ਮੁਲਾਜ਼ਮ ਅਤੇ ਮੋਬਾਇਲ ਫੋਨ ਦੀ ਵਰਤੋਂ - ਸੁਖਪਾਲ ਸਿੰਘ ਗਿੱਲ,

    ਨਵੇਂ ਜ਼ਮਾਨੇ ਦੀ ਤਰੱਕੀ ਅਨੁਸਾਰ ਤੁਰਨਾ ਤਾ ਸਹੀ ਹੈ, ਪਰ ਜੇ ਇਸ ਦਾ ਅਉਗਣਾਂ ਨੂੰ ਨਾ ਹੰਡਾਇਆ ਜਾਵੇ। ਅੱਜ ਸਾਇੰਸ ਅਤੇ ਟੈਕਨੋਲੋਜੀ ਦੇ ਜ਼ਮਾਨੇ ਵਿਚ ਮੋਬਾਇਲ ਫੋਨ ਦੀ ਵਰਤੋਂ ਭਾਰੂ ਹੈ। ਇਸ ਦੇ ਸਹੀ ਉਪਯੋਗ ਦੇ ਨਾਲ ਨਾਲ ਗਲਤ ਉਪਯੋਗ ਵੀ ਹੋ ਰਹੇ ਹਨ।ਜਿਸ ਦੀ ਗਵਾਹੀ ਰੋਜ਼ਾਨਾ ਅਖਬਾਰੀ ਸੁਰਖੀਆਂ ਵੀ ਭਰਦੀਆਂ ਹਨ। ਮੋਬਾਇਲ ਫੋਨ ਦੇ ਉਪਯੋਗ ਸਿੱਕੇ ਦੇ ਦੋਨੋ ਪਾਸਿਆਂ ਵਾਂਗ ਹਨ। ਪਰ ਹਲਾਤਾਂ ਨੇ ਇਸ ਨੂੰ ਬੇਲੋੜੇ ਅਤੇ ਬੇਸਮਝੀ ਵਾਲੇ ਪਾਸੇ ਤੋਰ ਦਿੱਤਾ ਹੈ।
    ਅੱਜ ਭੱਖਦਾ ਮਸਲਾ ਅਤੇ ਚਿੰਤਾਜਨਕ ਪਹਿਲੂ ਇਹ ਹੈ ਕਿ ਪੰਜਾਬ ਦਾ ਸਰਕਾਰੀ ਤੰਤਰ ਡੰਗ ਟਪਾਉ ਅਤੇ ਬਚਕਾਨਾ ਕਾਰਵਾਈ ਦੀ ਆਦਤ ਪਾ ਚੁੱਕਾ ਹੈ। ਸਹੀ ਗੱਲ ਰੱਖਣ ਦਾ ਜ਼ਮਾਨਾ ਵੀ ਨਹੀਂ ਹੈ। ਅੱਜ ਮੋਬਾਇਲ ਫੋਨ ਨੂੰ ਤਰੱਕੀ ਅਤੇ ਵਿਕਾਸ ਤੋਂ ਦੇਖਦੇ ਹੋਏ ਸਰਕਾਰ ਨੇ ਮੋਬਾਇਲ ਭੱਤਾ ਵੀ ਦਿੱਤਾ ਹੈ। ਇਸ ਨਾਲ ਵੱਡਾ ਮੁਲਾਜ਼ਮ ਮੋਬਾਇਲ ਕਰਕੇ ਅਤੇ ਵਟਸਅੱਪ ਕਰਕੇ ਭਾਰ ਮੁੱਕਤ ਸਮਝ ਲੈਂਦਾ ਹੈ। ਥੱਲੇ ਵਾਲਾ ਮੈਸਜ਼ ਦੇਖੇ ਜਾਂ ਨਾ ਦੇਖੇ ਸਭ ਕੁੱਝ ਉਸ ਦੇ ਜ਼ਿੰਮੇ ਪਾ ਦਿੱਤਾ ਜਾਦਾ ਹੈ। ਇਸ ਤਰੀਕੇ ਨਾਲ ਗਲਤ ਅਤੇ ਤੱਥ ਵਿਹੂਣੀਆਂ ਰਿਪੋਰਟਾਂ ਭੇਜਣ ਦਾ ਰੂਝਾਨ ਵੱਧਦਾ ਹੈ।
    ਵਟਸਅੱਪ ਉਤੇ ਸੂਝਵਾਨ ਤੰਤਰ ਵੱਲੋਂ ਸਰਕਾਰੀ ਮੁਲਾਜਮਾਂ ਲਈ ਵਰਤੋਂ ਤੇ ਰੋਕ ਲਗਾਈ ਗਈ ਸੀ। ਪਰ ਬਿਮਾਰ ਮਾਨਸਿਕਤਾ ਦੀ ਨਿਸ਼ਾਨੀ ਦੇ ਕੇ ਜਲਦੀ ਇਹ ਫੈਸਲਾ ਵਾਪਸ ਲੈ ਲਿਆ ਸੀ। ਇਹ ਬਿਰਤਾਂਤ ਵੀ ਬਹੁਤ ਕੁੱਝ ਦੱਸਦਾ ਹੈ।ਜੇ ਅਧਿਆਪਕ ਸਕੂਲ ਵਿਚ ਫੋਨ ਦੀ ਵਰਤੋਂ ਕਰੇ ਤਾਂ ਅੰਦਾਜ਼ਾ ਸਹਿਜੇ ਹੀ ਲੱਗ ਜਾਦਾ ਹੈ। ਚਿੱਠੀ ਪੱਤਰ ਕਈ ਦਿਨਾਂ ਤੱਕ ਦਫਤਰ ਵਿਚ ਰੁਲਦਾ ਰਹਿੰਦਾ ਹੈ। ਜਦੋਂ ਹਫੜਾ ਦਫੜੀ ਮਚਦੀ ਹੈ ਤਾਂ ਵਟਸਅੱਪ ਦਾ ਸਹਾਰਾ ਲੈ ਕੇ ਵਟਸਅੱਪ ਪ੍ਰਾਪਤੀ ਵਾਲਾ ਮਾਨਸਿਕ ਤਣਾਅ ਵਿਚ ਪਾ ਦਿੱਤਾ ਜਾਦਾ ਹੈ। ਜੇ ਚਿੱਠੀ ਪੱਤਰ ਦਫਤਰ ਦੇ ਐਡਰੈਸ ਤੇ ਜਾਵੇ ਜਾਂ ਦਫਤਰੀ ਈ.ਮੇਲ ਤੇ ਜਾਵੇ ਤਾਂ ਕਈ ਮੁਸ਼ਕਿਲਾ ਹੱਲ ਹੋ ਜਾਂਦੀਆ ਹਨ।
    ਸਰਕਾਰੀ ਮੁਲਾਜ਼ਮ ਦੇ ਵਟਸਅੱਪ ਪ੍ਰੋਫਾਇਲ ਤੇ ਅਪਣੀ ਫੋਟੋ ਲਾਉਣੀ ਲਾਜ਼ਮੀ ਬਣਾਈ ਜਾਵੇ। ਇਹ ਸਿਧਾਂਤ ਆਮ ਨਾਗਰਿਕਾਂ ਲਈ ਵੀ ਜਰੂਰੀ ਹੋਵੇ ਤਾਂ ਜੋ ਸ਼ਕਲ ਤੋਂ ਬੰਦੇ ਬਾਰੇ ਪਤਾ ਚਲ ਸਕੇ। ਮੁਲਾਜ਼ਮਾਂ ਨੂੰ ਦਫਤਰੀ ਫੋਨ ਅਤੇ ਦਫਤਰੀ ਈ.ਮੇਲਾਂ ਦੀ ਹਾਰਡ ਕਾਪੀ ਰਾਹੀਂ ਸੁਨੇਹੇ ਦਿੱਤੇ ਜਾਣ। ਇਸ ਨਾਲ ਕਈ ਕਿਸਮ ਦੇ ਪ੍ਰਸ਼ਾਸ਼ਕੀ ਸੁਧਾਰ ਹੋਣ ਦੀ ਆਸ ਬੱਝੇਗੀ। ਮੁਲਾਜ਼ਮ ਆਪਣਾ ਕੰਮ ਕਰਦਾ ਹੁੰਦਾ ਹੈ, ਧੜਾ ਧੜ ਆਉਂਦੇ ਫੋਨਾਂ ਤੋਂ ਦੁੱਖੀ ਹੋ ਜਾਦਾ ਹੈ। ਦਫਤਰੀ ਕੰਮ ਖੂਹ ਖਾਤੇ ਪੈ ਜਾਂਦਾ ਹੈ। ਹਾਂ ਇਕ ਗੱਲ ਜ਼ਰੂਰ ਹੈ ਕਿ ਆਪਣਾ ਉਚ ਅਧਿਕਾਰੀ ਫੋਨ ਕਰੇ ਤਾਂ ਮੁਲਾਜ਼ਮ ਨੂੰ ਚੁੱਕਣ ਵਿਚ ਕੋਈ ਮਨਾਹੀ ਨਹੀਂ ਹੋਣੀ ਚਾਹੀਦੀ।ਆਮ ਲੋਕਾਂ ਵੱਲੋਂ ਆਉਂਦੇ ਮੋਬਾਇਲ ਫੋਨਾਂ ਵਿਚ ਮੁਲਾਜ਼ਮ ਗਵਾਚ ਹੀ ਜਾਦਾ ਹੈ। ਇਸ ਵਿਸ਼ੇ ਤੇ ਬਹੁੱਤੇ ਲੋਕ ਗੈਰ ਜਿੰਮੇਵਾਰੀ ਦਿਖਾਉਂਦੇ ਹਨ।ਦਫਤਰੀ ਕੰਮ ਵਿਚ ਵਿਚਾਲੇ ਲਟਕ ਜਾਦਾ ਹੈ। ਇਸ ਲਈ ਇਸ ਵਿਸ਼ੇ ਤੇ ਮੁਲਾਜ਼ਮਾਂ ਨੂੰ ਮੋਬਾਇਲ ਫੋਨ ਵਰਤਣ ਲਈ ਅਗਵਾਈ ਲੀਹਾਂ ਜਾਰੀ ਹੋਣ, ਤਾਂ ਜੋ ਫੋਨਾਂ ਵਿਚ ਗਵਾਚਣ ਨਾਲੋ ਆਪਣੇ ਮਹਿਕਮੇ ਦਾ ਕੰਮ ਸਹੀ ਤਰੀਕੇ ਨਾਲ ਚੱਲ ਸਕੇ।ਮੋਬਾਇਲ ਅਤੇ ਵੱਟਸਅੱਪ ਜ਼ਰੀਏ ਇਕ ਦੂਜੇ ਮੁਲਾਜ਼ਮ ਤੇ ਜਿੰਮੇਵਾਰੀ ਸੁੱਟਣਾ ਇਕ ਦੱਮ ਬੰਦ ਹੋਣਾ ਚਾਹੀਦਾ ਹੈ।ਇਸ ਨਾਲ ਕਈ ਮੁਸ਼ਕਿਲਾਂ ਦਾ ਹੱਲ ਹੋ ਸਕਦਾ ਹੈ।

                                    ਸੁਖਪਾਲ ਸਿੰਘ ਗਿੱਲ,
                                    ਅਬਿਆਣਾ ਕਲਾਂ,
                                    98781-11445