ਪੱਥਰ - ਰਵੇਲ ਸਿੰਘ ਇਟਲੀ
ਮੁਸੀਬਤ ਝਾਗਦੇ ਲੋਕੀਂ, ਨੇ ਹੋ ਗਏ ਜਾਪਦੇ ਪੱਥਰ।
ਇਹ ਰਿੜ੍ਹ ਕੇ ਗੋਲ ਨਾ ਹੋਏ,ਭਰੇ ਸੰਤਾਪ ਦੇ ਪੱਥਰ।
ਕਈ ਤਾਂ ਸੌਂ ਗਏ ਪੱਥਰ,ਕਈ ਹਨ ਜਾਗਦੇ ਪੱਥਰ।
ਖੜੇ ਉਥੇ ਦੇ ਉਥੇ ਨੇ,ਇਹ ਜੰਗਲ, ਬਾਗ ਦੇ ਪੱਥਰ।
ਤੁਸੀਂ ਪੱਥਰ ਦੇ ਯੁੱਗ ਵਿਚ ਹੋ,ਪਏ ਨੇ ਸੋਚਦੇ ਪੱਥਰ।
ਦਿਲਾਂ ਦੀ ਥਾਂ ਤੇ ਪੱਥਰ ਨੇ, ਭਰੇ ਪ੍ਰਕੋਪ ਦੇ ਪੱਥਰ।
ਸਮਾਂ ਵਿਗਿਆਨ ਦਾ ਯਾਰੋ,ਬਣੇ ਕਿਸ ਲੋਕ ਦੇ ਪੱਥਰ।
ਮਨੁੱਖੀ ਘਾਣ ਹੁੰਦਾ ਜਦ, ਤਾਂ ਬਣ ਕੇ ਵੇਖਦੇ ਪੱਥਰ।
ਧਰਮ ਦੇ ਨਾਮ ਉੱਤੇ ਵੀ, ਨੇ ਲੋਕੀਂ ਮਾਰਦੇ ਪੱਥਰ।
ਬੜਾ ਕੁੱਝ ਪੱਥਰਾਂ ਦੇ ਨਾਲ, ਨੇਤਾ ਸਾਰਦੇ ਪੱਥਰ।
ਮੁਨਸਫ ਹੋ ਗਏ ਲਗਦੇ ਬਿਨਾਂ ਇਨਸਾਫ ਦੇ ਪੱਥਰ।
ਮੁਜਰਮ ਹੋ ਗਏ ਪੱਥਰ,ਨਿਰੇ ਇਖਲਾਕ ਦੇ ਪੱਥਰ।
ਇਹ ਚੋਣਾਂ ਦੇ ਮੌਸਮ ਵੀ,ਨੇ ਰਹਿੰਦੇ ਉਗਲ਼ਦੇ ਪੱਥਰ।
ਇਹ ਨੇਤਾ ਹੋ ਗਏ ਪੱਥਰ,ਨੇ ਕੁਰਸੀ ਵਾਸਤੇ ਪੱਥਰ।
ਇਹ ਪੱਥਰ ਨੇ ਘਰਾਂ ਵਿੱਚ ਵੀ,ਸਜਾਏ ਸੋਭਦੇ ਪੱਥਰ।
ਬੜੇ ਹਨ ਮਤਲਬੀ ਪੱਥਰ, ਭਰੇ ਹਨ ਲੋਭ ਦੇ ਪੱਥਰ।
ਬੜੇ ਹੀ ਯੁੱਗ ਬਦਲੇ ਹਨ, ਸਮੇਂ ਦੇ ਰਾਗ ਦੇ ਪੱਥਰ।
ਕਿਤੇ ਨੇ ਝੌਂਪੜੀ ਦੇ ਵਿੱਚ,ਮਰੇ ਜਜ਼ਬਾਤ ਦੇ ਪੱਥਰ।
ਅਜੇ ਤੱਕ ਯੁੱਗ ਪੱਥਰ ਦਾ ਬੜਾ ਕੁਝ ਆਖਦੇ ਪੱਥਰ।
ਕਦੇ ਏਧਰ ਕਦੇ ਓਧਰ,ਨੇ ਰਹਿੰਦੇ ਝਾਕਦੇ ਪੱਥਰ।