ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
26 May 2019
ਵੋਟਾਂ ਦੀ ਗਿਣਤੀ ਤੋਂ ਪਹਿਲਾਂ ਉਮੀਦਵਾਰਾਂ ਦੇ ਸਾਹ ਸੁੱਕੇ- ਇਕ ਖ਼ਬਰ
ਦਿਨੇ ਚੈਨ ਨਾ ਰਾਤ ਨੂੰ ਨੀਂਦਰ, ਜਿੰਦ ਖਾ ਲਈ ਫ਼ਿਕਰਾਂ ਨੇ।
ਬ੍ਰਹਮਪੁਰਾ ਦੇ ਸਿਆਸੀ ਜੀਵਨ ਦਾ ਫ਼ੈਸਲਾ ਕਰਨਗੇ ਚੋਣ ਨਤੀਜੇ- ਇਕ ਖ਼ਬਰ
ਮੈਂ ਤਾਂ ਹੋ ਗਈ ਹਕੀਮ ਜੀ, ਅੱਗੇ ਨਾਲੋਂ ਤੰਗ।
ਵੱਡੀ ਜਿੱਤ ਮਗਰੋਂ ਭਾਜਪਾ ਨੇ ਦਿੱਲੀ ਅਸੈਂਬਲੀ 'ਤੇ ਅੱਖ ਟਿਕਾਈ- ਇਕ ਖ਼ਬਰ
ਤੀਜਾ ਗੇੜਾ ਸੋਹਣੀਏਂ ਤੇਰਾ, ਪਿੰਡ ਦੀ ਫਿਰਨੀ 'ਤੇ।
ਅਕਾਲੀ ਦਲ ਦਾ ਏਨਾ ਮਾੜਾ ਹਾਲ ਪਹਿਲਾਂ ਕਦੇ ਨਹੀਂ ਹੋਇਆ- ਮਨਜੀਤ ਸਿੰਘ ਜੀ.ਕੇ.
ਨੀਂ ਐਡਾ ਤੇਰਾ ਕਿਹੜਾ ਦਰਦੀ, ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੇ।
ਬੇਅਦਬੀਆਂ ਦੇ ਦੋਸ਼ੀਆਂ ਵਲੋਂ ਚੋਣਾਂ ਜਿੱਤ ਕੇ ਭੰਗੜੇ ਪਾਉਣੇ ਸ਼ਰਮਨਾਕ- ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ
ਗੋਰੇ ਰੰਗ 'ਤੇ ਝਰੀਟਾਂ ਵੱਜੀਆਂ, ਬੇਰੀਆਂ ਦੇ ਬੇਰ ਖਾਣੀਏਂ।
ਪੰਜਾਬ 'ਚ ਸਭ ਤੋਂ ਵੱਧ 248ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ- ਇਕ ਖ਼ਬਰ
ਬਦਨਾਮ ਭੀ ਹੋਂਗੇ ਤੋ ਕਿਆ ਨਾਮ ਨਾ ਹੋਗਾ।
ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੈਟਰੋਲ ਤੇ ਡੀਜ਼ਲ ਦੇ ਭਾਅ ਵਧੇ- ਇਕ ਖ਼ਬਰ
ਇਬਤਦਾਏ ਇਸ਼ਕ ਹੈ ਰੋਤਾ ਹੈ ਕਿਆ, ਆਗੇ ਆਗੇ ਦੇਖੀਏ ਹੋਤਾ ਹੈ ਕਿਆ।
ਕਾਂਗਰਸ ਨੂੰ ਅਲਵਿਦਾ ਕਹਿਣ 'ਤੇ ਸਿੱਧੂ ਨਾਲ਼ ਖੜ੍ਹਾਂਗੇ- ਸੁਖਪਾਲ ਖਹਿਰਾ
ਡੋਰ ਵੱਟ ਕੇ ਗਲ਼ੇ ਦੇ ਵਿਚ ਪਾਵਾਂ, ਮਿੱਤਰਾ ਤਵੀਤ ਬਣ ਜਾ।
ਧਰਮਿੰਦਰ ਨੇ ਜਾਰੀ ਕੀਤਾ ਜਾਖੜ ਦੇ ਨਾਮ ਮੁਹੱਬਤ ਭਰਿਆ ਪੈਗ਼ਾਮ- ਇਕ ਖ਼ਬਰ
ਸਾਡਾ ਬੋਲਿਆ ਚਲਿਆ ਮਾਫ਼ ਕਰਨਾ, ਚੰਦਰੀ ਚੋਣ ਨੇ ਮਾਰ ਲਈ ਮੱਤ ਸਾਡੀ।
ਪੰਜਾਬ ਵਿਚ ਬਾਦਲ ਪਰਵਾਰ ਜਿੱਤਿਆ, ਅਕਾਲੀ ਦਲ ਹਾਰਿਆ- ਸਿਆਸੀ ਮਾਹਰ
ਅੰਨ੍ਹੀ ਕੁੱਤੀ, ਜਲੇਬੀਆਂ ਦੀ ਰਾਖੀ।
ਕਾਂਗਰਸ ਦੀ ਹਾਰ ਲਈ ਮੈਂ ਜ਼ਿੰਮੇਵਾਰ- ਰਾਹੁਲ
ਹੱਥ ਪੁਰਾਣੇ ਖੌਂਸੜੇ, ਬਸੰਤੇ ਹੁਣੀਂ ਆਏ।
ਟਰੀਜ਼ਾ ਮੇਅ ਵਲੋਂ ਬ੍ਰੈਗਜ਼ਿਟ ਕਾਰਨ ਅਸਤੀਫ਼ਾ ਦੇਣ ਦਾ ਐਲਾਨ- ਇਕ ਖ਼ਬਰ
ਪੈਰੀਂ ਝਾਂਜਰਾਂ ਗਲ਼ੀ ਦੇ ਵਿਚ ਗਾਰਾ, ਘਰ ਤੇਰਾ ਦੂਰ ਮਿੱਤਰਾ।
ਸਿੱਧੂ ਦੀ ਵਿਕਟ ਡੇਗਣ ਲਈ ਕੈਪਟਨ ਮਿਲਣਗੇ ਰਾਹੁਲ ਨੂੰ- ਇਕ ਖ਼ਬਰ
ਤੁੰਮਿਆਂ ਦੀ ਵੇਲ ਪੁੱਟ ਕੇ, ਜੱਟਾ ਬੀਜ ਦੇ ਖੇਤ ਵਿਚ ਨਰਮਾ।
ਅਡਵਾਨੀ ਵਲੋਂ ਮੋਦੀ ਤੇ ਸ਼ਾਹ ਨੂੰ ਜਿੱਤ ਦੀ ਵਧਾਈ- ਇਕ ਖ਼ਬਰ
ਤੀਲੀ ਵਾਲ਼ੀ ਖਾਲ਼ ਟੱਪ ਗਈ, ਲੌਂਗ ਵਾਲ਼ੀ ਨੇ ਭਨਾ ਲਏ ਗੋਡੇ।
ਤਿੰਨਾਂ ਰਾਜਾਂ 'ਚੋਂ ਇਕੱਲੇ ਭਗਵੰਤ ਮਾਨ ਨੇ ਹੀ ਰੱਖੀ 'ਆਪ' ਦੀ ਲਾਜ- ਇਕ ਖ਼ਬਰ
ਸਭੇ ਕੰਨ ਪੜਵਾ ਕੇ ਬੈਠ ਜਾਂਦੇ, ਮੁਸ਼ਕਿਲ ਜੋਗ ਦਾ ਤੋੜ ਚੜ੍ਹਾਉਣ ਬੇਟਾ।
ਸੀ.ਪੀ.ਆਈ.(ਐਮ) ਦੇ ਪੱਛਮੀ ਬੰਗਾਲ 'ਚ ਪਹਿਲੀ ਵਾਰੀ ਹੱਥ ਖ਼ਾਲੀ- ਇਕ ਖ਼ਬਰ
ਪਾਣੀ ਡੋਲ੍ਹ ਗਈ ਝਾਂਜਰਾਂ ਵਾਲ਼ੀ, ਕੈਂਠੇ ਵਾਲ਼ਾ ਤਿਲਕ ਗਿਆ।