ਬੁਰਕਾ, ਘੁੰਡ ਤੇ ਸਾਡੀ ਸੋਚ-ਸਮਝ - ਸਵਰਾਜਬੀਰ
ਪਿਛਲੇ ਦਿਨੀਂ ਸ੍ਰੀਲੰਕਾ ਵਿਚ ਵੱਡਾ ਦੁਖਾਂਤ ਵਾਪਰਿਆ ਜਦ ਦਹਿਸ਼ਤਗਰਦਾਂ ਨੇ ਕੋਲੰਬੋ ਅਤੇ ਕੁਝ ਹੋਰ ਥਾਵਾਂ 'ਤੇ ਗਿਰਜਿਆਂ ਅਤੇ ਹੋਟਲਾਂ 'ਤੇ ਹਮਲਾ ਕਰਕੇ 250 ਤੋਂ ਜ਼ਿਆਦਾ ਲੋਕਾਂ ਦੀ ਹੱਤਿਆ ਕਰ ਦਿੱਤੀ ਅਤੇ ਇਸ ਤੋਂ ਕਈ ਗੁਣਾਂ ਵੱਧ ਜ਼ਖ਼ਮੀ ਹੋਏ। ਇਸ ਤੋਂ ਬਾਅਦ ਸ੍ਰੀਲੰਕਾ ਦੀ ਹਕੂਮਤ ਨੇ ਮੁਸਲਮਾਨ ਔਰਤਾਂ ਦੇ ਬੁਰਕਾ ਪਹਿਨਣ ਨੂੰ ਗ਼ੈਰ-ਕਾਨੂੰਨੀ ਕਰਾਰ ਦੇ ਦਿੱਤਾ। ਇਸ ਦੇ ਨਾਲ ਹੀ ਸ਼ਿਵ ਸੈਨਾ ਦੇ ਅਖ਼ਬਾਰ 'ਸਾਮਨਾ' ਨੇ ਘੱਟਗਿਣਤੀ ਨਾਲ ਸਬੰਧਤ ਔਰਤਾਂ ਦੇ ਬੁਰਕਾ ਪਹਿਨਣ 'ਤੇ ਬੰਦਿਸ਼ ਲਾਉਣ ਦੀ ਮੰਗ ਕੀਤੀ। ਯੂਰੋਪ ਵਿਚ ਫਰਾਂਸ, ਡੈਨਮਾਰਕ, ਨਾਰਵੇ, ਆਸਟਰੀਆ, ਬੈਲਜੀਅਮ ਆਦਿ ਦੇਸ਼ਾਂ ਵਿਚ ਬੁਰਕਾ ਪਹਿਨਣ ਜਾਂ ਚਿਹਰੇ ਨੂੰ ਕਿਸੇ ਵੀ ਤਰ੍ਹਾਂ ਢਕਣ ਉੱਤੇ ਪਾਬੰਦੀ ਲੱਗੀ ਹੋਈ ਹੈ। ਚੀਨ ਦੇ ਇਕ ਖੇਤਰ ਵਿਚ ਕੁਝ ਇਹੋ ਜਿਹੀਆਂ ਪਾਬੰਦੀਆਂ ਕਾਰਨ ਨਾ ਤਾਂ ਕੋਈ ਔਰਤ ਬੁਰਕਾ ਪਹਿਨ ਸਕਦੀ ਹੈ ਤੇ ਨਾ ਹੀ ਕੋਈ ਮਰਦ ਲੰਮੀ ਦਾੜ੍ਹੀ ਰੱਖ ਸਕਦਾ ਹੈ। 'ਸਾਮਨਾ' ਅਖ਼ਬਾਰ ਦੀ ਇਸ ਰਾਇ ਬਾਰੇ ਗੱਲ ਕਰਦਿਆਂ ਉਰਦੂ ਸ਼ਾਇਰ ਤੇ ਹਿੰਦੀ ਫਿਲਮਾਂ ਦੇ ਗੀਤਕਾਰ ਜਾਵੇਦ ਅਖ਼ਤਰ ਨੇ ਬੜੀ ਦਿਲਚਸਪ ਟਿੱਪਣੀ ਕੀਤੀ ਕਿ ਉਹ ਬੁਰਕੇ ਉੱਤੇ ਪਾਬੰਦੀ ਲਾਉਣ ਦੇ ਖ਼ਿਲਾਫ਼ ਨਹੀਂ ਪਰ ਇਸ ਦੇ ਨਾਲ ਨਾਲ ਘੁੰਡ ਉੱਤੇ ਵੀ ਪਾਬੰਦੀ ਲੱਗਣੀ ਚਾਹੀਦੀ ਹੈ। ਜਾਵੇਦ ਅਖ਼ਤਰ ਨੇ ਕਿਹਾ ਕਿ ਇਰਾਕ ਭਾਵੇਂ ਬੇਹੱਦ ਕੱਟੜ ਮੁਲਕ ਹੈ ਪਰ ਉੱਥੇ ਚਿਹਰਾ ਢਕਣ ਦਾ ਰਿਵਾਜ ਨਹੀਂ।
ਪਿਛਲੇ ਕੁਝ ਦਹਾਕਿਆਂ ਤੋਂ ਦੁਨੀਆਂ ਵਿਚ ਬਹੁਤ ਸਾਰੀਆਂ ਦਹਿਸ਼ਤਗਰਦ ਕਾਰਵਾਈਆਂ ਉਨ੍ਹਾਂ ਜਥੇਬੰਦੀਆਂ ਨੇ ਕੀਤੀਆਂ ਜਿਨ੍ਹਾਂ ਦੀ ਵਿਚਾਰਧਾਰਾ ਉਨ੍ਹਾਂ ਦੁਆਰਾ ਘੜੇ ਗਏ ਇਸਲਾਮ ਦੇ ਕੱਟੜਪੰਥੀ ਦ੍ਰਿਸ਼ਟੀਕੋਣ ਵਿਚ ਪਰੁੱਚੀ ਹੋਈ ਹੈ। ਇਨ੍ਹਾਂ ਕੱਟੜਪੰਥੀ ਦ੍ਰਿਸ਼ਟੀਕੋਣਾਂ ਦੀ ਬੁਨਿਆਦ ਵੱਹਾਬੀ ਵਿਚਾਰਧਾਰਾ ਹੈ ਜਿਸ ਵਿਚ ਧਾਰਮਿਕ ਵਿਦਵਾਨ ਪੁਰਾਣੇ ਵਿਸ਼ਵਾਸਾਂ ਦੀ ਸ਼ੁੱਧਤਾ 'ਤੇ ਜ਼ੋਰ ਦਿੰਦੇ ਹਨ। ਬਹੁਤ ਸਾਰੇ ਚਿੰਤਕਾਂ ਅਨੁਸਾਰ ਇਹ ਵਿਚਾਰਧਾਰਾ ਪੱਛਮੀ ਸਾਮਰਾਜਵਾਦ ਦੇ ਪ੍ਰਤੀਕਰਮ ਵਜੋਂ ਹੋਂਦ ਵਿਚ ਆਈ। ਅਲ-ਕਾਇਦਾ, ਇਸਲਾਮਿਕ ਸਟੇਟ ਤੇ ਹੋਰ ਦਹਿਸ਼ਤਗਰਦ ਜਥੇਬੰਦੀਆਂ ਦੀਆਂ ਹਿੰਸਕ ਕਾਰਵਾਈਆਂ ਕਾਰਨ ਦੁਨੀਆਂ ਵਿਚ ਅਜਿਹੇ ਵਿਦਵਾਨਾਂ ਦੀ ਇਕ ਨਵੀਂ ਪੌਦ ਸਾਹਮਣੇ ਆਈ ਜਿਸ ਨੇ ਇਸਲਾਮ ਤੇ ਕੱਟੜਵਾਦ ਨੂੰ ਇਕੋ ਮਾਲਾ ਦੇ ਮਣਕਿਆਂ ਦਾ ਲਕਬ ਦੇ ਦਿੱਤਾ। ਅਜਿਹੇ ਵਿਦਵਾਨਾਂ ਦਾ ਮੱਤ ਹੈ ਕਿ ਕੱਟੜਵਾਦ ਇਸਲਾਮ ਦੇ ਬੁਨਿਆਦੀ ਅਸੂਲਾਂ ਵਿਚ ਨਿਹਿਤ ਹੈ। 9/11 ਭਾਵ ਸਤੰਬਰ 2001 ਨੂੰ 'ਜੌੜੇ ਟਾਵਰਾਂ' 'ਤੇ ਹੋਏ ਦਹਿਸ਼ਤਗਰਦ ਹਮਲੇ ਤੋਂ ਬਾਅਦ ਇਹ ਕਿਹਾ ਗਿਆ ਕਿ ਇਸ ਵੇਲ਼ੇ ਦੁਨੀਆਂ ਵਿਚ ਦੋ ਸੱਭਿਆਤਾਵਾਂ ਦਾ ਟਕਰਾਓ ਹੋ ਰਿਹਾ ਹੈ, ਉਸ ਵਿਚ ਪੱਛਮੀ ਸੰਸਾਰ ਤੇ ਅਮਰੀਕਾ, ਜਿਸ ਵਿਚ ਵੱਡੀ ਗਿਣਤੀ ਇਸਾਈ ਭਾਈਚਾਰੇ ਦੀ ਹੈ, ਨੂੰ ਵਧੀਆ ਤੇ ਵਿਕਸਿਤ ਸੱਭਿਅਤਾ ਗਰਦਾਨਿਆ ਗਿਆ ਅਤੇ ਏਸ਼ੀਆ ਦੇ ਉਹ ਦੇਸ਼, ਜਿਨ੍ਹਾਂ ਵਿਚ ਮੁਸਲਮਾਨ ਭਾਈਚਾਰਾ ਬਹੁਗਿਣਤੀ ਵਿਚ ਹੈ, ਦੀ ਸੱਭਿਅਤਾ ਨੂੰ ਦਕਿਆਨੂਸੀ ਤੇ ਮੱਧਕਾਲੀਨ ਸੰਸਕਾਰਾਂ ਨਾਲ ਜੁੜੀ ਹੋਈ ਸੱਭਿਅਤਾ ਦੱਸਿਆ ਗਿਆ। ਕਿਸੇ ਨੇ ਇਸ ਗੱਲ 'ਤੇ ਵਿਚਾਰ ਨਹੀਂ ਕੀਤੀ ਕਿ ਪਿਛਲੀ ਸਦੀ ਦੇ ਪਹਿਲੇ ਸੌ ਸਾਲਾਂ ਵਿਚ ਦੁਨੀਆਂ ਉੱਤੇ ਵੱਡੇ ਕਹਿਰ ਕਿਸ ਨੇ ਤੇ ਕਿਉਂ ਢਾਹੇ? ਦੋ ਵੱਡੀਆਂ ਆਲਮੀ ਜੰਗਾਂ ਤੇ ਹੋਰ ਅਨੇਕ ਯੁੱਧ ਜਿਨ੍ਹਾਂ ਵਿਚ ਕਰੋੜਾਂ ਲੋਕਾਂ ਦੀਆਂ ਜਾਨਾਂ ਗਈਆਂ, ਕਿਉਂ ਹੋਏ? ਨਾਜ਼ੀਆਂ ਤੇ ਫਾਸ਼ੀਵਾਦੀਆਂ ਨੇ ਯਹੂਦੀਆਂ, ਜਿਪਸੀਆਂ, ਕਮਿਊਨਿਸਟਾਂ ਤੇ ਹੋਰਨਾਂ ਦੇ ਭਿਅੰਕਰ ਕਤਲੇਆਮ ਕਿਉਂ ਕੀਤੇ? ਕੀ ਉਨ੍ਹਾਂ ਗੱਲਾਂ ਨੂੰ ਧਰਮਾਂ ਅਤੇ ਸੱਭਿਅਤਾਵਾਂ ਦੇ ਟਕਰਾਓ ਵਜੋਂ ਵੇਖਿਆ ਜਾਏਗਾ?
ਵਿਰੋਧਾਭਾਸ ਇਹ ਹੈ ਕਿ ਯੂਰੋਪ ਵਿਚ ਯਹੂਦੀਆਂ ਦੀ ਨਸਲਕੁਸ਼ੀ ਹੋਈ ਅਤੇ ਉਨ੍ਹਾਂ ਨੇ ਫ਼ਲਸਤੀਨ ਦੀ ਧਰਤੀ ਉੱਤੇ ਆਪਣਾ ਨਵਾਂ ਦੇਸ਼ ਇਸਰਾਈਲ ਦੇ ਰੂਪ ਵਿਚ ਬਣਾਇਆ। ਇਸ ਦੇਸ਼ ਦੇ ਬਣਾਉਣ ਨੂੰ ਨਿਆਂਸੰਗਤ ਠਹਿਰਾਉਣ ਲਈ ਪੁਰਾਤਨ ਧਾਰਮਿਕ ਗ੍ਰੰਥਾਂ ਵਿਚ ਕੀਤੀਆਂ ਗਈਆਂ ਪੇਸ਼ੀਨਗੋਈਆਂ ਦਾ ਹਵਾਲਾ ਦਿੱਤਾ ਗਿਆ ਅਤੇ ਇਹ ਪੱਛਮੀ ਦੇਸ਼ਾਂ ਦੀ ਸਹਾਇਤਾ ਕਾਰਨ ਹੋਂਦ ਵਿਚ ਆਇਆ। ਰਵਾਇਤੀ ਤਰੀਕਿਆਂ ਨਾਲ ਆਪਣੇ ਹੱਕਾਂ ਲਈ ਲੜਦੇ ਹੋਏ ਫ਼ਲਸਤੀਨੀ ਇਸਰਾਈਲ ਦਾ ਸਾਹਮਣਾ ਨਾ ਕਰ ਸਕੇ ਤੇ ਉਨ੍ਹਾਂ ਨੇ ਦਹਿਸ਼ਤਗਰਦ ਤਰੀਕੇ ਅਪਣਾਏ। ਇਸ ਤੋਂ ਬਾਅਦ ਮੁਸਲਮਾਨ ਭਾਈਚਾਰੇ ਵਿਚ ਦਹਿਸ਼ਤਗਰਦ ਪੈਦਾ ਕਰਨ ਵਿਚ ਸਭ ਤੋਂ ਵੱਡੀ ਭੂਮਿਕਾ ਅਮਰੀਕਾ ਨੇ ਨਿਭਾਈ ਜਦ ਉਸ ਨੇ 1980ਵਿਆਂ ਵਿਚ ਪਾਕਿਸਤਾਨ ਦੀ ਧਰਤੀ ਦੀ ਵਰਤੋਂ ਕਰਕੇ ਸਾਊਦੀ ਅਰਬ ਦੀ ਮਦਦ ਨਾਲ ਉੱਥੇ ਵੱਡੀ ਤਾਦਾਦ ਵਿਚ ਮਦਰੱਸੇ ਖੋਲ੍ਹੇ ਜਿਨ੍ਹਾਂ ਵਿਚ ਵੱਹਾਬੀ ਵਿਚਾਰਧਾਰਾ ਦੇ ਪ੍ਰਚਾਰ ਰਾਹੀਂ ਸੋਵੀਅਤ ਫ਼ੌਜਾਂ ਵਿਰੁੱਧ ਲੜਨ ਲਈ ਜਿਹਾਦੀ ਤਿਆਰ ਕੀਤੇ ਗਏ। ਸੋਵੀਅਤ ਫ਼ੌਜਾਂ ਦੀ ਹਾਰ ਤੋਂ ਬਾਅਦ ਇਨ੍ਹਾਂ ਜਿਹਾਦੀ ਤੱਤਾਂ ਨੇ ਅਫ਼ਗ਼ਾਨਿਸਤਾਨ ਵਿਚ ਸੱਤਾ 'ਤੇ ਕਬਜ਼ਾ ਕਰ ਲਿਆ ਅਤੇ ਇਨ੍ਹਾਂ ਦੀਆਂ ਵੱਖ ਵੱਖ ਜਥੇਬੰਦੀਆਂ ਆਪਣੇ ਆਪ ਨੂੰ ਇਕ ਦੂਜੇ ਤੋਂ ਵੱਧ ਇਸਲਾਮਪ੍ਰਸਤ ਤੇ ਤਾਕਤਵਰ ਦੱਸਣ ਲਈ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿਚ ਦਹਿਸ਼ਤਗਰਦ ਕਾਰਵਾਈਆਂ ਕਰਦੀਆਂ ਰਹੀਆਂ।
ਅਮਰੀਕਾ ਦੇ ਇਰਾਕ ਉੱਤੇ ਕੀਤੇ ਗਏ ਹਮਲੇ ਨੇ ਵੀ ਇਨ੍ਹਾਂ ਰੁਝਾਨਾਂ ਨੂੰ ਵਧਾਇਆ ਅਤੇ ਅਲ-ਕਾਇਦਾ ਤੇ ਇਸਲਾਮਿਕ ਸਟੇਟ ਵਰਗੀਆਂ ਦਹਿਸ਼ਤਗਰਦ ਜਥੇਬੰਦੀਆਂ ਦੀ ਤਾਕਤ ਤੇ ਕਾਰਵਾਈਆਂ ਵਿਚ ਵਾਧਾ ਹੋਇਆ। ਇਸ ਸਾਰੇ ਵਰਤਾਰੇ ਵਿਚ ਇਸ ਗੱਲ ਨੂੰ ਭੁਲਾ ਦਿੱਤਾ ਗਿਆ ਕਿ ਇਰਾਕ ਦੇ ਲੋਕਾਂ ਉੱਤੇ ਵੱਡਾ ਜਬਰ ਹੋਇਆ ਸੀ ਅਤੇ ਅਮਰੀਕਾ ਆਪਣੀ ਸਾਰੀ ਕਾਰਵਾਈ ਨੂੰ ਇਰਾਕੀ ਲੋਕਾਂ ਦੇ ਹਿੱਤ ਵਿਚ ਕੀਤੇ ਜਾਣ ਵਾਲੀ ਕਾਰਵਾਈ ਦੱਸ ਕੇ ਦੁਨੀਆਂ ਦੀਆਂ ਅੱਖਾਂ ਵਿਚ ਘੱਟਾ ਪਾਉਂਦਾ ਰਿਹਾ। ਅਮਰੀਕਾ ਵੱਡੇ ਪੱਧਰ ਉੱਤੇ ਇਹ ਪ੍ਰਚਾਰ ਕਰਨ ਵਿਚ ਸਫ਼ਲ ਹੋਇਆ ਕਿ ਉਹ ਇਹ ਸਭ ਕੁਝ ਜਮਹੂਰੀਅਤ ਫੈਲਾਉਣ ਤੇ ਉੱਥੋਂ ਦੇ ਲੋਕਾਂ ਨੂੰ ਆਪਣੇ ਹੱਕ ਦਿਵਾਉਣ ਲਈ ਕਰ ਰਿਹਾ ਹੈ। ਏਡੀ ਵੱਡੀ ਤਾਕਤ ਦਾ ਸਾਹਮਣਾ ਕਰਦਿਆਂ ਉੱਥੋਂ ਦੇ ਲੋਕਾਂ ਸਾਹਮਣੇ ਹੋਰ ਕੋਈ ਰਾਹ ਨਾ ਬਚਿਆ ਤੇ ਉਹ ਦਹਿਸ਼ਤਗਰਦਾਂ ਦੇ ਖੇਮੇ ਵਿਚ ਧੱਕੇ ਗਏ।
ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦ ਵੀ ਕੋਈ ਦਹਿਸ਼ਤਗਰਦ ਕਾਰਵਾਈ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਨਿਸ਼ਾਨਾ ਇਕ ਖ਼ਾਸ ਭਾਈਚਾਰੇ ਦੇ ਲਿਬਾਸ ਪਹਿਨਣ ਦੇ ਤਰੀਕਿਆਂ ਨੂੰ ਕਿਉਂ ਬਣਾਇਆ ਜਾਂਦਾ ਹੈ? ਹਰ ਭਾਈਚਾਰੇ ਤੇ ਹਰ ਇਨਸਾਨ ਨੂੰ ਆਪਣੀ ਮਰਜ਼ੀ ਅਨੁਸਾਰ ਆਪਣਾ ਲਿਬਾਸ ਪਹਿਨਣ ਦਾ ਹੱਕ ਹੋਣਾ ਚਾਹੀਦਾ ਹੈ। ਪੱਛਮੀ ਵਿਦਵਾਨਾਂ ਦੀ ਸੋਚ-ਸਮਝ ਵਿਚਲੇ ਆਮ ਰੁਝਾਨ ਅਨੁਸਾਰ ਏਸ਼ੀਆ ਤੇ ਅਫ਼ਰੀਕਾ ਦੇ ਲੋਕਾਂ ਦੇ ਲਿਬਾਸ ਪਹਿਨਣ ਦੇ ਢੰਗਾਂ ਨੂੰ ਨਾ ਸਿਰਫ਼ ਪਿਛਲਖੋਰਾ ਹੀ ਦਰਸਾਇਆ ਜਾਂਦਾ ਹੈ ਸਗੋਂ ਹੁਣ ਉਸ ਨੂੰ ਦਹਿਸ਼ਤਗਰਦ ਵਿਚਾਰਧਾਰਾ ਦੇ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ। ਇਸ ਸਬੰਧ ਵਿਚ ਕਈ ਧਾਰਮਿਕ ਫ਼ਿਰਕਿਆਂ ਬਾਰੇ ਇਹ ਰਾਇ ਦਿੱਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਸੋਚ ਮੱਧਕਾਲੀਨ ਸਮਿਆਂ ਦੇ ਜਾਗੀਰਦਾਰੀ ਢਾਂਚੇ ਦੀ ਦਾਸੀ ਬਣ ਕੇ ਰਹਿ ਗਈ ਹੈ। ਇਨ੍ਹਾਂ ਵਿਚੋਂ ਕੁਝ ਦਲੀਲਾਂ ਠੀਕ ਹੋ ਸਕਦੀਆਂ ਹਨ ਅਤੇ ਇਹ ਬਹਿਸ ਹੋ ਸਕਦੀ ਹੈ ਕਿ ਕਈ ਰੀਤੀ-ਰਿਵਾਜ ਤੇ ਲਿਬਾਸ ਪਹਿਨਣ ਦੇ ਢੰਗ ਆਪਣਾ ਵੇਲ਼ਾ ਵਿਹਾਅ ਚੁੱਕੇ ਹਨ।
ਵੇਲ਼ਾ ਵਿਹਾਅ ਚੁੱਕੇ ਰੀਤੀ-ਰਿਵਾਜਾਂ ਤੇ ਖਾਣ-ਪੀਣ ਅਤੇ ਪਹਿਨਣ ਦੇ ਢੰਗਾਂ ਵਿਚ ਬਦਲਾਓ ਦੀ ਆਵਾਜ਼ ਭਾਈਚਾਰੇ ਦੇ ਅੰਦਰੋਂ ਉੱਠਣੀ ਚਾਹੀਦੀ ਹੈ। ਉਸ ਭਾਈਚਾਰੇ ਦੀਆਂ ਔਰਤਾਂ ਤੇ ਮਰਦਾਂ ਨੂੰ ਬੁਰਕਾ ਪਵਾਉਣ ਤੇ ਘੁੰਡ ਕੱਢਣ ਦੀ ਹਮਾਇਤ ਕਰਨ ਵਾਲਿਆਂ ਤੋਂ ਪੁੱਛਣਾ ਚਾਹੀਦਾ ਹੈ ਕਿ ਔਰਤ ਦੇ ਚਿਹਰੇ ਵਿਚ ਅਜਿਹਾ ਕੀ ਹੈ ਜਿਸ ਤੋਂ ਉਨ੍ਹਾਂ ਨੂੰ ਡਰ ਲੱਗਦਾ ਹੈ? ਇਹ ਕਿਸ ਤਰ੍ਹਾਂ ਦੀ ਮਰਿਆਦਾ ਹੈ ਜਿਸ ਅਨੁਸਾਰ ਔਰਤ ਨੂੰ ਤਾਂ ਖ਼ਾਸ ਤਰ੍ਹਾਂ ਦਾ ਲਿਬਾਸ ਪਾਉਣ ਲਈ ਮਜਬੂਰ ਕੀਤਾ ਜਾਂਦਾ ਹੈ ਤੇ ਉਸ ਦੇ ਘੁੰਮਣ-ਫਿਰਨ 'ਤੇ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ ਪਰ ਮਰਦ ਨੂੰ ਖਾਣ, ਪੀਣ, ਪਹਿਨਣ ਤੇ ਘੁੰਮਣ-ਫਿਰਨ ਦੀ ਆਜ਼ਾਦੀ ਦਿੱਤੀ ਜਾਂਦੀ ਹੈ। ਅਸਲ ਵਿਚ ਇਹ ਸਾਡੇ ਸਮਾਜਾਂ ਵਿਚਲੀ ਮਰਦ-ਪ੍ਰਧਾਨ ਸੋਚ ਹੈ ਜਿਹੜੀ ਆਪਣਾ ਗ਼ਲਬਾ ਕਾਇਮ ਰੱਖਣ ਲਈ ਔਰਤਾਂ 'ਤੇ ਤਰ੍ਹਾਂ ਤਰ੍ਹਾਂ ਦੀਆਂ ਬੰਦਸ਼ਾਂ ਲਾਉਂਦੀ ਹੈ। ਸਮਾਜ ਵਿਚ ਔਰਤ ਤੇ ਉਸ ਦੇ ਰੁਤਬੇ ਨੂੰ ਮਰਦ-ਨਜ਼ਰ ਰਾਹੀਂ ਦੇਖਿਆ, ਘੋਖਿਆ ਤੇ ਸੀਮਤ ਕੀਤਾ ਜਾਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਔਰਤ 'ਤੇ ਹਜ਼ਾਰਾਂ ਜ਼ਾਬਤੇ ਆਇਦ ਕਰਨ ਦੇ ਬਾਵਜੂਦ ਮਰਦ ਔਰਤ ਦੀ ਸਰੀਰਕਤਾ ਤੋਂ ਡਰਦਾ ਹੈ ਤੇ ਇਸ ਡਰ ਕਾਰਨ ਹੀ ਔਰਤ 'ਤੇ ਬੰਦਸ਼ਾਂ ਲਾਉਣ ਲਈ ਮਰਿਆਦਾ ਤੇ ਸ਼ਰਮ-ਹਯਾ ਜਿਹੇ ਸੰਕਲਪਾਂ ਦੀ ਘਾੜਤ ਘੜੀ ਜਾਂਦੀ ਹੈ। ਇਨ੍ਹਾਂ ਮਜਬੂਰੀਆਂ ਕਾਰਨ ਔਰਤ ਨੇ ਤਾਂ ਘੁੰਡ ਕੱਢਣਾ ਤੇ ਬੁਰਕਾ ਪਾਉਣਾ ਹੀ ਹੈ ਪਰ ਅਸਲ ਵਿਚ ਇਹ ਮਰਦ-ਪ੍ਰਧਾਨ ਸੋਚ ਹੈ ਜੋ ਇਖ਼ਲਾਕ/ਧਰਮ/ਸਦਾਚਾਰ ਦਾ ਬੁਰਕਾ ਪਾ ਕੇ ਬੈਠੀ ਹੋਈ ਹੈ। ਹੁੰਦਾ ਉਹੀ ਹੈ ਜੋ ਮਰਦ ਚਾਹੁੰਦਾ ਹੈ ਪਰ ਉਸ ਨੂੰ ਮਰਿਆਦਾ, ਧਰਮ, ਰਵਾਇਤ, ਸਦਾਚਾਰ ਆਦਿ ਦਾ ਨਾਂ ਦੇ ਦਿੱਤਾ ਜਾਂਦਾ ਹੈ। ਇਨ੍ਹਾਂ ਓਹਲਿਆਂ ਰਾਹੀਂ ਮਰਦ ਆਪਣੀ ਧੌਂਸ ਕਾਇਮ ਰੱਖਣ ਦੀ ਖੇਡ ਖੇਡਦਾ ਤੇ ਕਾਮਯਾਬ ਹੁੰਦਾ ਹੈ।
ਉੱਪਰ ਦਿੱਤੀਆਂ ਦਲੀਲਾਂ ਦੇ ਬਾਵਜੂਦ ਦਹਿਸ਼ਤਗਰਦ ਵਿਚਾਰਧਾਰਾ ਨੂੰ ਖ਼ਾਸ ਤਰ੍ਹਾਂ ਦੇ ਲਿਬਾਸ ਨਾਲ ਰਲਗੱਡ ਕਰਕੇ ਵੇਖਣਾ ਆਪਣੇ ਆਪ ਵਿਚ ਹੀ ਇਕ ਵੱਡੀ ਗ਼ਲਤੀ ਹੈ। ਇਹ ਸਮੱਸਿਆ ਦਾ ਹੱਲ ਨਹੀਂ। ਇਸ ਤੋਂ ਉਲਟ ਜਿਸ ਭਾਈਚਾਰੇ ਦੇ ਕਿਸੇ ਖ਼ਾਸ ਲਿਬਾਸ ਉੱਤੇ ਪਾਬੰਦੀ ਲਗਾਈ ਜਾਂਦੀ ਹੈ ਤਾਂ ਨਾ ਸਿਰਫ਼ ਉਸ ਭਾਈਚਾਰੇ ਵਿਚ ਬੇਗ਼ਾਨਗੀ ਵਧਦੀ ਹੈ ਸਗੋਂ ਮੂਲਵਾਦੀ ਤੇ ਕੱਟੜਪੰਥੀ ਦ੍ਰਿਸ਼ਟੀਕੋਣ ਵੀ ਮਜ਼ਬੂਤ ਹੁੰਦੇ ਹਨ। ਪ੍ਰਸਿੱਧ ਚਿੰਤਕ ਐਰਿਕ ਫਰੌਮ ਦਾ ਮੰਨਣਾ ਸੀ ਕਿ ਜਿਨ੍ਹਾਂ ਦੇਸ਼ਾਂ ਵਿਚ ਆਧੁਨਿਕਤਾ ਬਹੁਤ ਤੇਜ਼ੀ ਨਾਲ ਆਉਂਦੀ ਹੈ, ਉੱਥੇ ਮੂਲਵਾਦ ਵੀ ਤੇਜ਼ੀ ਨਾਲ ਵਧਦਾ ਹੈ। ਇਸ ਲਈ ਕਿਸੇ ਭਾਈਚਾਰੇ ਦੇ ਪਹਿਨਣ ਦੇ ਰਵਾਇਤੀ ਢੰਗ-ਤਰੀਕਿਆਂ ਉੱਤੇ ਰੋਕ ਲਾਉਣਾ ਗ਼ਲਤ ਕਾਰਵਾਈ ਹੈ। ਇਸ ਦਾ ਵਿਰੋਧ ਹੋਣਾ ਚਾਹੀਦਾ ਹੈ ਤੇ ਹਰ ਧਾਰਮਿਕ ਫ਼ਿਰਕੇ ਦੇ ਲੋਕਾਂ ਨੂੰ ਆਪਣੀਆਂ ਰਵਾਇਤਾਂ ਅਨੁਸਾਰ ਖਾਣ-ਪੀਣ ਤੇ ਲਿਬਾਸ ਪਾਉਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਪਰ ਇਹ ਤਰਕ ਧਾਰਮਿਕ ਫ਼ਿਰਕਿਆਂ ਤੇ ਉਨ੍ਹਾਂ ਦੇ ਆਗੂਆਂ 'ਤੇ ਵੀ ਲਾਗੂ ਹੁੰਦਾ ਹੈ। ਉਨ੍ਹਾਂ ਨੂੰ ਆਪਣੇ ਨਾਲ ਸਹਿਮਤ ਨਾ ਹੋਣ ਵਾਲੇ ਲੋਕਾਂ, ਨਾਸਤਿਕਾਂ, ਟਰਾਂਸਜੈਂਡਰ ਵਿਅਕਤੀਆਂ ਅਤੇ ਦੂਸਰੇ ਫ਼ਿਰਕਿਆਂ ਪ੍ਰਤੀ ਸਹਿਣਸ਼ੀਲ ਹੋਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਓਹੀ ਆਜ਼ਾਦੀ ਦੇਣੀ ਚਾਹੀਦੀ ਹੈ ਜਿਸ ਦੀ ਉਹ ਆਪ ਮੰਗ ਕਰਦੇ ਹਨ।