ਸ਼ਖ਼ਸੀਅਤ-ਪ੍ਰਸਤੀ ਤੇ ਜਥੇਬੰਦੀ - ਸਵਰਾਜਬੀਰ
ਰਾਜਸੀ ਮਾਹਿਰ, ਮੀਡੀਆ ਤੇ ਆਮ ਲੋਕ ਸਤਾਰ੍ਹਵੀਂ ਲੋਕ ਸਭਾ ਦੀਆਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਵੱਡੀ ਜਿੱਤ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰ ਰਹੇ ਹਨ। ਕਈ ਮਾਹਿਰਾਂ ਦਾ ਖ਼ਿਆਲ ਹੈ ਕਿ ਇਸ ਜਿੱਤ ਵਿਚ ਸਭ ਤੋਂ ਜ਼ਿਆਦਾ ਹਿੱਸਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਦਾ ਹੈ ਅਤੇ ਭਾਜਪਾ ਦਾ ਸਾਰਾ ਚੋਣ-ਬਿਰਤਾਂਤ ਇਸ ਕੇਂਦਰੀ ਤੱਤ ਦੇ ਆਲੇ-ਦੁਆਲੇ ਬੁਣਿਆ ਗਿਆ ਕਿ ਹੁਣ ਤਕ ਹੋਏ ਪ੍ਰਧਾਨ ਮੰਤਰੀਆਂ ਵਿਚੋਂ ਮੋਦੀ ਹੀ ਸਭ ਤੋਂ ਜ਼ਿਆਦਾ ਕਾਰਜਕੁਸ਼ਲ, ਇਮਾਨਦਾਰ ਤੇ ਸਖ਼ਤੀ ਨਾਲ ਫ਼ੈਸਲਾ ਲੈਣ ਵਾਲਾ ਹੈ, ਉਹ ਦੇਸ਼ ਦੇ ਦੁਸ਼ਮਣਾਂ ਤੇ ਪਾਕਿਸਤਾਨ ਦਾ ਮਜ਼ਬੂਤੀ ਨਾਲ ਸਾਹਮਣਾ ਕਰਦਿਆਂ ਇੱਟ ਦਾ ਜਵਾਬ ਪੱਥਰ ਨਾਲ ਦੇ ਸਕਦਾ ਹੈ। ਇਨ੍ਹਾਂ ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਚੋਣਾਂ ਵਿਚ ਹੋਈ ਜਿੱਤ ਵਿਚ ਭਾਰਤੀ ਜਨਤਾ ਪਾਰਟੀ ਦੀ ਜਥੇਬੰਦੀ ਤੇ ਕਾਰਕੁਨਾਂ ਦੀ ਭੂਮਿਕਾ ਕੁਝ ਜ਼ਿਆਦਾ ਅਹਿਮ ਨਹੀਂ ਸਗੋਂ ਭਾਜਪਾ ਨੂੰ ਜਥੇਬੰਦਕ ਤੌਰ 'ਤੇ ਨੁਕਸਾਨ ਹੋਇਆ।
ਇਸ ਤੋਂ ਵੱਖਰੀ ਰਾਇ ਰੱਖਣ ਵਾਲੇ ਮਾਹਿਰਾਂ ਅਨੁਸਾਰ ਮੋਦੀ ਦੀ ਸ਼ਖ਼ਸੀਅਤ ਦੇ ਨਾਲ ਨਾਲ ਵੱਖ ਵੱਖ ਹੋਰ ਕਾਰਕਾਂ ਜਿਵੇਂ ਭਾਰਤੀ ਜਨਤਾ ਪਾਰਟੀ ਦੀ ਮਜ਼ਬੂਤ ਜਥੇਬੰਦੀ, ਸ਼ਹਿਰਾਂ ਤੇ ਪਿੰਡਾਂ ਵਿਚ ਉਹਦੇ ਕਾਰਕੁਨਾਂ ਦਾ ਹਰ ਥਾਂ ਹੋਣਾ ਤੇ ਰਾਸ਼ਟਰੀ ਸਵੈਮਸੇਵਕ ਸੰਘ ਵੱਲੋਂ ਮਿਲੇ ਭਰਵੇਂ ਸਹਿਯੋਗ ਦੀ ਵੀ ਇਸ ਜਿੱਤ ਵਿਚ ਵੱਡੀ ਹਿੱਸੇਦਾਰੀ ਹੈ। ਬਹੁਤ ਵਾਰ ਰਾਜਨੀਤਕ ਮੁਹਿੰਮਾਂ ਅਤੇ ਵਰਤਾਰੇ ਕਿਸੇ ਵਿਚਾਰ ਦੁਆਲੇ ਉੱਸਰਦੇ ਹਨ ਪਰ ਓਨੀ ਦੇਰ ਤਕ ਕੋਈ ਠੋਸ ਪ੍ਰਭਾਵ ਨਹੀਂ ਪਾ ਸਕਦੇ ਜੇ ਉਨ੍ਹਾਂ ਨੂੰ ਸੰਚਾਲਿਤ ਕਰਨ ਅਤੇ ਚਲਾਈ ਰੱਖਣ ਲਈ ਕੋਈ ਜਥੇਬੰਦੀ ਨਾ ਹੋਵੇ। ਉਦਾਹਰਨ ਵਜੋਂ 2011 ਵਿਚ ਅਮਰੀਕਾ ਵਿਚ ਸਾਹਮਣੇ ਆਈ ''ਆਕੂਪਾਈ ਦਿ ਵਾਲ ਸਟਰੀਟ ਮੂਵਮੈਂਟ' ਸਮਾਜਿਕ-ਆਰਥਿਕ ਨਾਬਰਾਬਰੀ ਅਤੇ ਕਾਰਪੋਰੇਟ ਸੰਸਾਰ ਦੇ ਲਾਲਚ ਦੇ ਵਿਰੁੱਧ ਸੀ, ਪਰ ਇਹ ਦੇਰ ਤਕ ਨਾ ਚੱਲ ਸਕੀ ਤੇ ਅਸਫ਼ਲ ਹੋ ਗਈ। 2012 ਵਿਚ ਮਸ਼ਹੂਰ ਚਿੰਤਕ, ਰਾਜਸੀ ਮਾਹਿਰ ਤੇ ਕਿਸੇ ਸਮੇਂ ਇਨਕਲਾਬੀ ਰਹਿ ਚੁੱਕੇ ਤਾਰਿਕ ਅਲੀ ਨੂੰ ਜਦ ਇਸ ਲਹਿਰ ਦੀ ਅਸਫ਼ਲਤਾ ਦੇ ਕਾਰਨਾਂ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ''ਹਾਂ, ਮੈਂ ਉੱਥੇ ਗਿਆ ਸੀ, ਬੱਚਿਆਂ (ਨੌਜਵਾਨਾਂ) ਵਿਚ ਬਹੁਤ ਜੋਸ਼ ਸੀ ਪਰ ਇਸ ਲਹਿਰ ਨੂੰ ਅੱਗੇ ਲੈ ਕੇ ਜਾਣ ਲਈ ਕੋਈ ਤਨਜ਼ੀਮ ਨਹੀਂ ਸੀ। ਇਸ ਲਈ ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਤਨਜ਼ੀਮ ਬਿਨਾਂ ਕੋਈ ਵੀ ਲਹਿਰ ਅੱਗੇ ਨਹੀਂ ਵਧ ਸਕਦੀ।'' ਇਸੇ ਤਰ੍ਹਾਂ ਭਾਜਪਾ ਦੀ ਇਸ ਵੱਡੀ ਜਿੱਤ ਵਿਚੋਂ ਰਾਸ਼ਟਰੀ ਸਵੈਮਸੇਵਕ ਸੰਘ ਦੇ ਵੱਖ ਵੱਖ ਸੰਗਠਨਾਂ ਅਤੇ ਭਾਰਤੀ ਜਨਤਾ ਪਾਰਟੀ ਦੀ ਆਪਣੀ ਜਥੇਬੰਦਕ ਤਾਕਤ ਦੁਆਰਾ ਕੀਤੇ ਗਏ ਯਤਨਾਂ ਨੂੰ ਮਨਫ਼ੀ ਨਹੀਂ ਕੀਤਾ ਜਾ ਸਕਦਾ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਸ਼ਖ਼ਸੀਅਤ-ਪ੍ਰਸਤੀ (Personality cult) ਦੇ ਵਰਤਾਰੇ ਵਿਚ ਸ਼ਖ਼ਸੀਅਤ ਦਾ ਰੋਲ ਕੇਂਦਰੀ ਹੁੰਦਾ ਹੈ। ਪਰ ਇਸ ਦੇ ਨਾਲ ਨਾਲ ਉਹ ਸ਼ਖ਼ਸੀਅਤ ਜਿਸ ਵਿਚਾਰਧਾਰਾ ਨਾਲ ਸਬੰਧ ਰੱਖਦੀ ਹੈ, ਉਸ ਨੂੰ ਪੈਦਾ ਕਰਨ ਤੇ ਉਸ ਦਾ ਪ੍ਰਚਾਰ ਕਰਨ ਵਾਲੀ ਸੰਸਥਾ ਵੀ ਇਸ ਵਿਚ ਕੇਂਦਰੀ ਭੂਮਿਕਾ ਨਿਭਾਉਂਦੀ ਹੈ। ਇਹ ਵੱਖਰੀ ਗੱਲ ਹੈ ਕਿ ਸ਼ਖ਼ਸੀਅਤ-ਪ੍ਰਸਤੀ ਦੇ ਵਰਤਾਰੇ ਵਿਚੋਂ ਜ਼ਿਆਦਾ ਫ਼ਾਇਦਾ ਕਿਸ ਨੂੰ ਪਹੁੰਚਦਾ ਹੈ, ਸ਼ਖ਼ਸੀਅਤ ਜਾਂ ਤਨਜ਼ੀਮ ਨੂੰ। ਪ੍ਰਧਾਨ ਮੰਤਰੀ ਮੋਦੀ ਦੀ ਸ਼ਖ਼ਸੀਅਤ-ਪ੍ਰਸਤੀ ਦੇ ਵਰਤਾਰੇ ਨੂੰ ਸਮਝਣ ਲਈ ਸਾਨੂੰ ਰਾਸ਼ਟਰੀ ਸਵੈਮਸੇਵਕ ਸੰਘ ਦੀ ਵਿਚਾਰਧਾਰਾ, ਜਥੇਬੰਦਕ ਸੰਰਚਨਾ ਤੇ ਕੰਮ ਕਰਨ ਦੇ ਤੌਰ-ਤਰੀਕਿਆਂ ਨੂੰ ਸਮਝਣ ਦੀ ਜ਼ਰੂਰਤ ਹੈ। ਸੰਘ ਦੀ ਸਥਾਪਨਾ 1925 ਵਿਚ ਕੇਸ਼ਵ ਬਾਲੀਰਾਮ ਹੈੱਡਗੇਵਾਰ ਦੀ ਅਗਵਾਈ ਵਿਚ ਹੋਈ। ਇਸ ਸੰਸਥਾ ਨੇ ਸੱਭਿਆਚਾਰਕ ਰਾਸ਼ਟਰਵਾਦ ਦੀ ਵਿਚਾਰਧਾਰਾ ਨੂੰ ਜਨਮ ਦਿੱਤਾ ਜਿਸ ਵਿਚ ਹਿੰਦੂ ਧਰਮ ਤੇ ਰਾਸ਼ਟਰ ਨਿਰਮਾਣ ਨੂੰ ਮੁੱਢਲੇ ਮੰਨਿਆ ਗਿਆ। ਸੰਘ ਦੀ ਵਿਚਾਰਧਾਰਾ ਤੋਂ ਸਾਰੇ ਜਾਣੂ ਹਨ ਪਰ ਇਸ ਦੀ ਸਭ ਤੋਂ ਵੱਡੀ ਤਾਕਤ ਇਸ ਦੇ ਕਾਰਕੁਨ ਅਤੇ ਉਨ੍ਹਾਂ ਦੇ ਕੰਮ ਕਰਨ ਦਾ ਤਰੀਕਾ ਹੈ। ਆਰਐੱਸਐੱਸ ਰੋਜ਼ਾਨਾ ਸ਼ਾਖਾ ਲਗਾਉਂਦੀ ਹੈ ਜਿਸ ਵਿਚ ਸੰਗਠਨ ਦੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ ਜਾਂਦਾ ਹੈ। ਇਸ ਦੇ ਮੈਂਬਰ ਪ੍ਰਾਥਮਿਕ ਸਿਕਸ਼ਾ ਵਰਗ ਤੋਂ ਸਿੱਖਿਆ ਲੈਣੀ ਸ਼ੁਰੂ ਕਰਦੇ ਹਨ ਅਤੇ ਸਭ ਤੋਂ ਸਿਖ਼ਰਲੀ ਸਿੱਖਿਆ ਲਈ ਉਨ੍ਹਾਂ ਨੂੰ ਨਾਗਪੁਰ ਬੁਲਾਇਆ ਜਾਂਦਾ ਹੈ। ਪਰ ਕੰਮ ਕਰਨ ਦੀ ਇਸ ਪ੍ਰਕਿਰਿਆ ਵਿਚ ਸਭ ਤੋ੬ਂ ਮਹੱਤਵਪੂਰਨ ਸੰਘ ਦੁਆਰਾ ਇਨ੍ਹਾਂ ਸ਼ਾਖ਼ਾਵਾਂ ਦੀ ਲਗਾਤਾਰਤਾ ਨੂੰ ਬਣਾਏ ਰੱਖਣਾ ਹੈ। ਹਰ ਸਵੇਰ ਲੋਕ ਆਪਣੇ ਘਰਾਂ ਤੋਂ ਨਿਕਲ ਕੇ ਸ਼ਾਖਾਵਾਂ ਵਿਚ ਸ਼ਾਮਲ ਹੁੰਦੇ ਹਨ ਅਤੇ ਆਰਐੱਸਐੱਸ ਦੀ ਵਿਚਾਰਧਾਰਾ ਨੂੰ ਗ੍ਰਹਿਣ ਕਰਦੇ ਹਨ। ਇਸ ਤਰ੍ਹਾਂ ਸੰਘ ਅਤੇ ਉਸ ਦੇ ਹੋਰ ਸੰਗਠਨਾਂ ਨੇ ਇਕ ਇਹੋ ਜਿਹਾ ਵੱਡਾ ਜਥੇਬੰਦਕ ਜਾਲ ਬੁਣਿਆ ਹੈ ਜਿਸ ਵਿਚ ਕਰੋੜਾਂ ਲੋਕ ਸ਼ਾਮਲ ਹਨ ਜਿਨ੍ਹਾਂ ਨੂੰ ਸੰਘ ਦੀ ਵਿਚਾਰਧਾਰਾ ਰੋਜ਼ ਸਮਝਾਈ ਜਾਂਦੀ ਹੈ ਅਤੇ ਉਹ ਅੱਗੇ ਇਸ ਦਾ ਪ੍ਰਚਾਰ ਕਰਦੇ ਹਨ।
ਸੰਗਠਨ ਦੀ ਇਸ ਮਜ਼ਬੂਤੀ ਕਾਰਨ ਹੀ ਇਹ ਪਾਰਟੀ, ਜਿਸ ਨੂੰ 1985 ਦੀਆਂ ਚੋਣਾਂ ਵਿਚ ਦੋ ਲੋਕ ਸਭਾ ਸੀਟਾਂ ਮਿਲੀਆਂ ਸਨ, ਹੁਣ 303 ਸੀਟਾਂ 'ਤੇ ਜਿੱਤ ਪ੍ਰਾਪਤ ਕਰ ਸਕੀ ਹੈ। ਮੋਦੀ ਦੀ ਸ਼ਖ਼ਸੀਅਤ ਦੇ ਦੁਆਲੇ ਕੇਂਦਰਿਤ ਕੀਤੀ ਗਈ ਚੋਣ ਮੁਹਿੰਮ ਮਜ਼ਬੂਤ ਜਥੇਬੰਦੀ ਤੋਂ ਬਿਨਾਂ ਸੰਭਵ ਨਹੀਂ ਸੀ। ਭਾਰਤੀ ਜਨਤਾ ਪਾਰਟੀ ਨੇ ਆਪਣੇ ਸੰਗਠਨ ਦੀ ਮਦਦ ਨਾਲ ਮੋਦੀ ਦੀ ਸ਼ਖ਼ਸੀਅਤ, ਕੌਮੀ ਸੁਰੱਖਿਆ ਮਾਮਲਿਆਂ ਤੇ ਰਾਸ਼ਟਰਵਾਦ ਦਾ ਇਕ ਘਣਾ ਬਿਰਤਾਂਤ ਉਸਾਰਿਆ ਅਤੇ ਉਸ ਬਿਰਤਾਂਤ ਨੂੰ ਆਮ ਆਦਮੀ ਤਕ ਪਹੁੰਚਾਇਆ। ਜਥੇਬੰਦੀ ਅਤੇ ਸ਼ਖ਼ਸੀਅਤ ਵਿਚਕਾਰ ਇਕ ਦੁਵੱਲਾ ਸਬੰਧ ਬਣਿਆ। ਇਸ ਤਰ੍ਹਾਂ ਜਿਹੜੇ ਰਾਜਸੀ ਮਾਹਿਰ ਇਹ ਰਾਇ ਦੇ ਰਹੇ ਹਨ ਕਿ ਮੋਦੀ ਦੀ ਸ਼ਖ਼ਸੀਅਤ ਦੇ ਆਲੇ-ਦੁਆਲੇ ਉਸਾਰੀ ਗਈ ਇਸ ਚੋਣ ਮੁਹਿੰਮ ਕਾਰਨ ਭਾਜਪਾ ਦੀ ਜਥੇਬੰਦਕ ਤਾਕਤ ਨੂੰ ਨੁਕਸਾਨ ਹੋਇਆ ਹੈ, ਗ਼ਲਤ ਹਨ। ਸ਼ਖ਼ਸੀਅਤ-ਪ੍ਰਸਤੀ ਦਾ ਇਹ ਕ੍ਰਿਸ਼ਮਾ ਮਜ਼ਬੂਤ ਜਥੇਬੰਦੀ ਦੁਆਰਾ ਹੀ ਉਸਾਰਿਆ ਗਿਆ ਹੈ।
ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰ ਰਹੀਆਂ ਪਾਰਟੀਆਂ ਵਿਚ ਕਾਂਗਰਸ, ਡੀਐੱਮਕੇ, ਬਹੁਜਨ ਸਮਾਜ ਪਾਰਟੀ, ਸਮਾਜਵਾਦੀ ਪਾਰਟੀ, ਤ੍ਰਿਣਮੂਲ ਕਾਂਗਰਸ, ਨੈਸ਼ਨਲ ਕਾਂਗਰਸ ਪਾਰਟੀ, ਰਾਸ਼ਟਰੀ ਜਨਤਾ ਦਲ ਤੇ ਤੇਲਗੂ ਦੇਸਮ ਪਾਰਟੀ ਪ੍ਰਮੁੱਖ ਸਨ। ਇਨ੍ਹਾਂ ਸਾਰੀਆਂ ਪਾਰਟੀਆਂ ਦੇ ਕੰਮਕਾਜ ਕਰਨ ਦੇ ਤਰੀਕਿਆਂ ਦਾ ਵਿਸ਼ਲੇਸ਼ਣ ਕਰਕੇ ਵੇਖੀਏ ਤਾਂ ਕਿਸੇ ਵੀ ਪਾਰਟੀ ਕੋਲ ਨਾ ਤਾਂ ਨਰਿੰਦਰ ਮੋਦੀ ਜਿਹਾ ਪ੍ਰਭਾਵਸ਼ਾਲੀ ਨੇਤਾ ਹੈ ਅਤੇ ਨਾ ਹੀ ਰਾਸ਼ਟਰੀ ਸਵੈਮਸੇਵਕ ਸੰਘ ਤੇ ਭਾਰਤੀ ਜਨਤਾ ਪਾਰਟੀ ਵਰਗੀ ਜਥੇਬੰਦਕ ਤਾਕਤ। ਇਹ ਸਾਰੀਆਂ ਪਾਰਟੀਆਂ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਨੂੰ ਜਮਹੂਰੀਅਤ ਦੇ ਵੱਡੇ ਵਿਰੋਧੀ ਦੱਸਦੀਆਂ ਹਨ ਪਰ ਅਸਲੀਅਤ ਇਹ ਹੈ ਕਿ ਇਨ੍ਹਾਂ ਪਾਰਟੀਆਂ ਵਿਚ ਖ਼ੁਦ ਕੋਈ ਅੰਦਰੂਨੀ ਜਮਹੂਰੀਅਤ ਨਹੀਂ, ਕੁਝ ਸ਼ਖ਼ਸੀਅਤਾਂ ਅਤੇ ਪਰਿਵਾਰਾਂ ਦਾ ਬੋਲਬਾਲਾ ਹੈ। ਇਹ ਸ਼ਖ਼ਸੀਅਤਾਂ ਵੱਖ ਵੱਖ ਲਹਿਰਾਂ ਰਾਹੀਂ ਸਾਹਮਣੇ ਆਈਆਂ ਅਤੇ ਕੁਝ ਦੇਰ ਲਈ ਉਨ੍ਹਾਂ ਨੇ ਸ਼ਕਤੀਸ਼ਾਲੀ ਰਾਜਸੀ ਭੂਮਿਕਾ ਨਿਭਾਈ ਪਰ ਉਸ ਤੋਂ ਬਾਅਦ ਪਾਰਟੀਆਂ ਵਿਚ ਪਰਿਵਾਰਵਾਦ ਅਤੇ ਉਨ੍ਹਾਂ ਪਰਿਵਾਰਾਂ ਪ੍ਰਤੀ ਚਾਪਲੂਸੀ ਦੀ ਭਾਵਨਾ ਵਧੀ।
ਖੱਬੇ-ਪੱਖੀ ਪਾਰਟੀਆਂ ਵਿਚ ਇਹ ਵਰਤਾਰਾ ਥੋੜ੍ਹਾ ਜਿਹਾ ਵੱਖਰੇ ਢੰਗ ਨਾਲ ਵਾਪਰਿਆ। ਸੋਵੀਅਤ ਯੂਨੀਅਨ ਤੇ ਹੋਰ ਸਾਮਵਾਦੀ ਦੇਸ਼ਾਂ ਵਿਚ ਸਮਾਜਵਾਦੀ ਪ੍ਰਬੰਧ ਢਹਿ-ਢੇਰੀ ਹੋਣ ਤੋਂ ਬਾਅਦ ਪਾਰਟੀ ਕਾਰਕੁਨਾਂ ਵਿਚ ਅੰਤਾਂ ਦੀ ਨਿਰਾਸ਼ਾ ਆਈ ਅਤੇ ਨਵੇਂ ਲੋਕ ਉਨ੍ਹਾਂ ਨਾਲ ਜੁੜਨੋਂ ਹਟ ਗਏ। ਭਾਵੇਂ ਇਨ੍ਹਾਂ ਕੋਲ ਮਜ਼ਬੂਤ ਤਨਜ਼ੀਮਾਂ ਤੇ ਕਾਡਰ ਸਨ ਪਰ ਉਹ ਸੋਵੀਅਤ ਯੂਨੀਅਨ ਤੋਂ ਬਾਅਦ ਦੇ ਸੰਸਾਰ ਦੀ ਅਸਲੀਅਤ ਨੂੰ ਨਾ ਤਾਂ ਚੰਗੀ ਤਰ੍ਹਾਂ ਪੜ੍ਹ ਸਕੇ ਅਤੇ ਨਾ ਹੀ ਉਸ ਦਾ ਵਿਸ਼ਲੇਸ਼ਣ ਕਰ ਸਕੇ। ਬੌਧਿਕ ਹੰਕਾਰ (ਸਿਰਫ਼ ਉਹੀ ਠੀਕ ਹਨ ਤੇ ਉਨ੍ਹਾਂ ਨੂੰ ਸਭ ਕੁਝ ਪਤਾ ਹੈ) ਕਾਰਨ ਇਨ੍ਹਾਂ ਪਾਰਟੀਆਂ ਦੇ ਨੇਤਾ ਪੁਰਾਣੇ ਨਾਅਰਿਆਂ ਤੇ ਵੇਲ਼ਾ ਵਿਹਾਅ ਚੁੱਕੀ ਭਾਸ਼ਾ ਵਿਚ ਕੈਦ ਹੋ ਕੇ ਰਹਿ ਗਏ। ਲੋਕਾਂ ਤੋਂ ਦੂਰੀ ਵਧਣ ਨਾਲ ਜਥੇਬੰਦਕ ਤਾਕਤ ਖੁਰਦੀ ਗਈ ਅਤੇ ਲੋਕਾਂ ਵਿਚ ਉਨ੍ਹਾਂ ਦਾ ਪ੍ਰਭਾਵ ਘਟਦਾ ਗਿਆ।
ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੀ ਇਸ ਵੱਡੀ ਜਿੱਤ ਤੋਂ ਬਾਅਦ ਇਹ ਸਵਾਲ ਪੈਦਾ ਹੁੰਦਾ ਹੈ ਕਿ ਉਹ ਪਾਰਟੀ, ਜਿਸ ਕੋਲ ਇਸ ਤਰ੍ਹਾਂ ਦੀ ਵੱਡੀ ਜਥੇਬੰਦਕ ਅਤੇ ਵਿਚਾਰਧਾਰਕ ਤਾਕਤ ਹੋਵੇ, ਦਾ ਮੁਕਾਬਲਾ ਕਿਵੇਂ ਕੀਤਾ ਜਾਏ? ਸਾਰੇ ਜਾਣਦੇ ਹਨ ਕਿ ਇਸ ਜਿੱਤ ਨਾਲ ਅੰਧ-ਰਾਸ਼ਟਰਵਾਦ ਵਧੇਗਾ ਅਤੇ ਘੱਟਗਿਣਤੀਆਂ ਵਿਚ ਅਸੁਰੱਖਿਆ ਦੀ ਭਾਵਨਾ ਪਨਪੇਗੀ। ਇਸ ਲਈ ਇਸ ਦਾ ਵਿਰੋਧ ਜ਼ਰੂਰੀ ਹੈ। ਇਹ ਵੀ ਸਪੱਸ਼ਟ ਹੈ ਕਿ ਭਾਜਪਾ ਦੇ ਹਮਾਇਤੀ ਵਿਰੋਧੀ ਵਿਚਾਰਧਾਰਾਵਾਂ ਨੂੰ ਅਪ੍ਰਸੰਗਿਕ ਤੇ ਫ਼ਜ਼ੂਲ ਦੱਸਦੇ ਹਨ ਅਤੇ ਅਸਹਿਮਤੀ ਬਰਦਾਸ਼ਤ ਕਰਨ ਲਈ ਤਿਆਰ ਨਹੀਂ।
ਸਮਾਜਿਕ ਵਿਤਕਰੇ ਤੇ ਸੱਭਿਆਚਾਰਕ ਸ੍ਰੇਸ਼ਟਪੁਣੇ ਦੇ ਵਿਰੁੱਧ ਸੰਘਰਸ਼ ਕਿਵੇਂ ਕੀਤਾ ਜਾਏ? ਡੋਨਲਡ ਟਰੰਪ ਦੀ ਜਿੱਤ ਤੋਂ ਬਾਅਦ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਵਿਚ ਦਿੱਤੇ ਭਾਸ਼ਨ ਵਿਚ ਮਸ਼ਹੂਰ ਨਾਰੀਵਾਦੀ ਚਿੰਤਕ ਜਿਊਡਿਥ ਬਟਲਰ ਨੇ ਸਵਾਲ ਪੁੱਛਿਆ ਸੀ ਕਿ ਡੋਨਲਡ ਟਰੰਪ ਦੇ ਵਿਰੋਧ ਵਿਚ ਖੜ੍ਹੇ ਹੋਣ ਵਾਲੇ ਲੋਕ ਕਿਸ ਤਰ੍ਹਾਂ ਦੇ ਹੋਣਗੇ ਤੇ ਫਿਰ ਆਪ ਹੀ ਜਵਾਬ ਦਿੱਤਾ ਕਿ ਜੇਕਰ ਹਿਲੇਰੀ ਕਲਿੰਟਨ ਜਿੱਤ ਜਾਂਦੀ ਤਾਂ ਲੋਕ-ਪੱਖੀ ਤਾਕਤਾਂ ਦਾ ਕੰਮ ਉਸ ਦੀਆਂ ਲੋਕ-ਵਿਰੋਧੀ ਨੀਤੀਆਂ ਦਾ ਇਕਹਿਰਾ ਸਿਆਸੀ ਵਿਰੋਧ ਕਰਕੇ ਵੀ ਸਰ ਜਾਣਾ ਸੀ, ਪਰ ਜੇ ਟਰੰਪ ਨਾਲ ਲੜਨਾ ਹੈ ਤਾਂ ਗੱਲ ਸਿਰਫ਼ ਸਿਆਸੀ ਵਿਰੋਧ ਨਾਲ ਨਹੀਂ ਸਰਨੀ ਸਗੋਂ ਪੈਰ ਪੈਰ 'ਤੇ ਸਾਰੀਆਂ ਟਰੰਪ ਵਿਰੋਧੀ ਤਾਕਤਾਂ ਨੂੰ ਇਕੱਠਿਆਂ ਕਰਕੇ ਲੜਨਾ ਪਏਗਾ। ਜਿਊਡਿਥ ਬਟਲਰ ਇਸ ਪੈਂਤੜੇ ਨੂੰ ਬਹੁਪਰਤੀ ਵਿਰੋਧ ਤੇ ਲਗਾਤਾਰ ਟਾਕਰੇ (Resistance) ਦਾ ਨਾਂ ਦਿੰਦੀ ਹੈ। ਉਸ ਦੀ ਦਲੀਲ ਹੈ ਕਿ ਇਸ ਵਿਚ ਉਹ ਲੋਕ ਵੀ ਹੋਣਗੇ ਜਿਨ੍ਹਾਂ ਦੇ ਵਿਚਾਰ ਆਪਸ ਵਿਚ ਨਹੀਂ ਮਿਲਦੇ, ਪਰ ਉਨ੍ਹਾਂ ਨੂੰ ਆਪਸੀ ਵਿਰੋਧਾਂ ਨੂੰ ਨਜ਼ਰਅੰਦਾਜ਼ ਕਰਕੇ ਟਰੰਪ ਵਿਰੁੱਧ ਵੱਡਾ ਮੁਹਾਜ਼ ਬਣਾਉਣਾ ਪਵੇਗਾ। ਹਿੰਦੋਸਤਾਨ ਵਿਚ ਵੀ ਇਹੋ ਜਿਹੇ ਹਾਲਾਤ ਹਨ। ਜੇਕਰ ਵਿਰੋਧੀ ਧਿਰਾਂ ਨੇ ਸੱਤਾਧਾਰੀ ਪਾਰਟੀ ਦਾ ਉਸਾਰੂ ਵਿਰੋਧ ਕਰਨਾ ਹੈ ਤਾਂ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਲੋਕਾਂ ਨੂੰ ਨਾਲ ਲੈ ਕੇ ਵੱਡਾ ਮੁਹਾਜ਼ ਉਸਾਰਨ ਦੀ ਜ਼ਰੂਰਤ ਹੈ, ਪਰਿਵਾਰਵਾਦ ਤੋਂ ਮੁਕਤੀ ਤੇ ਵਿਚਾਰਧਾਰਾ ਨੂੰ ਤਰਜੀਹ ਦੇਣ ਦੇ ਨਾਲ ਨਾਲ ਪਾਰਟੀਆਂ ਨੂੰ ਅੰਦਰੂਨੀ ਜਮਹੂਰੀਅਤ ਵੀ ਬਹਾਲ ਕਰਨੀ ਪਵੇਗੀ।