ਅਜੀਬ ਦਾਸਤਾਨ ਹੈ ਆਪਣੇ ਹੀ ਵਿਹੜੇ ਵਿੱਚ ਬੇਗ਼ਾਨੀ ਹੋਈ ਮਾਂ-ਬੋਲੀ ਪੰਜਾਬੀ ਦੀ ਸਕੂਲਾਂ ਕਾਲਜਾਂ ਵਿੱਚ ਮਾਂ-ਬੋਲੀ ਵਿਸ਼ੇ 'ਤੇ ਸੈਮੀਨਾਰ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਦੀ ਲੋੜ - ਮਨਜਿੰਦਰ ਸਿੰਘ ਸਰੌਦ
ਕਿਸੇ ਵੇਲੇ ਮਹਾ-ਪੰਜਾਬ ਦੇ ਝੰਡੇ ਕਾਬਲ-ਕੰਧਾਰ ਤੋਂ ਲੈ ਕੇ ਤਿੱਬਤ ਦੀਆਂ ਚੋਟੀਆਂ ਤੱਕ ਝੁੱਲਿਆ ਕਰਦੇ ਸਨ। ਅੰਗਰੇਜ਼ੀ ਰਾਜ ਵੇਲੇ ਪੰਜਾਬ ਦੇ 39 ਜ਼ਿਲ੍ਹੇ ਸਨ। ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਵੀ ਵੰਡਿਆ ਗਿਆ ਤਾਂ ਚੜ੍ਹਦੇ ਪੰਜਾਬ ਦੇ ਹਿੱਸੇ 12 ਅਤੇ ਲਹਿੰਦੇ ਪੰਜਾਬ ਨੂੰ 27 ਜ਼ਿਲ੍ਹੇ ਦੇ ਕੇ ਸਮੇਂ ਦਾ ਹਾਕਮ ਆਪਣੇ ਮਨ ਦੀ ਪੂਰਤੀ ਨੂੰ ਵੰਡ ਵਿੱਚ ਬਦਲ ਕੇ ਚਲਿਆ ਗਿਆ। ਤੇ ਹੌਲੀ-ਹੌਲੀ ਇਸ ਖ਼ਿੱਤੇ ਨੂੰ ਨਿਸਤੋ-ਨਾਬੂਤ ਕਰਨ ਲਈ ਸਮੇਂ ਦੀਆਂ ਸਰਕਾਰਾਂ ਨੇ ਵੀ ਕੋਈ ਕਸਰ ਨਾ ਛੱਡੀ। ਜਿਨ੍ਹਾਂ ਦੇਸ਼ ਦੀ ਅਜ਼ਾਦੀ ਲਈ 85 ਪ੍ਰਤੀਸ਼ਤ ਕੁਰਬਾਨੀਆਂ ਦਿੱਤੀਆਂ, ਉਸ ਹੀ ਖ਼ਿੱਤੇ ਦੇ ਲੋਕਾਂ ਨੂੰ ਆਪਣੀ ਮਾਂ ਬੋਲੀ ਨੂੰ ਭੁਲਾਉਣ ਲਈ ਜਾਂ ਮਾਂ ਬੋਲੀ ਤੋਂ ਨਿਖੇੜਨ ਦੇ ਲਈ ਸਿਰ ਤੋੜ ਕੋਸ਼ਿਸ਼ਾਂ ਹੋਣ ਲੱਗੀਆਂ, ਜੋ ਅੱਜ ਵੀ ਜਾਰੀ ਨੇ।
ਕਦੇ ਸੋਚਿਐ ਕਿ ਜਿਹੜੀ ਭਾਸ਼ਾ ਦੀ ਗਿਣਤੀ ਦੁਨੀਆਂ ਦੀਆਂ ਮਹਾਨ ਭਾਸ਼ਾਵਾਂ ਵਿੱਚ ਹੁੰਦੀ ਹੋਵੇ। ਜਿਸ ਭਾਸ਼ਾ ਵਿੱਚ ਜੋ ਸੋਚਿਆ ਹੋਵੇ, ਉਹ ਬੋਲਿਆ ਜਾਂਦਾ ਹੋਵੇ ਕਿਉਂਕਿ ਦੁਨੀਆਂ ਭਰ ਵਿੱਚੋਂ ਪੰਜਾਬੀ ਉਨ੍ਹਾਂ ਪੰਜ ਭਾਸ਼ਾਵਾਂ ਵਿੱਚੋਂ ਇੱਕ ਹੈ ਜਿਸ ਵਿੱਚ ਇਨਸਾਨ ਜੋ ਸੋਚਦਾ ਹੈ ਉਹ ਬੋਲ ਵੀ ਸਕਦਾ ਹੈ। ਇਸ ਦੇ ਮੁਕਾਬਲੇ ਬਾਕੀ ਭਾਸ਼ਾਵਾਂ ਵਿੱਚ ਕੇਵਲ ਕਈ ਬਾਰ ਸੋਚਿਆ ਤਾਂ ਜਾ ਸਕਦਾ ਹੈ ਪਰ ਬੋਲਿਆ ਨਹੀਂ। ਇਸ ਤੋਂ ਇਲਾਵਾ ਕਈ ਪੱਛਮੀ ਦੇਸ਼ਾਂ ਅੰਦਰ ਵੀ ਪੰਜਾਬੀ ਨੂੰ ਦੂਜੇ ਅਤੇ ਤੀਜੇ ਦਰਜੇ ਦੀ ਭਾਸ਼ਾ ਦਾ ਰੁਤਬਾ ਮਿਲ ਚੁੱਕਿਐ।
ਹੈਰਾਨੀ ਹੁੰਦੀ ਹੈ ਜਦ ਆਪਣੇ ਹੀ ਸੂਬੇ ਵਿੱਚ ਇਸ ਦੇ ਆਪਣੇ ਲੋਕ ਇਸ ਨੂੰ ਵਿਸਾਰਣ ਦੇ ਰਾਹ ਪੈ ਜਾਣ ਤਾਂ ਚਿੰਤਾ ਕਰਨੀ ਵਾਜਿਬ ਹੈ। ਕਿਉਂਕਿ ਅੱਜ ਪੰਜਾਬੀ ਵੀ ਅਸੁਰੱਖਿਅਤ ਜ਼ੋਨ ਦੇ ਪਹਿਲੇ ਪੜਾਅ ਵਿੱਚ ਪ੍ਰਵੇਸ਼ ਕਰ ਚੁੱਕੀ ਹੈ। ਇਹ ਚਿੰਤਾ ਉਸ ਵੇਲੇ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ ਜਦ ਸੰਸਾਰ ਭਰ ਦੀਆਂ ਸੱਤ ਹਜ਼ਾਰ ਭਾਸ਼ਾਵਾਂ ਵਿੱਚੋਂ ਦੋ ਸੌ ਭਾਸ਼ਾਵਾਂ ਅਲੋਪ ਹੋ ਜਾਣ ਦੇ ਕੰਢੇ ਪਹੁੰਚ ਚੁੱਕੀਆਂ ਹਨ। ਦੋਸ਼ੀ ਕਿਤੇ ਨਾ ਕਿਤੇ ਅਸੀਂ ਸਾਰੇ ਅਤੇ ਸਮੇਂ ਦੀਆਂ ਸਰਕਾਰਾਂ ਹਨ। ਇਨਸਾਨ ਦੇ ਇਸ ਧਰਤੀ 'ਤੇ ਜਨਮ ਲੈਣ ਦੇ ਸਮੇਂ ਤੋਂ ਜੁਆਨ ਹੋਣ ਤੱਕ ਪਰਿਵਾਰ ਅਤੇ ਸੰਗਤ ਦਾ ਰੋਲ ਵੱਡਾ ਹੁੰਦਾ ਹੈ। ਉਸ ਦੀ ਪਰਵਰਿਸ਼ ਕਿਸ ਤਰ੍ਹਾਂ ਦੀ ਹੋਈ ਹੈ ਜਾਂ ਉਸ ਨੇ ਕਿਸ ਤਰ੍ਹਾਂ ਦੀ ਸੰਗਤ ਮਾਣੀ ਹੈ। ਸਿਤਮ ਦੀ ਗੱਲ ਹੈ ਕਿ ਅੱਜ ਬਹੁਤੇ ਪਰਿਵਾਰਾਂ ਵਿੱਚ ਬੱਚੇ ਨੂੰ ਆਪਣੀ ਮਾਤਰ ਭਾਸ਼ਾ ਵੱਲੋਂ ਬੇਮੁੱਖ ਕਰਨ ਦੀ ਕਵਾਇਦ ਜ਼ੋਰ ਫੜਦੀ ਜਾ ਰਹੀ ਹੈ।
ਇੱਕ ਵਰਤਾਰਾ ਇਹ ਵੀ ਤੁਰ ਪਿਐ ਕਿ ਪੰਜਾਬੀ ਸਮਾਜ ਵਿੱਚ ਪਲੀ ਅਤੇ ਵੱਡੀ ਹੋਈ ਇੱਕ ਦਾਦੀ ਮਾਂ ਜੋ ਆਪ ਸ਼ਾਇਦ ਪੜ੍ਹੀ ਲਿਖੀ ਘੱਟ ਵੀ ਹੋਵੇ, ਆਪਣੇ ਪੋਤਰੇ ਨੂੰ ਸਰੀਰ ਦੇ ਵੱਖ-ਵੱਖ ਅੰਗਾਂ ਦੇ ਨਾਂਅ ਪੰਜਾਬੀ ਦੀ ਬਜਾਇ ਅੰਗਰੇਜ਼ੀ ਵਿੱਚ ਸਿਖਾਉਂਦੀ ਹੈ। ਉਸ ਤੋਂ ਬਾਅਦ ਅਗਲਾ ਸਿਲਸਿਲਾ ਸ਼ੁਰੂ ਹੁੰਦਾ ਹੈ - ਸੰਗਤ ਅਤੇ ਸਕੂਲ ਸਮੇਂ ਦਾ।ਹੁਣ ਤਾਂ ਇਹ ਵੀ ਸੇਫ਼ ਨਹੀਂ। ਕਿੰਨੇ ਪਰਿਵਾਰ ਹੋਣਗੇ ਪੰਜਾਬ ਅੰਦਰ ਜੋ ਆਪਣੇ ਵਿਆਹ ਸ਼ਾਦੀਆਂ ਅਤੇ ਹੋਰ ਸਮਾਗਮਾਂ ਦੇ ਕਾਰਡ ਪੰਜਾਬੀ ਵਿੱਚ ਛਪਵਾਉਣ ਨੂੰ ਪਹਿਲ ਦਿੰਦੇ ਨੇ। ਇਹ ਗੱਲ ਅਲੱਗ ਹੈ ਕਿ ਭਾਵੇਂ ਖ਼ੁਦ ਉਨ੍ਹਾਂ ਦੇ ਆਪਣੇ ਹੀ ਪਰਿਵਾਰਾਂ ਦੇ ਇੱਕ-ਦੋ ਜੀਆਂ ਤੋਂ ਸਿਵਾਏ ਬਾਕੀਆਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਹੁੰਦੀ। ਸ਼ਹਿਰਾਂ ਵਿੱਚ ਵੀ ਇਹ ਧਾਰਣਾ ਦਿਨੋਂ-ਦਿਨ ਅਮਰ ਵੇਲ ਦੀ ਤਰ੍ਹਾਂ ਵਧ ਰਹੀ ਹੈ। ਆਮ ਬੋਲਚਾਲ ਸਮੇਂ ਸ਼ਹਿਰੀਏ ਅੰਗਰੇਜ਼ੀ ਜਾਂ ਹਿੰਦੀ ਵਿੱਚ ਗੱਲ ਕਰਨ ਨੂੰ ਤਰਜ਼ੀਹ ਦੇਣ ਲੱਗੇ ਨੇ। ਗਿਫ਼ਟਾਂ, ਕਾਰਡ, ਗੀਤ-ਸੰਗੀਤ ਸਭ ਵਿੱਚੋਂ ਪੰਜਾਬੀ ਨੂੰ ਮਨਫ਼ੀ ਕਰ ਅੰਗਰੇਜ਼ੀ ਦਾ ਦਬਦਬਾ ਬਣਾਇਆ ਜਾ ਰਿਹੈ। ਸ਼ਾਇਦ ਅੰਗਰੇਜ਼ੀ ਨੂੰ ਸਟੇਟਸ-ਸਿੰਬਲ ਸਮਝ ਕੇ ਆਪਣੀ ਹੀ ਮਾਂ ਬੋਲੀ ਨੂੰ ਅੱਖੋਂ-ਪਰੋਖੇ ਕਰਨ ਦੀ ਘਿਨੌਣੀ ਹਰਕਤ ਅਸੀਂ ਸਹਿਜੇ ਹੀ ਕਰੀਂ ਜਾ ਰਹੇ ਹਾਂ।
ਠੀਕ ਹੈ, ਬਾਕੀ ਬੋਲੀਆਂ ਵੀ ਸਿੱਖਣੀਆਂ ਚਾਹੀਦੀਆਂ ਹਨ, ਇਹ ਕੋਈ ਮਾੜੀ ਗੱਲ ਨਹੀਂ। ਪਰ ਪਹਿਲ ਹਮੇਸ਼ਾ ਮਾਂ ਬੋਲੀ ਨੂੰ ਹੀ ਦੇਣੀ ਚਾਹੀਦੀ ਹੈ। ਦਿਨੋਂ-ਦਿਨ ਅੰਗਰੇਜ਼ੀ ਸਾਡੇ ਆਲੇ-ਦੁਆਲੇ ਅਜਗਰ ਦੀ ਤਰ੍ਹਾਂ ਲਪੇਟਾ ਮਾਰ ਸਾਡੀ ਮਾਂ ਬੋਲੀ ਨੂੰ ਸਾਡੇ ਸਾਹਮਣੇ ਹੀ ਨਿਗਲ ਰਹੀ ਹੈ। ਜੇਕਰ ਬਾਕੀ ਬਚਦੇ ਨੇ ਤਾਂ ਸਿਰਫ਼ ਮਾਂ ਬੋਲੀ ਦੇ ਚਿੰਨ੍ਹ। ਸਰਕਾਰਾਂ ਦੀਆਂ ਫਾਈਲਾਂ ਅੰਦਰੋਂ ਪੰਜਾਬੀ ਦਾ ਗਾਇਬ ਹੋਣਾ ਕੋਈ ਆਮ ਗੱਲ ਨਹੀਂ। ਇਹ ਅਲਜ਼ਬਰਾ ਸਾਡੀ ਸਮਝ ਤੋਂ ਬਾਹਰ ਦਾ ਹੈ। ਇੱਕ-ਇੱਕ ਕਰਕੇ ਪੰਜਾਬੀ ਨੂੰ ਹਾਸ਼ੀਏ 'ਤੇ ਧੱਕ ਦਿੱਤੈ।
ਮਾਹੌਲ ਹੀ ਅਜਿਹਾ ਸਿਰਜ ਦਿੱਤਾ ਗਿਐ ਕਿ ਪੰਜਾਬੀਆਂ ਦੀ ਮਜਬੂਰੀ ਬਣ ਗਈ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਉੱਚ-ਕੋਟੀ ਦੇ ਅੰਗਰੇਜ਼ੀ ਮੀਡੀਅਮ ਵਾਲੇ ਸਕੂਲਾਂ ਵਿੱਚ ਜਾਣਾ ਹੀ ਪਵੇਗਾ। ਕਾਰਪੋਰੇਟ ਜਗਤ ਦੀ ਚਕਾਚੌਂਧ ਭਰੀ ਜ਼ਿੰਦਗੀ ਨੇ ਵੀ ਹੱਥੀਂ ਕਿਰਤ ਕਰਨ ਵਾਲੇ ਪੰਜਾਬੀਆਂ ਨੂੰ ਮਾਂ ਬੋਲੀ ਅਤੇ ਵਿਰਸੇ ਨਾਲੋਂ ਤੋੜਨ ਵਿੱਚ ਭਰਵਾਂ ਯੋਗਦਾਨ ਪਾਇਆ ਹੈ। ਸਰਕਾਰਾਂ ਦੀਆਂ ਨੀਤੀਆਂ ਦੀ ਐਸੀ ਮਾਰ ਵਗੀ ਕਿ ਪੰਜਾਬ ਦੀ ਜੁਆਨੀ ਅੱਜ ਖੰਭ ਲਾ ਕੇ ਵਿਦੇਸ਼ੀਂ ਉੱਡਣਾ ਲੋਚਦੀ ਹੈ। ਉਸ ਦੇ ਲਈ ਨੌਜਵਾਨਾਂ ਦੇ ਮਾਪਿਆਂ ਵੱਲੋਂ ਹਾਈ-ਫਾਈ ਅਤੇ ਵੱਡੀਆਂ ਇਮਾਰਤਾਂ ਵਾਲੇ ਅੰਗਰੇਜ਼ੀ ਸਕੂਲਾਂ ਦੀ ਚੋਣ ਕੀਤੀ ਜਾਂਦੀ ਹੈ।
ਹਰ ਖ਼ੇਤਰ ਵਿੱਚ ਥੋੜ੍ਹਾ ਭਾਵੇਂ ਬਹੁਤਾ, ਪੰਜਾਬੀ ਨੂੰ ਨਜ਼ਰ ਅੰਦਾਜ਼ ਜ਼ਰੂਰ ਕੀਤਾ ਜਾ ਰਿਹੇ। ਸਵਾਲ ਇਹ ਉੱਠਦੈ ਕਿ ਜਦ ਹੋਰਨਾਂ ਮੁਲਕਾਂ ਵਿੱਚ ਸਾਡੀ ਮਾਂ ਬੋਲੀ ਨੂੰ ਵਿਸ਼ੇਸ਼ ਪਹਿਚਾਣ ਦਿੱਤੀ ਜਾ ਰਹੀ ਹੈ ਤਾਂ ਇਸ ਦੇ ਆਪਣੇ ਵਿਹੜੇ ਅੰਦਰ ਇਸ ਨੂੰ ਕਿਉਂ ਇਕਹਿਰੀ ਅੱਖ ਨਾਲ ਵੇਖਿਆ ਜਾ ਰਿਹੈ ? ਕਿਉਂ ਸਾਨੂੰ ਸ਼ਰਮ ਮਹਿਸੂਸ ਹੋ ਰਹੀ ਹੈ ਆਪਣੀ ਮਾਤ ਭਾਸ਼ਾ ਵਿੱਚ ਗੱਲ ਕਰਦਿਆਂ। ਇਹ ਸਾਡੀ ਜ਼ੁਬਾਨ ਹੈ। ਯਾਦ ਆਉਂਦੀ ਹੈ ਪ੍ਰਸਿੱਧ ਪੱਤਰਕਾਰ ਸਤਿਨਾਮ ਸਿੰਘ ਮਾਣਕ ਹੋਰਾਂ ਦੀ ਇਹ ਟਿੱਪਣੀ ਕਿ ਜੇਕਰ ਇਤਿਹਾਸ ਨੂੰ ਖੰਘਾਲੀਏ ਤਾਂ ਲਾਹੌਰ ਦੇ ਕਿਲੇ ਦੀ ਕੰਧ 'ਤੇ ਚੜ੍ਹ ਜਦ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹਜਮਾਨ ਨੂੰ ਲਲਕਾਰਿਆ ਸੀ ਕਿ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਤੈਨੂੰ ਸਰਦਾਰ ਚੜ੍ਹਤ ਸਿੰਘ ਦਾ ਪੋਤਰਾ ਉਡੀਕ ਰਿਹੈ। ਆ, ਦੋ-ਦੋ ਹੱਥ ਕਰੀਏ।
ਮਾਣ ਨਾਲ ਸਿਰ ਉੱਚਾ ਹੋ ਜਾਂਦੈ ਕਿ ਇੱਕ ਸਿੱਖ ਮਹਾਰਾਜੇ ਵੱਲੋਂ ਜੰਗ ਦੇ ਮੈਦਾਨ ਵਿੱਚ ਇਹ ਜ਼ੋਰਦਾਰ ਬੜ੍ਹਕ ਵੀ ਪੰਜਾਬੀ ਵਿੱਚ ਮਾਰੀ ਗਈ ਸੀ। ਸਮੁੱਚੀ ਮਾਨਵਤਾ ਦੀ ਭਲਾਈ ਦੀ ਗੱਲ ਕਰਨ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਪੰਜਾਬੀ ਵਿੱਚ ਨੇ। ਜਿਨ੍ਹਾਂ ਅੱਗੇ ਅਸੀਂ ਸ਼ਾਮ ਸਵੇਰੇ ਨਤਮਸਤਕ ਹੁੰਦੇ ਹਾਂ। ਫਿਰ ਸਾਨੂੰ ਕਿਉਂ ਤਰੇਲੀਆਂ ਆਉਂਦੀਆਂ ਨੇ ਮਾਂ ਬੋਲੀ ਦੀ ਕਦਰ ਕਰਦਿਆਂ ? ਜੋ ਸਾਡਾ ਇਖ਼ਲਾਕੀ ਫ਼ਰਜ਼ ਵੀ ਬਣਦੈ।
ਗੀਤ-ਸੰਗੀਤ ਦੇ ਬਦਲੇ ਦੌਰ ਨੇ ਵੀ ਪੰਜਾਬੀ ਦੀ ਰੂਹ ਨੂੰ ਉਸ ਦੇ ਪੁੱਤਰਾਂ ਨਾਲੋਂ ਤੋੜਨ ਦਾ ਕੰਮ ਕੀਤੈ। ਉੱਥੇ ਵੀ ਵਪਾਰਕ ਪੱਖ ਮਾਤ ਭਾਸ਼ਾ 'ਤੇ ਭਾਰੀ ਪਿਐ। ਪੰਜਾਬ ਦੇ ਤਿੰਨਾਂ ਖੇਤਰਾਂ - ਮਾਲਵਾ, ਦੁਆਬਾ ਅਤੇ ਮਾਝਾ ਅੰਦਰ ਤਕਰੀਬਨ ਮਾਂ ਬੋਲੀ ਵਿਰੋਧੀ ਵਿਕਾਰਾਂ ਨੇ ਆਪਣੇ ਪੈਰ ਪੱਕੇ ਕਰਨੇ ਸ਼ੁਰੂ ਕਰ ਦਿੱਤੇ ਨੇ। ਚੰਡੀਗੜ੍ਹ ਅਤੇ ਨਾਲ ਲੱਗਦੇ ਸੂਬਿਆਂ ਵਿੱਚ ਤਾਂ ਇਹ ਵਰਤਾਰਾ ਲੰਬੇ ਸਮੇਂ ਤੋਂ ਚੱਲਿਆ ਆ ਰਿਹੈ। ਲੋੜ ਹੈ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ। ਬਾਕੀ ਗੱਲ ਤਾਂ ਛੱਡੋ ਪੰਜਾਬ ਵਿੱਚ ਤਾਂ ਇਹ ਸਾਰੇ ਘਟਨਾਕ੍ਰਮ 'ਤੇ ਅਸੀਂ ਆਪ ਹੀ ਕਟਹਿਰੇ ਵਿੱਚ ਖੜ੍ਹੇ ਨਜ਼ਰ ਆਉਂਦੇ ਹਾਂ। ਇੱਥੇ ਕੋਈ ਬਾਹਰੋਂ ਆ ਕੇ ਸਾਨੂੰ ਮਾਂ ਬੋਲੀ ਤੋਂ ਦੂਰ ਕਰ ਰਿਹਾ। ਕਿਤੇ ਨਾ ਕਿਤੇ ਅਸੀਂ ਆਪ ਹੀ ਇਸ ਦੇ ਦੋਸ਼ੀ ਹਾਂ।
ਸੋ ਲੋੜ ਹੈ ਅੱਜ ਵੱਡੇ ਉਪਰਾਲਿਆਂ ਦੇ ਨਾਲ-ਨਾਲ ਪੰਜਾਬੀਆਂ ਨੂੰ ਜਾਗਰੂਕ ਕਰਨ ਦੇ ਲਈ ਅਤੇ ਆਪਣੀ ਜ਼ੁਬਾਨ ਨੂੰ ਬਚਾਉਣ ਦੀ ਖ਼ਾਤਰ, ਜ਼ਿਲ੍ਹੇ, ਤਹਿਸੀਲਾਂ ਅਤੇ ਪਿੰਡ ਪੱਧਰ 'ਤੇ ਅਤੇ ਉਸ ਤੋਂ ਬਾਅਦ ਸਕੂਲਾਂ, ਕਾਲਜਾਂ ਵਿੱਚ 'ਮਾਂ ਬੋਲੀ' ਵਿਸ਼ੇ 'ਤੇ ਸੈਮੀਨਾਰ ਸ਼ੁਰੂ ਕਰਨ ਦੀ। ਫਿਰ ਹੀ ਅਸੀਂ ਮਾਂ ਬੋਲੀ ਦੇ ਸੱਚੇ ਸਪੂਤ ਅਖ਼ਵਾ ਸਕਦੇ ਹਾਂ।
ਮਨਜਿੰਦਰ ਸਿੰਘ ਸਰੌਦ
ਮੁੱਖ ਪ੍ਰਚਾਰ ਸਕੱਤਰ
ਵਿਸ਼ਵ ਪੰਜਾਬੀ ਗੀਤਕਾਰ ਤੇ ਲੇਖਕ ਮੰਚ
ਮੋਬਾ. 94634-63136