ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
8 May 2019
* ਦਲ ਖਾਲਸਾ ਵੱਲੋਂ ਚੋਣਾਂ ਤੋਂ ਦੂਰ ਰਹਿਣ ਦਾ ਫ਼ੈਸਲਾ- ਇਕ ਖ਼ਬਰ
# ਰਾਂਝੇ ਆਖਿਆ ਸਿਆਲ ਰਲ ਗਏ ਸਾਰੇ, ਤੇ ਹੀਰ ਵੀ ਛੱਡ ਈਮਾਨ ਚੱਲੀ।
* ਮੋਦੀ ਸਰਕਾਰ ਦੇ ਪੰਜ ਸਾਲਾਂ 'ਚ ਬੈਂਕਿੰਗ ਸਿਸਟਮ ਲੀਰੋ ਲੀਰ ਹੋਇਆ-ਕਾਂਗਰਸ
# ਸਿਆਲਾਂ ਦੇ ਵਿਹੜੇ ਨਿੰਮ ਜੋ, ਉਹਦੇ ਪੱਤ ਗਏ ਕੁਮਲਾਅ।
* ਲੰਮੇ ਚੋਣ ਪ੍ਚਾਰ ਨੇ ਉਮੀਦਵਾਰਾਂ ਦਾ ਦਮ ਕੱਢਿਆ- ਇਕ ਖਬਰ
# ਅਲਫ਼ ਅਵੱਲੜੀ ਚਾਲ ਇਸ਼ਕ ਦੀ
ਸਾਡੇ ਪਈ ਜਿਗਰ ਨੂੰ ਖਾਂਦੀ।
* ਕੈਪਟਨ ਕੰਵਲਜੀਤ ਸਿੰਘ ਦੀ ਮੌਤ ਬਾਰੇ ਜਾਂਚ ਰਿਪੋਰਟ ਨਸ਼ਰ ਕੀਤੀ ਜਾਵੇ- ਧਰਮਵੀਰ ਗਾਂਧੀ
# ਅਜੇ ਤੀਕ ਨਾ ਜਵਾਬ ਤੇਰਾ ਆਇਆ, ਮੈਂ ਡਾਕੀਏ ਨੂੰ ਰੋਜ਼ ਪੁੱਛਦੀ।
* ਆਪਣੀ ਹੋਂਦ ਲਈ ਭਾਰਤ ਨੂੰ ਖਤਰਾ ਮੰਨਦਾ ਹੈ ਪਾਕਿਸਤਾਨ- ਅਮਰੀਕਨ ਸੂਹੀਆ ਏਜੰਸੀ
# ਨਰਮ ਸਰੀਰਾਂ ਨੂੰ ਪੈ ਗਏ ਮਾਮਲੇ ਭਾਰੀ।
* 'ਪ੍ਰਧਾਨ ਮੰਤਰੀ ਮੋਦੀ' ਨਾਮ ਦੀ ਫਿਲਮ ਹੁਣ ਚੋਣਾਂ ਤੋਂ ਬਾਅਦ ਹੀ ਰੀਲੀਜ਼ ਹੋਵੇਗੀ- ਚੋਣ ਕਮਿਸ਼ਨ
# ਨਹਾਤੀ ਧੋਤੀ ਰਹਿ ਗਈ,
ਉੱਤੇ ਮੱਖੀ ਬਹਿ ਗਈ।
* ਚੋਣਾਂ ਦੇ ਛੇਵੇਂ ਪੜਾਅ 'ਚ 20% ਦਾਗ਼ੀ ਉਮੀਦਵਾਰ ਮੈਦਾਨ 'ਚ- ਇਕ ਖ਼ਬਰ
# ਖਬਰਦਾਰ ਰਹਿਣਾ ਬਈ ਚੌਂਕੀ ਜ਼ਾਲਮਾਂ ਦੀ ਆਈ।
* ਚੋਣ ਪ੍ਚਾਰ 'ਚ ਹਿੱਸਾ ਲੈਣ ਲਈ ਯੂ ਕੇ ਦੇ ਕਾਂਗਰਸੀ ਤੁਰੇ ਪੰਜਾਬ ਨੂੰ- ਇਕ ਖ਼ਬਰ
# ਚੱਲ ਚਲੀਏ ਅਠੌਲੇ ਵਾਲੇ ਮੇਲੇ,
ਹੋਰ ਛੱਡਦੇ ਸਭ ਝਮੇਲੇ।
* ਅਕਾਲੀ ਦਲ ਬਾਦਲ ਨੂੰ ਹਰਾਉਣ ਲਈ ਪੰਥਕ ਜਥੇਬੰਦੀਆਂ ਨੇ ਘੇਰਾ ਤੰਗ ਕੀਤਾ- ਇਕ ਖ਼ਬਰ
# ਮੁੰਡਿਆਂ ਨੇ ਘੇਰ ਲਈ,
ਸ਼ਾਮੇ ਨਿੱਕਲੀ ਸਰੋ੍ਂ ਦਾ ਫੁੱਲ ਬਣ ਕੇ।
* ਦੇਸ਼ 'ਚ ਤੀਜੇ ਮੋਰਚੇ ਦੀ ਸਰਕਾਰ ਬਣੇਗੀ- ਅਰਜਨ ਚੌਟਾਲਾ
# ਛੜਿਆਂ ਨੇ ਲੁੱਟਣੀ ਦਿੱਲੀ,
ਦੁਪਹਿਰੇ ਦੀਵਾ ਬਾਲ਼ ਕੇ।
* ਪੈਸੇ ਲੈ ਕੇ ਨੌਕਰੀਆਂ ਦੇਣ ਦੇ ਫਰਾਡ ਵਿਚ ਸ਼ੋਮਣੀ ਕਮੇਟੀ ਦਾ ਵਧੀਕ ਸਕੱਤਰ ਮੁਅੱਤਲ-ਇਕ ਖ਼ਬਰ
# ਕਾਅਬੇ 'ਚ ਕੁਫ਼ਰ।
* ਰਾਫ਼ਾਲ ਮਾਮਲਾ: ਕੇਂਦਰ ਸਰਕਾਰ ਕੇਸ ਦੀ ਮੁੜ ਸੁਣਵਾਈ ਦੇ ਹੱਕ 'ਚ ਨਹੀਂ- ਇਕ ਖ਼ਬਰ
# ਢੱਕੀ ਰਿਝ ਲੈਣ ਦੇ,
ਕਿਉਂ ਚੁੱਕਦੈਂ ਘੜੇ ਤੋਂ ਕੌਲਾ।
* ਸੰਦੋਆ ਦੀ ਡਿਊਟੀ ਮਨੀਸ਼ ਤਿਵਾੜੀ ਦਾ ਪ੍ਚਾਰ ਕਰਨ ' ਤੇ ਲਾਈ।
# ਫਕਰਦੀਨਾਂ ਉਸ ਸਿਰ ਦਾ ਮੁੱਲ ਕੌਡੀ, ਦਰ ਦਰ ਉੱਤੇ ਜੋ ਸਜਦੇ ਫਿਰੇ ਕਰਦਾ।
* ਸੰਨੀ ਦਿਓਲ ਨੂੰ ਮਿਲਣਾ ' ਦਿੱਲੀ ਦੂਰ' ਵਾਲੀ ਗੱਲ- ਕਾਂਗਰਸ ਬੁਲਾਰਾ
# ਪੈਰੀਂ ਝਾਂਜਰਾਂ ਗਲੀ ਦੇ ਵਿਚ ਗਾਰਾ, ਘਰ ਤੇਰਾ ਦੂਰ ਮਿੱਤਰਾ।