ਦਿੱਲੀ ਗੁਰਦੁਆਰਾ ਐਕਟ ਦੀਆਂ ਉੱਡ ਰਹੀਆਂ ਨੇ ਧੱਜੀਆਂ? - ਜਸਵੰਤ ਸਿੰਘ 'ਅਜੀਤ'

ਦਿੱਲੀ ਗੁਰਦੁਆਰਾ ਐਕਟ (1971) ਦੇ ਪਾਰਟ 4 ਵਿਚਲੀ ਧਾਰਾ 26 ਵਿੱਚ ਇਹ ਗਲ ਸਪਸ਼ਟ ਸ਼ਬਦਾਂ ਵਿੱਚ ਬਿਆਨ ਕੀਤੀ ਗਈ ਹੋਈ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਅਤੇ ਉਸਦੇ ਸਾਧਨਾਂ ਦੀ ਵਰਤੋਂ ਕਿਸੇ ਵੀ ਰਾਜਸੀ ਪਾਰਟੀ, ਜਥੇਬੰਦੀ ਜਾਂ ਵਿਅਕਤੀ ਦੇ ਹਿਤ ਵਿੱਚ ਜਾਂ ਕਿਸੇ ਰਾਜਸੀ ਉਦੇਸ਼ ਲਈ ਨਹੀਂ ਕੀਤੀ ਜਾ ਸਕਦੀ। ਪੰਤੂ ਬੀਤੇ ਕਈ ਵਰ੍ਹਿਆਂ ਤੋਂ ਲਗਾਤਾਰ ਇਹ ਵੇਖਣ ਵਿੱਚ ਆ ਰਿਹਾ ਹੈ, ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਮੁੱਖੀਆਂ, ਭਾਵੇਂ ਉਹ ਕਿਸੇ ਵੀ ਪਾਰਟੀ ਜਾਂ ਦਲ ਨਾਲ ਸੰਬੰਧਤ ਰਹੇ ਹੋਣ, ਵਲੋਂ ਦਿੱਲੀ ਗੁਰਦੁਆਰਾ ਐਕਟ ਦੀ ਇਸ ਧਾਰਾ ਦੀਆਂ ਖੁਲ੍ਹੇ ਆਮ ਧੱਜੀਆਂ ਉਡਾਈਆਂ ਚਲੀਆਂ ਆ ਰਹੀਆਂ ਹਨ। ਦਿੱਲੀ ਗੁਰਦੁਆਰਾ ਕਮੇਟੀ ਦੇ ਮੁੱਖੀ ਨਾ ਕੇਵਲ ਆਪ ਆਪਣੇ ਰਾਜਸੀ ਸੁਆਰਥ ਅਤੇ ਹਿਤਾਂ ਦੀ ਪੂਰਤੀ ਲਈ ਕਿਸੇ ਨਾ ਕਿਸੇ ਵਿਸ਼ੇਸ਼ ਰਾਜਸੀ ਪਾਰਟੀ ਅਤੇ ਰਾਜਸੀ ਵਿਅਕਤੀਆਂ ਦੇ ਹਕ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਚਲੇ ਆਉਂਦੇ ਹਨ, ਸਗੋਂ ਉਨ੍ਹਾਂ ਲਈ ਗੁਰਦੁਆਰਾ ਕਮੇਟੀ ਦੇ ਉਪਲੱਬਧ ਸਾਰੇ ਸਾਧਨਾਂ ਦੀ ਵਰਤੋਂ ਵੀ ਕਰਦੇ ਰਹਿੰਦੇ ਹਨ। ਇਨ੍ਹਾਂ ਹੀ ਦਿਨਾਂ ਵਿੱਚ ਪੰਜਾਬ ਤੋਂ ਅਜਿਹੀਆਂ ਖਬਰਾਂ ਲਗਾਤਾਰ ਆ ਰਹੀਆਂ ਹਨ, ਜਿਨ੍ਹਾਂ ਅਨੁਸਾਰ ਉਥੇ ਲੋਕਸਭਾ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੀ ਪਤਨੀ ਬੀਬਾ ਹਰਸਿਮਰਤ ਕੌਰ ਬਾਦਲ ਸਹਿਤ ਦਲ ਦੇ ਕਈ ਦੂਜੇ ਉਮੀਦਵਾਰਾਂ ਦੇ ਹਕ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਗੱਡੀਆਂ ਅਤੇ ਸਟਾਫ ਮੈਂਬਰਾਂ ਨੂੰ ਸਰਗਰਮ ਭੂਮਿਕਾ ਨਿਬਾਹੁੰਦਿਆਂ ਵੇਖਿਆ ਜਾ ਰਿਹਾ ਹੈ। ਇਹ ਵੀ ਦਸਿਆ ਜਾ ਰਿਹਾ ਹੈ ਕਿ ਅਜਿਹਾ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ, ਸਗੋਂ ਬੀਤੇ ਕਈ ਵਰ੍ਹਿਆਂ ਤੋਂ ਅਜਿਹਾ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਹੈਰਾਨੀ ਦੀ ਗਲ ਤਾਂ ਇਹ ਹੈ ਕਿ ਕਈ ਵਰ੍ਹਿਆਂ ਤੋਂ ਇਸ ਤਰ੍ਹਾਂ ਦਿੱਲੀ ਗੁਰਦੁਆਰਾ ਐਕਟ (1971) ਦੀਆਂ ਧੱਜੀਆਂ ਉਡਾਈਆਂ ਚਲੀਆਂ ਆ ਰਹੀਆਂ ਹਨ, ਪ੍ਰੰਤੂ ਨਾ ਤਾਂ ਗੁਰਦੁਆਰਾ ਕਮੇਟੀ ਦਾ ਤਾਂ ਕੋਈ ਮੈਂਬਰ ਅਤੇ ਨਾ ਹੀ ਦਿੱਲੀ ਵਿੱਚ ਸਰਗਰਮ ਸਿਖ ਜਥੇਬੰਦੀਆਂ ਦਾ ਕੋਈ ਮੁੱਖੀ, ਇਸ ਕਾਰਗੁਜ਼ਾਰੀ ਵਿਰੁੱਧ ਕਾਨੂੰਨੀ ਚਾਰਾਜੋਈ ਕਰਨਾ ਤਾਂ ਦੂਰ ਰਿਹਾ, ਇਸ ਵਿਰੁਧ ਅਵਾਜ਼ ਉਠਾਣ ਤਕ ਲਈ ਵੀ ਅਗੇ ਨਹੀਂ ਆ ਰਿਹਾ। ਹੋਰ ਤਾਂ ਹੋਰ ਦਿੱਲੀ ਗੁਰਦੁਆਰਾ ਕਮੇਟੀ ਦੇ ਮਾਮਲਿਆਂ ਦੇ ਇੰਚਾਰਜ ਹੋਣ ਦੇ ਦਾਅਵੇਦਾਰ ਦਿੱਲੀ ਗੁਰਦੁਆਰਾ ਡਾਇਰੈਕਟੋਰੇਟ ਦੇ ਮੁੱਖੀ ਵੀ ਅੱਖਾਂ-ਮੂੰਹ ਬੰਦ ਕੀਤੀ ਬੈਠੇ ਹਨ, ਜਦਕਿ ਇਹ ਸਭ ਉਨ੍ਹਾਂ ਦੀ ਨੱਕ ਦੇ ਹੇਠ ਹੋ ਰਿਹਾ ਹੈ।


ਗਲ ਪ੍ਰਵਾਸੀਆਂ ਕੀ ਕਾਲੀ ਸੂਚੀ ਦੀ : ਇਨ੍ਹਾਂ ਦਿਨਾਂ ਵਿੱਚ ਹੀ ਆਈਆਂ ਖਬਰਾਂ ਅਨੁਸਾਰ ਭਾਰਤ ਸਰਕਾਰ ਨੇ ਆਪਣੇ ਸਾਰੇ ਦੂਤਾਵਾਸਾਂ ਨੂੰ ਅਦੇਸ਼ ਦਿੱਤਾ ਹੈ ਕਿ ਉਹ ਆਪਣੇ ਕਾਰਜ-ਖੇਤ੍ਰ ਨਾਲ ਸੰਬੰਧਤ ਦੇਸ਼ਾਂ ਵਿੱਚ ਰਹਿ ਰਹੇ ਭਾਰਤੀਆਂ ਨਾਲ ਜੁੜੀ ਚਲੀ ਆ ਰਹੀ ਕਾਲੀ ਸੂਚੀ ਨੂੰ ਖਤਮ ਕਰ ਦੇਣ। ਜਿਸ ਨਾਲ ਮੁੱਖ ਰੂਪ ਵਿੱਚ ਖਾਲਿਸਤਾਨੀ ਵਿਚਾਰਧਾਰਾ ਆਦਿ ਨਾਲ ਜੁੜੇ ਜਿਨ੍ਹਾਂ ਸਿੱਖਾਂ ਦੇ ਭਾਰਤ ਦਾਖਲੇ ਪੁਰ ਰੋਕ ਲਗੀ ਹੋਈ ਹੈ, ਉਹ ਖਤਮ ਹੋ ਜਾਇਗੀ ਅਤੇ ਉਨ੍ਹਾਂ ਨੂੰ ਭਾਰਤੀ ਦੂਤਾਵਾਸਾਂ ਤੋਂ ਵੀਜ਼ੇ, ਪਾਸਪੋਰਟ ਅਤੇ ਓਐਸਆਈ ਸੇਵਾਵਾਂ ਪ੍ਰਾਪਤ ਕਰਨ ਵਿੱਚ ਸਹੂਲਤ ਮਿਲ ਸਕੇਗੀ। ਜੇ ਇਹ ਗਲ ਠੀਕ ਹੈ ਤਾਂ ਭਾਰਤ ਸਰਕਾਰ ਦਾ ਇਹ ਕਦਮ ਪ੍ਰਸ਼ੰਸਾ ਅਤੇ ਸੁਆਗਤਯੋਗ ਹੋਣ ਦੇ ਨਾਲ ਹੀ ਦੇਸ਼ ਹਿਤ ਵਿੱਚ ਵੀ ਮੰਨਿਆ ਜਾਇਗਾ। ਇਸ ਕਾਲਮ ਦੇ ਲੇਖਕ ਨੂੰ ਲਗਭਗ ਡੇਢ-ਦੋ ਵਰ੍ਹੇ ਪਹਿਲਾਂ ਕਨਾਡਾ ਦੇ ਟੋਰਾਂਟੋ ਵਿੱਚ ਰਹਿ ਰਹੇ ਆਪਣੇ ਬਚਿਆਂ ਦੇ ਨਾਲ ਕੁਝ ਸਮਾਂ ਬਤੀਤਾ ਕਰਨ ਦਾ ਮੌਕਾ ਮਿਲਿਆ ਸੀ, ਤਾਂ ਉਨ੍ਹਾਂ ਦਿਨਾਂ ਵਿੱਚ ਉਸਨੂੰ ਉਥੇ ਰਹਿ ਰਹੇ ਭਾਰਤੀਆਂ, ਵਿਸ਼ੇਸ਼ ਰੂਪ ਵਿੱਚ ਸਿੱਖ ਤੇ ਹੋਰ ਪੰਜਾਬੀ ਪ੍ਰਵਾਸੀਆਂ ਅਤੇ ਉਨ੍ਹਾਂ ਦੀਆਂ ਸੰਸਥਾਵਾਂ ਦੇ ਮੁੱਖੀਆਂ ਨਾਲ ਖੁਲ੍ਹ ਕੇ ਗਲਬਾਤ ਕਰਨ ਅਤੇ ਉਥੇ ਖਾਲਿਸਤਾਨੀ ਵਿਚਾਰਧਾਰਾ ਨਾਲ ਜੁੜੇ ਸਰਗਰਮ ਲੋਕਾਂ ਦੇ ਸੰਬੰਧ ਵਿੱਚ ਜਾਣਕਾਰੀ ਹਾਸਲ ਕਰਨ ਦਾ ਮੌਕਾ ਮਿਲਿਆ। ਮਿਲੀ ਜਾਣਕਾਰੀ ਅਨੁਸਾਰ ਖਾਲਿਸਤਾਨੀ ਵਿਚਾਰਧਾਰਾ ਨਾਲ ਜੁੜੇ ਚਲੇ ਆ ਰਹੇ ਮੁੱਖ ਰੂਪ ਵਿੱਚ ਉਹ ਸਿੱਖ ਹਨ, ਜਿਨ੍ਹਾਂ ਨੇ ਪੰਜਾਬ ਦੇ ਸੰਤਾਪ ਦੇ ਦਿਨਾਂ ਵਿੱਚ ਆਪਣੀਆਂ ਜਾਨਾਂ ਬਚਾਣ ਲਈ, ਪੰਜਾਬ ਤੋਂ ਪਲਾਇਨ ਕਰ ਵਿਦੇਸ਼ਾਂ ਵਿੱਚ ਜਾ ਸ਼ਰਨ ਲਈ ਹੈ ਅਤੇ ਉਸ ਪੀੜ੍ਹੀ ਦੇ ਜਵਾਨ ਹਨ, ਜਿਨ੍ਹਾਂ ਦਾ ਜਨਮ ਨਵੰਬਰ-1984 ਦੇ ਸਿੱਖ ਕਤਲ-ਏ-ਆਮ ਦੇ ਬਾਅਦ ਉਥੇ ਹੋਇਆ ਹੈ। ਇਸਦਾ ਕਾਰਣ ਇਹ ਦਸਿਆ ਜਾਂਦਾ ਹੈ ਕਿ ਉਨ੍ਹਾਂ ਦੇ ਦਿਲੋ-ਦਿਮਾਗ ਪੁਰ ਪੰਜਾਬ ਦੇ ਸੰਤਾਪ ਅਤੇ ਨਵੰਬਰ-84 ਦੇ ਸਿੱਖ ਕਤਲ-ਏ-ਆਮ ਨਾਲ ਸੰਬੰਧਤ ਪੜ੍ਹੀਆਂ-ਸੁਣੀਆਂ ਪ੍ਰਚਲਤ ਚਰਚਾਵਾਂ ਨੇ ਅਜਿਹੀ ਛਾਪ ਛੱਡੀ ਹੋਈ ਹੈ, ਜਿਸਤੋਂ ਉਹ ਮੁਕਤ ਨਹੀਂ ਹੋ ਪਾ ਰਹੇ। ਜੇ ਭਾਰਤ ਸਰਕਾਰ ਨੇ ਆਪਣੇ ਦੂਤਾਵਾਸਾਂ ਨੂੰ ਉਪ੍ਰੋਕਤ ਆਦੇਸ਼ ਜਾਰੀ ਕੀਤੇ ਹਨ, ਤਾਂ ਮੰਨਿਆ ਜਾ ਸਕਦਾ ਹੈ ਕਿ ਇਸ ਬਦਲਾਉ ਦੇ ਫਲਸਰੂਪ ਨਵੀਂ ਪੀੜ੍ਹੀ ਦੇ ਨੌਜਵਾਨ ਭਾਰਤ ਆ, ਪੰਜਾਬ ਦੇ ਸ਼ਾਂਤ ਅਤੇ ਸਦਭਾਵਨਾ-ਪੂਰਣ ਵਾਤਾਵਰਣ ਨੂੰ ਆਪਣੀਆਂ ਅੱਖਾਂ ਨਾਲ ਵੇਖ-ਸੁਣ ਸੱਚ ਨੂੰ ਜਾਣ ਆਪਣੀ ਸੋਚ ਬਦਲਣ ਲਈ ਪ੍ਰੇਰਿਤ ਹੋਣਗੇ, ਫਲਸਰੂਪ ਸੁਭਾਵਕ ਹੀ ਹੈ, ਇਹ ਸਥਿਤੀ ਵਿਦੇਸ਼ਾਂ ਵਿੱਚ ਬੈਠ, ਆਪਣੇ ਸੁਆਰਥ ਲਈ ਖਾਲਿਸਤਾਨੀ ਸਰਗਰਮੀਆਂ ਨੂੰ ਹਵਾ ਦੇ ਨੌਜਵਾਨਾਂ ਨੂੰ ਗੁਮਰਾਹ ਕਰ ਰਹੇ ਵਰਗ ਨੂੰ ਕਮਜ਼ੋਰ ਕਰਨ ਵਿੱਚ ਮਦਦਗਾਰ ਸਾਬਤ ਹੋਵੇਗੀ।


ਅਦੁੱਤੀ ਸ਼ਹਾਦਤਾਂ ਨੂੰ ਛੁਟਿਆਣ ਦੀ ਸਾਜ਼ਿਸ਼ : ਬੀਤੇ ਕੁਝ ਸਮੇਂ ਤੋਂ ਕੁਝ ਰਾਜਸੀ ਵਿਅਕਤੀਆਂ, ਜਿਨ੍ਹਾਂ ਵਿੱਚ ਕਈ ਸਿੱਖ ਵੀਰ ਵੀ ਜਾਣੇ-ਅਨਜਾਣੇ ਸ਼ਾਮਲ ਹੋ ਗਏ ਹਨ, ਵਲੋਂ ਗੁਰੂ ਤੇਗ ਬਹਾਦਰ ਜੀ ਨੂੰ 'ਰਾਸ਼ਟਰ ਪਿਤਾ' ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ 'ਬਾਲ ਦਿਵਸ' ਵਜੋਂ ਐਲਾਨੇ ਜਾਣ ਦੀ ਮੰਗ ਨੂੰ ਲੈ, ਇੱਕ ਅਖੌਤੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸਤੋਂ ਇਉਂ ਜਾਪਦਾ ਹੈ, ਜਿਵੇਂ ਇਨ੍ਹਾਂ ਨੂੰ ਨਾ ਤਾਂ ਸਿੱਖ ਧਰਮ ਦੀਆਂ ਸਥਾਪਤ ਮਾਨਤਾਵਾਂ ਦੀ ਸੋਝੀ ਹੈ ਅਤੇ ਨਾ ਹੀ ਇਸ ਮੁਹਿੰਮ ਦੇ ਪਿਛੇ ਉਨ੍ਹਾਂ ਦੀ ਈਮਾਨਦਾਰਾਨਾ ਸੋਚ ਕੰਮ ਕਰ ਰਹੀ ਹੈ। ਉਨ੍ਹਾਂ ਦੀ ਇਸ ਮੁਹਿੰਮ ਦੇ ਪਿਛੇ ਗੁਰੂ ਤੇਗ ਬਹਾਦਰ ਜੀ ਅਤੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਰਾਜਸੀ ਸਵਾਰਥ ਦੀ ਪੂਰਤੀ ਲਈ ਮੋਹਰੇ ਵਜੋਂ ਵਰਤਣ ਦੀ ਸੋਚ ਕੰਮ ਕਰ ਰਹੀ ਹੈ।
ਜਿਥੋਂ ਤਕ ਇਨ੍ਹਾਂ ਸ਼ਹਾਦਤਾਂ ਦਾ ਸੰਬੰਧ ਹੈ, ਇਨ੍ਹਾਂ ਪਿੱਛੇ ਸਮੁਚੀ ਮਾਨਵਤਾ ਦੇ ਧਾਰਮਕ ਵਿਸ਼ਵਾਸ ਅਤੇ ਹਿਤਾਂ ਦੀ ਰਖਿਆ ਪੁਰ ਅਧਾਰਤ ਸੋਚ ਕੰਮ ਕਰ ਰਹੀ ਸੀ। ਜਿਸ ਕਾਰਣ ਇਨ੍ਹਾਂ ਸ਼ਹਾਦਤਾਂ ਨੂੰ ਵਿਸ਼ਵ-ਪੱਧਰੀ ਮਹਤੱਤਾ ਪ੍ਰਾਪਤ ਹੋ ਗਈ ਹੋਈ ਹੈ। ਜਿਵੇਂ ਗੁਰੂ ਤੇਗ ਬਹਾਦਰ ਜੀ ਵਲੋਂ ਆਪਣੀ ਸ਼ਹਾਦਤ, ਜੋ ਕਿ ਸਮੇਂ ਦੇ ਹਾਲਾਤ ਦੀ ਮੰਗ ਦੇ ਅਧਾਰ 'ਤੇ ਹਿੰਦੂ ਧਰਮ ਅਤੇ ਉਸਦੇ ਵਿਸ਼ਵਾਸ ਦੀ ਅਜ਼ਾਦੀ ਦੀ ਰਖਿਆ ਲਈ ਦਿੱਤੀ ਗਈ ਸੀ, ਪ੍ਰੰਤੂ ਅਸਲ ਵਿੱਚ ਇਸਦੇ ਪਿਛੇ ਇਹ ਧਾਰਣਾ ਕੰਮ ਕਰ ਰਹੀ ਸੀ ਕਿ ਸੰਸਾਰ ਭਰ ਵਿੱਚ ਪ੍ਰਚਲਤ ਸਾਰੇ ਧਰਮਾਂ, ਜਿਨ੍ਹਾਂ ਵਿੱਚ ਹਿੰਦੂ ਧਾਰਮ ਵੀ ਸ਼ਾਮਲ ਹੈ, ਦੇ ਪੈਰੋਕਾਰਾਂ ਨੂੰ ਆਪੋ-ਆਪਣੇ ਧਰਮ ਪ੍ਰਤੀ ਵਿਸ਼ਵਾਸ ਅਤੇ ਉਸ ਦੀਆਂ ਮਾਨਤਾਵਾਂ ਦੇ ਪਾਲਣ ਦੀ ਅਜ਼ਾਦੀ ਹੋਣੀ ਚਾਹੀਦੀ ਹੈ, ਤਾਂ ਜੋ ਉਹ ਬਿਨਾਂ ਕਿਸੇ ਡਰ-ਭਉ ਦੇ ਉਨ੍ਹਾਂ ਦਾ ਪਾਲਣ ਆਪਣੀ ਸ਼ਰਧਾ ਤੇ ਸਥਾਪਤ ਪਰੰਪਰਾ ਅਨੁਸਾਰ ਕਰਦੇ ਰਹਿ ਸਕਣ। ਕਿਸੇ ਨੂੰ ਵੀ ਇਹ ਅਧਿਕਾਰ ਨਹੀਂ ਦਿੱਤਾ ਜਾ ਸਕਦਾ ਕਿ ਉਹ ਉਨ੍ਹਾਂ ਦੇ ਆਪਣੇ ਧਰਮ ਪ੍ਰਤੀ ਵਿਸ਼ਵਾਸ ਨੂੰ ਬਦਲਣ ਲਈ, ਉਨ੍ਹਾਂ ਪੁਰ ਅਥਾਹ ਅਤੇ ਅਕਹਿ ਜ਼ੁਲਮ ਢਾਹੇ।
ਇਸੇ ਤਰ੍ਹਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਵੀ ਆਤਮ-ਸਨਮਾਨ ਅਤੇ ਧਾਰਮਕ ਵਿਸ਼ਵਾਸ ਦੀ ਰਖਿਆ ਲਈ ਦਿੱਤੀ ਗਈ ਸ਼ਹਾਦਤ ਸੀ। ਦੋ ਛੋਟੇ ਸਾਹਿਬਜ਼ਾਦਿਆਂ ਨੇ ਮਾਤ੍ਰ ਛੋਟੀ-ਜਿਹੀ (5 ਅਤੇ 10 ਵਰ੍ਹੇ) ਉਮਰ ਹੋਣ ਦੇ ਬਾਵਜੂਦ ਜ਼ੋਰ-ਜਬਰ ਅਤੇ ਅਨਿਆਇ ਸਾਹਮਣੇ ਸਿਰ ਝੁਕਾ, ਆਪਣੇ ਧਾਰਮਕ ਵਿਸ਼ਵਾਸ ਨੂੰ ਬਦਲ ਲੈਣ ਨਾਲੋਂ ਦੀਵਾਰਾਂ ਦੀਆਂ ਨੀਂਹਾਂ ਵਿੱਚ 'ਚਿਣਿਆਂ' ਜਾਣ ਨੂੰ ਤਰਜੀਹ ਦਿੱਤੀ। ਇਨ੍ਹਾਂ ਸ਼ਹਾਦਤਾਂ ਦਾ ਉਦੇਸ਼ ਵਿਸ਼ਵ-ਵਿਆਪੀ ਹੋਣ ਦੇ ਨਾਲ ਹੀ ਸਮੁਚੀ ਮਨੁਖਤਾ ਲਈ ਇੱਕ ਸਾਰਥਕ ਸੰਦੇਸ਼ ਵੀ ਸੀ, ਜਿਸਦੇ ਚਲਦਿਆਂ, ਨਾ ਤਾਂ ਇਨ੍ਹਾਂ ਨੂੰ ਕਿਸੀ ਵਿਸ਼ੇਸ਼ ਵਰਗ ਤਕ ਸੀਮਤ ਰਖਿਆ ਜਾ ਸਕਦਾ ਹੈ ਅਤੇ ਨਾ ਹੀ ਅਜਿਹਾ ਕਰਨ ਦੀ ਇਜਾਜ਼ਤ ਹੀ ਕਿਸੇ ਨੂੰ ਦਿੱਤੀ ਜਾ ਸਕਦੀ ਹੈ।
ਇੱਕ ਗਲ ਹੋਰ ਜਿਸਨੂੰ ਸਪਸ਼ਟ ਰੂਪ ਵਿੱਚ ਸਮਝ ਲਿਆ ਜਾਣਾ ਬਹੁਤ ਜ਼ਰੂਰੀ ਹੈ, ਉਹ ਇਹ ਕਿ ਸਿੱਖ ਧਰਮ 'ਖੋਹ ਲੈਣ' ਵਿੱਚ ਵਿਸ਼ਵਾਸ ਨਹੀਂ ਰਖਦਾ, ਇਸਦੇ ਵਿਰੁਧ ਉਸਦਾ ਵਿਸ਼ਵਾਸ ਵੰਡਦਿਆਂ ਰਹਿਣ ਵਿੱਚ ਹੈ। ਇਸਲਈ ਉਨ੍ਹਾਂ ਦੀ ਗੁਰੂ ਤੇਗ ਬਹਾਦਰ ਜੀ ਅਤੇ ਸ਼ਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਲਈ ਮਹਾਤਮਾ ਗਾਂਧੀ ਤੋਂ ਉਨ੍ਹਾਂ ਦੇ 'ਰਾਸ਼ਟਰ ਪਿਤਾ' ਦੇ ਖਿਤਾਬ ਅਤੇ ਪੰਡਤ ਨਹਿਰੂ ਪਾਸੋ ਉਨ੍ਹਾਂ ਦੇ 'ਬਾਲ ਦਿਵਸ' ਨੂੰ ਖੋਹ, ਗੁਰੂ ਤੇਗ ਬਹਦਰ ਜੀ ਅਤੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨਾਲ ਜੋੜ, ਉਨ੍ਹਾਂ ਦੀ ਮਹਤੱਤਾ ਨੂੰ ਘਟਾ ਦਿੱਤੇ ਜਾਣ ਵਿੱਚ ਕਿਸੇ ਦੀ ਦਿਲਚਸਪੀ ਨਹੀਂ ਹੋ ਸਕਦੀ।


...ਅਤੇ ਅੰਤ ਵਿੱਚ : ਹਾਲਾਤ ਦੀ ਗੰਭੀਰਤਾ ਨੂੰ ਸਮਝਦਿਆਂ ਸਿੱਖੀ ਸੰਭਾਲ ਪ੍ਰਤੀ ਸਮਰਪਤ ਹੋਣ ਦੀਆਂ ਦਾਅਵੇਦਾਰ ਸਿੱਖ ਸੰਸਥਾਵਾਂ, ਵਿਸ਼ੇਸ਼ ਰੂਪ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਨੂੰ ਚਾਹੀਦਾ ਹੈ ਕਿ ਉਹ ਚੇਤੰਨ ਹੋ, ਸਮਾਂ ਰਹਿੰਦਿਆਂ ਆਪਣੀ ਜ਼ਿਮੇਂਦਾਰੀ ਸਮਝਣ ਤੇ ਉਸਨੂੰ ਸੰਭਾਲਣ। ਗੁਰੂ ਤੇਗ ਬਹਾਦਰ ਜੀ ਨੂੰ 'ਰਾਸ਼ਟਰ ਪਿਤਾ' ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ 'ਬਾਲ ਦਿਵਸ' ਐਲਾਨੇ ਜਾਣ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਰੋਕਣ ਲਈ ਅੱਗੇ ਆਉਣ ਅਤੇ ਜ਼ੋਰਦਾਰ ਸ਼ਬਦਾਂ ਵਿੱਚ ਸਪਸ਼ਟ ਕਰ ਦੇਣ ਕਿ ਉਹ ਕਿਸੇ ਵੀ ਕੀਮਤ 'ਤੇ ਕਿਸੇ ਨੂੰ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਰਾਜਸੀ ਸਵਾਰਥ ਲਈ ਮੋਹਰੇ ਵਜੋਂ ਵਰਤਣ ਦਾ ਅਧਿਕਾਰ ਨਹੀਂ ਦੇ ਸਕਦੇ।

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085