ਸਿਆਸੀ ਦਾਅ੍ਹਵੇ ਅਤੇ ਭਰੋਸੇ, ਘਿਉ ਪੁਰਾਣਾ ਨਵੇਂ ਸਮੋਸੇ ! - ਤਰਲੋਚਨ ਸਿੰਘ ‘ਦੁਪਾਲ ਪੁਰ’
ਅਜੋਕੇ ਚੋਣ-ਪ੍ਰਚਾਰ ਦੇ ਭਖੇ ਹੋਏ ਮਾਹੌਲ ਵਿਚ ਸਿਆਸੀ ਪਾਰਟੀਆਂ ਦੀ ‘ਦਲ ਦਲ’ ਵਾਲ਼ੀ ਸਥਿਤੀ ਤਾਂ ਭਾਵੇਂ
ਸਾਰੇ ਦੇਸ਼ ਵਿਚ ਹੀ ਬਣੀ ਹੋਈ ਹੈ। ਪਰ ਇਸ ਵਾਰ ਪੰਜਾਬ ਦਾ ਸਿਆਸੀ ਪਿੜ ਬਾਹਲ਼ਾ ਹੀ ‘ਜਲੇਬੀ-ਨੁਮਾ’ ਵਿੰਗ-
ਵਲ਼ੇਵਿਆਂ ਵਾਲ਼ਾ ਬਣਿਆਂ ਹੋਇਆ ਹੈ। ਜਿਵੇਂ ਵਿਧਾਨ ਸਭਾ ਵਿਚ ਮੁੱਖ ਵਿਰੋਧੀ ਪਾਰਟੀ ‘ਆਪ’ ਦਾ ਹਾਲ ਦੇਖ ਲਉ।
ਕੋਈ ਪਤਾ ਨਹੀਂ ਕਿ ਇਸ ਪਾਰਟੀ ਦੇ ਕਿੰਨੇ ਵਿਧਾਇਕ ਕਿਹਦੇ ਹਮਾਇਤੀ ਹਨ ! ਫਿਲਹਾਲ ਇਸ ਪਾਰਟੀ ਬਾਰੇ ਇਹ
ਵੀ ਨਹੀਂ ਕਿਹਾ ਜਾ ਸਕਦਾ ਕਿ ਇਹ ਕਾਂਗਰਸ ਵਿਰੋਧੀ ਰਹੇ ਗੀ, ਜਾਂ ਉਸ ਨਾਲ ਚੋਣ-ਗਠਬੰਧਨ ਕਰ ਲਵੇ ਗੀ।
‘ਤੀਨ ਬੁਲਾਏ ਤੇਰਾਂ ਆਏ ਦੇਹ ਦਾਲ ਮੇਂ ਪਾਣੀ’ ਵਾਲ਼ੇ ਮੁਹਾਵਰੇ ਵਾਂਗ ਸਿਰਫ ਤੇਰਾਂ ਸੀਟਾਂ ਵਾਸਤੇ
ਕਾਂਗਰਸ,ਅਕਾਲੀ ਦਲ(ਬ) ਅਕਾਲੀ ਦਲ(ਅ) ਅਕਾਲੀ ਦਲ(ਟਕਸਾਲੀ) ਅਕਾਲੀ ਦਲ(1920) ਆਪ,ਭਾਜਪਾ
ਪੰਜਾਬ ਏਕਤਾ ਪਾਰਟੀ,ਲੋਕ ਇਨਸਾਫ ਮੋਰਚਾ,ਪੰਜਾਬ ਫਰੰਟ ਵਗੈਰਾ ਵਗੈਰਾ ਦਲਾਂ ਦੇ ਦਰਜਨਾਂ ਉਮੀਦਵਾਰਾਂ ਨੇ
ਘੜਮੱਸ ਜਿਹਾ ਪਾਇਆ ਹੋਇਆ ਹੈ।ਇਸ ਆਪਾ-ਧਾਪੀ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਇਹ ਲੋਕ
ਸਭਾਈ ਚੋਣਾ ਪੰਜਾਬ ਵਾਸੀਆਂ ਲਈ ਬਹੁਤ ਔਖਾ ਪਰਚਾ ਲੈ ਕੇ ਆਈਆਂ ਹਨ । ਪੰਜਾਬ ਦੇ ਵੋਟਰਾਂ ਲਈ
ਕੋਈ ਇਕ ਫੈਸਲਾ ਲੈਣਾ ਬਹੁਤ ਕਠਿਨ ਹੋ ਜਾਣਾ ਹੈ ।
ਪੰਜਾਬ ਵਿਚਲੇ ਇਸ ਸਿਆਸੀ ਰੌਲ-ਘਚੌਲ਼ੇ ਵਾਲ਼ੇ ਸਮੁੱਚੇ ਵਰਤਾਰੇ ਦੀ ਵਿਅੰਗਮਈ ਵਿਆਖਿਆ
ਕਰਦਿਆਂ ਇੱਥੇ ਮੈਂ ਦੋ ‘ਕਹਾਣੀਆਂ’ ਪੇਸ਼ ਕਰਨ ਜਾ ਰਿਹਾਂ।ਇਨ੍ਹਾਂ ‘ਚੋਂ ਇਕ ਤਾਂ ਮੈਂ ਬਜ਼ੁਰਗਾਂ ਦੀ ਸੱਥ ਵਿਚੋਂ
ਸੁਣੀ ਹੋਈ ਹੈ, ਤੇ ਦੂਜੀ ਹੈ ਮੇਰੀ ਅੱਖੀਂ ਦੇਖੀ ਵਾਰਤਾ। ਪਹਿਲਾਂ ਇਕ ਸਿੱਖ ਵਿਦਵਾਨ ਮੂੰਹੋਂ ਸੁਣਿਆਂ ਹੋਇਆ
ਲਤੀਫਾ ਹਾਜ਼ਰ ਹੈ ! ਸ੍ਰੀ ਮਾਨ ਜੀ ਨੇ ਇਕ ਵੇਲ਼ੇ ਪੰਜਾਬ ਦੀ ਸਿੱਖ ਸਿਆਸਤ ਬਾਰੇ ਲੇਖ ਅਖਬਾਰ ਨੂੰ ਭੇਜਿਆ। ਚਾਰ
ਪੰਜ ਦਿਨਾਂ ਬਾਅਦ ਅਖਬਾਰ ਦੇ ਦਫਤਰੋਂ ਲੇਖਕ ਨੂੰ ਫੋਨ ਗਿਆ।ਉਨ੍ਹਾਂ ਪੁੱਛਿਆ ਕਿ ਤੁਹਾਡੇ ਲੇਖ ਵਿਚ
ਕੁੱਲ ਛੇ ਅਕਾਲੀ ਦਲਾਂ ਦਾ ਜਿਕਰ ਹੈ।ਕ੍ਰਿਪਾ ਕਰਕੇ ਅਕਾਲੀ ਦਲਾਂ ਦੀ ਗਿਣਤੀ ‘ਕਨਫਰਮ’ ਕਰਕੇ ਸਾਨੂੰ
ਸੂਚਿਤ ਕਰੋ ਕਿ ‘ਹੁਣ ਤੱਕ’ ਇਹ ਗਿਣਤੀ ਕਿਤੇ ਵਧ ਘਟ ‘ਤੇ ਨਹੀਂ ਗਈ ?
ਹੁਣ ਪਹਿਲੀ ਕਹਾਣੀ- ਕਹਿੰਦੇ ਪੁਰਾਣੇ ਵੇਲਿਆਂ ਵਿਚ ਕਿਸੇ ਪਿੰਡ ‘ਚ ਇਕ ਪੰਡਿਤ ਰਹਿੰਦਾ ਸੀ।
ਸੀ ਤਾਂ ਵਿਚਾਰਾ ਉਹ ਕੋਰਾ ਅਨਪੜ੍ਹ, ਪਰ ਬਹੁਤੇ ਅਨਪੜ੍ਹਾਂ ਵਾਲੇ ਪਿੰਡ ਵਿਚ ‘ਸਵਾ ਲੱਖ’ ਪੰਡਿਤ ਹੋਣ
ਸਦਕਾ ਉਹ ਸਾਰੇ ਪਿੰਡ ਵਾਸੀਆਂ ਨੂੰ ਲੋੜ ਪੈਣ ‘ਤੇ ਤਿੱਥ-ਵਾਰ ਜਾਂ ਦਿਨ-ਦਿਹਾਰ ਦੱਸਣ ਦੀ ਸੇਵਾ ਕਰਕੇ
ਦਾਨ-ਦੱਖਣਾ ਲੈ ਛੱਡਦਾ।ਜਦ ਵੀ ਕਿਸੇ ਮਾਈ ਭਾਈ ਨੇ ਤਿੱਥ ਤਰੀਕ ਪੁੱਛਣ ਆਉਣਾ ਤਾਂ ਪੰਡਿਤ ਜੀ
ਨੇ ਜਜਮਾਨ ਨੂੰ ਬਾਹਰ ਹੀ ਡੱਠੇ ਮੰਜੇ ‘ਤੇ ਬਿਠਾ ਕੇ ਆਪ ਅੰਦਰ ਵੜ ਜਾਣਾ। ਜਜਮਾਨਾਂ ਸੋਚਣਾ ਕਿ
ਪੰਡਿਤ ਹੁਣੀ ਅੰਦਰ ਪੋਥੀ ਫੋਲਣ ਗਏ ਹੋਣਗੇ, ਪਰ ਤਿੱਥ ਦੇਖਣ ਦਾ ਉਹਦਾ ‘ਆਪਣਾ ਹੀ’ ਹਿਸਾਬ
ਕਿਤਾਬ ਸੀ! ਪੰਜ ਦਸ ਮਿੰਟ ਬਾਅਦ ਉਸਨੇ ‘ਗੁਣ-ਗੁਣ ਮਿਣ-ਮਿਣ’ ਕਰਦਿਆਂ ਬਾਹਰ ਆ ਕੇ ਦੱਸ
ਦੇਣਾ ਕਿ ਅੱਜ ਏਨੀ ਤਰੀਕ ਹੋ ਗਈ ਹੈ।
ਦਰਅਸਲ ਮੂੰਹ ਵਿਚ ‘ਮੰਤਰ ਪੜ੍ਹਨ’ ਦਾ ਤਾਂ ਉਹ ਨਾਟਕ ਹੀ ਕਰਦਾ ਸੀ,ਤਾਂ ਕਿ ਪਿੰਡ
ਵਾਲ਼ੇ ਉਸਨੂੰ ਵਿਦਵਾਨ ਸਮਝਣ। ਪਰ ਅੰਦਰ ਉਸਨੇ ਇਕ ਘੜਾ ਰੱਖਿਆ ਹੋਇਆ ਸੀ।ਜਿਸ ਵਿਚ ਉਹ
ਸੰਗਰਾਂਦ ਵਾਲ਼ੇ ਦਿਨ ਤੋਂ ਸ਼ੁਰੂ ਕਰਕੇ ਆਪਣੀ ਪਾਲਤੂ ਬੱਕਰੀ ਦੀ ਇੱਕ ਮੀਂਗਣ ਰੋਜ ਪਾ ਦਿੰਦਾ।ਜਦ ਵੀ
ਕੋਈ ਤਰੀਕ ਪ੍ਰਵਿਸ਼ਟਾ ਪੁੱਛਣ ਆਉਂਦਾ ਤਾਂ ਉਹ ਘੜੇ ਵਿਚਲੀਆਂ ਮੀਂਗਣਾ ਗਿਣਕੇ ਦੱਸ ਦਿੰਦਾ ਕਿ ਕਿੰਨੇ
ਦਿਨ ਮਹੀਨਾ ਚਲਾ ਗਿਆ ਹੈ।
ਕਿਸੇ ਦਿਨ ਉਨ੍ਹਾਂ ਦੀ ਇਕ ਗਵਾਂਢਣ ਮਾਈ ਤਰੀਕ ਪੁੱਛਣ ਆਈ। ਜਦ ਪੰਡਿਤ ਜੀ ਨੇ ਅੰਦਰ
ਜਾ ਕੇ ਘੜੇ ‘ਚ ਹੱਥ ਪਾਇਆ ਤਾਂ ਉਹ ਅੱਧਾ ਮੀਂਗਣਾ ਨਾਲ਼ ਭਰਿਆ ਪਿਆ ! ਅਸਲ ‘ਚ ਹੋਇਆ ਇਹ
ਸੀ ਕਿ ਪੰਡਿਤ ਦੇ ਕਿਸੇ ਬਾਲ-ਅੰਞਾਣੇ ਨੇ ਆਪਣੇ ਭਾਪੇ ਨੂੰ ਘੜੇ ਵਿਚ ਮੀਂਗਣ ਸੁੱਟਦਾ ਦੇਖ ਲਿਆ। ਉਹ
ਭੋਲ਼ਾ ਕਈ ਦਿਨ ਬੱਕਰੀ ਦੀਆਂ ਸਾਰੀਆਂ ਹੀ ਮੀਂਗਣਾ ਘੜੇ ‘ਚ ਸੁੱਟਦਾ ਰਿਹਾ ! ਵਿਚਾਰੇ ਪੰਡਿਤ ਜੀ
ਇਹ ‘ਭਾਣਾ ਵਰਤਿਆ’ ਦੇਖ ਕੇ ਸ਼ਸ਼ੋਪੰਜ ‘ਚ ਪੈ ਗਏ ਕਿ ਹੁਣ ਮੈਂ ਬਾਹਰ ਜਾ ਕੇ ਕਿੰਨੀ ਤਰੀਕ ਦੱਸਾਂ ?
ਆਖਰ ਉਨ੍ਹਾਂ ਬਾਹਰ ਆ ਕੇ ਮਾਈ ਨੂੰ ਕਿਹਾ ਕਿ ਅੱਜ ਚਾਲ਼ੀ ਤਰੀਕ ਹੋ ਗਈ ਆ ! ਇਹ ਨਵੇਕਲੀ ਜਿਹੀ
ਤਰੀਕ ਸੁਣਕੇ ਮਾਈ ਸਿਰ ਖੁਰਕਦੀ ਕਹਿੰਦੀ ਕਿ ਪੰਡਿਤ ਜੀ, ਤਰੀਕ ਤਾਂ ਵੱਧ ਤੋਂ ਵੱਧ ਇੱਕ ਵੀਹੀ ਨਾਲ਼
ਇੱਕ ਦਾਹਾ ਤੇ ਇੱਕ-ਅੱਧ ਦਿਨ ਉੱਪਰ ਤੱਕ ਹੀ ਸੁਣਦੇ ਆਏ ਹਾਂ ਹੁਣ ਤੱਕ। ਆਹ ਦੋ ਵੀਹੀਆਂ ਵਾਲ਼ੀ
ਤਰੀਕ ਪਹਿਲੀ ਵਾਰ ਸੁਣੀ ਐਂ !
ਝੁੰਜਲਾਏ ਹੋਏ ਪੰਡਿਤ ਜੀ ਖਿਝ ਕੇ ਬੋਲੇ- “ਬੀਬੀ, ਗਵਾਂਢਣ ਹੋਣ ਕਰਕੇ ਮੈਂ ਤੇਰੇ ਨਾਲ਼
ਲਿਹਾਜ ਕਰਦਿਆਂ ਚਾਲ਼ੀ ਤਰੀਕ ਹੀ ਦੱਸੀ ਐ। ਪਰ ਅੰਦਰ ਪੋਥੀ ‘ਤੇ ਤਾਂ ਤਰੀਕ ਕਈ ਸੈਂਕੜਿਆਂ ਤੋਂ ਵੀ
ਉੱਪਰ ਟੱਪੀ ਹੋਈ ਹੈ !”
ਹੁਣ ਮੇਰੀ ਅੱਖੀਂ ਦੇਖੀ ਵਾਰਤਾ- ਬੱਸ ਅੱਡੇ ਉੱਤੇ ਸੜ੍ਹਕ ਕੰਢੇ ਬਣੇ ਇਕ ਹੋਟਲ ਵਾਲ਼ੇ ਮੇਰੇ
ਮਿੱਤਰ ਸਨ। ਜਿੱਥੇ ਮੈਂ ਅਕਸਰ ਆਪਣਾ ਸਕੂਟਰ ਖੜ੍ਹਾ ਕਰਕੇ ਕਿਤੇ ਜਲੰਧਰ-ਅੰਮ੍ਰਿਤਸਰ, ਚੰਡੀਗੜ੍ਹ
ਜਾਂ ਕਿਧਰੇ ਹੋਰ ਦੂਰ-ਦੁਰੇਡੇ ਜਾਣ ਲਈ ਬੱਸੇ ਬਹਿੰਦਾ ਹੁੰਦਾ ਸਾਂ।ਸਾਈਕਿਲ-ਸਕੂਟਰ ਤਾਂ ਹੋਰ ਲੋਕ ਵੀ
ਉਨ੍ਹਾਂ ਦੇ ਹੋਟਲ ਬਾਹਰ ਖੜ੍ਹੇ ਕਰ ਜਾਂਦੇ ਸਨ। ਪਰ ਜਾਣੂ ਹੋਣ ਕਰਕੇ ਮੇਰੇ ਸਕੂਟਰ ਦੀ ਰਾਖੀ ਰੱਖਣੀ
ਉਹ ਆਪਣੀ ਜਿੰਮੇਂਵਾਰੀ ਸਮਝਦੇ ਸਨ।
ਇਕ ਵਾਰ ਮੈਂ ਸੁਵਖਤੇ ਹੀ ਉੱਥੇ ਜਾ ਪਹੁੰਚਾ।ਨੌਕਰ ਸਾਫ-ਸਫਾਈਆਂ ਕਰ ਹਟੇ ਸਨ ਤੇ ਮਾਲਕ
ਧੂਫ-ਬੱਤੀ ਕਰਕੇ ਆਪਣੇ ਲਈ ਚਾਹ ਬਣਾ ਰਿਹਾ ਸੀ।ਮੈਨੂੰ ਦੇਖ ਕੇ ਉਸਨੇ ਚਾਹ ਪੀਣ ਲਈ ਅੰਦਰ ਬੁਲਾ
ਲਿਆ।ਧੂੰਏਂ ਨਾਲ਼ ਕਾਲ਼ੇ-ਪੀਲ਼ੇ ਹੋਏ ਪਏ ਜਿਸ ਕਮਰੇ ਵਿਚ ਉਹ ਭੱਠੀ ਉੱਤੇ ਸਮਾਨ ਬਣਾਉਂਦੇ ਸਨ, ਮੈਂ
ਉੱਥੇ ਮਾਲਕ ਹਲਵਾਈ ਕੋਲ਼ ਜਾ ਬੈਠਾ। ਇਕ ਪਾਸੇ ਵੱਡੇ ਥਾਲ਼ ਵਿਚ ਬਰਫੀ ਤੇ ਲੱਡੂ-ਬੇਸਣ ਵਗੈਰਾ ਬਣੇ
ਪਏ ਸਨ। ਜਿਵੇਂ ਇਹ ਸਮਾਨ ਰਾਤ ਦਾ ਤਿਆਰ ਕੀਤਾ ਪਿਆ ਹੋਵੇ।ਬਾਕੀ ਕੜਾਹੀਆਂ ਖੁਰਚਣੇ ਤੇ ਝਰਨੇ
ਝਰਨੀਆਂ ਧੋ ਸਵਾਰ ਕੇ ਰੱਖੇ ਹੋਏ ਸਨ।ਪਰ ਇਕ ਕੜਾਹੀ ਵਿਚ ਕੁੱਝ ਅਜਿਹਾ ਪਦਾਰਥ ਪਿਆ ਸੀ ਜੋ
ਰੰਗ ਪੱਖੋਂ ਇਉਂ ਭਾਅ ਮਾਰਦਾ ਸੀ ਜਿਵੇਂ ਖੋਆ ਹੋਵੇ। ਸਹਿਵਨ ਹੀ ਜਦ ਮੈਂ ਜਰਾ ਗਹੁ ਨਾਲ਼ ਦੇਖਿਆ ਤਾਂ
ਉਸ ਪਦਾਰਥ ਵਿਚ ਮਟਰੀ-ਸਮੋਸਿਆਂ ਦਾ ਭੂਰ-ਚੂਰ, ਜਲੇਬੀਆਂ ਦੇ ਟੁਕੜੇ ਜਿਹੇ ਤੇ ਵਿੱਚੇ ਹੀ ਕੀੜੇ-
ਮਕੌੜੇ ਤੇ ਟਿੱਡੇ-ਪਤੰਗੇ ਜਿਹੇ ਮਰੇ ਪਏ ਦਿਸੇ !
“ਯਾਰ ਆਹ ਕੀ ਗੰਦ-ਮੰਦ ਜਿਹਾ ਪਿਆ ਐ ਕੜਾਹੀ ਵਿਚ ?”
ਉਹ ਸ਼ਰਾਰਤੀ ਜਿਹੀ ਹਾਸੀ ਹੱਸਦਿਆਂ ਕਹਿੰਦਾ-“ਤੂੰ ਆਪੇ ਈ ਦੇਖ ਲਈਂ ਹੁਣੇ ਕਿ ਇਹ ‘ਗੰਦ-ਮੰਦ’ ਕੀ ਚੀਜ਼
ਆ !”
ਇਹ ਕਹਿਕੇ ਉਸਨੇ ਇਕ ਨੌਕਰ ਨੂੰ ‘ਵਾਜ ਮਾਰਕੇ ਕਿਹਾ ਕਿ ਚੰਡੀਗੜ੍ਹੋਂ ਆਉਣ ਵਾਲ਼ੀ ਬੱਸ ਦਾ
‘ਟੈਮ’ ਹੋਣ ਵਾਲ਼ਾ ਈ ਐ, ਕਰ ਲਉ ਤਿਆਰੀ ਫਟਾ ਫਟ ! ਲਉ ਜੀ, ਮੇਰੇ ਚਾਹ ਪੀਂਦਿਆਂ ਪੀਂਦਿਆਂ
ਨੌਕਰ ਨੇ ਮਘਦੀ ਭੱਠੀ ਉੱਤੇ ਉਹੀ ਕੜਾਹੀ ਰੱਖ ਦਿੱਤੀ। ਕੜਾਹੀ ਵਿਚਲਾ ਪਦਾਰਥ ਪਿਘਲ ਗਿਆ
ਤੇ ‘ਛਲ਼ ਛਲ਼’ ਦੀ ਅਵਾਜ਼ ਆਉਣ ਲੱਗੀ। ਹਲਵਾਈ ਨੇ ਬਰੀਕ ਸੁਰਾਖਾਂ ਵਾਲ਼ਾ ਝਰਨਾਂ ਫੜਿਆ
ਤੇ ਉਸ ਤਰਲ ਪਦਾਰਥ ਵਿਚ ਤੈਰਦਾ ਸਾਰਾ ਈ ਗੰਦ-ਮੰਦ ਚੁੱਕ ਕੇ ਕੂੜੇ ਵਾਲ਼ੇ ਪੀਪੇ ਵਿਚ ਸੁੱਟ
ਮਾਰਿਆ।ਹਲਵਾਈ ਨੇ ਭੱਠੀ ਦੇ ਲਾਗੇ ਹੀ ਪਏ ਸੇਕ ਨਾਲ਼ ਪਿਘਲੇ ਹੋਏ ਰਿਫਾਈਂਡ ਦੇ ਦੋ ਡੋਹਰੇ
ਕੜਾਹੀ ਵਿਚ ਹੋਰ ਪਲ਼ੱਟ ਦਿੱਤੇ। ਨੌਕਰ ਰਾਤ ਦੇ ਭਰਕੇ ਰੱਖੇ ਹੋਏ ਕੱਚੇ ਸਮੋਸਿਆਂ ਦਾ ਥਾਲ਼ ਚੁੱਕ
ਲਿਆਇਆ। ਤਲ਼ ਹੁੰਦੇ ਸਮੋਸੇ ਚਿੱਟਿਆਂ ਤੋਂ ਬਦਾਮੀ ਤੇ ਗੇਰੂਏ ਰੰਗੇ ਹੋਣ ਲੱਗੇ। ਏਨੇ ਨੂੰ ਬਾਹਰ
ਬੱਸ ਆ ਕੇ ਰੁਕ ਗਈ। ਉਂਗਲ਼ਾਂ ਚੱਟ ਚੱਟ ਸਮੋਸੇ ਖਾਂਦੀਆਂ ਸਵਾਰੀਆਂ ਵੱਲ੍ਹ ਦੇਖ ਕੇ ਮੈਂ ਮਿੰਨ੍ਹਾਂ ਮਿੰਨ੍ਹਾਂ
ਹੱਸਦਾ ਹਲਵਾਈ ਵਲੋਂ ਕੀਤੀ ਕੜਾਹੀ ਵਿਚਲੇ ਗੰਦ-ਮੰਦ ਦੀ ‘ਸਫਾਈ’ ਅਤੇ ‘ਤਾਜ਼ੇ ਸਮੋਸਿਆਂ’ ਬਾਰੇ ਸੋਚ ਰਿਹਾ ਸਾਂ!
tsdupalpuri@yahoo.com
001-408-915-1268