ਡੰਗ ਅਤੇ ਚੋਭਾਂ - ਗੁਰਮੀਤ ਪਲਾਹੀ

ਕੋਈ ਆਖਦਾ-ਨਸ਼ਾ ਹੈ ਲੋਰ ਦੇਂਦਾ,
ਕੋਈ ਆਖਦਾ- ਇਦ੍ਹਾ ਖਿਆਲ ਮਾੜਾ।

ਖ਼ਬਰ ਹੈ ਕਿ ਪੰਜਾਬ ਦੇ 80 ਫੀਸਦੀ ਵੋਟਰ, ਪਾਰਟੀਆਂ ਜਾਂ ਉਮੀਦਵਾਰਾਂ ਤੋਂ ਨਕਦ, ਤੋਹਫੇ ਜਾਂ ਸ਼ਰਾਬ ਦਾ ਲਾਲਚ ਦਿੱਤੇ ਜਾਣ ਨੂੰ ਪੂਰੀ ਤਰ੍ਹਾਂ ਗਲਤ ਮੰਨਦੇ ਹਨ, ਲੇਕਿਨ 17 ਫੀਸਦੀ ਮਤਦਾਤਾ ਇਹੋ ਜਿਹੇ ਵੀ ਹਨ, ਜੋ ਇਸ ਤਰ੍ਹਾਂ ਦੇ ਲਾਲਚ ਨੂੰ ਵੋਟ ਦੇਣ ਦਾ ਮਹੱਤਵਪੂਰਨ ਕਾਰਕ ਮੰਨਦੇ ਹਨ। ਇਹ ਗੱਲ ਐਸੋਸੀਏਸ਼ਨ ਫਾਰ ਡੈਮੋਕਰੇਟਿਵ ਰੀਫਾਰਮਜ਼ ਐਂਡ ਡਾਟਾ ਸ਼ੋਲਿਊਸ਼ਨਜ਼ ਵਲੋਂ ਕਰਵਾਏ ਗਏ ਇੱਕ ਮੱਤਦਾਤਾ ਸਰਵੇਖਣ ਵਿੱਚ ਸਾਹਮਣੇ ਆਈ ਹੈ। ਪੰਜਾਬ ਦੀਆਂ 13 ਸੀਟਾਂ ਦੇ ਲਗਭਗ 6500 ਵੋਟਰਾਂ ਨਾਲ ਚੋਣਾਂ 'ਚ ਸਬੰਧਿਤ ਵਿਸ਼ੇਸ਼ ਮੁੱਦਿਆਂ ਉਤੇ ਇਸ ਸਰਵੇਖਣ 'ਚ ਗੱਲਬਾਤ ਕਰਕੇ ਇਹ ਸਿੱਟਾ ਕੱਢਿਆ ਹੈ।
ਜਿਵੇਂ ਲੋਕ ਸਮਝਦੇ ਆ ਕਿ ਨੇਤਾ ਨੇ ਪੰਜੀਂ ਵਰ੍ਹੀਂ ਦਰਸ਼ਨ ਦਿੱਤੇ ਆ, ਇਹਨੂੰ ਮੁੱਛ ਲਵੋ, ਜੋ ਦਿੰਦਾ ਆ ਇਹਤੋਂ ਲੈ ਲਵੋ। ਨਕਦ ਨਰੈਣ ਦੇਂਦਾ ਆ, ਪੈਸੇ ਲੈ ਲਉ। ਸਾੜ੍ਹੀ, ਬਨੈਣ, ਕੱਛਾ, ਤੋਲੀਆ, ਸਵੈਟਰ, ਬੂਟ, ਕੰਬਲ ਜੋ ਦਿੰਦਾ ਆ, ਲੈ ਲਉ। ਬੋਤਲਾਂ ਵੰਡਦਾ ਆ ਤਾਂ ਉਹਦੇ ਤੋਂ ਵੀ ਨਾਂਹ ਨਾ ਕਰੋ। ਕਿਉਂਕਿ ਵੋਟਾਂ ਤੋਂ ਬਾਅਦ ਤਾਂ ਨੇਤਾ ਜੀ ਨੇ ਇਹੋ ਕਹਿਣਾ ਹੈ ਕਿ ਵੋਟਾਂ ਤੋਂ ਪਹਿਲਾਂ ਸਾਰਾ ਕੁਝ ਜਨਤਾ ਦੇ ਨਾਮ ਸੀ ਅਤੇ ਵੋਟਾਂ ਤੋਂ ਬਾਅਦ ਜਨਤਾ ਕਿਹੜੇ ਕੰਮ ਦੀ? ਉਵੇਂ ਹੀ ਭਾਈ ਜਿਵੇਂ ਪਿਛਲੀਆਂ ਚੋਣਾਂ 'ਚ ਮੋਦੀ ਨੇ ਵੋਟਾਂ ਤੋਂ ਪਹਿਲਾਂ ਵੋਟਰ ਪੰਦਰਾਂ ਲੱਖੀ ਬਣਾ ਦਿੱਤਾ, ਜਦ ਕੁਰਸੀ ਤੇ ਬਹਿ ਗਿਆ ਤਦ ਵੋਟਰ ਨੂੰ ਕੱਖੋਂ ਹੌਲੇ ਕਰ ਦਿੱਤਾ।
ਉਂਜ ਆਮ ਬੰਦਿਆਂ ਦੀਆਂ ਵੀ ਕਿਸਮਾਂ ਹੁੰਦੀਆਂ ਆਂ। ਕੋਈ ਮੌਜੀ ਹੁੰਦਾ ਆ ਤੇ ਉਹਨੂੰ ਕਹਿ ਦਿੰਦੇ ਆ ਮੌਜੀ ਠਾਕੁਰ। ਕੋਈ ਸੋਝੀ ਵਾਲਾ ਹੁੰਦਾ ਆ ਉਹਨੂੰ ਆਖ ਦਿੰਦੇ ਆ ਸੁੱਘੜ ਸਿਆਣਾ। ਕੋਈ ਕੁਝ ਵੀ ਨਹੀਂ ਜਾਣਦਾ ਉਹਨੂੰ ਕਹਿੰਦੇ ਆ ਭੌਂਦੂ। ਕੋਈ ਹਰ ਵੇਲੇ ਰੋਂਦਾ ਉਹਨੂੰ ਆਖਦੇ ਆ ਰੋਂਦੂ। ਇਵੇਂ ਹੀ ਭਾਈ ਕੋਈ ਬੇਗਾਨੇ ਪੈਸੇ ਨੂੰ ਹੱਥ ਨਹੀਂ ਲਾਉਂਦਾ ਤੇ ਕੋਈ ਬੇਗਾਨੇ ਸ਼ੈਅ 'ਤੇ ਆ। ਉਵੇਂ ਹੀ ਜਿਵੇਂ ਕਵੀ ਦੇ ਕਹਿਣ ਅਨੁਸਾਰ, ''ਕੋਈ ਆਖਦਾ-ਨਸ਼ਾ ਹੈ ਲੋਰ ਦਿੰਦਾ। ਕੋਈ ਆਖਦਾ-ਇਦ੍ਹਾ ਖਿਆਲ ਮਾੜਾ''।

ਜਿਦ੍ਹੇ ਵਿੱਚ ਕੋਈ ਵੀਰਨੋ ਗੁਣ ਨਾਹੀਂ,
ਬੜ ਬੜ ਕਰਦਾ ਤੇ ਐਂਵੇ ਹੀ ਤੀਂਘਦਾ ਏ।

ਖ਼ਬਰ ਹੈ ਕਿ ਸਤਾਰਵੀਂ ਲੋਕ ਸਭਾ ਚੋਣਾਂ ਆਮ ਨਹੀਂ ਹਨ। ਇਹ ਚੋਣਾਂ ਦੇਸ਼ ਦੀ ਨੀਤੀ ਅਤੇ ਭਵਿੱਖ ਨੂੰ ਤਹਿ ਕਰਨਗੀਆਂ। ਇਹਨਾ ਚੋਣਾਂ ਵਿੱਚ ਰਿਜ਼ਰਵੇਸ਼ਨ, ਖੇਤਰੀ ਭਾਸ਼ਾ ਵਿਵਾਦ, ਵੰਸਵਾਦ, ਮਜ਼ਹਬੀ ਕੱਟੜਤਾ, ਘੋਟਾਲੇ ਆਦਿ ਮੁੱਦਿਆਂ ਤੋਂ ਤਾਂ ਮਤਦਾਤਾ ਜਾਣੂ ਹਨ, ਪਰ ਜਿਸ ਢੰਗ ਨਾਲ ਸੱਤਾ ਦੇ ਲੋਭੀਆਂ ਅਤੇ ਦੇਸ਼ ਧਰੋਹੀਆਂ ਨੇ ਭਾਰਤ ਨੂੰ ਅੰਗ-ਭੰਗ ਕਰਨ ਦੀ ਯੋਜਨਾ ਬਣਾਈ ਹੈ, ਅਤੇ ਇਹ ਵਿਵਸਥਾ ਪੈਦਾ ਕਰ ਦਿੱਤੀ ਹੈ ਕਿ ਬੁਰਾਈਆਂ ਨਾਲ ਸਮਝੋਤਾ ਕੀਤੇ ਬਿਨ੍ਹਾਂ ਸੱਤਾ ਨਹੀਂ ਹਥਿਆਈ ਜਾ ਸਕਦੀ, ਤੋਂ ਆਮ ਆਦਮੀ ਅਣਜਾਣ ਹੈ।
ਵੇਖੋ ਨਾ ਜੀ ਕਾਂਗਰਸ, ਬਸਪਾ, ਰਾਜਦ, ਲੋਜਪਾ ਵੰਸਵਾਦ ਤੋਂ ਪੀੜਤ ਆ। ਅਤੇ ਆਹ ਭਾਜਪਾ ਵਾਲੇ ਅਸਲੀ ਰਾਸ਼ਟਰਵਾਦੀ ਬਣ ਕੇ ਵਿਰੋਧੀ  ਨੂੰ ਦੇਸ਼ ਧਰੋਹੀ ਆਖੀ ਜਾਂਦੇ ਆ। ਉਹ ਕਾਂਗਰਸ ਵਲੋਂ ਦੇਸ਼ ਦੀ ਕੀਤੀ ਦੁਰਦਸ਼ਾ ਤੋਂ ਤਾਂ ਦੁੱਖੀ ਰਹਿੰਦੇ ਆ, ਪਰ ਆਪ ਰਾਫੇਲ ਵਰਗੇ ਘੁਟਾਲੇ ਆਪਣੇ ਪੱਲੇ ਪਾਈ ਬੈਠੇ ਆ। ਉਹ ਕਾਂਗਰਸ ਵਲੋਂ ਪੰਜਾਹ ਪੰਚਵੰਜਾ ਸਾਲ ਦੇਸ਼ ਨੂੰ ਲੁੱਟਣ ਦੀ ਗੱਲ ਤਾਂ ਕਰਦੇ ਆ, ਅਤੇ ਆਪ ਗਰੀਬਾਂ, ਨਿਆਸਰਿਆਂ ਦੇ ਹਿੱਤ ਲਈ ਨਵੀਂ ਯੋਜਨਾਵਾਂ ਲਿਆ ਰਹੇ ਆ ਅਤੇ ਇੱਕ ਯੋਜਨਾ ਤੋਂ ਬਾਅਦ ਦੂਜੀ ਯੋਜਨਾ ਖਾ ਰਹੇ ਆ। ਉਹ ਦੇਸ਼ ਦੇ ਵਿਕਾਸ ਲਈ ਸਭ ਕਾ ਵਿਕਾਸ, ਸਭ ਕਾ ਸਾਥ ਦੀ ਗੱਲ ਕਰਦੇ ਨੇ ਅਤੇ ਮੇਕ ਇਨ ਇੰਡੀਆ ਦੇ ਨਾਹਰੇ ਲਾਉਂਦੇ ਆ ਅਤੇ ਲੋਹ ਪੁਰਸ਼ ਦੇ ਬੁੱਤ ਚੀਨ ਤੋਂ ਬਣਵਾਉਂਦੇ ਆ। ਇੰਜ ਦੇਸ਼ ਦਾ ਵਿਕਾਸ ਹੋਵੇ ਨਾ ਹੋਵੇ, ਪਰ ਇਹੋ ਜਿਹੀ ਕਲਾਕਾਰੀ ਨਾਲ ਘੁਟਾਲੇ ਕਰਦੇ ਤੁਰੇ ਜਾਂਦੇ ਆ ।
ਆਹ ਵੇਖੋ ਨਾ ਯੋਗੀ, ਉਹ ਵੇਖੋ ਨਾ ਸਾਧਵੀ ਪ੍ਰਗਿਆ, ਏਧਰ ਵੇਖੋ ਨਾ ਸ਼ਾਹ, ਉਧਰ ਵੇਖੋ ਨਾ ਮੋਦੀ। ਆਹ ਵੇਖੋ ਨਾ ਲਾਲੂ। ਉਹ ਵੇਖੋ ਨਾ ਰਾਹੁਲ। ਇਧਰ ਵੇਖੋ ਨਾ ਮਾਇਆ, ਉਧਰ ਵੇਖੋ ਨਾ ਮਮਤਾ। ਕਿਸੇ ਕੋਲ ਕੋਈ ਗੁਣ ਨਹੀਂ, ਇਕੋ ਗੁਣ ਆ, ਲੋਕਾਂ ਨੂੰ ਕਿਵੇਂ ਵਰਗਲਾਉਣਾ ਆ, ਭਾਸ਼ਨ ਦੇਕੇ ਕਿਵੇਂ ਵਰਾਉਣਾ ਆ, ਅਤੇ ਚੋਣਾਂ ਜਿੱਤਣ ਤੋਂ ਬਾਅਦ ਕਿਵੇਂ ਰੁਆਉਣਾ ਆਂ। ਇਸੇ ਗੁਣ ਦੀ ਵਰਤੋਂ ਕਰਕੇ ਉਹ ਵੱਡੇ ਭਾਸ਼ਨ ਕਰਦੇ ਹਨ, ਇੱਕ-ਦੂਜੇ ਨੂੰ ਗਾਲੀ-ਗਲੋਚ ਕਰਦੇ ਹਨ, ਨਿੰਦਦੇ ਹਨ ਅਤੇ ਕਿਸੇ ਕਵੀ ਦੀਆਂ ਲਿਖੀਆਂ ਸਤਰਾਂ ਉਤੇ ਪੂਰੇ ਉਤਰਦੇ ਹਨ, ''ਜਿਦ੍ਹੇ ਵਿੱਚ ਕੋਈ ਵੀਰਨੋ ਗੁਣ ਨਾਹੀਂ, ਬੜ-ਬੜ ਕਰਦਾ ਤੇ ਐਂਵੇ ਹੀ ਤੀਂਘਦਾ ਹੈ''।


ਵਾਲ ਸਫੈਦ ਹੋਏ ਤਾਂ ਕੀ ਹੋਇਆ,
ਦਿਲ ਤਾਂ ਅਜੇ ਕਾਲਾ ਹੈ

ਖ਼ਬਰ ਹੈ ਕਿ ਮਸ਼ਹੂਰ ਅਦਾਕਾਰ ਸ਼ਬਾਨਾ ਆਜ਼ਮੀ ਨੇ ਆਪਣੇ ਪਤੀ ਜਾਵੇਦ ਅਖ਼ਤਰ ਬਾਰੇ ਦਿਲਚਸਪ ਟਿੱਪਣੀ ਕੀਤੀ ਹੈ। ਸ਼ਬਾਨਾ ਨੇ ਅਖ਼ਤਰ ਲਈ ਲਿਖਿਆ ਹੈ, ''ਵਾਲ ਸਫੈਦ ਹੋਏ ਤਾਂ ਕੀ ਹੋਇਆ, ਦਿਲ ਤਾਂ ਅਜੇ ਕਾਲਾ ਹੈ''। ਜਾਵੇਦ ਤੇ ਸ਼ਬਾਨਾ ਦੀ ਜੋੜੀ ਹਰਦਿਲ ਅਜ਼ੀਜ ਹੈ। ਦੋਵੇਂ ਬਾਲੀਵੁਡ ਦੇ ਨਾਲ-ਨਾਲ ਸਿਆਸਤ ਵਿੱਚ ਆਪਣੀ ਹਾਜ਼ਰੀ ਦਰਜ਼ ਕਰਾਉਂਦੇ ਰਹਿੰਦੇ ਹਨ। ਹਾਲ ਹੀ ਵਿੱਚ ਦੋਨੋਂ ਬਿਹਾਰ ਦੇ ਬੇਗੂਸਰਾਏ ਵਿੱਚ ਸੀ.ਪੀ.ਆਈ. ਉਮੀਦਵਾਰ ਕਨ੍ਹੱਈਆ ਕੁਮਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਗਏ ਸਨ।
ਕਈ ਵੇਰ ਸਹਿਜ ਸੁਭਾਅ ਮੂੰਹੋਂ ਸੱਚ ਨਿਕਲ ਹੀ ਜਾਂਦਾ ਆ। ਨਿਕਲੇ ਵੀ ਕਿਉਂ ਨਾ ਆਹ ਵੇਖੋ ਨਾ ਕਿ ਬਾਵਜੂਦ ਇਸਦੇ ਕਿ ਕਿਸੇ ਵੀ ਪੈਂਤੀ ਅੱਖਰੀ ਜਾਂ ਐਲਫਾਵੇਟ ਦੇ ਸਾਰੇ ਅੱਖਰ ਬਰਾਬਰ ਹੁੰਦੇ ਹਨ, ਪਰ ਸਕੂਲੀ ਸਿੱਖਿਆ ਵੇਲੇ ਨੰਬਰ ਦਿੰਦਿਆਂ ਭਲਾ ਏ ਅਤੇ ਬੀ, ਸੀ ਅਤੇ  ਡੀ ਤੋਂ ਬਿਹਤਰ ਕਿਉਂ ਹੋ ਜਾਂਦੇ ਆ? ਵੇਖੋ ਨਾ ਜੀ, ਸਾਡਾ ਲੋਕਤੰਤਰ ਸਿਆਣਾ ਹੋ ਗਿਆ ਅਤੇ ਲਾਪਰਵਾਹ ਵੀ ਹੋ ਗਿਆ। ਇਥੇ ਆਜ਼ਾਦੀ ਸਭ ਨੂੰ ਆ, ਪਰ ਆਜ਼ਾਦੀ ਦੀਆਂ ਕਿਸਮਾਂ ਹੀ ਕਈ ਹੋ ਗਈਆਂ ਹਨ। ਗਰੀਬਾਂ ਲਈ ਆਜ਼ਾਦੀ ਵੱਖਰੀ, ਅਮੀਰਾਂ ਲਈ ਆਜ਼ਾਦੀ ਵੱਖਰੀ। ਔਰਤਾਂ ਲਈ ਆਜ਼ਾਦੀ ਵੱਖਰੀ ਤੇ ਬੰਦਿਆਂ ਲਈ ਆਜ਼ਾਦੀ ਵੱਖਰੀ! ਇਸੇ ਕਰਕੇ ਦੁਨੀਆ 'ਚ ਸਾਡਾ ਸਭ ਤੋਂ ਵੱਡਾ ਲੋਕਤੰਤਰ ਏ, ਬੀ,ਸੀ, ਡੀ ਤੋਂ ਬਾਅਦ ਹੁਣ ਜੈਡ ਤੇ ਪੁੱਜ ਗਿਆ ਆ। ਜਿਥੇ ਸਾਡੇ ਨੇਤਾਵਾਂ ਨੂੰ ਜੈਡ ਸਕਿਊਰਿਟੀ ਦੀ ਲੋੜ ਪੈਣ ਲੱਗ ਪਈ ਆ। ਉਹਨਾ ਨੂੰ ਜਨਤਾ ਤੋਂ ਹੀ ਨਹੀਂ ਆਪਣਿਆਂ ਤੋਂ ਵੀ ਖਤਰਾ ਹੋਣ ਲੱਗ ਪਿਆ ਆ। ਤਦੇ ਉਹ ਉਹਨਾ ਦੀਆਂ ਜੜ੍ਹਾਂ ਵੱਢਣ ਲਈ ਹਰ ਵੇਲੇ ਤਤਪਰ ਦਿੱਸਦੇ ਹਨ। ਤਦੇ ਭਾਈ ਸਿਆਣੇ ,ਬੁੱਢੇ ਲੋਕਤੰਤਰ ਨੂੰ ਬਚਾਉਣ ਲਈ, ਜਿਸਦੇ ਵਾਲ ਸਫੈਦ ਹੋ ਗਏ ਹਨ, ਜਿਹੜਾ ਸੱਤਰਿਆ ਬਹੱਤਰਿਆ ਹੋ ਗਿਆ ਹੈ, ਇੱਕ ਡਿਕਟੇਟਰ ਦੀ ਲੋੜ ਪੈ ਗਈ ਹੈ, ਜਿਹੜਾ ਇਹਨੀਂ ਦਿਨੀ ਗੱਜਦਾ ਆ, ਮਚਦਾ ਆ, ਕਿਸੇ ਹੋਰ ਨੂੰ ਬੰਦਾ ਹੀ ਨਹੀਂ ਸਮਝਦਾ, ਚੌੜੀ ਛਾਤੀ ਨਾਲ ਸਾਰਿਆਂ ਦੇ ਸੀਨੇ ਛਲਣੀ ਕਰਨ ਦੇ ਰਾਹ ਤੁਰ ਪਿਆ ਆ। ਤਦੇ ਤਾਂ ਸਾਡੀ ਅਭਿਨੇਤਰੀ ,ਆਪਣੇ ਪਤੀ ਦੇ ਸਫੈਦ ਵਾਲਾਂ ਦੀ ਗੱਲ ਕਰਦੀ ਕਰਦੀ ਲੋਕਤੰਤਰ ਦੇ ਵੱਡੇ ਨੇਤਾਵਾਂ ਦੀ ਗੱਲ ਕਰਦੀ ਕਹਿਣ ਤੋਂ ਰਤਾ ਕੁ ਵੀ ਨਹੀਂ ਝਿਜਕੀ, ''ਵਾਲ ਸਫੈਦ ਹੋਏ ਤਾਂ ਕੀ ਹੋਇਆ, ਦਿਲ ਤਾਂ ਅਜੇ ਕਾਲਾ ਹੈ''।


ਨਹੀਂ ਰੀਸਾਂ ਦੇਸ਼ ਮਹਾਨ ਦੀਆਂ

ਅਤਿਅੰਤ ਗਰੀਬੀ ਹੇਠ ਰਹਿਣ ਵਾਲੇ ਲੋਕਾਂ ਦੀ ਫੀਸਦੀ ਆਬਾਦੀ ਨਾਇਜੀਰੀਆ ਵਿੱਚ 15.7 ਹੈ, ਕਾਗੋ ਵਿੱਚ 10 ਫੀਸਦੀ ਹੈ ਅਤੇ ਭਾਰਤ ਵਿੱਚ 8 ਫੀਸਦੀ ਹੈ। ਜਦਕਿ ਅਮਰੀਕਾ ਅਬਾਦੀ ਦਾ ਸਿਰਫ਼ 0.3 ਫੀਸਦੀ ਅਤੇ ਪਾਕਸਿਤਾਨ ਆਬਾਦੀ ਦਾ ਵੀ ਸਿਰਫ਼ 0.3 ਫੀਸਦੀ ਲੋਕ ਅਤਿਅੰਤ ਗਰੀਬੀ 'ਚ ਰਹਿਣ ਵਾਲੇ ਲੋਕ ਹਨ।


ਇੱਕ ਵਿਚਾਰ

ਤਾਕਤ ਸਾਰਿਆਂ ਉਤੇ ਜਿੱਤ ਪ੍ਰਾਪਤ ਕਰ ਰਹੀ ਹੈ, ਪਰੰਤੂ ਇਹ ਜਿੱਤ ਥੋੜ-ਚਿਰੀ ਹੈ।................ਇਬਰਾਹੀਮ ਲਿੰਕਨ

ਗੁਰਮੀਤ ਪਲਾਹੀ
ਮੋਬ: 9815802070