ਇਨ੍ਹਾਂ ਦਾ ਜਿਊਣਾ ਹੀ ਪੰਜਾਬ ਦਾ ਮੈਨੀਫੈਸਟੋ ਹੈ - ਸਵਰਾਜਬੀਰ
ਲਗਭਗ 45 ਸਾਲ ਪਹਿਲਾਂ ਲਿਖੀ ਕਵਿਤਾ ਵਿਚ ਮਰਹੂਮ ਪੰਜਾਬੀ ਸ਼ਾਇਰ ਪਾਸ਼ 'ਮੇਰੇ ਦੇਸ਼' ਨਾਂ ਦੀ ਕਵਿਤਾ ਵਿਚ ਆਪਣੇ ਦੇਸ਼ ਨਾਲ ਏਦਾਂ ਗ਼ਿਲਾ ਕਰਦਾ ਹੈ : ''ਅਸੀਂ ਤਾਂ ਖਪ ਗਏ ਹਾਂ/ਧੂੜ ਵਿਚ ਲਥ-ਪਥ ਤਿਰਕਾਲਾਂ ਦੇ ਢਿੱਡ ਅੰਦਰ/ਅਸੀਂ ਤਾਂ ਛਪ ਗਏ ਹਾਂ/ਪੱਥੇ ਹੋਏ ਗੋਹੇ ਦੇ ਉੱਤੇ ਉੱਕਰੀਆਂ ਉਂਗਲਾਂ ਦੇ ਨਾਲ/'ਜਮਹੂਰੀਅਤ' ਦੇ ਪੈਰਾਂ ਵਿਚ ਰੁਲਦੇ ਹੋਏ ਮੇਰੇ ਦੇਸ਼।'' ਉਸੇ ਕਵਿਤਾ ਵਿਚ ਪਾਸ਼ ਦਾ ਗ਼ਿਲਾ ਹੋਰ ਡੂੰਘਾ ਹੁੰਦਾ ਹੈ : ''ਸਾਡੇ ਨਿੱਤ ਫ਼ਿਕਰਾਂ ਦੀ ਭੀੜ ਵਿਚ/ਗਵਾਚ ਗਈ ਹੈ/ਆਦਰਸ਼ ਵਰਗੀ ਪਵਿੱਤਰ ਚੀਜ਼/ਅਸੀਂ ਤਾਂ ਉੱਡ ਰਹੇ ਹਾਂ 'ਨ੍ਹੇਰੀਆਂ ਵਿਚ/ਸੁੱਕੇ ਹੋਏ ਪੱਤਿਆਂ ਦੇ ਵਾਂਗ।'' ਇਨ੍ਹਾਂ 45 ਸਾਲਾਂ ਵਿਚ ਦੇਸ਼ ਦੇ ਹਾਲਾਤ ਕਾਫ਼ੀ ਬਦਲੇ ਹਨ ਤੇ ਦਬੇ-ਕੁਚਲੇ ਲੋਕਾਂ ਦੇ ਜੀਵਨ ਵਿਚ ਹੋਰ ਨਿਘਾਰ ਆਇਆ ਹੈ। ਲੋਕ ਹੋਰ ਮਰੇ-ਖਪੇ ਤੇ ਖਵਾਰ ਹੋਏ ਹਨ। ਆਦਰਸ਼ ਗਵਾਚ ਗਏ ਹਨ ਤੇ ਲੋਕਾਂ ਦੀ ਹੋਂਦ ਸੱਚਮੁੱਚ ਸੁੱਕਿਆਂ ਪੱਤਿਆਂ ਵਰਗੀ ਹੋ ਗਈ ਹੈ। ਪਾਸ਼ ਨੇ ਇਹ ਕਵਿਤਾ ਸੱਤਰਵਿਆਂ ਵਿਚ ਲਿਖੀ ਜਦ ਪੰਜਾਬੀ ਨਾ ਤਾਂ ਏਨੀ ਵੱਡੀ ਪੱਧਰ 'ਤੇ ਪਰਵਾਸ ਕਰ ਰਹੇ ਸਨ ਅਤੇ ਨਾ ਹੀ ਏਨੇ ਨਿਰਾਸ਼ ਹੋਏ ਸਨ। ਉਸ ਵੇਲ਼ੇ ਤਾਂ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਪੰਜਾਬ ਦੇ ਕਿਸਾਨ ਤੇ ਮਜ਼ਦੂਰ, ਜੋ ਦੇਸ਼-ਵਿਦੇਸ਼ ਵਿਚ ਆਪਣੇ ਉੱਦਮ ਤੇ ਮਿਹਨਤ ਲਈ ਜਾਣੇ ਜਾਂਦੇ ਹਨ, ਖ਼ੁਦਕੁਸ਼ੀ ਕਰਨਗੇ। ਜੇ ਅੱਜ ਪਾਸ਼ ਜਿਉਂਦਾ ਹੁੰਦਾ ਤਾਂ ਕਿੱਦਾਂ ਦੀ ਕਵਿਤਾ ਲਿਖਦਾ? ਜਾਂ ਲਿਖਣ ਤੋਂ ਨਿਰਾਸ਼ ਹੋ ਕੇ ਚੁੱਪ ਹੋ ਜਾਂਦਾ?
ਸੱਤਰਵਿਆਂ ਵਿਚ ਪੰਜਾਬੀ ਬੰਦਾ ਆਪਣੇ ਹੱਕਾਂ ਲਈ ਲੜ ਰਿਹਾ ਸੀ ਅਤੇ ਉਸ ਦਾ ਮਨ ਆਸਾਂ-ਉਮੀਦਾਂ ਨਾਲ ਭਰਿਆ ਹੋਇਆ ਸੀ। ਅੱਸੀਵਿਆਂ ਵਿਚ ਆਏ ਅਤਿਵਾਦ ਅਤੇ ਬਾਅਦ ਵਿਚ ਨਸ਼ਿਆਂ ਦੇ ਫੈਲਾਓ ਨੇ ਉਸ ਦੀ ਊਰਜਾ ਡੀਕ ਲਈ ਤੇ ਉਹੀ ਬੰਦਾ ਤੰਤਹੀਣ ਹੋ ਗਿਆ। ਇਸ ਵਿਚ ਸਭ ਤੋਂ ਵੱਡਾ ਹਿੱਸਾ ਭ੍ਰਿਸ਼ਟ ਸਿਆਸਤਦਾਨਾਂ ਨੇ ਪਾਇਆ ਜਿਹੜੇ ਨਾ ਸਿਰਫ਼ ਰਿਸ਼ਵਤਖੋਰੀ ਅਤੇ ਸਰਕਾਰੀ ਢਾਂਚੇ ਨੂੰ ਆਪਣੇ ਹਿੱਤਾਂ ਲਈ ਢਾਲ ਕੇ ਅਮੀਰ ਹੋਏ ਸਗੋਂ ਉਨ੍ਹਾਂ ਨੇ ਇਹ ਵੀ ਨਿਸ਼ਚੇ ਕੀਤਾ ਕਿ ਗ਼ਰੀਬ ਆਦਮੀ ਹੋਰ ਗ਼ਰੀਬ ਹੁੰਦਾ ਜਾਏ, ਨਾ ਉਸ ਦੇ ਬੱਚਿਆਂ ਨੂੰ ਚੰਗੀ ਵਿੱਦਿਆ ਮਿਲੇ ਅਤੇ ਨਾ ਹੀ ਉਸ ਦੇ ਪਰਿਵਾਰ ਦੀ ਸਿਹਤ-ਸੰਭਾਲ ਲਈ ਕੋਈ ਕਦਮ ਚੁੱਕੇ ਜਾਣ। ਸਿਆਸਤਦਾਨਾਂ ਦੀ ਇਸ ਬੇਰੁਖੀ ਤੇ ਬਦਦਿਆਨਤਦਾਰੀ ਕਾਰਨ ਪੰਜਾਬ ਦੇ ਕਿਸਾਨ ਤੇ ਮਿਹਨਤਕਸ਼ ਲੋਕ ਏਨੇ ਰੁਲ ਗਏ ਕਿ ਹੁਣ ਕਿਸਾਨ ਤੇ ਮਜ਼ਦੂਰ ਖ਼ੁਦਕੁਸ਼ੀਆਂ ਦੀਆਂ ਘਟਨਾਵਾਂ ਲੋਕਾਂ ਨੂੰ ਕੋਈ ਅਲੋਕਾਰੀ ਨਹੀਂ, ਆਮ ਜਿਹੀ ਗੱਲ ਲੱਗਦੀਆਂ ਹਨ। ਪੰਜਾਬ ਦੀਆਂ ਤਿੰਨ ਯੂਨੀਵਰਸਿਟੀਆਂ ਵੱਲੋਂ ਕੀਤੇ ਗਏ ਸਰਵੇਖਣ ਅਨੁਸਾਰ 2002 ਤੋਂ ਲੈ ਕੇ 2015-16 ਤਕ 16,606 ਕਿਸਾਨਾਂ ਤੇ ਮਜ਼ਦੂਰਾਂ ਨੇ ਖ਼ੁਦਕੁਸ਼ੀਆਂ ਕੀਤੀਆਂ।
ਇਹ ਖ਼ੁਦਕੁਸ਼ੀਆਂ ਆਮ ਕਰਕੇ ਪਰਿਵਾਰ ਦੇ ਕਮਾਊ ਜੀਆਂ ਨੇ ਕੀਤੀਆਂ। ਜਿਹੜੇ ਪਰਿਵਾਰ ਦਾ ਕਮਾਊ ਜੀਅ ਖ਼ੁਦਕੁਸ਼ੀ ਕਰ ਲਵੇ ਤਾਂ ਬਾਕੀ ਜੀਅ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਜਿਊਣਗੇ? ਕਈ ਪਰਿਵਾਰਾਂ ਨੂੰ ਸਰਕਾਰ ਨੇ ਰਾਹਤ ਰਾਸ਼ੀ ਦਿੱਤੀ ਅਤੇ ਕਈਆਂ ਦੀਆਂ ਅਰਜ਼ੀਆਂ ਸਰਕਾਰੀ ਦਫ਼ਤਰਾਂ ਵਿਚ ਰੁਲਦੀਆਂ ਰਹੀਆਂ। ਪੰਜਾਬ ਦੇ ਸਿਆਸਤਦਾਨਾਂ ਦੀ ਹਓਮੈ ਅਤੇ ਗ਼ਰੀਬਾਂ ਪ੍ਰਤੀ ਉਦਾਸੀਨਤਾ ਵੇਖਣ ਹੀ ਵਾਲੀ ਹੈ। ਉਨ੍ਹਾਂ ਕੋਲ ਅਥਾਹ ਜਾਇਦਾਦ ਹੈ, ਵੱਡੀਆਂ ਲੰਮੀਆਂ ਕਾਰਾਂ, ਇਰਦ-ਗਿਰਦ ਮੰਡਰਾਉਣ ਵਾਲੇ ਮੁਸ਼ਟੰਡੇ, ਪੁਲੀਸ ਦੀਆਂ ਗਾਰਦਾਂ। ਉਨ੍ਹਾਂ ਦੀ ਦਿੱਖ ਅਤੇ ਵਿਹਾਰ ਨੂੰ ਵੇਖ ਕੇ ਕਦੇ ਵੀ ਨਹੀਂ ਲੱਗਦਾ ਕਿ ਉਨ੍ਹਾਂ ਨੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਬਾਰੇ ਗੰਭੀਰਤਾ ਨਾਲ ਸੋਚਿਆ ਹੋਵੇ ਕਿਉਂਕਿ ਜੇ ਉਹ ਇਨ੍ਹਾਂ ਸਮੱਸਿਆਵਾਂ ਬਾਰੇ ਸੋਚਦੇ ਤਾਂ ਉਨ੍ਹਾਂ ਦਾ ਰਹਿਣ-ਸਹਿਣ ਦਾ ਤਰੀਕਾ ਬਦਲਦਾ। ਉਹ ਕਦੇ ਤਾਂ ਸਮਾਂ ਕੱਢ ਕੇ ਕਿਸੇ ਪਿੰਡ ਦੇ ਗ਼ਰੀਬਾਂ ਦੇ ਵਿਹੜੇ ਜਾ ਕੇ ਬਹਿੰਦੇ, ਉਨ੍ਹਾਂ ਨਾਲ ਗੱਲਾਂ ਕਰਦੇ ਤੇ ਵੇਖਦੇ ਕਿ ਉਹ ਜ਼ਿੰਦਗੀ ਕਿਵੇਂ ਜੀਅ ਰਹੇ ਹਨ। ਪਰ ਸ਼ਾਇਦ ਸੱਤਾ ਦੇ ਗਲਿਆਰਿਆਂ ਵਿਚ ਤਾਕਤ ਦਾ ਸੰਘਰਸ਼ ਏਨਾ ਵੱਡਾ ਹੁੰਦਾ ਹੈ ਕਿ ਇਹੋ ਜਿਹੇ ਕੰਮਾਂ ਲਈ ਸਮਾਂ ਹੀ ਨਹੀਂ ਕੱਢਿਆ ਜਾ ਸਕਦਾ। ਇਨ੍ਹਾਂ ਸਮਿਆਂ ਵਿਚ ਕੁਝ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਕੀਤੇ ਅਤੇ ਲੋਕਾਂ ਨੂੰ ਉਨ੍ਹਾਂ ਦੇ ਦੁੱਖ ਵਿਚੋਂ ਉਭਾਰਨ ਦਾ ਉਪਰਾਲਾ ਕੀਤਾ। ਪਰ ਇਹ ਉਪਰਾਲੇ ਬੜੇ ਸੀਮਤ ਸਨ। ਕਿਸਾਨ ਤੇ ਮਜ਼ਦੂਰ ਖ਼ੁਦਕੁਸ਼ੀਆਂ ਕਰਦੇ ਗਏ ਤੇ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਬਣਦੇ ਗਏ।
ਕਈ ਅਰਥ ਸ਼ਾਸਤਰੀਆਂ ਤੇ ਸਮਾਜ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਅਸੀਂ ਖ਼ੁਦਕੁਸ਼ੀਆਂ ਨੂੰ ਲੈ ਕੇ ਭਾਵੁਕ ਹੋ ਜਾਂਦੇ ਹਾਂ, ਸਾਡਾ ਭਾਵੁਕ ਹੋਣਾ ਸੁਭਾਵਿਕ ਹੈ, ਪੰਜਾਬੀਆਂ ਨੇ ਹਮੇਸ਼ਾ ਨਾਬਰੀ ਦੀ ਬਾਤ ਪਾਈ ਹੈ, ਜੇ ਉਹ ਅੱਜ ਖ਼ੁਦਕੁਸ਼ੀਆਂ ਦੇ ਰਾਹ 'ਤੇ ਤੁਰ ਪਏ ਹਨ ਤਾਂ ਸਾਨੂੰ ਲੱਗਦਾ ਹੈ ਕਿ ਸਾਡੇ ਅੰਦਰੋਂ ਕੁਝ ਤਿੜਕ ਰਿਹਾ ਹੈ, ਪੰਜਾਬ ਤਿੜਕ ਰਿਹਾ ਹੈ। ਵਿਦਵਾਨਾਂ ਦਾ ਕਹਿਣਾ ਹੈ ਕਿ ਇਨ੍ਹਾਂ ਖ਼ੁਦਕੁਸ਼ੀਆਂ ਲਈ ਸਰਮਾਏਦਾਰੀ ਨਿਜ਼ਾਮ ਹੇਠ ਹੋ ਰਿਹਾ ਸਮਾਜਿਕ ਰਿਸ਼ਤਿਆਂ ਦਾ ਵਪਾਰੀਕਰਨ ਜ਼ਿੰਮੇਵਾਰ ਹੈ। ਪੰਜਾਬੀਆਂ ਦਾ ਕਿਰਤ ਦੇ ਸੱਭਿਆਚਾਰ ਤੋਂ ਦੂਰ ਹੋਣਾ ਜ਼ਿੰਮੇਵਾਰ ਹੈ। ਪੰਜਾਬੀਆਂ ਨੇ ਬਾਬੇ ਨਾਨਕ ਦਾ ਦੱਸਿਆ ਸਾਂਝੀਵਾਲਤਾ ਦਾ ਮਾਰਗ ਨਹੀਂ ਅਪਣਾਇਆ। ਸਾਂਝੀਵਾਲਤਾ ਦਾ ਗੁਰਵਾਕ ਗੁਰਦੁਆਰਿਆਂ, ਭਾਸ਼ਨਾਂ ਤੇ ਲੇਖਾਂ ਤਕ ਮਹਿਦੂਦ ਹੋ ਕੇ ਰਹਿ ਗਿਆ ਹੈ, ਸਮਾਜਿਕ ਭਾਈਚਾਰੇ ਵਿਚੋਂ ਸਾਂਝੀਵਾਲਤਾ ਕਿਰ ਚੁੱਕੀ ਹੈ। ਖਰਚੀਲੇ ਵਿਆਹ, ਝੂਠੀ ਸ਼ਾਨੋ-ਸ਼ੌਕਤ, ਟਰੈਕਟਰਾਂ 'ਤੇ ਮੋਟਰਸਾਈਕਲਾਂ ਦੀ ਖਿੱਚ ਨੇ ਸਮਾਜਿਕ ਊਰਜਾ ਡੀਕ ਲਈ ਹੈ। ਕਿਸਾਨਾਂ ਦੇ ਪੁੱਤਰ ਕਿਰਤ 'ਚੋਂ ਸਵੈਮਾਣ ਤਲਾਸ਼ਣ ਦੀ ਥਾਂ, ਫੋਕੀ ਹੈਂਕੜ ਵਾਲੇ ਜੱਟਵਾਦ ਦੇ ਗਾਣਿਆਂ 'ਚੋਂ ਆਪਣਾ ਅਕਸ ਲੱਭਦੇ ਹਨ। ਤਾਕਤਵਰ ਸਿਆਸਤਦਾਨਾਂ ਦੇ ਘੋਲ ਵਿਚ ਆਮ ਪੰਜਾਬੀ ਅੱਜ ਨਿਤਾਣਾ ਹੋਇਆ ਖੜ੍ਹਾ ਹੈ।
ਕੀ ਇਨ੍ਹਾਂ ਤਾਕਤਵਰ ਸਿਆਸਤਦਾਨਾਂ ਦਾ ਕੋਈ ਵਿਰੋਧ ਕੀਤਾ ਜਾ ਸਕਦਾ ਹੈ? ਜੇ ਤੁਸੀਂ ਧਿਆਨ ਨਾਲ ਵੇਖੋ ਤਾਂ ਸਾਰੀਆਂ ਪਾਰਟੀਆਂ ਦੇ ਸਿਆਸਤਦਾਨ ਇਕੋ ਜਿਹੇ ਵਿਖਾਈ ਦਿੰਦੇ ਹਨ। ਉਨ੍ਹਾਂ ਕੋਲ ਵੱਡੇ ਪੱਧਰ ਦੇ ਆਰਥਿਕ ਵਸੀਲੇ ਹਨ ਤੇ ਵੱਡੇ ਵੱਡੇ ਸਿਆਸੀ ਪਰਿਵਾਰਾਂ ਨਾਲ ਸਬੰਧ। ਕੀ ਉਨ੍ਹਾਂ ਅੰਦਰ ਕੋਈ ਆਤਮਾ ਬਚੀ ਵੀ ਹੈ? ਆਤਮਾ ਨੂੰ ਬਚਾਉਣਾ ਬਹੁਤ ਮੁਸ਼ਕਲ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ : ''ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ॥ ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ॥'' ਭਾਵ ਜਿਹੜੇ ਹਾਕਮ ਲੋਕਾਂ ਦਾ ਖੂਨ ਪੀਂਦੇ ਹਨ, ਕੀ ਉਨ੍ਹਾਂ ਦੇ ਚਿੱਤ ਵੀ ਕਦੇ ਨਿਰਮਲ ਹੋ ਸਕਦੇ ਹਨ। ਜੋ ਗੁਰੂ ਨਾਨਕ ਦੇਵ ਜੀ ਨੇ ਆਪਣੇ ਵੇਲ਼ਿਆਂ ਦੇ ਆਗੂਆਂ ਲਈ ਕਿਹਾ ਸੀ, ਉਹ ਇਸ ਵੇਲ਼ੇ ਦੇ ਆਗੂਆਂ 'ਤੇ ਵੀ ਲਾਗੂ ਹੁੰਦਾ ਹੈ : ''ਕੂੜੁ ਬੋਲਿ ਮੁਰਦਾਰੁ ਖਾਇ॥ ਅਵਰੀ ਨੋ ਸਮਝਾਵਣਿ ਜਾਇ॥ ਮੁਠਾ ਆਪਿ ਮੁਹਾਏ ਸਾਥੈ॥ ਨਾਨਕ ਐਸਾ ਆਗੂ ਜਾਪੈ॥'' ਭਾਵ ਜਿਹੜੇ ਆਗੂ ਝੂਠ ਬੋਲਦੇ ਹਨ, ਮੁਰਦਾਰ ਖਾਂਦੇ ਹਨ, ਦੂਸਰਿਆਂ ਨੂੰ ਸਮਝਾਉਣ ਦਾ ਢੌਂਗ ਕਰਦੇ ਹਨ ਪਰ ਅਸਲ ਵਿਚ ਉਹ ਦੂਸਰਿਆਂ ਨੂੰ ਧੋਖਾ ਦੇਣ ਦੇ ਨਾਲ ਨਾਲ ਆਪਣੇ ਆਪ ਨੂੰ ਵੀ ਧੋਖਾ ਦਿੰਦੇ ਹਨ।
ਸਤਾਰ੍ਹਵੀਂ ਲੋਕ ਸਭਾ ਲਈ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਚੋਣਾਂ ਵਿਚ ਬਠਿੰਡਾ ਤੋਂ ਸ੍ਰੀਮਤੀ ਵੀਰਪਾਲ ਕੌਰ ਨੇ ਚੋਣਾਂ ਲਈ ਕਾਗਜ਼ ਦਾਖ਼ਲ ਕੀਤੇ ਹਨ। ਉਹ ਮਾਨਸਾ ਦੇ ਪਿੰਡ ਰੱਲਾ ਦੀ ਰਹਿਣ ਵਾਲੀ ਹੈ। ਉਸ ਦੇ ਘਰ ਦੇ ਤਿੰਨ ਜੀਆਂ ਪਿਤਾ, ਪਤੀ ਤੇ ਸਹੁਰੇ ਨੇ ਕਰਜ਼ੇ ਦੇ ਬੋਝ ਕਾਰਨ ਖ਼ੁਦਕੁਸ਼ੀ ਕਰ ਲਈ। ਸਰਕਾਰੀ ਦਫ਼ਤਰਾਂ ਵਿਚ ਰੁਲਣ ਤੋਂ ਬਾਅਦ ਉਹ ਧਰਨਿਆਂ ਤੇ ਮੁਜ਼ਾਹਰਿਆਂ ਵਿਚ ਵੀ ਗਈ ਪਰ ਕਿਸੇ ਨੇ ਵੀ ਉਹਦੀ ਬਾਂਹ ਨਾ ਫੜੀ। ਉਹ ਆਪਣੇ ਪਿੰਡ ਦੇ ਲੋਕਾਂ ਦੀ ਸਹਾਇਤਾ ਨਾਲ ਆਪਣੇ ਬੱਚਿਆਂ ਨੂੰ ਪੜ੍ਹਾ ਰਹੀ ਹੈ। ਉਸ ਦੀ ਕਵਰਿੰਗ ਉਮੀਦਵਾਰ ਮਨਜੀਤ ਕੌਰ ਹੈ, ਜਿਸ ਦੇ ਪਤੀ ਨੇ ਅੱਠ ਸਾਲ ਪਹਿਲਾਂ ਖ਼ੁਦਕੁਸ਼ੀ ਕਰ ਲਈ ਸੀ। ਉਸ ਨੂੰ ਵੀ ਕੋਈ ਸਰਕਾਰੀ ਮਦਦ ਨਹੀਂਮਿਲੀ।
ਕੀ ਕੋਈ ਵੀਰਪਾਲ ਕੌਰ ਨੂੰ ਵੋਟ ਪਾਏਗਾ? ਹਾਂ, ਕੁਝ ਲੋਕ ਉਸ ਨੂੰ ਜ਼ਰੂਰ ਵੋਟ ਪਾਉਣਗੇ ਪਰ ਸਾਰੇ ਜਾਣਦੇ ਹਨ ਕਿ ਉਹ, ਉਹ ਲੜਾਈ ਲੜ ਰਹੀ ਹੈ ਜਿਸ ਵਿਚ ਉਸ ਦੀ ਹਾਰ ਨਿਸ਼ਚਿਤ ਹੈ। ਇਹੋ ਜਿਹੀ ਲੜਾਈ ਲੜਨੀ ਸੌਖੀ ਨਹੀਂ ਹੁੰਦੀ। ਇਸ ਲਈ ਵੱਡੀ ਹਿੰਮਤ ਤੇ ਜ਼ੇਰੇ ਦੀ ਲੋੜ ਹੁੰਦੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਨਿਰਾਸ਼ਾਮਈ ਮਾਹੌਲ ਵਿਚ ਇਹ ਔਰਤਾਂ ਅੰਤਾਂ ਦੀ ਹਿੰਮਤ ਨਾਲ ਆਪਣਾ ਵਿਰੋਧ ਤੇ ਰੋਸ ਦਰਜ ਕਰਾ ਰਹੀਆਂ ਹਨ। ਇਹ ਵਿਰੋਧ ਪ੍ਰਤੀਕਮਈ ਹੈ। ਇਹ ਸਾਡੇ ਰਾਜ-ਪ੍ਰਬੰਧ ਉੱਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ, ਇਹ ਪੰਜਾਬ ਦੀ ਸੁੱਤੀ ਹੋਈ ਆਤਮਾ ਨੂੰ ਜਗਾਉਣ ਦਾ ਉਪਰਾਲਾ ਹੈ, ਇਹ ਇਨ੍ਹਾਂ ਔਰਤਾਂ ਅੰਦਰ ਇਕੱਠੀ ਹੋਈ ਹੋਈ ਪੀੜ ਤੇ ਵੇਦਨਾ ਦਾ ਚਿੰਨ੍ਹ ਹੈ। ਇਹ ਔਰਤਾਂ ਪੰਜਾਬ ਦੀਆਂ ਬਹਾਦਰ ਤੀਵੀਆਂ ਹਨ, ਪੰਜਾਬ ਦੇ ਹੱਕ-ਸੱਚ 'ਤੇ ਪਹਿਰਾ ਦੇਣ ਵਾਲੀਆਂ ਵਣਜਾਰਨਾਂ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ : ''ਸਾਚ ਵਖਰ ਕੇ ਹਮ ਵਣਜਾਰੇ॥''
ਕਿਸੇ ਨੇ ਮੈਨੂੰ ਪੁੱਛਿਆ ਕਿ ਇਨ੍ਹਾਂ ਬੀਬੀਆਂ ਦਾ ਮੈਨੀਫੈਸਟੋ ਕੀ ਹੈ। ਮੈਂ ਕਿਹਾ, ਇਨ੍ਹਾਂ ਬੀਬੀਆਂ ਦਾ ਜਿਊਣਾ ਹੀ ਉਨ੍ਹਾਂ ਦਾ ਮੈਨੀਫੈਸਟੋ ਹੈ, ਇਨ੍ਹਾਂ ਦੀ ਹੋਂਦ ਹੀ ਪੰਜਾਬ ਦਾ ਮੈਨੀਫੈਸਟੋ ਹੈ। ਇਨ੍ਹਾਂ ਦਾ ਮੈਨੀਫੈਸਟੋ ਹੈ ਸਰਮਾਏਦਾਰੀ ਸੰਰਚਨਾਵਾਂ ਵਿਚ ਘਿਰੇ ਪੰਜਾਬੀ ਬੰਦੇ ਦੀ ਬੇਗਾਨਗੀ, ਇਕਲਾਪਾ, ਸੰਘਰਸ਼ ਅਤੇ ਜ਼ਿੰਦਗੀ ਲਈ ਉਹਦੀ ਲਲਕ। ਇਹ ਬੀਬੀਆਂ ਖ਼ੁਦ ਅੱਜ ਦੇ ਪੰਜਾਬ ਦੀ ਕੋਹੀ ਹੋਈ ਰੂਹ ਦਾ ਮੈਨੀਫੈਸਟੋ ਹਨ। ਇਨ੍ਹਾਂ ਦਾ ਮੈਨੀਫੈਸਟੋ ਹੈ ਗੜ੍ਹ ਗੜ੍ਹ ਕਰਕੇ ਵੱਜਦੇ ਪੌਪ ਗਾਣਿਆਂ ਤੇ ਡੀ.ਜੇ. ਦੀਆਂ ਧੁਨਾਂ ਦੇ ਹੱਸਦੇ ਤੇ ਨੱਚਦੇ ਦਿਸਦੇ ਪੰਜਾਬ ਅੰਦਰਲੀ ਖ਼ਾਮੋਸ਼ੀ ਤੇ ਇਕੱਲ। ਇਨ੍ਹਾਂ ਦਾ ਮੈਨੀਫੈਸਟੋ ਹੈ ਇਨ੍ਹਾਂ ਦਾ ਹੌਂਸਲਾ, ਸਥਾਪਤੀ ਵਿਰੁੱਧ ਪੈਂਤੜਾ ਲੈਣ ਦੀ ਇਨ੍ਹਾਂ ਦੀ ਹਿੰਮਤ, ਨਵੇਂ ਸਫ਼ਰ 'ਤੇ ਤੁਰਨ ਦੀ ਜ਼ਿੱਦ। ਉਹ ਜਾਣਦੀਆਂ ਹਨ ਕਿ ਉਹ ਹਾਰ ਜਾਣਗੀਆਂ। ਉਨ੍ਹਾਂ ਦੀ ਹਾਰ ਹੀ ਉਨ੍ਹਾਂ ਦੀ ਜਿੱਤ ਹੈ। ਉਨ੍ਹਾਂ ਦਾ ਸਫ਼ਰ ਹੀ ਉਨ੍ਹਾਂ ਦਾ ਵਿਜੈ-ਨਾਦ ਹੈ।
04 May 2019