ਪ੍ਰਦੇਸੀ ਦੀ ਜ਼ਿੰਦਗੀ - ਹਾਕਮ ਸਿੰਘ ਮੀਤ ਬੌਂਦਲੀ
ਆਪਣੀ ਘਰਦੀ ਆਰਥਿਕ ਹਾਲਤ ਵੇਖਦਾ ਮੀਤ ਹਰ ਟਾਈਮ ਸੋਚਾਂ ਵਿੱਚ ਡੁੱਬਿਆ ਰਹਿੰਦਾ ਸੀ । ਇੱਕ ਦਿਨ ਆਪਣੇ ਪਿੰਡ ਬੌਂਦਲੀ ਬੋਹੜ ਦੇ ਥੱਲੇ ਬਣੇ ਚੌਂਤਰੇ ਉੱਪਰ ਬੈਠਾ ਚਿਹਰਾ ਉੱਤਰਿਆ ਹੋਇਆ ਸੀ । ਐਨੇ ਚਿਰ ਨੂੰ ਦਰਸ਼ੀ ਆਇਆ ਜੋ ਕੇ ਪੱਤਰਕਾਰ ਦਾ ਕੰਮ ਕਰਦਾ ਸੀ । ਉਸਨੇ ਮੋਢੇ ਤੋਂ ਫੜਕੇ ਹਲੂਣਾ ਦਿੰਦਿਆਂ ਕਿਹਾ ," ਕਿਵੇਂ ਬੈਠਾਂ ਮੂੰਹ ਲਮਕਾਈ , ਕੀ ਗੱਲ ਹੋਈ ਹੈ ?" ਉਹ ਚੌਕ ਗਿਆ ਉੱਪਰ ਮੂੰਹ ਚੱਕ ਕੇ ਉਸ ਵੱਲ ਵੇਖਦਿਆਂ ਕਿਹਾ , ਤੈਨੂੰ ਕੀ ਦੱਸਾਂ ਯਾਰ ? ਘਰ ਦੀ ਸਥਿਤੀ ਬਹੁਤ ਖਰਾਬ ਹੈ । ਬਾਪੂ ਨੇ ਦਿਨ ਰਾਤ ਮਿਹਨਤ ਕਰਕੇ ਮੈਨੂੰ ਪੜਾਇਆ ਪਰ ਹੁਣ ਮਨ ਟੁੱਟ ਗਿਆ ਕੋਈ ਕੰਮ ਵੀ ਨਹੀਂ ਮਿਲ ਰਿਹਾ ਨਾਹੀਂ ਸਰਕਾਰ ਪੜੇ ਲਿਖਿਆਂ ਨੂੰ ਨੌਕਰੀਆਂ ਦੇ ਰਹੀ ਹੈ । ਹੁਣ ਬਾਪੂ ਵੀ ਲੱਤਾਂ ਘੜੀਸ ਘੜੀਸਕੇ ਕਿੰਨਾ ਚਿਰ ਹੋਰ ਕੰਮ ਕਰੇਗਾ । ਘਰ ਤਿੰਨ ਭੈਣਾਂ ਵਿਆਹ ਕਰਨ ਦੇ ਯੋਗ ਹੋ ਚੁੱਕੀਆਂ ਨੇ , " ਮੈਂ ਕਰਾਂ ਤਾਂ ਕੀ ਕਰਾਂ ? ਦਰਸੀ ਨੇ ਹੌਸਲਾ ਦਿੰਦੇ ਹੋਏ ਕਿਹਾ, ਵੀਰ ਘਬਰਾ ਨਾ ? ਕੱਲ ਮੈਂ ਇੱਕ ਬਿਦੇਸ਼ ਦੀ ਐਡ ਪੜੀ ਸੀ ਉਸ ਵਿੱਚ ਬਹੁਤ ਸਾਰੇ ਕੰਮਾਂ ਵਾਰੇ ਲਿਖਿਆ ਹੋਇਆ ਸੀ । ਗੱਲ ਕੱਟ ਦਿਆਂ ਕਿਹਾ ਵੀਰ ਉਸ ਵਾਸਤੇ," ਪੈਸੇ ਵੀ ਚਾਹੀਦੇ ਨੇ ? ਹਾਂ ਪੈਸੇ ਤਾਂ ਜ਼ਰੂਰ ਚਾਹੀਦੇ ਨੇ ? ਪੈਸਾ ਤਾਂ ਜ਼ਹਿਰ ਖਾਣ ਵਾਸਤੇ ਨਹੀਂ ਹੈ ," ਐਨੇ ਪੈਸਿਆਂ ਦਾ ਇੰਤਜ਼ਾਮ ਕਿਵੇਂ ਕਰਾਂਗਾ । ਚੱਲ ਅੱਧੇ ਪੈਸੇ ਮੈਂ ਤੈਨੂੰ ਦੇ ਦੇਵਾਂਗਾਂ ਬਾਕੀ ਪੈਸਿਆਂ ਦਾ ਹੱਲ ਤੂੰ ਕਰ ਲਵੀਂ । ਚੱਲੋ ਠੀਕ ਹੈ ? ਘਰ ਜਾਕੇ ਮਾਤਾ-ਪਿਤਾ ਨਾਲ ਸਲਾਹ ਕੀਤੀ । ਉਹਨਾਂ ਨੇ ਵੀ ਘਰ ਦੀ ਹਾਲਤ ਦੇਖਿਆ ਹਾਂ ਵਿੱਚ ਸਿਰ ਹਿਲਾ ਦਿੱਤਾ । ਬਿਦੇਸ਼ ਚਲਾ ਗਿਆ ਇੱਕ ਹਫ਼ਤਾ ਬਹੁਤ ਹੀ ਵਧੀਆ ਨਿਕਲਿਆ ਉਸ ਤੋਂ ਬਾਅਦ ਦਿਲ ਵਿੱਚ ਹੋਰ ਹੋਰ ਖ਼ਿਆਲ ਆਉਂਣ ਲੱਗੇ ਕਦੇ ਜਵਾਨ ਹੋਈਆਂ ਭੈਣਾਂ ਵਾਰੇ ਕਦੇ ਮਾਤਾ-ਪਿਤਾ ਵਾਰੇ ਸੋਚਦਾ । ਉਦੋਂ ਕੋਈ ਫ਼ੋਨ ਨਹੀਂ ਹੁੰਦੇ ਸੀ । ਚਿੱਠੀ ਵੀਂਹ ਬਾਈ ਦਿਨਾਂ ਬਾਅਦ ਆਇਆ ਜਾਇਆ ਕਰਦੀ ਸੀ। ਹੁਣ ਉਂਦੇ ਕੰਨਾਂ ਨਾ ਕਦੇ ਭੈਣਾਂ ਦੀ ਅਵਾਜ਼ ਪਈ , ਵੀਰੇ ਰੋਟੀ ਦਾ ਟਾਈਮ ਹੋ ਗਿਆ ਰੋਟੀ ਖਾ ਲਏ । ਨਾ ਕਦੇ ਮਾਂ ਦੀ ਗੋਦੀ ਦਾ ਪਿਆਰ ਮਿਲਿਆ ਮੇਰਾ ਪੁੱਤ ਤੱਥ ਗਿਆ ਹੋਣਾ ਥੋੜਾ ਅਰਾਮ ਕਰ ਲਏ । ਨਾ ਕਦੇ ਬਾਪੂ ਨੇ ਕਿਹਾ ਪੁੱਤਰਾਂ ਮੈਂ ਤੇਰੇ ਨਾਲ ਆ ਤੂੰ ਹੌਸਲਾ ਰੱਖਿਆ ਕਰ । ਇਹ ਸੋਚਦਿਆਂ ਡਿਊਟੀ ਦਾ ਟਾਈਮ ਹੋ ਗਿਆ ਸਵੇਰੇ ਦੇ ਤਿੰਨ ਵੱਜੇ ਚੁੱਕੇ ਸੀ । ਆਪਣਾ ਰੋਟੀ ਪਾਣੀ ਤਿਆਰ ਕੀਤਾ ਬੱਸ ਵਿੱਚ ਬੈਠ ਗਿਆ ।ਬੱਸ ਵਿੱਚ ਬੈਠ ਦਿਆਂ ਹੀ ਨੀਂਦ ਆ ਗਈ ਪਤਾ ਹੀ ਨਹੀਂ ਲੱਗਿਆ ਜਦੋਂ ਜਿੱਥੇ ਕੰਮ ਕਰਦੇ ਸੀ ਉਹ ਸਾਈਡ ਆ ਗਈ । ਕਾਰਡ ਪੰਚ ਕੀਤਾ ਅਤੇ ਕੰਮ ਕਰਨ ਵਿੱਚ ਜੁੱਟ ਗਿਆ । ਕੰਮ ਕਰਦਿਆਂ ਸਮੇਂ ਕੁੱਝ ਵੀ ਯਾਦ ਨਹੀਂ ਸੀ ਆਉਂਦਾ । ਬਸ ਡਰ ਹੀ ਮਾਰਦਾ ਸੀ । ਕਦੇ ਗੋਰੇ ਦੀਆਂ ਝਿੜਕਾਂ ਕਦੇ ਸੁਪਰਵਾਈਜ਼ਰ ਦੀਆਂ ਫੋਰਮੈਨ ਤਾਂ ਹਰ ਟਾਈਮ ਸਿਰ ਤੇ ਹੀ ਖੜਾ ਰਹਿੰਦਾ ਪਾਣੀ ਪੀਣ ਵਾਸਤੇ ਵੀ ਪਰਚੀ ਪਿਸ਼ਾਬ ਕਰਨ ਵਾਸਤੇ ਵੀ ਪਰਚੀ ਜਿਸਦੇ ਉੱਪਰ ਟਾਈਮ ਲਿਖਿਆ ਹੁੰਦਾ ਸੀ । ਜੇ ਜ਼ਿਆਦਾ ਟਾਈਮ ਲੱਗਿਆ ਗਿਆ ਤਾਂ ਇੱਕ ਕੱਟ ਦਿੰਦੇ ਸੀ । ਬਸ ਇੱੱਥੋਂ ਕੀ ਕਮਰੇ ਚੋਂ ਕੰਮ ਤੇ ਕੰਮ ਤੋਂ ਕਮਰੇ ਵਿੱਚ ਜਾਣਾ । ਨਹਾਉਂਦਿਆਂ ਕੱਪੜੇ ਧੋਂਦਿਆਂ ਰੋਟੀ ਟੁੱਕ ਬਣਾਉਂਦਿਆਂ ਦਸ ਵੱਜ ਜਾਂਦੇ ਸਨ । ਹਰ ਕੰਮ ਵਾਸਤੇ ਲਾਈਨ ਵਿੱਚ ਖੜ੍ਹਨਾਂ ਪੈਂਦਾ ਸੀ । ਸ਼ਾਮ ਨੂੰ ਡਿਊਟੀ ਤੋਂ ਜਾਂਦਾ ਹੋਇਆ ਸੋਚਣ ਰਿਹਾ ਸੀ ਦੇ ਪੈਸੇ ਵਿਆਜ਼ ਤੇ ਨਾ ਫੜੇ ਹੁੰਦੇ ਵਾਪਸ ਚਲੇ ਜਾਂਦਾ ਠੀਕ ਸੀ । ਅਜੇ ਕਮਰੇ ਵਿੱਚ ਪਹੁੰਚੇ ਹੀ ਸੀ ਸ਼ਕਿਉਰਟੀ ਨੇ ਆਕੇ ਕਿਹਾ ਮੀਤ ਤੇਰੀ ਚਿੱਠੀ ਆਈ ਹੈ । ਜਦੋਂ ਚਿੱਠੀ ਆਉਂਦੀ ਵਿਆਹ ਜਿੰਨਾ ਚਾਅ ਚੜ੍ਹ ਜਾਂਦਾ ਸੀ । ਚਿੱਠੀ ਪੜ੍ਹੀ ਦਿਲ ਨੂੰ ਥੋੜ੍ਹਾ ਜਿਹਾ ਸਕੂਨ ਮਿਲਿਆ ਪਰ ਦਿਲ ਬਹੁਤ ਉਦਾਸ ਹੋਇਆ । ਕਿਉਂਕਿ ਚਿੱਠੀ ਵਿੱਚ ਮਾਤਾ-ਪਿਤਾ ਵੱਲੋਂ ਲਿਖਿਆ ਗਿਆ ਸੀ । ਪੁੱਤਰ ਗੁੱਸਾ ਨਹੀਂ ਕਰਨਾ ਅਸੀਂ ਤੇਰੀਆਂ ਦੋ ਵੱਡੀਆਂ ਭੈਣਾਂ ਦਾ ਵਿਆਹ ਰੱਖ ਦਿੱਤਾ । ਤੂੰ ਉਹਨਾਂ ਦੀ ਡੋਲੀ ਨੂੰ ਹੱਥੀਂ ਤਾਂ ਨਾ ਤੋਰ ਸਕਿਆ । ਲੈਕਿਨ ਤੇਰੇ ਬਿਦੇਸ਼ ਆਉਣ ਕਰਕੇ ਉਹਨਾਂ ਦੀ ਹਰ ਚਾਹਤ ਪੂਰੀ ਕਰ ਦਿੱਤੀ । ਹੁਣ ਤੂੰ ਕੋਈ ਫ਼ਿਕਰ ਨਾ ਕਰੀਂ । ਤੂੰ ਆਪਦੀ ਛੋਟੀ ਭੈਣ ਸੀਤੋ ਦਾ ਵਿਆਹ ਆਪਣੇ ਹੱਥੀਂ ਕਰਕੇ ਡੋਲੀ ਤੋਰ ਦੇਵੀਂ । ਇਹ ਸਭ ਕੁਝ ਪੜ੍ਹਕੇ ਮਨ ਖੁਸ਼ ਵੀ ਹੋਇਆ , ਅਤੇ ਉਦਾਸ ਵੀ ਬਹੁਤ ਹੋਇਆ । ਕਹਿ ਰਿਹਾ ਸੀ ਕੀ ਕਰਨੀ ਹੈ ਇਹੋ ਜਿਹੀ ਕਮਾਈ ਜਿਹੜੀ ਭੈਣ ਭਾਈਆਂ ਨੂੰ ਇਕੱਠੇ ਨਾ ਕਰ ਸਕੇ ਇਹ ਇੱਕ ਗ਼ਰੀਬੀ ਦੀ ਮਜ਼ਬੂਰੀ ਹੈ ਹੁਣ ਸੌਣ ਦੀਆਂ ਤਿਆਰੀਆਂ ਸੀ ਦਸ ਵੱਜ ਗਏ ਸੀ । ਹੁਣ ਸੋਚ ਰਿਹਾ ਸੀ ਪ੍ਰਦੇਸੀ ਦੀ ਜ਼ਿੰਦਗੀ ਵਾਰੇ। ਛੇ ਮਹੀਨੇ ਬਾਅਦ ਚਿੱਠੀ ਆਈ ਪੜ੍ਹਕੇ ਵਿਹੜੇ ਵਿੱਚ ਬੈਠੇ ਸਨ ਉਸ ਦਾ ਬਾਪੂ ਫੌਜੀ ਉਸਦੀ ਮਾਂ ਸਿੰਦਰ ਨੂੰ ਕਹਿਣ ਲੱਗਿਆ । ਤੂੰ ਵੀ ਹੁਣ ਕਿੰਨਾ ਚਿਰ ਚੁੱਲ੍ਹੇ ਵਿੱਚ ਹੱਥ ਜਲਾਈ ਜਾਵੇਂਗੀ ਕਿਉਂ ਨਾ ਬਿਦੇਸ਼ ਤੋਂ ਆਉਂਦਿਆਂ ਉਸ ਦਾ ਵਿਆਹ ਕਰ ਦਈਏ । ਗੱਲ ਤਾਂ ਤੁਹਾਡੀ ਠੀਕ ਹੈ ਜੀ ਪਹਿਲਾਂ ਆਪਾਂ ਸੀਤੋ ਦੇ ਹੱਥ ਪੀਲੇ ਕਰ ਦਈਏ । ਹੁਣ ਤਾਂ ਆਕੇ ਆਪਣੇ ਕੋਲ ਹੀ ਰਹਿਣਾ ਜਦ ਮਰਜ਼ੀ ਵਿਆਹ ਕਰ ਦਿਓ । ਪਰ ਇਹ ਸਭ ਕੁਝ ਰੱਬ ਨੂੰ ਨਾ ਮਨਜ਼ੂਰ ਸੀ । ਸੀਤੋ ਦਾ ਵਿਆਹ ਰੱਖ ਦਿੱਤਾ ਮੀਤ ਨੂੰ ਵੀ ਚਿੱਠੀ ਲਿਖਕੇ ਸੰਦੇਸ਼ਾ ਭੇਜ ਦਿੱਤਾ । ਸੰਦੇਸ਼ਾ ਮਿਲ ਦੀ ਸਾਰ ਹੀ ਕੰਮ ਨਾ ਕਰਨ ਦਾ ਪੇਪਰ ਭਰਕੇ ਕੌਪਨੀ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਦਿੱਤਾ । ਸਭ ਕੁਝ ਹੋ ਚੁੱਕਿਆ ਸੀ ਦੋ ਦਿਨ ਬਾਕੀ ਸੀ ਆਉਂਣ ਦੇ ਆਪਣੀ ਭੈਣ ਦੇ ਕਹਿਣ ਮੁਤਾਬਕ ਸਭ ਕੁੱਝ ਖਰੀਦ ਲਿਆ ਸੀ । ਆਖਰੀ ਡਿਊਟੀ ਸੀ ਕੰਮ ਤੇ ਗਿਆ। ਕੇ੍ਨ ਤੇ ਕੰਮ ਕਰ ਰਿਹਾ ਸੀ ਕੇ੍ਨ ਨੇ ਸਟੀਲ ਦਾ ਜਾਲ ਚੱਕਿਆ ਹੋਇਆ ਸੀ । ਅਚਾਨਕ ਕੇ੍ਨ
ਦੀ ਸਲਿੰਗ ਟੁੱਟ ਗਈ । ਸਟੀਲ ਦਾ ਇੱਕ ਸਿਰਾ ਸਿਰ ਵਿੱਚ ਲੱਗਣ ਕਰਕੇ ਗਹਿਰੀ ਸੱਟ ਲੱਗ ਗਈ । ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ । ਜ਼ਖਮਾਂ ਦੀ ਪੀੜ ਨਾ ਸਹਾਰ ਦਾ ਹੋਇਆ ਰਸਤੇ ਵਿੱਚ ਹੀ ਦਮ ਤੋੜ ਗਿਆ । ਇੱਕ ਹਫ਼ਤੇ ਵਿੱਚ ਉਸਦੇ ਸਾਰੇ ਕਾਗਜ਼ ਪੱਤਰ ਕੌਪਨੀ ਨੇ ਤਿਆਰ ਕੀਤੇ ਅਤੇ ਨੌਵੇਂ ਦਿਨ ਤਬੂਕ ਵਿੱਚ ਬੰਦ ਕਰਕੇ ਨਾਲ ਦੋ ਆਦਮੀ ਕੌਪਨੀ ਦੇ ਲੈਕੇ ਏਅਰਪੋਰਟ ਤੇ ਜਾਕੇ ਇੰਡੀਆ ਵਾਲੇ ਜਹਾਜ਼ ਵਿੱਚ ਰੱਖਕੇ ਇੰਡੀਆ ਨੂੰ ਰਵਾਨਾ ਹੋ ਗਏ । ਉਧਰ ਭੈਣ ਦੀ ਬਰਾਤ ਘਰ ਢੁੱਕ ਗਈ ਸੀ । ਸਾਰੇ ਮੀਤ ਦਾ ਹੀ ਰਾਹ ਹੀ ਦੇਖ ਰਹੇ ਸੀ । ਉਹ ਟਾਈਮ ਮੁਤਾਬਕ ਘਰ ਨਹੀਂ ਪਹੁੰਚਿਆ ਸੀ । ਸ਼ਾਮ ਹੋ ਚੁੱਕੀ ਸੀ ਡੋਲੀ ਵਿਦਾ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸੀ । ਅਚਾਨਕ ਇੱਕ ਕਾਰ ਆਕੇ ਘਰ ਦੇ ਕੋਲ ਰੁਕੀ ਹੁਣ ਸਾਰਿਆਂ ਦੀ ਨਿਗ੍ਹਾ ਉਸ ਕਾਰ ਦੇ ਉੱਪਰ ਹੀ ਉੱਠ ਰਹੀ ਸੀ। ਕਾਰ ਵਿੱਚੋਂ ਦੋ ਲੜਕਿਆਂ ਨੇ ਉੱਤਰ ਦੀ ਸਾਰ ਹੀ ਮੀਤ ਦੇ ਘਰ ਵਾਰੇ ਪੁੱਛਿਆ, ਹਣ ਸਾਰਿਆਂ ਦੇ ਚਿਹਰੇ ਤੋਂ ਝਲਕ ਦੀਆਂ ਖੁਸ਼ੀਆਂ ਖੰਭ ਲਾਕੇ ਉੱਡ ਗਈਆਂ ਸੀ । ਦੁੱਖਾਂ ਦਾ ਪਹਾੜ ਤਾਂ ਉਦੋਂ ਟੁੱਟਿਆਂ ਜਦੋਂ ਉਹਨਾਂ ਨੇ ਆਖਿਆ ਦੋ ਆਦਮੀ ਭੇਜੋ ਗੱਡੀ ਚੋਂ ਤਬੂਕ ਬਾਹਰ ਕੱਢਣਾ ਮੀਤ ਦੀ ਲਾਸ਼ ਆਈ ਹੈ । ਜੋ ਨੌ ਦਿਨ ਪਹਿਲਾਂ ਇੱਕ ਐਕਸੀਡੈਂਟ ਹੋਣ ਕਰਕੇ ਦਮ ਤੋੜ ਗਿਆ ਸੀ । ਖੁਸ਼ੀਆਂ ਹਾਸਿਆਂ ਦਾ ਮਹੌਲ ਬਣਿਆ ਇੱਕ ਗਮੀ ਵਿਚ ਬਦਲ ਗਿਆ । ਮਾਂ-ਪਿਓ ਨੂੰ ਧਰਤੀ ਵੇਲ੍ਹ ਨਹੀਂ ਦੇ ਰਹੀ ਸੀ । ਭੈਣ ਨੇ ਧਾਹਾਂ ਮਾਰਦੀ ਨੇ ਕਿਹਾ ਵੀਰਾ ਕਿਉਂ ਝੂਠਾ ਵਾਅਦਾ ਕਰਿਆ ਸੀ ਆਪਣੀ ਤੀਜੀ ਭੈਣ ਦੀ ਡੋਲੀ ਵੀ ਹੱਥੀਂ ਨਾ ਤੋਰ ਸਕਿਆ । ਹੁਣ ਕਿਸੇ ਨੂੰ ਕੋਈ ਸਮਝ ਨਹੀਂ ਆ ਰਹੀ ਸੀ ਕਿ ਪਹਿਲਾਂ ਪੁੱਤ ਦਾ ਸੰਸਕਾਰ ਕਰੀਏ । ਜਾਂ ਫਿਰ ਪਹਿਲਾਂ ਧੀ ਦੀ ਡੋਲੀ ਘਰੋਂ ਤੋਰੀਏ ਸਾਰੇ ਇੱਕ ਦੂਜੇ ਦਾ ਮੂੰਹ ਤੱਕ ਰਹੇ ਸੀ । ਹੁਣ ਉਹ ਮਕਾਨ ਦੇ ਇੱਕ ਖੂੰਜੇ ਵਿੱਚ ਬੈਠੇ ਸੋਚ ਰਹੇ ਸੀ ਗਲਤੀ ਸਾਡੀ ਅ ਜਿਹੜਾ ਅਸੀਂ ਸਿਰ ਹਿਲਾ ਦਿੱਤਾ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
ਸੰਪਰਕ +974,6625,7723 ਦੋਹਾਂ ਕਤਰ