ਸਿਮਟਦੇ ਪਲ਼ . ਟਾਈਮ ਪਾਸ - ਰਵੇਲ ਸਿੰਘ ਇਟਲੀ
ਵਿਦੇਸ਼ ਰਹਿੰਦਿਆਂ ਹੁਣ ਦਹਾਕੇ ਤੋਂ ਵੱਧ ਦਾ ਸਮਾ ਹੋ ਗਿਆ ਹੈ। ਕੰਪਿਊਟਰ ਤੇ ਲਿਖਣ, ਪੜ੍ਹਨ ਤੇ ਵੇਖਣ ਲੱਗਿਆਂ ਟਾਈਮ ਪਾਸ ਵਾਹਵਾ ਹੋਈ ਜਾਂਦਾ ਹੈ। ਐਤਵਾਰ ਨੂੰ ਬੱਚੇ ਗੁਰਦੁਵਾਰੇ ਚਲੇ ਜਾਂਦੇ ਹਨ। ਜੀਵਣ ਸਾਥਣ ਨੂੰ ਗੱਡੀ ਦਾ ਸਫਰ ਨਾ ਸੁਖਾਉਣ ਕਰਕੇ ਅਤੇ ਉਸ ਦੇ ਸੱਟ ਲੱਗਣ ਕਰਕੇ ਚੱਲਣ ਫਿਰਣ ਤੋਂ ਔਖਿਆਈ ਹੋਣ ਕਰਕੇ ਉਸ ਨਾਲ ਮੈਂ ਘਰ ਹੀ ਰਹਿੰਦਾ ਹਾਂ।ਮੌਸਮ ਵੇਖਕੇ ਉਸ ਨਾਲ ਪਾਰਕ ਵਿੱਚ ਵੀ ਚਲਾ ਜਾਂਦਾ ਹਾਂ,ਤੇ ਇਸੇ ਬਹਾਨੇ ਕੁੱਝ ਸੈਰ ਵੀ ਹੋ ਜਾਂਦੀ ਹੈ। ਪਾਰਕ ਵਿੱਚ ਕੁੱਝ ਸਾਥਣਾਂ ਵਿੱਚ ਬੈਠ ਕੇ ਉਹ ਤਾਂ ਇਧਰ ਖੱਟੀਆਂ ਮਿੱਠੀਆਂ ਗੱਲਾਂ ਬਾਤਾਂ ਕਰ ਕਰਾ ਕੇ ਟਾਈਮ ਪਾਸ ਕਰ ਲੈਂਦੀ ਹੈ। ਅਤੇ ਮੇਰਾ ਵੀ ਆਪਣੀ ਉਮਰ ਦੇ ਸਾਥੀਆਂ ਨਾਲ ਕੁਝ ਸਮਾਂ ਬੈਠ ਕੇ ਚਲਦੇ ਵਿਸ਼ਿਆਂ ਤੇ ਮਗਜ਼ ਘਸਾਈ ਕਰਦੇ ਦਾ ਟਾਈਮ ਪਾਸ ਹੋ ਜਾਂਦਾ ਹੈ।ਕੁੱਝ ਸਮਾਂ ਪਹਿਲਾਂ ਜਦੋਂ ਮੈਂ ਨਾਲ ਦੇ ਕਸਬੇ ਵਿੱਚ ਰਹਿ ਰਿਹਾ ਸਾਂ, ਤਾਂ ਸ਼ਾਮ ਨੂੰ ਉਥੋਂ ਦੇ ਪਾਰਕ ਵਿੱਚ ਵੀਹ ਤੀਹ ਪੰਜਾਬੀ ਕਾਮੇ ਇੱਕੱਠੇ ਹੋ ਕੇ ਗੱਪ ਸ਼ੱਪ ਕਰਦੇ ਵੇਖੇ ਜਾਂਦੇ ਸਨ। ਇਨ੍ਹਾਂ ਵਿੱਚ ਕਈ ਤਾਂ ਬਸ ਚਲਦੇ ਫਿਰਦੇ ਚੈਨਲ ਹੀ ਹੁੰਦੇ ,ਜੋ ਕੁਝ ਆਪ ਸੁਣਨ ਦੀ ਬਜਾਏ ਅਗਲੇ ਨੂੰ ਕੋਈ ਨਵੀਂ ਖ਼ਬਰ ਸੁਣਾਉਣ ਵਿੱਚ ਜਾਂ ਨਵੀਆਂ ਤੋਂ ਨਵੀਆਂ ਖਬਰਾਂ ਤੇ ਸ਼ੋਸ਼ੇ ਸੁਣਾਉਣ ਵਿੱਚ ਹਰਫਨ ਮੌਲਾ ਹੁੰਦੇ ਸਨ।ਪਰ ਹੌਲੀ ਹੌਲੀ ਕੰਮ ਕਾਰਾਂ ਦੀ ਮੰਦੀ ਕਰਕੇ ਉਨ੍ਹਾਂ ਦੇ ਦੂਰ ਨੇੜੇ ਚਲੇ ਜਾਣ ਕਰਕੇ ਉਸ ਪਾਰਕ ਵਿੱਚ ਹੁਣ ਕੋਈ ਟਾਂਵਾਂ ਟਾਂਵਾਂ ਪੰਜਾਬੀ ਬੰਦਾ ਹੀ ਬੈਠਾ ਨਜ਼ਰ ਆਉਂਦਾ ਹੈ। ਹੁਣ ਇਸ ਪਾਰਕ ਦਾ ਵੀ ਹੁਣ ਉਹੀ ਹੈ।ਬਸ ਮੇਰੇ ਸਮੇਤ ਮੇਰੀ ਉਮਰ ਦੇ ਵੱਧ ਤੋਂ ਦੋ ਤਿੰਨ ਬੰਦੇ ਗੱਲਾਂ ਬਾਤਾਂ ਕਰਨ ਲਈ ਬੈਠੇ ਹੁੰਦੇ ਹਨ। ਜੋ ਕਈ ਦੁੱਖ ਸੁੱਖ ਅਤੇ ਪੁਰਾਣੇ ਸਮੇਂ ਦੀਆਂ ਹੋਈਆਂ ਬੀਤੀਆਂ ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ।ਕਿਸੇ ਦੀ ਜੀਵਣ ਸਾਥਣ ਕਾਫੀ ਦੇਰ ਤੋਂ ਉਸਦਾ ਸਦਾ ਲਈ ਸਾਥ ਛਡ ਚੁਕੀ ਹੈ, ਇਕ ਜਦ ਹੁਣੇ ਪੰਜਾਬ ਗਿਆ ਸੀ ਉਸਦੀ ਘਰ ਵਾਲੀ ਅਚਾਣਕ ਹਾਰਟ ਅਟੈਕ ਦਾ ਸ਼ਿਕਾਰ ਹੋ ਕੇ ਉਸ ਨੂੰ ਸਦਾ ਲਈ ਵਿਛੋੜਾ ਦੇ ਗਈ।ਕੋਈ ਵਿਦੇਸ਼ੀ ਪੈਨਸ਼ਨੀਆ ਹੈ, ਜਿਸ ਦੀ ਜੀਵਣ ਸਾਥਣ ਦੀਆਂ ਅੱਖਾਂ ਖਰਾਬ ਰਹਿਣ ਕਰਕੇ ਉਸ ਦੀ ਚਿੰਤਾ ਬਣੀ ਰਹਿੰਦੀ ਹੈ। ਮੇਰੀ ਜੀਵਣ ਸਾਥਣ ਸੱਟ ਲਗਣ ਕਰਕੇ ਸੋਟੀ ਦਾ ਸਹਾਰੇ ਚੱਲਣ ਕਰਕੇ ਉਸ ਨਾਲ ਬਾਹਰ ਅੰਦਰ ਜਾਣ ਕਰਕੇ ਮੇਰੀ ਚਾਲ ਵੀ ਉਸ ਵਰਗੀ ਹੀ ਹੋ ਗਈ ਹੈ।ਸਾਡੀ ਹਾਲਤ ਤਾਂ ਜਿਵੇਂ ਹੁਣ ਘੜੀ ਦੇ ਪੈਂਡੂਲੰਮ ਵਰਗੀ ਜਾਪਦੀ ਹੈ।ਕਦੇ ਏਧਰ ਕਦੇ ਓਧਰ ਹੁੰਦਿਆਂ ਹੀ ਬਸ ਆਪਣੇ ਪਛੋਕੜ ਦੀਆਂ ਗੱਲਾਂ ਕਰਦਿਆਂ ਕਰਦਿਆਂ ਹੀ ਟਾਈਮ ਪਾਸ ਹੋਈ ਜਾਂਦਾ ਹੈ।
ਗੰਮਾਂ ਦੀ ਗੰਢ ਭਾਰੀ ਹੈ, ਕਿਸ ਥਾਂ ਖੋਲ੍ਹੀਏ ਜਾ ਕੇ।
ਮਜਲਸ,ਘੱਟ ਜੁੜਦੀ ਹੈ,ਕਿਸ ਥਾਂ ਬੈਠੀਏ ਜਾ ਕੇ।
ਯਾਦਾਂ ਦੇ ਸਹਾਰੇ ਹੀ, ਇਹ ਪਲ਼ ਗੁਜ਼ਰਦੇ ਰਹਿੰਦੇ,
ਸਮੇਂ ਦੀ ਚਾਲ ਕਾਹਲੀ ਹੈ,ਮੁਸ਼ਕਲ ਰੋਕੀਏ ਜਾ ਕੇ।
ਹੁੰਗਾਰਾ ਭਰਣ ਵਾਲਾ ਵੀ,ਕਿਤੇ ਕੋਈ ਢੂੰਡਣਾ ਪੈਂਦਾ,
ਕਹਾਣੀ ਬਹੁਤ ਲੰਮੀ ਹੈ,ਕਿਸ ਥਾਂ ਫੋਲੀਏ ਜਾ ਕੇ।
ਮੇਰੇ ਦੋਵੇਂ ਪੋਤੇ ਜੋ ਇਟਲੀ ਦੇ ਜੰਮ ਪਲ ਹਨ। ਦੋਵੇਂ ਹੀ ਕੇਸਾ ਧਾਰੀ ਹਨ, ਪਟਕੇ ਬਨ੍ਹੀਂ ਜਦ ਸਕੂਲੋਂ ਘਰ ਪਰਤਦੇ ਹਨ ਤਾਂ ਉਹ ਦੂਰੋਂ ਪਛਾਣੇ ਜਾਂਦੇ ਹਨ।ਸ਼ਾਮਾਂ ਨੂੰ ਫੁੱਟ ਬਾਲ ਖੇਡਣ ਲਈ ਸੈਡੀਅਮ ਜਾਂਦੇ ਹਨ।ਘਰ ਵਿੱਚ ਵੀ ਕਦੇ ਵੇਹਲੇ ਵੇਲੇ ਉਹ ਮੈਨੂੰ ਵੀ ਨਾਂਹ ਨਾਂਹ ਕਰਦੇ ਆਪਣਾ ਰੈਫਰੀ ਬਣਾ ਲੈਂਦੇ ਹਨ।ਦੋਵੇਂ ਹੀ ਗੋਲ ਮਟੋਲ ਅਤੇ ਚੰਚਲ ਸੁਭਾਅ ਦੇ ਹਨ। ਨਿੱਕਾ ਮੇਰੇ ਕੋਲ ਸੌਣ ਕਰਕੇ ਮੈਨੂੰ ਬੜਾ ਪਿਆਰ ਕਰਦਾ ਹੈ।ਮੈਨੂੰ ਗੁਦ ਗੁਦੀਆਂ (ਕੁਤਕੁਤਾੜੀਆਂ) ਬਹੁਤ ਹੁੰਦੀਆਂ ਹਨ। ਉਹ ਜਦੋਂ ਕਦੇ ਮੌਜ ਵਿੱਚ ਹੁੰਦਾ ਹੈ ਤਾਂ ਮੇਰੇ ਗੁਦ ਗੁਦੀਆਂ ਕੱਢਦਾ ਮੈਨੁੰ ਹਸਾ ਹਸਾ ਕੇ ਲੋਟ ਪੋਟ ਕਰ ਛੱਡਦਾ ਹੈ।ਕਦੇ ਡਾਕਟਰ ਬਣ ਕੇ ਮੇਰੀ ਛਾਤੀ ਚੈੱਕ ਕਰਨ ਲੱਗ ਪੈਂਦਾ ਹੈ।ਉਸ ਦੀ ਛੇੜ ਛਾੜ ਤੇ ਜਦੋਂ ਮੈਨੂੰ ਹਾਸਾ ਆ ਜਾਂਦਾ ਹੈ ਤਾਂ ਕਹਿੰਦਾ ਹੈ,ਕਿ ਡੈਡੀ ਆਰਾਮ ਨਾਲ ਪਏ ਰਹੋ ਤੁਹਾਨੂੰ ਪਤਾ ਨਹੀਂ ਮੈਂ ਡਾਕਟਰ ਹਾਂ,ਤੁਸੀਂ ਬੀਮਾਰ ਹੋ,ਕਦੇ ਬੀਮਾਰ ਵੀ ਹੱਸਦੇ ਹੁੰਦੇ ਹਨ।ਫਿਰ ਮੇਰਾ ਖੂਨ ਚੈਕ ਕਰਨ ਦੀ ਨਕਲ ਲਾਹੁੰਦਾ, ਮੇਰੇ ਡੌਲੇ ਤੇ ਪੱਟੀ ਬਨ੍ਹ ਕੇ ਪੈਨਸਿਲ ਦੀ ਸਰਿੰਜ ਬਣਾ ਕੇ ਖੂਨ ਦਾ ਸੈਂਪਲ ਲੈਂਦਾ ਹੈ।ਕਦੇ ਦੋਵੇਂ ਤਾਸ਼ ਲੈ ਕੇ ਮੇਰੇ ਮਗਰ ਪੈ ਜਾਂਦੇ ਹਨ ਕਹਿੰਦੇ ਹਨ ਡੈਡੀ ਜੀ ਆਓ ਭਾਬੀ ਬਨਾਉਣ ਵਾਲੀ ਤਾਸ਼ ਖੇਡੀਏ,ਦੋਵੇਂ ਹੀ ਚੁਲਬਲੇ ਤੇ ਤੇਜ਼ ਹਨ।ਮੈਨੂੰ ਹਰਾ ਕੇ ਮੇਰੇ ਦੁਆਲੇ ,ਭਾਬੀ ਭਾਬੀ’ ਕਹਿੰਦੇ ਨੱਚਦੇ ਟੱਪਦੇ ਮੈਨੂੰਮਿੱਠਾ ਮਿੱਠਾ ਹਾਸਾ ਠੱਠਾ ਤੇਮਖੌਲ ਕਰਦੇ ਹਨ।ਕਦੇ ਮੈਂ ਵੀ ਜਾਣ ਬੁੱਝ ਕੇ ਉਨ੍ਹਾਂ ਨੂੰ ਜਿਤਾ ਕੇ ਵੀ ਖੁਸ਼ ਹੁੰਦੇ ਵੇਖਦਾ ਹਾਂ, ਕਿਉਂ ਜੋ ਮੇਰੇ ਲਈ ਉਹ ਖਿਡਾਉਣੇ ਹਨ ਅਤੇ ਮੈਂ ਵੀ ਉਨ੍ਹਾਂ ਲਈ ਖਿਡਾਉਣਾ ਬਣ ਜਾਂਦਾ ਹਾਂ।ਕਦੇ ਉਹ ਮੈਨੂੰ ਬਾਤਾਂ, ਸੁਣਾਉਣ ਦੀ ਜ਼ਿੱਦ ਵੀ ਕਰਦੇ ਹਨ।ਮੈਂ ਉਨ੍ਹਾਂ ਦਾ ਮਨ ਪਰਚਾਵਾ ਕਰਨ ਲਈ ਕੁੱਝ ਸੁਣੀਆਂ ਸੁਣਾਈਆਂ ਪੁਰਾਣੀਆਂ ਬਾਤਾਂ ਸੁਣਾ ਉਨ੍ਹਾਂ ਦਾ ਮਨ ਪਰਚਾਵਾ ਕਰਦਾ ਹਾਂ ।ਕਈ ਵਾਰ ਕੰਪਿਊਟਰ ਤੇ ਲਿਖਣ ਵੇਲੇ ਕਿਸੇ ਸਿਰਲੇਖ ਤੇ ਕੋਈ ਜਚਦੀ ਫੋਟੋ ਲਾਉਣ ਦੀ ਲੋੜ ਹੋਵੇ ਤਾਂ ਦੋਵੇਂ ਇੱਸ ਕੰਮ ਵਿੱਚ ਮੇਰੀ ਮਦਦ ਕਰਕੇ ਮੇਰੀ ਕੋਈ ਛੋਟੀ ਮੋਟੀ ਮੁਸ਼ਕਲ ਵੀ ਹੱਲ ਕਰ ਦੇਂਦੇ ਹਨ।ਜਦੋਂ ਕਿਤੇ ਮੈਂ ਕੰਪਿਊਟਰ ਤੇ ਕੋਈ ਕਵਿਤਾ ਲਿਖਦਾ ਹੁੰਦਾ ਤਾਂ ਉਹ ਕਹਿੰਦੇ ਨੇ ਸਾਡੀ ਵੀ ਕੋਈ ਕਵਿਤਾ ਲਿਖ ਕੇ ਸੁਣਾਓ, ਕਈ ਵਾਰ ਜਦੋਂ ਉਨ੍ਹਾਂ ਬਾਰੇ ਕਵਿਤਾ ਲਿਖ ਕੇ ਉਨ੍ਹਾਂ ਨੂੰ ਸੁਣਾਉਂਦਾ ਹਾਂ ਤਾਂ ਉਹ ਖੁਸ਼ ਹੋ ਕੇ ਵਾਹ ਵਾਹ ਕਰਦੇ ਤਾੜੀਆਂ ਵਜਾਉਣ ਲੱਗ ਪੈਂਦੇ ਹਨ,ਇਵੇਂ ਜਾਪਦਾ ਹੈ ਜਿਵੇਂ ਮੈਂ ਕਿਸੇ ਬਾਲ ਸਭਾ ਵਿੱਚ ਬੈਠਾ ਹੋਵਾਂ,ਇਸੇ ਤਰ੍ਹਾਂ ਬਸ ਟਾਈਮ ਪਾਸ ਹੋਈ ਜਾਂਦਾ ਹੈ।
ਵਧਦੀ ਉਮਰ ਕਰਕੇ ਅਤੇ ਬੈਠਕ ਜ਼ਿਆਦਾ ਹੋਣ ਕਰਕੇ ਸਰੀਰ ਢਿਲਕ ਜਾਣ ਕਰਕੇ ਪੇਟ ਵੀ ਵਧ ਗਿਆ ਹੈ।ਜਿਸ ਕਰਕੇ ਮੈਨੂੰ ਉਨ੍ਹਾਂ ਦੇ ਹਾਸੇ ਠੱਠੇ ਦਾ ਕਾਰਣ ਬਣਨਾ ਪੈਂਦਾ ਹੈ।ਮੈਨੂੰ ਮਖੌਲ ਨਾਲ ਕਹਿੰਦੇ ਹਨ ਡੈਡੀ ਤੁਸੀਂ ਏਨੇ ਮੋਟੇ ਹੋ, ਤੁਹਾਨੂੰ ਦਾਦੀ ਮਾਂ ਨੇ ਕਿਸ ਤਰ੍ਹਾਂ ਪਸੰਦ ਕਰ ਲਿਆ।ਮੈਂ ਘੜਿਆ ਘੜਾਇਆ ਜੁਵਾਬ ਦੇਂਦਾ ਹਾਂ ਪੁੱਤਰ ਜੀ ਇਹ ਗੱਲ ਮੈਨੂੰ ਨਹੀਂ ਦਾਦੀ ਮਾਂ ਨੂੰ ਪੁੱਛੋ ਤਾਂ ਉਸ ਦੁਆਲੇ ਜਾ ਹੁੰਦੇ ਹਨ। ਉਹ ਸੋਟੀ ਦੇ ਸਹਾਰੇ ਚਲਦੀ ਹੈ।ਉਸ ਦੀ ਸੋਟੀ ਫੜ ਕੇ ਕਈ ਵਾਰ ਉਸ ਦੇ ਸਾਂਗ ਲਾਉਣ ਲੱਗ ਪੈਂਦੇ ਹਨ,ਉਹ ਹੱਸਦੀ ਹੱਸਦੀ ਲੋਟ ਪੋਟ ਹੋਕੇ ਉਨ੍ਹਾਂ ਨੂੰ ਕਲਾਵੇ ਵਿੱਚ ਭਰ ਲੈ ਲੈਂਦੀ ਹੈ,ਇਸ ਤਰ੍ਹਾਂ ਉਨ੍ਹਾਂ ਨਾਲ ਹਸਦੇ ਹਸਾਂਦੇ ਟਾਈਮ ਪਾਸ ਚੰਗਾ ਹੋ ਜਾਂਦਾ ਹੈ।
ਜਦੋਂ ਕਦੇ ਉਹ ਸਾਹਿਬਜ਼ਾਦਿਆਂ ਦੀ ਮੂਵੀ ਵੇਖਦੇ ਹਨ ਤਾਂ ਮੇਰੇ ਕੋਲ ਆ ਕੇ ਕਈ ਗੱਲਾਂ ਪੁੱਛਦੇ ਹਨ।ਕਦੇ ਕਹਿੰਦੇ ਹਨ,ਜਦੋਂ ਬਾਬਾ ਜੀ ਨੇ ਸਰਸਾ ਨਦੀ ਨੂੰ ਪਾਰ ਕੀਤਾ ਤਾਂ ਬਾਬਾ ਜੀ ਦਾ ਘੋੜਾ ਤੇ ਉਨ੍ਹਾਂ ਦਾ ਬਾਜ਼ ਕਿੱਥੇ ਚਲਾ ਗਿਆ।ਸਾਹਿਬ ਜ਼ਾਦਿਆਂ ਨੂੰ ਬੇਦੋਸ਼ਿਆਂ ਨੂੰ ਨੀਹਾਂ ਵਿਚ ਚਿਣ ਕੇ ਕਿਉਂ ਸ਼ਹੀਦ ਕੀਤਾ ਗਿਆ ਉਨ੍ਹਾਂ ਦਾ ਕੀ ਕਸੂਰ ਸੀ।ਉਨ੍ਹਾਂ ਦੀ ਦਾਦੀ ਨੂੰ ਇੱਕਲੀ ਨੂੰ ਕਿਉਂ ਛੱਡ ਗਏ।ਮੂਵੀ ਵਿਚ ਸੁਣਿਆ ਗੀਤ “ ਵੇਲਾ ਆ ਗਿਆ ਹੈ ਦਾਦੀ ਹੁਣ ਜੁਦਾਈ ਦਾ ,ਜਦੋਂ ਸੁਣਦੇ ਹਨ ਤਾਂ ਦੋਵੇਂ ਅੱਖਾਂ ਭਰ ਲੈਂਦੇ ਹਨ, ਮੈਂ ਵੀ ਭਾਵੁਕ ਹੋਏ ਬਿਣਾਂ ਨਹੀਂ ਰਹਿ ਸਕਦਾ।ਫਿਰ ਜ਼ਰਾ ਕਾਇਮ ਹੋ ਕੇ ਉਨ੍ਹਾਂ ਦੇ ਸੁਵਾਲ ਉਨ੍ਹਾਂ ਦੀ ਮਾਸੂਮੀਅਤ ਅਨੁਸਾਰ ਦਿੰਦਾ ਹਾਂ। ਇਸ ਸਮੇਂ ਵਿੱਚ ਮੇਰੇ ਲਈ ਟਾਈਮ ਪਾਸ ਕਰਨਾ ਬੜਾ ਔਖਾ ਹੁੰਦਾ ਹੈ।ਖਿਆਲਾਂ ਦੇ ਕਈ ਝੱਖੜ ਮੇਰੇ ਅੰਦਰ ਝੁੱਲਣੇ ਸ਼ੁਰੂ ਹੋ ਜਾਂਦੇ ਹਨ ਜੋ ਸੰਭਾਲਣੇ ਮੁਸ਼ਕਿਲ ਹੋ ਜਾਂਦੇ ਹਨ। ਫਿਰ ਟਾਈਮ ਪਾਸ ਕਰਨ ਦੇ ਬਹਾਨੇ ਕੁਝ ਲਿਖਣ ਲਈ ਬੈਠ ਜਾਂਦਾ ਹਾਂ।
ਇਸ ਦੱਸ ਸਾਲ ਦੇ ਅਰਸੇ ਵਿੱਚ ਮੈਂ ਵਿੱਚ ਵਿਚਾਲੇ ਪੰਜਾਬ ਵੀ ਆਉਂਦਾ ਜਾਂਦਾ ਰਹਿੰਦਾ ਹਾਂ।ਉੱਥੇ ਵੀ’ਮਹਿਰਮ ਸਾਹਿਤ ਸਭਾ’ ਨਵਾਂ ਸ਼ਾਲਾ ਵਿਖੇ ਸਮੇਂ ਸਮੇਂ ਸਿਰ ਕਈ ਪ੍ਰਿਸੱਧ ਲੇਖਕਾਂ ਕਵੀਆਂ ਨੂੰ ਮਿਲਣ ਦਾ ਮੌਕਾ ਮਿਲਦਾ ਰਹਿੰਦਾ ਹੈ।ਹੋਰ ਵੀ ਰੁਝੇਵੇਂ ਹੋਣ ਕਰਕੇ ਸਮਾ ਗੁਜ਼ਰਦੇ ਪਤਾ ਹੀ ਨਹੀਂ ਚਲਦਾ, ਕਈ ਦੇਸ਼ੀ ਤੇ ਵਿਦੇਸ਼ੀ ਲੇਖਕ ਮਿਲਦੇ ਹਨ,ਕਈ ਵਿਸ਼ਿਆਂ ਤੇ ਵਿਚਾਰ ਵਟਾਂਦਰੇ ਕਰਨ ਦਾ ਮੌਕਾ ਮਿਲਦਾ ਹੈ।ਕਿਤਾਬਾਂ ਦੀ ਘੁੰਡ ਚੁਕਾਈਆਂ ਹੁੰਦੀਆਂ ਹਨ।ਮਾਣ ਸਤਿਕਾਰ ਦਿੱਤੇ ਲਏ ਜਾਂਦੇ ਹਨ। ਕਵੀ ਦਰਬਾਰ ਹੁੰਦੇ ਹਨ। ਕਵਿਤਾ ਦੇ ਵੰਨ ਸੁਵੰਨੇ ਰੰਗ ਸੁਣਨ ਨੂੰ ਮਿਲਦੇ ਹਨ। ਟਾਈਮ ਪਾਸ ਉਥੇ ਵੀ ਚੰਗਾ ਹੋਈ ਜਾਂਦਾ ਹੈ।
ਬਹੁਤ ਸਮਾ ਪਹਿਲਾਂ ਇੱਥੇ ਰਹਿੰਦੇ ਕਾਮੇ ਲੇਖਕਾਂ ਨੇ ਬੜੇ ਉੱਦਮ ਨਾਲ ਇੱਕ ਸਭਾ ,ਸਾਹਿਤ ਸੁਰ ਸੰਗਮ ਸਭਾ ਇਟਲੀ, ਦਾ ਗਠਨ ਕੀਤਾ ਗਿਆ ਸੀ।ਜੋ ਹੌਲੀ ਹੌਲੀ ਕੰਮ ਧੰਦੇ ਨਾ ਹੋਣ ਕਰਕੇ ਮੈਂਬਰਾਂ ਦੀ ਗਿਣਤੀ ਘਟਦੀ ਘਟਦੀ ਘਟ ਗਈ।ਹੁਣ ਉਨ੍ਹਾਂ ਦੀਆਂ ਲਿਖਤਾਂ ਤੇ ਚੇਹਰੇ ਮੋਹਰੇ ਕਦੇ ਕਦੇ ਫੇਸ ਬੁੱਕ ਵਿੱਚ ਜਾਂ ਕੁਝ ਪੰਜਾਬੀ ਵੈਬ ਸਾਈਟਾਂ ਤੇ ਉਨ੍ਹਾਂ ਨੂੰ ਪੜ੍ਹ ਕੇ ਟਾਈਮ ਪਾਸ ਕਰ ਲਈਦਾ ਹੈ।ਮੀਡੀਆ ਪੰਜਾਬ ਜਰਮਨੀ ਨਾਲ ਵਿਦੇਸ਼ ਆਕੇ ਮੇਰਾ ਲਿਖਣ ਤੇ ਪੜ੍ਹਨ ਦਾ ਸੱਭ ਤੋਂ ਪਹਿਲਾਂ ਵਾਹ ਪਿਆ ਸੀ,ਜੋ ਹੁਣ ਤੱਕ ਉਸੇ ਤਰ੍ਹਾਂ ਹੈ।ਇਸ ਵੈਬ ਸਾਈਟ ਤੇ ਚੰਗੇ ਚੰਗੇ ਲੇਖਕਾਂ ਦੀਆਂ ਰਚਨਾਂਵਾਂ ਪੜ੍ਹ ਸੁਣ ਕੇ ਕੇ ਮੈਨੂੰ ਹੋਰ ਚੰਗਾ ਲਿਖਣ ਅਤੇ ਸਿੱਖਣ ਸਮਝਣ ਲਈ ਉਤਸ਼ਾਹ ਤਾਂ ਮਿਲਦਾ ਹੀ ਹੈ,ਨਾਲੇ ਟਾਈਮ ਪਾਸ ਵੀ ਹੋ ਜਾਂਦਾ ਹੈ।
ਕਿਤੇ ਆਉਂਦੇ ਜਾਂਦੇ ਜਦੋਂ ਕੋਈ ਹਾਲ ਪੁੱਛੇ ਤਾਂ ਜ਼ਿੰਦਗੀ ਦੀ ਰੰਗ ਬਰੰਗੀਆਂ ਲੀਰਾਂ ਵਿੱਚ ਲਪੇਟੀ ਖਿੱਧੋ ਵਾਂਗ ਸੱਭ ਕੁਝ ਸਮੇਟ ਕੇ ਕਹਿ ਛੱਡੀ ਦੈ,ਮਾਲਕ ਦਾ ਸ਼ੁਕਰ ਆ ਜੀ ਟਾਈਮ ਪਾਸ ਹੋਈ ਜਾਂਦਾ ਹੈ।ਜ਼ਿੰਦਗੀ ਹੈ ਵੀ ਤਾਂ ਇਸੇ ਤਰ੍ਹਾਂ ਦੀ, ਜਿਸ ਦੀਆਂ ਪਰਤਾਂ ਦੀ ਫਰੋਲਾ ਫਰੋਲੀ ਕਰਦਿਆਂ ਹੀ ਬੰਦੇ ਦਾ ਟਈਮ ਪਾਸ ਹੋਈ ਜਾਂਦਾ ਹੈ।
ਜ਼ਿੰਦਗੀ ਐ ਜ਼ਿੰਦਗੀ,ਮੁਸ਼ਕਲ ਹੈ ਤੈਨੂੰ ਸਮਝਣਾ।
ਇੱਸ ਅਜਬ ਖੇਡ ਨੂੰ, ਸਭ ਨੂੰ ਹੈ ਪੈਣਾ ਖੇਡਣਾ।
ਤੇਰੀ ਹੀ ਦੌੜ ਵਿੱਚ ,ਰਹਿ ਕੇ ਅਖੀਰ ਤੀਕ,
ਏਸੇ ਹੀ ਖੇਡ ਵਿੱਚ,ਕਿਤੇ ਹਾਰਨਾ ਕਿਤੇ ਜਿੱਤਣਾ।
ਜਿੱਦਾਂ ਤੂੰ ਬੀਤ ਗਈ, ਧਨਵਾਦ ਤੇਰਾ ਜ਼ਿੰਦਗੀ,
ਬਸ ਹੁਣ ਰਹਿ ਗਿਆ,ਬੀਤੇ ਦੇ ਸ਼ੀਸ਼ੇ ਚੋਂ ਝਾਕਣਾ।