ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
21 May 2019
ਬਾਦਲ ਤੇ ਹੋਰ ਵੱਡੇ ਅਕਾਲੀ ਲੀਡਰਾਂ ਵਲੋਂ ਸ੍ਰੀ ਅਕਾਲ ਤਖ਼ਤ 'ਤੇ ਖਾਧੀਆਂ ਸੌਂਹਾਂ ਦਾ ਕੀ ਬਣਿਆਂ?- ਵਿਦੇਸ਼ੀ ਸਿੱਖ
ਜਿੱਧਰ ਗਈਆਂ ਬੇੜੀਆਂ, ਉੱਧਰ ਗਏ ਮਲਾਹ।
ਮਹਾਂਗੱਠਜੋੜ ਦੇ ਆਗੂਆਂ ਦੀ ਦਿੱਲੀ 'ਚ ਅੱਜ ਮੀਟਿੰਗ-ਇਕ ਖ਼ਬਰ
ਸਾਧ ਦੀ ਭੂਰੀ 'ਤੇ 'ਕੱਠੇ ਹੋਣਗੇ ਸਾਧ ਦੇ ਚੇਲੇ।
ਨੇਤਾ ਨਹੀਂ, ਅਭਿਨੇਤਾ ਹੈ ਮੋਦੀ- ਪ੍ਰਿਅੰਕਾ ਗਾਂਧੀ
ਨਾਇਕ ਨਹੀਂ ਖਲਨਾਇਕ ਹੈ ਤੂ।
ਰਾਜ ਨਹੀਂ ਸੇਵਾ ਦੇ ਨਾਮ 'ਤੇ ਬਾਦਲਾਂ ਨੇ 10ਫ਼ੀ ਸਦੀ ਸੇਵਾ ਤੇ 90ਫ਼ੀ ਸਦੀ ਮੇਵਾ ਖਾਧਾ- ਸਿੱਧੂ
ਤੇਰਾ ਕੱਖ ਨਹੀਂ ਬਚਨੀਏਂ ਰਹਿਣਾ, ਛੜਿਆਂ ਦੇ ਹੱਕ ਮਾਰ ਕੇ।
ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਅਕਾਲੀ-ਭਾਜਪਾ ਗੱਠਜੋੜ ਕਾਮਯਾਬ ਹੋਵੇਗਾ- ਸੁਖਬੀਰ
ਭਾਵੇਂ ਕਿ ਮੇਰੇ ਪਿਤਾ ਸਮਾਨ ਪ੍ਰਕਾਸ਼ ਸਿੰਘ ਬਾਦਲ ਦਾ ਹੁਣ ਰਾਜ ਨਹੀਂ ਵੀ ਹੈ।
ਮੋਦੀ ਨੇ ਪੱਤਰਕਾਰਾਂ ਦੇ ਸਵਾਲਾਂ ਤੋਂ ਟਾਲ਼ਾ ਵੱਟਿਆ- ਇਕ ਖ਼ਬਰ
ਮਰ ਗਈ ਰਾਮਕੁਰੇ, ਡਾਕਦਾਰ ਨਾ ਆਇਆ।
ਅੰਮ੍ਰਿਤਸਰ: ਸਰਕਾਰ ਤੋਂ ਨਿਰਾਸ਼ ਵੋਟਰਾਂ ਨੇ ਵੋਟਾਂ ਪਾਉਣ ਤੋਂ ਪਾਸਾ ਵੱਟਿਆ- ਇਕ ਖ਼ਬਰ
ਢਾਬ ਤੇਰੀ ਦਾ ਗੰਧਲਾ ਪਾਣੀ, ਉੱਤੋਂ ਬੂਰ ਹਟਾਵਾਂ।
ਕੈਪਟਨ ਤੇ ਸਿੱਧੂ ਵਿਚਾਲੇ ਟਕਰਾਅ ਦਾ ਹੱਲ ਹਾਈ ਕਮਾਂਡ ਕਰੇਗੀ- ਇਕ ਖ਼ਬਰ
ਪਾ ਕੇ ਮੁੰਦਰਾਂ ਤੂੰ ਤੋਰ ਦੇ ਫ਼ਕੀਰ ਨੂੰ, ਤੇਰਾ ਕਿਹੜਾ ਮੁੱਲ ਲਗਦਾ।
ਡੇਰਾ ਸਿਰਸਾ ਵਲੋਂ ਐਤਕੀਂ ਸਭ ਨੂੰ ਖ਼ੁਸ਼ ਕਰਨ ਦਾ ਚੋਗਾ- ਇਕ ਖ਼ਬਰ
ਅੱਧੀ ਤੇਰੀ ਆਂ ਮੁਲਾਹਜ਼ੇਦਾਰਾ, ਅੱਧੀ ਆਂ ਗ਼ਰੀਬ ਜੱਟ ਦੀ।
ਗੌਡਸੇ ਨੂੰ 'ਦੇਸ਼ਭਗਤ' ਆਖਣ ਲਈ ਪ੍ਰੱਗਿਆ ਨੂੰ ਮੁਆਫ਼ ਨਹੀਂ ਕਰਾਂਗਾ- ਮੋਦੀ
ਗੁੱਸਾ ਨਾ ਕਰੀਂ ਨੀਂ, ਤੈਨੂੰ ਪਿੱਛੋਂ 'ਵਾਜ ਮਾਰੀ ਆ।
ਮੋਦੀ ਵਾਂਗ ਅਮਰਿੰਦਰ ਵੀ ਗੱਪਾਂ ਮਾਰਨ 'ਚ ਮੋਹਰੀ- ਕੇਜਰੀਵਾਲ
ਪਿਆ ਦੇਸ਼ ਦੇ ਵਿਚ ਸੀ ਬੜਾ ਰੌਲ਼ਾ, ਭੂਤ ਮੰਡਲੀ ਇਕ ਥੀਂ ਚਾਰ ਹੋਈ
ਸਵਿਟਜ਼ਰਲੈਂਡ ਤੋਂ ਮਿਲੀ ਕਾਲ਼ੇ ਧਨ ਬਾਰੇ ਸੂਚਨਾ ਸਾਂਝੀ ਕਰਨ ਤੋਂ ਸਰਕਾਰ ਨੇ ਕੀਤਾ ਇਨਕਾਰ-ਇਕ ਖ਼ਬਰ
ਝੱਗਾ ਚੁੱਕਿਆਂ ਖੁੱਲ੍ਹਣੇ ਭੇਤ ਸਾਰੇ, ਢਿੱਡ ਆਪਣਾ ਹੀ ਨੰਗਾ ਹੋਵਣਾ ਜੀ।
ਸਿੱਧੂ ਬੇਵਕਤੇ ਬਿਆਨਾਂ ਨਾਲ਼ ਕਾਂਗਰਸ ਨੂੰ ਨੁਕਸਾਨ ਪਹੁੰਚਾ ਰਹੇ ਹਨ- ਕੈਪਟਨ
ਸੁੱਤੀ ਹੋਈ ਸੋਨ ਚਿੜੀ, ਲੈਣ ਲੱਗੀ ਅੰਗੜਾਈਆਂ।
ਕਈ ਕੇਂਦਰੀ ਮੰਤਰੀਆਂ ਨੇ ਸਰਕਾਰੀ ਬੰਗਲਿਆਂ ਦੇ ਬਕਾਏ ਦਾ ਭੁਗਤਾਨ ਨਹੀਂ ਕੀਤਾ-ਇਕ ਖ਼ਬਰ
ਅੱਜ ਕਲ ਸੁਹਣਿਉਂ ਫ਼ਤੂਰ ਵਿਚ ਰਹਿੰਦੇ ਓ।
ਗ਼ੈਰ- ਭਾਜਪਾ ਸਰਕਾਰ ਬਣਾਉਣ ਲਈ ਕੋਸ਼ਿਸ਼ਾਂ ਜਾਰੀ- ਚੰਦਰ ਬਾਬੂ ਨਾਇਡੂ
ਉਹੀਓ ਮੇਰਾ ਵੀਰ ਕੁੜੀਓ, ਜਿਹੜਾ ਮੂਹਰਲੀ ਗੱਡੀ ਦਾ ਬਾਬੂ।
ਦਿੱਲੀ ਦੇ ਨਾਮਵਰ ਸਿੱਖਾਂ ਸਹਾਰੇ ਦਿੱਲੀ ਗੁਰਦੁਆਰਾ ਕਮੇਟੀ ਆਪਣਾ ਵਕਾਰ ਬਹਾਲ ਕਰਨ ਦੀ ਰੌਂਅ 'ਚ- ਇਕ ਖ਼ਬਰ
ਤੁਸੀਂ ਕਰੋ ਅਸਾਡੀ ਕਾਰੀ ਜੀ, ਹੁਣ ਹੋ ਗਈ ਮੁਸ਼ਕਲ ਭਾਰੀ ਜੀ।