ਘੱਟ ਗਿਣਤੀਆਂ ਅਤੇ ਦਲਿਤਾਂ ਦੇ ਪਿੱਛੇ ਹੱਥ ਧੋਕੇ ਪਈਆਂ ਭਾਰਤੀ ਕੱਟੜਪੰਥੀ ਤਾਕਤਾਂ ਦਾ ਟਾਕਰਾ ਕਰਨ ਲਈ ਸਮੁੱਚੇ ਰੂਪ ਵਿੱਚ ਜਥੇਬੰਦ ਹੋਣ ਦੀ ਲੋੜ - ਬਘੇਲ ਸਿੰਘ ਧਾਲੀਵਾਲ
ਬੜੇ ਲੰਮੇ ਸਮੇ ਤੋਂ ਦੇਖਿਆ ਜਾ ਰਿਹਾ ਹੈ ਕਿ ਭਾਰਤ ਅੰਦਰ ਸਿੱਖਾਂ ਦੀ ਪਛਾਣ ਅਤੇ ਨਿਆਰੀ,ਨਿਰਾਲੀ ਹੋਂਦ ਨੂੰ ਖਤਮ ਕਰਨ ਦੀਆਂ ਸਾਜਿਸ਼ਾਂ ਵਿੱਚ ਦਿਨ ਪ੍ਰਤੀ ਦਿਨ ਵਾਧਾ ਹੁੰਦਾ ਜਾ ਰਿਹਾ ਹੈ,ਦੋ ਹਜਾਰ ਮੁਸਲਮਾਨਾਂ ਦੇ ਕਤਲਿਆਮ ਅਤੇ ਸੱਠ ਹਜਾਰ ਪੰਜਾਬੀ ਕਿਸਾਨਾਂ ਦੇ ਉਜਾੜੇ ਲਈ ਸਿੱਧੇ ਰੂਪ ਵਿੱਚ ਜੁੰਮੇਵਾਰ ਗੁਜਰਾਤ ਦੀ ਮੁਤੱਸਬੀ ਸਰਕਾਰ ਨੇ ਸਿੱਖਾਂ ਦੇ ਪਹਿਲੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦਾ ਬੁੱਤ ਸਥਾਪਤ ਕਰਕੇ ਇੱਕ ਹੋਰ ਵਾਰ ਬੜੇ ਟੇਢੇ ਢੰਗ ਨਾਲ ਸਿੱਖ ਵਿਚਾਰਧਾਰਾ,ਸਿੱਖ ਸਿਧਾਂਤ ਅਤੇ ਸਿੱਖ ਫਲਸਫੇ ਨੂੰ ਹਿੰਦੂ ਧਰਮ ਦੇ ਕਰਮਕਾਂਡਾਂ ਵਿੱਚ ਰਲਗਡ ਕਰਨ ਦੀ ਮਨਸਾ ਨਾਲ ਕੀਤਾ ਹੈ।ਪਹਿਲਾਂ ਨਾਨਕ ਸ਼ਾਹ ਫਕੀਰ ਫਿਲਮ ਦਾ ਪਰਦੇ ਤੇ ਆਉਣਾ ਅਤੇ ਹੁਣ ਦਾਸਤਾਨ ਏ ਮੀਰੀ ਪੀਰੀ ਵਰਗੀ ਫਿਲਮ ਬਨਾਉਣ ਦਾ ਮਕਸਦ ਵੀ ਗੁਜਰਾਤ ਵਿੱਚ ਲਾਏ ਗਏ ਗੁਰੂ ਨਾਨਕ ਸਾਹਿਬ ਦੇ ਬੁੱਤ ਵਾਲੀ ਸਾਜਿਸ਼ ਦੀ ਕੜੀ ਦਾ ਹੀ ਹਿੱਸਾ ਹੈ।ਮੁਸਲਮਾਨਾਂ ਨੂੰ ਨਿਸਾਨਾ ਬਣਾਇਆ ਜਾ ਰਿਹਾ ਹੈ,ਦਲਿਤਾਂ ਤੇ ਜਬਰ ਜੁਲਮ ਹੱਦਾਂ ਬੰਨੇ ਤੋੜਦਾ ਜਾ ਰਿਹਾ ਹੈ,ਜਦੋਂ ਕਿ ਇਹ ਸਾਰਾ ਕੁੱਝ ਗੈਰ ਵਾਜਬ ਅਤੇ ਗੈਰ ਮਨੁੱਖੀ ਹੈ। ਜਦੋਂ ਇੱਕੀਵੀਂ ਸਦੀ ਦੇ ਅਤਿ ਅਧੁਨਿਕ ਯੁੱਗ ਦੇ ਪਸਾਰੇ ਨੇ ਦੁਨੀਆਂ ਨੂੰ ਹਜਾਰਾਂ ਮੀਲ ਦੀ ਦੂਰੀ ਹੋਣ ਦੇ ਬਾਵਜੂਦ ਵੀ ਇੱਕ ਦੂਸਰੇ ਦੇ ਐਨਾ ਕਰੀਬ ਕਰ ਦਿੱਤਾ ਹੈ ਕਿ ਦੁਨੀਆਂ ਸੱਚਮੁੱਚ ਹੀ ਮੁੱਠੀ ਵਿੱਚ ਆ ਗਈ ਪਰਤੀਤ ਹੁੰਦੀ ਹੈ,ਉਸ ਮੌਕੇ ਭਾਰਤੀ ਕੱਟੜਪੰਥੀ ਤਾਕਤਾਂ ਆਪਸੀ ਭਾਈਚਾਰਕ ਸਾਂਝਾਂ ਨੂੰ ਤੋੜ ਕੇ ਦਿਲਾਂ ਵਿੱਚ ਦੂਰੀਆਂ ਵਧਾਉਣ ਦਾ ਅਤਿ ਖਤਰਨਾਕ ਕਦਮ ਚੁੱਕਣ ਲਈ ਬਜਿੱਦ ਹਨ ਅਤੇ ਫਿਰਕੂ ਨਫਰਤ ਦੀ ਹਨੇਰੀ ਨਾਲ ਸਾਰਾ ਕੁੱਝ ਨਸਟ ਕਰਨ ਤੇ ਤੁਲੀਆਂ ਹੋਈਆਂ ਹਨ।ਹਿੰਦੂ ਮੁਸਲਮ ਅਤੇ ਹਿੰਦੂ ਸਿੱਖਾਂ ਵਿੱਚ ਨਫਰਤ ਦੇ ਪਾੜੇ ਨੂੰ ਪੂਰਨ ਦੀ ਜਗਾਹ ਹੋਰ ਵਧਾਇਆ ਜਾ ਰਿਹਾ ਹੈ।ਧਾਰਮਿਕ ਫਿਰਕਾਪ੍ਰਸਤੀ ਨੂੰ ਹਵਾ ਦੇਕੇ ਬਹੁ ਗਿਣਤੀ ਨੂੰ ਘੱਟ ਗਿਣਤੀਆਂ ਦੇ ਖਿਲਾਫ ਨਫਰਤ ਦੀ ਪਾਣ ਦੇ ਕੇ ਲਾਮਬੰਦ ਕੀਤਾ ਜਾ ਰਿਹਾ ਹੈ।ਆਪਸੀ ਪਿਆਰ ਦੀ ਥਾਂ ਕੁੜੱਤਣ ਵਾਲਾ ਮਹੌਲ ਸਿਰਜਿਆ ਜਾ ਰਿਹਾ ਹੈ।ਇਹ ਵੀ ਸੱਚ ਹੈ ਕਿ ਕੇਂਦਰੀ ਹਕੂਮਤ ਹਥਿਆਉਣ ਲਈ ਫਿਰਕੂ ਨਫਰਤ ਸਭ ਤੋ ਕਾਰਗਰ ਹਥਿਆਰ ਸਾਬਤ ਹੋ ਰਹੀ ਹੈ।ਸੈਕੜੇ ਸਾਲਾਂ ਦੀਆਂ ਸਾਝਾਂ ਨੂੰ ਤੋੜਨ ਲਈ ਧਰਮ ਨੂੰ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ,ਜਦੋ ਕਿ ਕੋਈ ਵੀ ਧਰਮ ਨਫਰਤ ਕਰਨ ਦੀ ਨਾ ਹੀ ਸਿੱਖਿਆ ਦਿੰਦਾ ਹੈ ਅਤੇ ਨਾ ਹੀ ਇਜਾਜਤ ਦਿੰਦਾ ਹੈ,ਇਸ ਦੇ ਬਾਵਜੂਦ ਭਾਰਤੀ ਕੱਟੜਵਾਦ ਵੱਲੋਂ ਫਿਰਕੂ ਵਿਤਕਰੇ ਨੂੰ ਅਸਲ ਧਰਮ ਸਮਝਿਆ ਜਾ ਰਿਹਾ ਹੈ।ਭਾਰਤ ਦੀ ਸਭ ਤੋ ਸਕਤੀਸ਼ਾਲੀ ਕੱਟੜਵਾਦੀ ਸੰਸਥਾ ਆਰ ਐਸ ਐਸ, ਜਿਸਦੀ ਭਾਰਤੀ ਸਿਸਟਮ ਤੇ ਮਜਬੂਤ ਪਕੜ ਹੈ ਅਤੇ ਕੇਂਦਰੀ ਹਕੂਮਤਾਂ ਦਾ ਪੂਰਾ ਨਿਯੰਤਰਣ ਹਮੇਸਾਂ ਆਪਣੇ ਕੋਲ ਰੱਖਦੀ ਹੈ,ਉਹ ਸੰਸਥਾ ਇੱਕੀਂਵੀ ਸਦੀ ਦੇ ਅਧੁਨਿਕ ਯੁੱਗ ਨੂੰ ਹਜਾਰਾਂ ਸਾਲ ਪਿੱਛੇ ਘੁੱਪ ਹਨੇਰੇ ਵੱਲ ਲੈਕੇ ਜਾਣ ਲਈ ਤਿਆਰ ਬੈਠੀ ਹੈ,ਜਦੋ ਮੰਨੂਵਾਦ ਦੀ ਵਰਣਵੰਡ ਨੇ ਸਿਰਫ ਤੇ ਸਿਰਫ ਹਿੰਦੂ ਸਮਾਜ ਦੇ ਬ੍ਰਾਹਮਣ ਅਤੇ ਖੱਤਰੀ ਨੂੰ ਹੀ ਜਿੰਦਗੀ ਜਿਉਣ ਦੇ ਪੂਰਨ ਅਧਿਕਾਰ ਦਿੱਤੇ ਹੋਏ ਸਨ।ਨਾਗਪੁਰੀ ਸੋਚ ਦੇ ਇਸ ਖਤਰਨਾਕ ਏਜੰਡੇ ਮੁਤਾਬਿਕ ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਦਲਿਤਾਂ ਅਤੇ ਘੱਟ ਗਿਣਤੀਆਂ ਤੇ ਹਮਲਿਆਂ ਵਿੱਚ ਲਗਾਤਾਰ ਵਾਧਾ ਹੋਣਾ ਇਸ ਗੱਲ ਵੱਲ ਸਪੱਸਟ ਸੰਕੇਤ ਕਰਦਾ ਹੈ ਕਿ ਭਾਰਤ ਅੰਦਰ ਸਿੱਖਾਂ,ਮੁਸਲਮਾਨਾਂ ਅਤੇ ਦਲਿਤਾਂ ਦਾ ਭਵਿੱਖ ਸੁਰਖਿਅਤ ਨਹੀ ਰਹਿ ਸਕੇਗਾ।ਇਹਦੇ ਵਿੱਚ ਵੀ ਕੋਈ ਅਤਿਕਥਨੀ ਨਹੀ ਕਿ ਦੇਸ਼ ਦੇ ਬਹੁ ਗਿਣਤੀ ਲੋਕ ਕੱਟੜਪੰਥੀ ਪ੍ਰਚਾਰ ਦਾ ਪਰਭਾਵ ਕਬੂਲ ਚੁੱਕੇ ਹਨ,ਜਿਸ ਦੀ ਉਦਾਹਰਣ ਦੇਸ਼ ਵਿੱਚ ਹੋਈਆਂ ਸਤਾਰਵੀਆਂ ਲੋਕ ਸਭਾ ਚੋਣਾਂ ਵਿੱਚ ਹੋਈ ਭਾਜਪਾ ਦੀ ਰਿਕਾਰਡ ਤੋੜ ਜਿੱਤ ਤੋਂ ਸਭ ਦੇ ਸਾਹਮਣੇ ਹੈ,ਜਦੋ ਕਿ ਮੋਦੀ ਸਰਕਾਰ ਵੱਲੋਂ ਆਪਣੀ ਪਿਛਲੀ ਪਾਰੀ ਵਿੱਚ ਨੋਟਬੰਦੀ ਕਰਕੇ ਆਮ ਲੋਕਾਂ ਨੂੰ ਆਰਥਿਕ ਪੱਖੋਂ ਕੰਗਾਲ ਕਰ ਦਿੱਤਾ ਗਿਆ ਸੀ ਅਤੇ ਜੀ ਐਸ ਟੀ ਨਾਲ ਆਮ ਲੋਕਾਂ ਅਤੇ ਛੋਟੇ ਵਪਾਰੀਆਂ ਦਾ ਘਾਣ ਕੀਤਾ ਗਿਆ ਸੀ,ਇਸ ਦੇ ਬਾਵਜੂਦ ਵੀ ਦੁਵਾਰਾ ਫਿਰ ਮੋਦੀ ਲਹਿਰ ਦਾ ਮਤਲਬ ਸਾਫ ਹੈ ਕਿ ਦੇਸ਼ ਦੇ ਬਹੁ ਗਿਣਤੀ ਲੋਕ ਭਾਜਪਾ ਅਤੇ ਆਰ ਐਸ ਐਸ ਦੀ ਨਫਰਤ ਦੀ ਰਾਜਨੀਤੀ ਦੇ ਕਾਇਲ ਹੋ ਚੁੱਕੇ ਹਨ,ਜਿਹੜੇ ਆਪਣੇ ਕਾਰੋਬਾਰਾਂ ਵਿੱਚ ਅੰਤਾਂ ਦਾ ਨੁਕਸਾਨ ਝੱਲ ਕੇ ਵੀ ਆਰ ਐਸ ਐਸ ਦੇ ਭਾਰਤ ਨੂੰ ਹਿੰਦੂ ਰਾਸ਼ਟਰ ਬਨਾਉਣ ਦੇ ਸੁਪਨੇ ਨੂੰ ਪੂਰਾ ਹੋਇਆ ਦੇਖਣਾ ਚਾਹੁੰਦੇ ਹਨ।ਸਾਇਦ ਭਾਰਤ ਹੁਣ ਇਸਲਾਮਿਕ ਮੁਲਕਾਂ ਨੂੰ ਪਿੱਛੇ ਛੱਡ ਕੇ ਦੁਨੀਆਂ ਦਾ ਇੱਕੋ ਇੱਕ ਅਜਿਹਾ ਮੁਲਕ ਬਨਣਾ ਲੋਚਦਾ ਹੈ,ਜਿਹੜਾ ਹਿੰਦੂ ਰਾਸ਼ਟਰ ਵਜੋਂ ਦੇਖਿਆ ਜਾਣਿਆ ਤੇ ਸੁਣਿਆ ਜਾਵੇ,ਇਹਦੇ ਲਈ ਭਾਂਵੇਂ ਸਿੱਖਾਂ,ਮੁਸਲਮਾਨਾਂ,ਇਸਾਈਆਂ ਦੀ ਹੋਂਦ ਮਿਟਾਉਣ ਅਤੇ ਦਲਿਤਾਂ ਤੇ ਜਬਰ ਜੁਲਮ ਦੇ ਸਾਰੇ ਹੱਦਾਂ ਬੰਨੇ ਤੋੜਨੇ ਕਿਉਂ ਨਾ ਪੈ ਜਾਣ।ਬੀਤੇ ਦਿਨੀ ਆਂਧਰਾ ਪਰਦੇਸ ਦੇ ਬੱਕੀ ਸ੍ਰੀ ਨਿਵਾਸ ਨਾਮ ਦੇ ਤੀਹ ਸਾਲਾ ਦਲਿਤ ਨੌਜੁਆਨ ਦੀ ਸਿਰਫ ਅੰਬ ਚੋਰੀ ਕਰਨ ਦੇ ਮਾਮਲੇ ਵਿੱਚ ਉੱਚ ਜਾਤੀਏ ਲੋਕਾਂ ਵੱਲੋਂ ਬੇਰਹਿਮੀ ਨਾਲ ਕੀਤੀ ਕੁੱਟਮਾਰ ਨਾਲ ਹੋਈ ਮੌਤ ਦੀਆਂ ਖਬਰਾਂ ਨੇ ਉਪਰੋਕਤ ਖਦਸਿਆਂ ਦੇ ਸੱਚ ਹੋਣ ਤੇ ਸਹੀ ਪਾ ਦਿੱਤੀ ਹੈ।ਜੇ ਇਸ ਤੋ ਥੋੜਾ ਹੋਰ ਪਿੱਛੇ ਵੱਲ ਝਾਤੀ ਮਾਰੀਏ ਤਾਂ ਗੁਜਰਾਤ ਦੇ ਭਵਨਗਰ ਜਿਲੇ ਦੇ ਪਰਦੀਪ ਰਠੌਰ ਨਾਮ ਦੇ ਇੱਕ ਦਲਿਤ ਨੌਜਵਾਨ ਨੂੰ ਘੋੜਸਵਾਰੀ ਕਰਨ ਦੀ ਸਜ਼ਾ ਵੀ ਇਸ ਅਖੌਤੀ ਉੱਚ ਜਾਤੀਏ ਸਮਾਜ ਨੇ ਮੌਤ ਘੋਸਿਤ ਕੀਤੀ ਸੀ।ਸੋ ਇਸ ਸਾਰੇ ਵਰਤਾਰੇ ਤੇ ਚਿੰਤਾ ਵਿਅਕਤ ਕਰਨ ਨਾਲ ਇਹ ਸਮੱਸਿਆ ਹੱਲ ਨਹੀ ਹੋ ਸਕਦੀ,ਇਹਦੇ ਲਈ ਜਿੱਥੇ ਸਮੁੱਚੀਆਂ ਘੱਟ ਗਿਣਤੀਆਂ ਅਤੇ ਦਲਿਤ ਸਮਾਜ ਨੂੰ ਇਸ ਗੈਰ ਮਨੁਖੀ ਜਬਰ ਜੁਲਮ ਦਾ ਟਾਕਰਾ ਕਰਨ ਲਈ ਤਿਆਰ ਹੋਣਾ ਪਵੇਗਾ,ਓਥੇ ਇਸ ਮੰਨੂਵਾਦੀ ਕੱਟੜ ਸੋਚ ਦੇ ਖਿਲਾਫ ਸਾਂਝੇ ਰੂਪ ਵਿੱਚ ਅਵਾਜ ਬੁਲੰਦ ਕਰਨ ਲਈ ਜਥੇਬੰਦ ਵੀ ਹੋਣਾ ਪਵੇਗਾ।ਇਸ ਲਈ ਇਸ ਨਾਜੁਕ ਮੁੱਦੇ ਤੇ ਸੁਹਿਰਦਤਾ ਨਾਲ ਸੋਚ ਵਿਚਾਰ ਕਰਨ ਦੀ ਜਰੂਰਤ ਹੈ, ਤਾਂ ਕਿ ਅਪਣੇ ਅਪਣੇ ਸੱਭਿਆਚਾਰ,ਆਪਣੀ ਭਾਸ਼ਾ,ਅਤੇ ਅਪਣੀ ਅਪਣੀ ਹੋਂਦ ਨੂੰ ਜਿਉਂਦਾ ਰੱਖਿਆ ਜਾ ਸਕੇ।
ਬਘੇਲ ਸਿੰਘ ਧਾਲੀਵਾਲ
99142-58142