜ ਚੱਲ ਰਿਹਾ ਸੀ। ਮਾਂ ਨੇ ਘੂਰੇ ਤੇ ਆਪ ਇੰਜਣ ਹੌਲੀ ਕਰਨ ਲੱਗੀ ਤਾਂ ਮਗਰੋਂ ਉਨ੍ਹਾਂ ਨੇ ਹੈਂਡਲ ਤੇ ਕੁਹਾਡੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਨੂੰ ਵਰਗਲਾਉਣ ਵਿੱਚ ਸਾਇਦ ਕੋਈਭੈੜਾ ਹੱਥ ਸੀ।
ਸਤੰਬਰ 1965 ਵਿੱਚ ਕੇਸ ਦਾ ਫੈਸਲਾ ਹੋ ਗਿਆ। ਦੋਵਾਂ ਨੂੰ ਸੈਸ਼ਨ ਜੱਜ ਠੁਕਰਾਲ ਨੇ ਵੀਹ-ਵੀਹ ਸਾਲ ਦੀ ਕੈਦ ਕਰ ਦਿੱਤੀ। ਉਨ੍ਹਾਂ: ਦੀ ਉਮਰ ਉਸ ਸਮੇਂ ਵੀਹ ਸਾਲ ਤੋਂ ਵੱਧ ਸੀ, ਪਰ ਮੇਰੀ ਗੈਰ-ਹਾਜ਼ਰੀ ਕਰਕੇ ਉੱਪਲੀ ਦੇ ਇੱਕ ਕਪਤਾਨ ਸਾਹਿਬ ਨੇ ਡਾਕਟਰਾਂ ਨਾਲ ਸਾਜ-ਬਾਜ ਕਰ ਕੇ ਅਦਾਲਤ ਰਾਹੀਂ ਉਨ੍ਹਾਂ ਦਾ ਡਾਕਟਰੀ ਮੁਆਇਨਾ ਕਰਵਾ ਕੇ 18 ਸਾਲ ਤੋਂ ਛੋਟੀ ਉਮਰ ਦੇ ਕਰਾਰ ਦਿਵਾ ਦਿੱਤੇ। ਇਸ ਕਰਕੇ ਉਹ ਬੋਸਟਲ ਜੇਲ੍ਹ ਫਰੀਦਕੋਟ ਭੇਜ ਦਿੱਤੇ ਗਏ। ਮੈਂ 1971 ਦੀ ਜੁਲਾਈ ਤੱਕ ਉਨ੍ਹਾਂ ਦਾ ਕੋਈ ਪਤਾ ਨਾ ਕੀਤਾ ਕਿ ਕਿਹੜੀ ਜੇਲ੍ਹ ਵਿੱਚ ਹਨ, ਨਾ ਹੀ ਮੈਨੂੰ ਕੋਈ ਲੋੜ ਸੀ। ਜੁਲਾਈ 1972 ਵਿੱਚ ਮੈਂ ਮੁੱਖ ਅਫਸਰ ਸਦਰ ਨਾਭਾ ਲੱਗ ਗਿਆ। ਪਿੰਡ ਤੋਂ ਪਤਾ ਲੱਗਿਆ ਸੀ ਕਿ ਉਹ ਨਾਭੇ ਦੀ ਖੁੱਲ੍ਹੀ ਜੇਲ੍ਹ ਵਿੱਚ ਹਨ, ਪਰ ਮੈਂ ਕੈਦ ਕਰਾ ਕੇ ਸੰਤੁਸ਼ਟ ਸੀ। ਕੁਦਰਤ ਬੜੀ ਬਲਵਾਨ ਹੈ। ਉਸ ਦਿਨ ਤੋਂ ਮੇਰਾ ਰੱਬ ਵਿੱਚ ਭਰੋਸਾ ਹੋਰ ਵੱਧ ਗਿਆ। ਸ਼ਾਮ ਦੇ ਕੋਈ ਛੇ ਕੁ ਵੱਜੇ ਮੈਂ ਆਪਣੇ ਮੁਲਾਜਮਾਂ ਨਾਲ ਬੈਠਾ ਸੀ। ਮੇਰੇ ਮਨ ਵਿੱਚ ਸਹਿਬਨ ਆਇਆ ਕਿ ਉਨ੍ਹਾਂ ਦਾ ਪਤਾ ਕਰਾਂ। ਮੈਂ ਡੀ.ਐਫ.ਸੀ. ਨੂੰ ਖੁੱਲੀ ਜੇਲ੍ਹ ਭੇਜਿਆ ਕਿ ਪਤਾ ਕਰ ਕੇ ਆਵੇ ਕਿ ਉਨ੍ਹਾਂ ਦਾ ਕਿਹੋ ਜਿਹਾ ਵਿਹਾਰ ਹੈ ਤੇ ਕਦੋਂ ਛੁੱਟਣ ਵਾਲੇ ਹਨ, ਪਰ ਡੀ.ਐਫ.ਸੀ.ਦੇ ਜਾਣ ਤੇ ਜੇਲ੍ਹ ਅਧਿਕਾਰੀਕਾਫੀ ਘਬਰਾ ਗਏ ਤੇ ਉਸ ਨੂੰ ਕੋਈ ਸਹੀ ਜਵਾਬ ਨਾ ਦੇ ਸਕੇ।
ਮੈਂ ਏ.ਐਸ.ਆਈ. ਸ੍ਰੀ ਸੰਤ ਸਰਨ ਨੂੰ ਕਿਹਾ ਕਿ ਕੱਲ੍ਹ ਨੂੰ ਉਹ ਪਤਾ ਕਰੇ। ਤਦ ਸ਼ਾਮ ਦੇ ਅੱਠ ਕੁ ਵੱਜੇ ਖੁੱਲ੍ਹੀ ਜੇਲ੍ਹ ਤੋਂ ਦੋ ਕੈਦੀਆਂ ਦੇ ਫਰਾਰ ਹੋਣ ਦੀ ਚਿੱਠੀ ਆ ਗਈ। ਅਸੀਂ ਮੁਕੱਦਮਾ ਦਰਜ ਕਰ ਦਿੱਤਾ। ਅਸਲ ਵਿੱਚ ਉਹ ਜੇਲ੍ਹ ਅਧਿਕਾਰੀਆਂ ਦੀ ਮਰਜੀ ਨਾਲ ਫਰਲੋ (ਬਿਨਾਂ ਮੰਨਜੂਰ ਛੁੱਟੀ) ਤੇ ਭੇਜੇ ਹੋਏ ਸਨ। ਉਹ ਸਮੇਂ ਟੈਲੀਫੋਨ ਆਦਿ ਦੀ ਬਹੁਤੀ ਸਹੂਲਤ ਨਹੀਂ ਸੀ। ਉਨ੍ਹਾਂ ਨੂੰ ਤਸੱਲੀ ਹੋ ਗਈ ਸੀ ਕਿ ਜਾਂ ਤਾਂ ਮੈਂ ਉਨ੍ਹਾਂ ਨੂੰ ਫੜ ਲਿਆ ਹੈ, ਜਾਂ ਮੈਨੂੰ ਉਨ੍ਹਾਂ ਦੇ ਪਿੰਡ ਪਹੁੰਚਣ ਬਾਰੇ ਪਤਾ ਹੈ। ਇਸ ਭਗਦੜ ਵਿੱਚ ਉਹ ਉਨ੍ਹਾਂ ਨੂੰ ਰਾਤੋ-ਰਾਤ ਸੇਰੋਂ ਤੋਂ ਨਾਭੇ ਲੈ ਆਏ, ਕਿਉਂਕਿ ਉਹ ਅਧਿਕਾਰੀਆਂ ਦੀ ਰਾਏ ਨਾਲ ਗਏ ਸਨ, ਪਰ ਜੇਲ੍ਹ ਵਾਲਿਆਂ ਨੇ ਆਪਣੇ ਆਪ ਨੂੰ ਬਚਾਉਣ ਲਈ ਉਨ੍ਹਾਂ ਤੋਂ ਇਕਬਾਲ (ਜੁਰਮ ਮੰਨਣਾ) ਕਰਵਾ ਦਿੱਤਾ। ਜੱਜ ਸਾਹਿਬ ਨੇ ਦੋਹਾਂ ਨੂੰ ਜੇਲ ਤੋਂ ਭੱਜਣ ਦੇ ਦੋਸ਼ ਤਹਿਤ ਹੋਰ ਕੈਦ ਕਰ ਦਿੱਤੀ। ਜੇਲ੍ਹ ਵਿੱਚ ਦੂਜਾ ਜੁਰਮ ਕਰਨ ਕਾਰਨ ਉਨ੍ਹਾਂ ਦੀਆਂ ਸਾਰੀਆਂ ਮੁਆਫੀਆਂ ਰੱਦ ਹੋ ਗਈਆਂ ਅਤੇ ਉਨ੍ਹਾਂ ਨੂੰ ਛੁੱਟੀ ਮਿਲਣੀ ਵੀ ਬੰਦ ਹੋ ਗਈ। ਦੋਵਾਂ ਨੇ 1979 ਤੱਕ ਪੂਰੀ 14 ਸਾਲ ਜੇਲ੍ਹ ਕੱਟੀ, ਜਿਹੜੀ ਕਿ 20 ਸਾਲ ਕੈਦ ਵਾਲੇ ਕੈਦੀ ਨੂੰ ਕੱਟਣੀ ਪੈਂਦੀ ਹੈ। ਜਦੋਂ ਕਿ ਉਨ੍ਹਾਂ ਨੇ 1971 ਵਿੱਚ ਹੀ ਬਾਹਰ ਆ ਜਾਣਾ ਸੀ। ਕੁਦਰਤ ਨੇ ਆਪਣਾ ਇਨਸਾਫ ਕਰ ਦਿਖਾਇਆ । ਅਜਿਹੇ ਇਨਸਾਫ਼ ਕੁਦਰਤ ਹੀ ਕਰ ਸਕਦੀ ਹੈ।
ਮੈਂ ਇਸ ਤੇ ਸੁਚੇਤ ਹੋ ਗਿਆ । ਜੇਲ੍ਹ ਵਿੱਚ ਭਾਵੇਂ ਉਹ ਦਬਾਕੜੇ ਮਾਰਦੇ ਰਹੇ, ਪਰ ਮੈਂ 1979 ਤੱਕ ਪੈਰਵੀ ਜਾਰੀ ਰੱਖੀ।
ਗਿਆਨੀ ਅਜਮੇਰ ਸਿੰਘ ਧਮੋਟ ਬਹੁਤ ਵਧੀਆ ਇਨਸਾਨ ਤੇ ਇਮਾਨਦਾਰ ਥਾਣੇਦਾਰ ਹੋਏ ਹਨ। ਉਹ ਹੱਥ ਦੇਖਣ ਦੇ ਵੀ ਮਾਹਰ ਸਨ। ਕਹਿੰਦੇ ਹਨ ਕਿ ਉਹ ਮੁੱਖ ਅਫ਼ਸਰ ਥਾਣਾ ਬੋਹਾ ਲੱਗੇ ਹੋਏ ਸਨ। ਉਹ ਜ਼ਬਾਨ ਦੇ ਨਰਮ ਤੇ ਸੁਭਾਅ ਦੇ ਮਿੱਠੇ ਸਨ। ਥਾਣਾ ਬੋਹਾ ਵਿੱਚ ਭਾਊਆਂ ਦੀ ਕਾਫ਼ੀ ਅਬਾਦੀ ਹੈ। ਬਹੁਤੇ ਭਾਊ ਤੇ ਰਾਏ ਸਿੱਖ ਕੱਢ ਕੇ ਸ਼ਰਾਬ ਵੇਚਣ ਦੇ ਆਦੀ ਸਨ। ਇਸ ਲਈ ਸਜਾ ਵੀ ਸਧਾਰਨ ਹੁੰਦੀ ਸੀ। ਉਨ੍ਹਾਂ ਨੇ ਇੱਕ ਭਾਊ ਤੋਂ ਚੱਲਦੀ ਭੱਠੀ ਫੜ ਲਈ, ਪਰ ਅਦਾਲਤ ਵਿੱਚ ਗਵਾਹ ਸਹੀ ਨਾ ਭੁਗਤਨ ਕਾਰਨ ਮੈਜਿਸਟਰੇਟ ਮਾਨਸਾ ਨੇ ਬਰੀ ਕਰ ਦਿੱਤਾ । ਉਸ ਨੇ ਬਾਹਰ ਆ ਕੇ ਗਿਆਨੀ ਜੀ ਨੂੰ ਟਕੋਰ ਮਾਰੀ ਕਿ "ਗਿਆਨੀ ਜੀ, ਮੈਂ ਬਰੀ ਹੋ ਗਿਆ ਹਾਂ।" ਉਹ ਹੱਸ ਕੇ ਕਹਿਣ ਲੱਗੇ, "ਭਾਊ, ਤੇਰੀ 20-25 ਸੇਰ ਦੀ ਪਿੱਤਲ ਦੀ ਦੋਹਣੀ ਫੜੀ ਹੋਈ ਹੈ, ਕਮਲਿਆ ਉਹ ਤਾਂ ਅਰਜ਼ੀ ਦੇ ਕੇ ਲੈ ਜਾ।" ਭਾਊ ਲਾਲਚ ਵਿੱਚ ਆ ਗਿਆ। ਉਹ ਅਰਜ਼ੀ ਲਿਖਵਾ ਕੇ ਅਦਾਲਤ ਵਿੱਚ ਚਲਿਆ ਗਿਆ। ਵਕੀਲ ਨਾਲ ਉਸ ਨੇ ਗੱਲ ਨਾ ਕੀਤੀ। ਜੱਜ ਦੇ ਪੇਸ਼ ਹੋ ਕੇ ਅਰਜ਼ੀ ਸਾਹਮਣੇ ਰੱਖ ਦਿੱਤੀ। ਪਿੱਛੇ-ਪਿੱਛੇ ਗਿਆਨੀ ਜੀ ਵੀ ਚਲੇ ਗਏ। ਜੱਜ ਦਾ ਫੈਸਲਾ ਝੂਠਾ ਪੈ ਗਿਆ, ਜੱਜ ਸਾਹਿਬ ਨੇ ਪਹਿਲਾ ਫੈਸਲਾ ਰੱਦ ਕਰਕੇ ਉਸ ਅਰਜ਼ੀ ਦੇ ਆਧਾਰ ਤੇ ਭਾਊ ਨੂੰ ਕੈਦ ਕਰ ਦਿੱਤੀ ਇਹ ਗੱਲ ਮਾਨਸਾ ਦੇ ਪੁਰਾਣੇ ਵਕੀਲਾਂ ਵਿੱਚ ਮਸ਼ਹੂਰ ਹੈ ਤੇ ਸੁਲਝੇ ਥਾਣੇਦਾਰ ਦੀ ਮਿਸਾਲ ਹੈ।
ਹਰਦੇਵ ਸਿੰਘ ਧਾਲੀਵਾਲ,
ਰਿਟ: ਐਸ.ਐਸ.ਪੀ.,
ਪੀਰਾਂ ਵਾਲਾ ਗੇਟ, ਸੁਨਾਮ
ਮੋਬ: 98150-37279