ਆਖਿਰ ਚਿਮਨੀ ਢਾਹ ਦਿੱਤੀ - ਮੇਘ ਰਾਜ ਮਿੱਤਰ
1984 ਵਿੱਚ ਜਦੋਂ ਅਸੀਂ ਤਰਕਸ਼ੀਲ ਸੁਸਾਇਟੀ ਦੀ ਸ਼ੁਰੂਆਤ ਕੀਤੀ ਸੀ, ਉਸ ਸਮੇਂ ਤੋਂ ਹੀ ਸਾਨੂੰ ਬਰਨਾਲੇ ਦੇ ਬਹੁਤ ਸਾਰੇ ਲੋਕ ਕਹਿਣ ਲੱਗ ਪਏ ਸਨ ਕਿ ਜੇ ਤੁਸੀਂ ਪ੍ਰੇਤ ਨੂੰ ਨਹੀਂ ਮੰਨਦੇ ਤਾਂ ਭੂਤਾਂ ਵਾਲੀ ਚਿਮਨੀ ਦੀ ਇੱਕ ਵੀ ਇੱਟ ਪੁੱਟ ਕੇ ਵਿਖਾਓ। ਅਸੀਂ ਕਹਿ ਛੱਡਦੇ ਸਾਂ ਕਿ ਜਦੋਂ ਵੀ ਮੌਕਾ ਮਿਲਿਆ ਅਸੀਂ ਇਸ ਸਮੁੱਚੀ ਚਿਮਨੀ ਨੂੰ ਢਾਹ ਦੇਵਾਂਗੇ। ਲੋਕਾਂ ਵਿੱਚ ਇਸ ਚਿਮਨੀ ਬਾਰੇ ਵੱਖ-ਵੱਖ ਵਿਚਾਰ ਸਨ। ਕੁੱਝ ਕਹਿੰਦੇ ਸਨ ਕਿ ''ਇਹ ਬਹੁਤ ਹੀ ਪੱਕੀ ਹੈ, ਇਸਦੀ ਇੱਟ ਪੁੱਟਣ ਵਾਲੇ ਦੇ ਪਰਿਵਾਰ ਦੇ ਕਿਸੇ ਜੀਅ ਦੀ ਮੌਤ ਹੋ ਜਾਣੀ ਲਾਜ਼ਮੀ ਹੈ।''
1940 ਵਿੱਚ ਇਸ ਚਿਮਨੀ ਵਾਲੇ ਸਥਾਨ ਤੇ ਇੱਕ ਕਪਾਹ ਦਾ ਕਾਰਖਾਨਾ ਉਸਾਰਿਆ ਗਿਆ। ਲੋਕਾਂ ਨੇ ਇਹ ਅਫ਼ਵਾਹ ਵੀ ਛੱਡੀ ਸੀ ਕਿ ਇਸ ਕਾਰਖਾਨੇ ਦੇ ਬੇਲਣੇ ਵਿੱਚ ਆ ਕੇ ਇੱਕ ਮੀਆਂ ਜੀ ਮਰ ਗਏ ਸਨ। ਜਦੋਂ ਕਿ ਅਜਿਹਾ ਕੁੱਝ ਨਹੀਂ ਸੀ ਵਾਪਰਿਆ। ਕਿਸੇ ਵੇਲੇ ਇਸ ਸਥਾਨ ਤੇ ਸਰਕਸ ਵੀ ਲੱਗੀ ਸੀ। ਸਰਕਸ ਦਾ ਇੱਕ ਕਲਾਕਾਰ ਉੱਚੇ ਥਾਂ 'ਤੇ ਡਿੱਗਣ ਕਾਰਨ ਜ਼ਰੂਰ ਮਰ ਗਿਆ ਸੀ। ਇਸ ਥਾਂ ਤੇ ਇੱਕ ਸੰਤ ਨੇ ਆ ਕੇ ਡੇਰਾ ਲਾ ਲਿਆ ਸੀ। ਚਿਮਨੀ ਬਾਰੇ ਲੋਕਾਂ ਵਿੱਚ ਇਹ ਅਫ਼ਵਾਹ ਸੀ ਕਿ ਇੱਕ ਵਾਰ ਚਿਮਨੀ ਟੇਡੀ ਹੋ ਗਈ ਸੀ। ਪਰ ਸਾਧ ਨੇ ਚਿਮਨੀ ਵਿੱਚ ਬੈਠ ਕੇ ਭਗਤੀ ਕੀਤੀ, ਜਿਸ ਕਾਰਨ ਇਹ ਸਿੱਧੀ ਹੋ ਗਈ।
ਅੱਜ ਤੋਂ ਛੇ ਕੁ ਸਾਲ ਪਹਿਲਾਂ ਬਰਨਾਲੇ ਦਾ ਇੱਕ ਪ੍ਰਾਪਰਟੀ ਡੀਲਰ ਆਇਆ ਤੇ ਕਹਿਣ ਲੱਗਿਆ ਕਿ ਤੁਹਾਨੂੰ ਚਿਮਨੀ ਵਾਲਾ ਪਲਾਟ ਸਸਤਾ ਲੈ ਦਿੰਦਾ ਹਾਂ। ਮੈਂ ਇਹ ਮੁਨਾਫ਼ੇ ਵਾਲਾ ਸੌਦਾ ਸਮਝ ਕੇ ਖਰੀਦ ਲਿਆ। ਢਾਹੁਣ ਲਈ ਮੈਂ ਬਰਨਾਲਾ, ਸੰਗਰੂਰ, ਮਾਲੇਰਕੋਟਲਾ ਅਤੇ ਹੋਰ ਬਹੁਤ ਸਾਰੇ ਥਾਵਾਂ 'ਤੇ ਇਨਾਂ ਕੰਮਾਂ ਦੇ ਮਾਹਿਰਾਂ ਨਾਲ ਸੰਪਰਕ ਕੀਤਾ ਪਰ ਭੂਤਾਂ ਦੇ ਡਰ ਕਾਰਨ ਕੋਈ ਵੀ ਵਿਅਕਤੀ ਇਸਨੂੰ ਢਾਹੁਣ ਦਾ ਠੇਕਾ ਲੈਣ ਲਈ ਤਿਆਰ ਨਾ ਹੋਇਆ। ਮਜ਼ਬੂਰਨ ਮੈਂ ਤਰਕਸ਼ੀਲਾਂ ਨਾਲ ਸੰਪਰਕ ਕੀਤਾ। ਫਗਵਾੜੇ ਦੇ ਕੁੱਝ ਤਰਕਸ਼ੀਲਾਂ ਨੇ ਇਸ ਨੂੰ ਢਾਹੁਣ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ।
ਇਸ ਦੀ ਉਚਾਈ ਮਾਪਣ ਲਈ ਉਨਾਂ ਨੇ ਇੱਕ ਗੈਸੀ ਗੁਬਾਰਾ ਧਾਗੇ ਨਾਲ ਬੰਨ ਕੇ ਚਿਮਨੀ ਦੇ ਅੰਦਰ ਛੱਡ ਦਿੱਤਾ। ਜਦੋਂ ਇਸ ਤੇ ਸੂਰਜ ਦੀਆਂ ਕਿਰਨਾਂ ਪਈਆਂ ਤਾਂ ਉਨਾਂ ਨੇ ਧਾਗੇ ਨੂੰ ਗੱਠ ਮਾਰ ਦਿੱਤੀ। ਇਸ ਢੰਗ ਨਾਲ ਪਤਾ ਲੱਗਿਆ ਕਿ ਚਿਮਨੀ ਦੀ ਉਚਾਈ 101 ਫੁੱਟ ਹੈ।
ਢਾਹੁਣ ਲਈ 4-5 ਕਾਮੇ ਲਾਏ ਗਏ। ਇਨਾਂ ਨੇ 14 ਦਿਨਾਂ ਵਿੱਚ ਇਸ ਦੇ ਆਲੇ-ਦੁਆਲੇ ਪੈੜ ਬਣਾ ਲਈ। ਲੱਗਭੱਗ ਦੋ ਹਜ਼ਾਰ ਰੱਸੇ ਇਸ ਕੰਮ ਲਈ ਵਰਤੇ ਗਏ। ਕੰਮ ਕਰਨ ਵਾਲੇ ਤਰਕਸ਼ੀਲਾਂ ਦਾ ਬੀਮਾ ਵੀ ਕਰਵਾ ਦਿੱਤਾ ਗਿਆ ਤੇ ਉਨਾਂ ਨੂੰ ਹੈਲਮਟ ਅਤੇ ਸੇਫ਼ਟੀ ਬੈਲਟਾਂ ਵੀ ਖਰੀਦ ਦਿੱਤੀਆਂ ਗਈਆਂ। ਵਾਰ-ਵਾਰ ਤਾਕੀਦਾਂ ਦੇ ਬਾਵਜੂਦ ਉਨਾਂ ਨੇ ਕਦੇ ਵੀ ਹੈਲਮਟ ਜਾਂ ਸੇਫਟੀ ਬੈਲਟਾਂ ਦੀ ਵਰਤੋਂ ਨਾ ਕੀਤੀ। ਮੈਂ ਸਮਝਦਾ ਸੀ ਕਿ ਜੇ ਇੱਕ ਵੀ ਅਣਹੋਣੀ ਘਟਨਾ ਇਸ ਸਮੇਂ ਦੌਰਾਨ ਵਾਪਰ ਗਈ ਤਾਂ ਇਸ ਨਾਲ ਅੰਧਵਿਸ਼ਵਾਸ਼ੀਆਂ ਦੇ ਵਿਚਾਰਾਂ ਨੂੰ ਬਲ ਮਿਲੇਗਾ।
ਨਜ਼ਦੀਕ ਹੀ ਡੇਰਾ ਉਸਾਰ ਕੇ ਬੈਠੇ ਸਾਧ ਨੇ ਕਿਸੇ ਵਿਅਕਤੀ ਰਾਹੀਂ ਸਾਨੂੰ ਕਿਹਾ ਕਿ ਚਿਮਨੀ ਉੱਪਰ ਲੱਗਿਆ ਲੋਹੇ ਦਾ 'ਓਮ' ਉਸਦੇ ਡੇਰੇ ਵਿੱਚ ਚੜਾ ਦਿੱਤਾ ਜਾਵੇ ਪਰ ਸਾਨੂੰ ਇਹ ਗੱਲ ਮਨਜ਼ੂਰ ਨਹੀਂ ਸੀ। ਸੋ, ਅਸੀਂ ਇਸ ਨੂੰ ਘਰ ਲੈ ਆਏ ਅਤੇ ਚਿਮਨੀ ਦੀ ਇੱਕ ਨਿਸ਼ਾਨੀ ਵਜੋਂ ਇਸ ਨੂੰ ਸਾਂਭ ਲਿਆ।
ਨਿਡਰ ਕਾਮਿਆਂ ਦੀ ਇੱਕ ਮਹੀਨੇ ਦੀ ਮਿਹਨਤ ਨੇ ਇਸ ਚਿਮਨੀ ਅਤੇ ਇਸ ਨਾਲ ਜੁੜੇ ਅੰਧਵਿਸ਼ਵਾਸ਼ ਦਾ ਸਦਾ ਲਈ ਭੋਗ ਪਾ ਦਿੱਤਾ। ਚਿਮਨੀ ਢਾਹੁਣ ਸਮੇਂ ਕੁੱਝ ਦਿਲਚਸਪੀ ਵਾਲੀਆਂ ਗੱਲਾਂ ਵੀ ਜ਼ਰੂਰ ਵਾਪਰੀਆਂ। ਜਿਵੇਂ ਕੁੱਝ ਵਿਅਕਤੀ ਤਰਕਸ਼ੀਲਾਂ ਨੂੰ ਥੜਕਾਉਣ ਤੇ ਡਰਾਉਣ ਲਈ ਕਹਿੰਦੇ ਰਹੇ ਕਿ ਤੁਹਾਡੀਆਂ ਕਬਰਾਂ ਇੱਥੇ ਹੀ ਬਣਨਗੀਆਂ। ਇੱਕ ਰਿਕਸ਼ੇ ਵਾਲਾ ਕਹਿਣ ਲੱਗਿਆ ਕਿ ''ਆਪ ਨੇ ਚਿਮਨੀ ਕਿਆ ਗਿਰਾ ਦੀ ਹੈ, ਆਪਨੇ ਤੋ ਉਸ ਜਗਾਂ ਕਾ ਐਡਰੇਸ ਹੀ ਗਾਇਬ ਕਰ ਦੀਆ। ਪਹਿਲੇ ਲੋਕ ਬਤਾ ਦੇਤੇ ਥੇ ਕਿ ਚਿਮਨੀ ਵਾਲੇ ਸਥਾਨ ਪੇ ਜਾਨਾ ਹੈ ਅਬ ਕਿਆ ਬਤਾਏਂਗੇ?''
ਜਦੋਂ ਚਿਮਨੀ ਦੀ ਉਚਾਈ 10 ਫੁੱਟ ਰਹਿ ਗਈ ਤਾਂ ਇੱਕ ਅੰਧਵਿਸ਼ਵਾਸ਼ੀ ਆਦਮੀ ਨੂੰ ਦੂਸਰਾ ਕਹਿਣ ਲੱਗਿਆ ਕਿ ਤਰਕਸ਼ੀਲਾਂ ਨੇ ਚਿਮਨੀ ਢਾਹ ਦਿੱਤੀ ਹੈ ਤਾਂ ਉਹ ਕਹਿਣ ਲੱਗਿਆ, ''ਅਜੇ ਕੀ ਹੈ ਭੂਤਾਂ ਤਾਂ ਚਿਮਨੀ ਦੇ ਵਿੱਚ ਹਨ ਜਦੋਂ ਸਾਰੀ ਢਾਹ ਦੇਣਗੇ ਉਦੋਂ ਪਤਾ ਲੱਗੇਗਾ।''
ਢੂਲੇ ਦਾ ਸਮਾਨ ਦੇਣ ਲਈ ਜਦੋਂ ਇੱਕ ਨੌਜਵਾਨ ਤਿਆਰ ਹੋਇਆ ਤਾਂ 'ਭੂਤਾਂ' ਤੋਂ ਡਰੇ ਉਸਦੇ ਬਾਪ ਨੇ ਹੀ ਉਸਨੂੰ ਰੋਕ ਦਿੱਤਾ।
ਕਾਫ਼ੀ ਯਤਨਾਂ ਨਾਲ ਜਦੋਂ ਇੱਕ ਸਥਾਨਕ ਵਿਅਕਤੀ ਇਸਨੂੰ ਢਾਹੁਣ ਲਈ ਤਿਆਰ ਹੋਇਆ ਤਾਂ ਉਹ ਕਹਿਣ ਲੱਗਿਆ ਕਿ ਮੈਂ ਚਿਮਨੀ ਵਾਲੇ ਸਥਾਨ ਤੇ ਪਹਿਲਾਂ ਧਾਰਮਿਕ ਕਥਾ ਕੀਰਤਨ ਕਰਵਾ ਕੇ ਹੀ ਇਸ ਕੰਮ ਦੀ ਸ਼ੁਰੂਆਤ ਕਰਾਂਗਾ। ਉਸਨੂੰ ਇਹ ਕਹਿ ਕੇ ਅਸੀਂ ਜੁਆਬ ਦੇ ਦਿੱਤਾ ਕਿ ਅਸੀਂ ਤਾਂ ਇਹ ਲੋਕਾਂ ਦੇ ਅੰਧਵਿਸ਼ਵਾਸ਼ ਦੂਰ ਕਰਨ ਲਈ ਕਰ ਰਹੇ ਹਾਂ, ਤੂੰ ਹੋਰ ਅੰਧਵਿਸ਼ਵਾਸ਼ ਫੈਲਾਉਣ ਆ ਗਿਆ ਹੈਂ।
ਢੂਲੇ ਦਾ ਸਮਾਨ ਵੀ ਸਾਨੂੰ ਆਪਣੇ ਘਰ ਦਾ ਪਤਾ ਦੇ ਕੇ ਪ੍ਰਾਪਤ ਕਰਨਾ ਪਿਆ ਅਤੇ ਫਿਰ ਉਸ ਸਮਾਨ ਨੂੰ ਚਿਮਨੀ ਵਾਲੇ ਸਥਾਨ 'ਤੇ ਸ਼ਿਫਟ ਕੀਤਾ। ਦੋ ਤਿੰਨ ਦਿਨਾਂ ਬਾਅਦ ਜਦੋਂ ਉਸ ਢੂਲੇ ਵਾਲੇ ਨੂੰ ਪਤਾ ਲੱਗਿਆ ਕਿ ਉਸਦੇ ਸਮਾਨ ਦੀ ਵਰਤੋਂ ਚਿਮਨੀ ਢਾਹੁਣ ਲਈ ਕੀਤੀ ਜਾ ਰਹੀ ਹੈ ਤਾਂ ਉਹ ਆਪਣਾ ਸਮਾਨ ਵਾਪਸ ਲੈਣ ਲਈ ਆ ਗਿਆ। ਜਦੋਂ ਉਸ ਨੇ ਵੇਖਿਆ ਕਿ ਸਮਾਨ ਦਾ ਢੂਲਾ ਬੰਨ ਦਿੱਤਾ ਗਿਆ ਹੈ ਤਾਂ ਉਹ ਕਹਿਣ ਲੱਗਾ, ''ਮੇਰਾ ਸਮਾਨ ਵਾਪਸ ਭੇਜੋ।'' ਅਸੀਂ ਉਸ ਨੂੰ ਕਿਹਾ, ''ਤੈਨੂੰ ਕਿਰਾਇਆ ਰੇਟ ਨਾਲੋਂ ਵੱਧ ਦੇ ਦੇਵਾਂਗੇ।'' ਜਦੋਂ ਉਹ ਸਮਾਨ ਵਾਪਸ ਕਰਵਾਉਣ ਲਈ ਬਜਿੱਦ ਰਿਹਾ ਤਾਂ ਸਾਨੂੰ ਮਜ਼ਬੂਰਨ ਇਹ ਕਹਿਣਾ ਪਿਆ ਕਿ ''ਆਪਣਾ ਸਮਾਨ ਖੋਲ ਕੇ ਲੈ ਜਾ।'' ਇਸ ਤਰਾਂ ਉਹ ਨਿਰਾਸ਼ ਹੋ ਕੇ ਤੁਰ ਗਿਆ।
ਚਿਮਨੀ ਢਾਹੁਣ ਵਾਲਿਆਂ ਨੇ ਭਾਵੇਂ ਪਹਿਲਾਂ ਕਦੇ ਅਜਿਹਾ ਕੰਮ ਨਹੀਂ ਸੀ ਕੀਤਾ ਪਰ ਆਪਣੇ ਦਿਮਾਗ ਦੀ ਵਰਤੋਂ ਨਾਲ ਉਹ ਚਿਮਨੀ ਢਾਹੁਣ ਵਿੱਚ ਕਾਮਯਾਬ ਰਹੇ। ਫੱਟਿਆਂ ਤੇ ਬੱਲੀਆਂ ਨੂੰ ਚੜਾਉਣ ਤੇ ਉਤਾਰਨ ਲਈ ਉਨਾਂ ਨੇ ਬਾਈ ਸਾਈਕਲ ਦੇ ਇੱਕ ਐਕਸਲ ਨੂੰ ਹੀ ਭੌਣੀ ਵਜੋਂ ਵਰਤੋਂ ਵਿੱਚ ਲਿਆਂਦਾ। ਤਰਕਸ਼ੀਲਾਂ ਦੀ ਇਸ ਪ੍ਰਾਪਤੀ ਦੀ ਹਰ ਪਾਸੇ ਚਰਚਾ ਹੈ।
ਮੇਘ ਰਾਜ ਮਿੱਤਰ, 9888787440
03 May 2019