ਉਚੇਰੇ ਸੱਭਿਆਚਾਰ - ਸਵਰਾਜਬੀਰ
ਸਵੀਡਨ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਤੇ ਮਸ਼ਹੂਰ ਕਿਤਾਬ 'ਪੰਜਾਬ ਬਲੱਡੀਡ, ਪਾਰਟੀਸ਼ਨਡ ਐਂਡ ਕਲੈਂਸਡ' ਦੇ ਲੇਖਕ ਇਸ਼ਤਿਆਕ ਅਹਿਮਦ ਅਨੁਸਾਰ ਪੰਜਾਬ ਦੀ ਵੰਡ ਦਾ ਕਾਰਨ ਪਿੰਡਾਂ ਵਿਚਲੇ ਸਾਂਝੇ 'ਛੋਟੇ ਸੱਭਿਆਚਾਰਾਂ' ਦਾ ਟੁੱਟਣਾ ਸੀ। ਇਹ 'ਛੋਟੇ ਸੱਭਿਆਚਾਰ' ਕੀ ਹੁੰਦੇ ਹਨ? ਪੰਜਾਬ ਦੇ ਸੰਦਰਭ ਵਿਚ ਇਸ਼ਤਿਆਕ ਅਹਿਮਦ ਅਨੁਸਾਰ ਸਾਂਝੇ ਪੰਜਾਬ ਵਿਚ ਪਿੰਡਾਂ ਵਿਚਲੇ ਹਕੀਮ, ਵੈਦ, ਪੰਡਿਤ, ਤੇਲੀ, ਜੁਲਾਹੇ, ਮਹਿਰੇ, ਬਜ਼ੁਰਗ, ਵਡੇਰੇ, ਗੁਰਦੁਆਰੇ, ਖਾਨਗਾਹਾਂ ਤੇ ਦਰਗਾਹਾਂ ਦੀ ਸਾਂਝ ਇਨ੍ਹਾਂ ਸਾਂਝੇ 'ਛੋਟੇ ਸੱਭਿਆਚਾਰਾਂ' ਦੀ ਬੁਨਿਆਦ ਸੀ। ਇਸ ਦੀ ਤਸਦੀਕ ਪੰਜਾਬੀ ਦਾ ਮਸ਼ਹੂਰ ਨਾਵਲਕਾਰ ਨਾਨਕ ਸਿੰਘ ਆਪਣੇ ਨਾਵਲ 'ਖ਼ੂਨ ਦੇ ਸੋਹਿਲੇ' ਦੀ ਭੂਮਿਕਾ ਵਿਚ ਕਰਦਾ ਹੈ, ''ਮੇਰੀਆਂ ਅੱਖੀਆਂ ਵਿਚ ਇਕ ਤਸਵੀਰ ਸਮਾਈ ਹੋਈ ਹੈ, ਜਿਹੜੀ ਸ਼ਾਇਦ ਉਦੋਂ ਤੀਕ ਸਮਾਈ ਰਹੇਗੀ, ਜਦ ਤਕ ਮੌਤ ਦਾ ਹਨੇਰਾ ਇਨ੍ਹਾਂ ਵਿਚ ਨਹੀਂ ਛਾ ਜਾਂਦਾ। ਮੇਰੇ ਸੋਹਣੇ, ਅਲਬੇਲੇ ਤੇ ਮੇਰੇ ਪਿਆਰੇ ਪੰਜਾਬ ਦੀ ਉਹ ਮਨੋਹਰ ਤਸਵੀਰ ਜਿਸ ਨੂੰ ਮੈਂ ਸਿਰਫ਼ ਵੇਖਿਆ ਹੀ ਨਹੀਂ, ਮਾਣਿਆ ਵੀ ਹੈ ਮੇਰੇ ਬਚਪਨ ਤੇ ਜਵਾਨੀ ਦਾ ਬਹੁਤ ਸਾਰਾ ਹਿੱਸਾ ਓਸ ਵਾਤਾਵਰਨ ਵਿਚ ਬੀਤੇ ਹਨ, ਜਿੱਥੇ ਮੁਸਲਿਮ ਤੇ ਗ਼ੈਰ-ਮੁਸਲਿਮ ਦਾ ਨਾ ਕੇਵਲ ਝਗੜਾ ਹੀ ਕੋਈ ਨਹੀਂ ਸੀ, ਸਗੋਂ ਉਨ੍ਹਾਂ ਦੀ ਇਕ ਦੂਜੇ ਨਾਲ ਮਰਨ ਜੀਣ ਦੀ ਸਾਂਝ ਸੀ।'' ਮਹਾਂਕਵੀ ਪੂਰਨ ਸਿੰਘ ਵੀ ਆਪਣੀਆਂ ਕਵਿਤਾਵਾਂ ਵਿਚ ਇਸ ਸਾਂਝ ਦੀ ਬਾਤ ਪਾਉਂਦਾ ਹੈ। ਉਹ 'ਪੰਜਾਬ ਵਸਦਾਂ ਗੁਰਾਂ ਦੇ ਨਾਂ 'ਤੇ' ਲਿਖਦਾ ਹੋਇਆ ਰਾਂਝੇ ਨੂੰ ਵੀ ਸਤਿਗੁਰਾਂ ਦਾ ਸਿੱਖ ਹੀ ਸਮਝਦਾ ਹੈ, ''ਬਾਲ ਨਾਥ ਪਛੁਤਾਯਾ ਰਾਂਝੇ ਨੂੰ ਯੋਗ ਦੇ ਕੇ/ ਸਤਿਗੁਰਾਂ ਦੇ ਸਿਖ ਨੂੰ ਪਾ ਹੱਥ ਰੋਯਾ।'' ਹੀਰ ਤੇ ਰਾਂਝੇ ਨੂੰ ਪੰਜਾਬ ਦੇ ਲੋਕਾਂ ਦੇ ਭੈਣ-ਭਰਾ ਦੱਸਦਾ ਹਾੜ੍ਹੇ ਕੱਢਦਾ ਹੈ ਕਿ ਉਹ ਪੰਜਾਬ ਛੱਡ ਕੇ ਨਾ ਜਾਣ।
'ਛੋਟੇ ਸੱਭਿਆਚਾਰ' ਕਿਉਂ ਤੇ ਕਿਵੇਂ ਟੁੱਟਦੇ ਹਨ? ਚਿੰਤਕਾਂ ਤੇ ਸਮਾਜ ਵਿਗਿਆਨੀਆਂ ਅਨੁਸਾਰ ਜਦ ਜਾਗੀਰਦਾਰੀ ਸਮਾਜਾਂ ਨੂੰ ਆਧੁਨਿਕਤਾ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਨ੍ਹਾਂ ਵਿਚ ਕਈ ਤਰ੍ਹਾਂ ਦੀਆਂ ਕੜਵੱਲਾਂ ਪੈਂਦੀਆਂ ਹਨ। ਹਿੰਦੋਸਤਾਨ ਤੇ ਪੰਜਾਬ ਨੂੰ ਜਿਸ ਆਧੁਨਿਕਤਾ ਦਾ ਸਾਹਮਣਾ ਕਰਨਾ ਪਿਆ, ਉਹ ਇਸ ਦੀ ਧਰਤੀ ਦੀ ਕਮਾਈ ਹੋਈ ਨਹੀਂ ਸਗੋਂ ਅੰਗਰੇਜ਼ੀ ਬਸਤੀਵਾਦ ਰਾਹੀਂ ਸਾਡੇ ਲੋਕਾਂ ਦੇ ਸਿਰਾਂ 'ਤੇ ਆਣ ਖਲੋਤੀ ਸੀ। ਅੰਗਰੇਜ਼ ਹਾਕਮਾਂ ਨੇ ਆਪਣੇ ਅੰਗਰੇਜ਼ੀ/ਪੱਛਮੀ ਅੰਦਾਜ਼ ਵਿਚ ਪੁੱਛਿਆ ''ਤੁਸੀਂ ਕੌਣ ਹੋ?'' ਇਸ ਸਵਾਲ ਦਾ ਜਵਾਬ ਦੇਣਾ ਆਸਾਨ ਨਹੀਂ ਸੀ ਅਤੇ ਸਵਾਲ ਨੇ ਬਾਕੀ ਦੇ ਬਸਤੀਵਾਦੀ ਦੇਸ਼ਾਂ ਵਿਚ ਬੇਚੈਨ ਹੋਏ ਲੋਕਾਂ ਵਾਂਗ ਹਿੰਦੋਸਤਾਨੀਆਂ ਤੇ ਪੰਜਾਬੀਆਂ ਨੂੰ ਵੀ ਪ੍ਰੇਸ਼ਾਨ ਕੀਤਾ। ਇੱਥੇ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਜੋ ਲੋਕ ਈਸਟ ਇੰਡੀਆ ਕੰਪਨੀ ਬਣਾ ਕੇ ਭਾਰਤ ਵਿਚ ਆਏ, ਉਹ ਇੰਗਲੈਂਡ ਦੇ ਵਧੀਆ ਪ੍ਰਤੀਨਿਧ ਨਹੀਂ ਸਨ। ਉਨ੍ਹਾਂ ਵਿਚ ਇਹ ਜਜ਼ਬਾ ਕਿ ਉਹ ਇਕ ਵਧੀਆ ਨਸਲ ਨਾਲ ਸਬੰਧ ਰੱਖਦੇ ਸਨ ਤੇ ਪੂਰਬ ਦੇ ਅਸੱਭਿਅਕ ਲੋਕਾਂ ਦਾ ਸੁਧਾਰ ਕਰਨ ਆਏ ਸਨ, ਕਾਫ਼ੀ ਭਾਰੂ ਸੀ। ਇਸ ਸਵਾਲ ਦਾ ਜਵਾਬ ਦੇਣ ਲੱਗਿਆਂ ਪੂਰਬ ਦੇ ਬਹੁਤ ਸਾਰੇ ਸਮਾਜਾਂ ਨੇ ਆਪਣੇ ਅਤੀਤ ਵੱਲ ਵੇਖਿਆ ਅਤੇ ਆਪਣੇ ਆਪ ਨੂੰ ਅੰਗਰੇਜ਼ਾਂ ਨਾਲੋਂ ਜ਼ਿਆਦਾ ਸੱਭਿਆ, ਰੂਹਾਨੀ ਤੇ ਪਵਿੱਤਰ ਬਣਾ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਬਸਤੀਵਾਦੀ ਸਮਾਜਾਂ ਵਿਚ ਤਥਾਕਥਿਤ 'ਉਚੇਰੇ ਸੱਭਿਆਚਾਰਾਂ' ਦਾ ਆਰੰਭ ਹੋਇਆ।
'ਉਚੇਰੇ ਸੱਭਿਆਚਾਰ' ਤੋਂ ਕਿਸੇ ਨੂੰ ਕੀ ਉਜਰ ਹੋ ਸਕਦਾ ਹੈ? ਮੁਸ਼ਕਲ ਇਹ ਹੈ ਕਿ 'ਉਚੇਰੇ ਸੱਭਿਆਚਾਰ' ਵਿਚਲੀ ਵਿਚਾਰਧਾਰਕ ਬਣਤਰ ਫ਼ਿਰਕਾਪ੍ਰਸਤ ਲੀਹਾਂ 'ਤੇ ਉਸਾਰੀ ਜਾਂਦੀ ਹੈ, ਉਸ ਵਿਚ ਆਪਣੇ ਧਰਮ ਨੂੰ ਦੂਸਰੇ ਧਰਮਾਂ ਨਾਲੋਂ ਬਿਹਤਰ ਤੇ ਉਚੇਰਾ ਦੱਸਿਆ ਜਾਂਦਾ ਹੈ। ਬਸਤੀਵਾਦੀ ਹਕੂਮਤਾਂ ਇਨ੍ਹਾਂ ਬਣਤਰਾਂ ਨਾਲ ਡੂੰਘੇ ਹੁੰਦੇ ਵਖਰੇਵਿਆਂ ਨੂੰ ਵਧਾਉਣ ਅਤੇ ਲੋਕਾਂ ਨੂੰ ਆਪਸ ਵਿਚ ਵੰਡ ਕੇ ਰੱਖਣ ਲਈ ਵਰਤਦੀਆਂ ਹਨ। ਅੰਗਰੇਜ਼ ਪਹਿਲੀ ਜਨਗਣਨਾ ਰਾਹੀਂ ਇਹ ਸਵਾਲ ਲੋਕਾਂ ਦੇ ਮਨਾਂ ਵਿਚ ਠੋਸਣ ਵਿਚ ਸਫ਼ਲ ਹੋਏ ਕਿ ਉਨ੍ਹਾਂ ਨੂੰ ਅੰਗਰੇਜ਼ਾਂ ਵੱਲੋਂ ਦੱਸੇ ਜਾ ਰਹੇ ਵਰਗਾਂ ਵਿਚੋਂ ਇਕ ਨੂੰ ਚੁਣਨਾ ਪੈਣਾ ਹੈ। ਉਦਾਹਰਨ ਦੇ ਤੌਰ 'ਤੇ ਉਨ੍ਹਾਂ ਵੇਲ਼ਿਆਂ ਦਾ ਹਿੰਦੂ ਵਸਨੀਕ ਆਪਣੇ ਆਪ ਨੂੰ ਵੈਸ਼ਨਵ, ਦੇਵੀ ਜਾਂ ਸ਼ਿਵ ਪੂਜਕ, ਕਬੀਰਪੰਥੀ ਜਾਂ ਕੁਝ ਹੋਰ ਵੀ ਅਖਵਾ ਸਕਦਾ ਸੀ ਪਰ ਉਸ ਨੂੰ ਇਹ ਦੱਸਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ ਅਤੇ ਉਸ ਨੂੰ ਇਕੋ ਇਕ ਵਰਗ ਹਿੰਦੂ ਵਿਚ ਦਰਜ ਕੀਤਾ ਗਿਆ। ਇਸੇ ਤਰ੍ਹਾਂ ਮੁਸਲਮਾਨਾਂ ਨੂੰ ਵੱਖ ਵੱਖ ਫ਼ਿਰਕੇ ਦੱਸਣ ਦੀ ਬਜਾਇ ਸਿਰਫ਼ ਮੁਸਲਿਮ ਵਰਗ ਨੂੰ ਹੀ ਚੁਣਨਾ ਪੈਣਾ ਸੀ। ਇਸ ਤਰ੍ਹਾਂ ਬਸਤੀਵਾਦੀ ਨਿਜ਼ਾਮ ਨੇ ਫ਼ਿਰਕੂ ਲਹਿਰਾਂ 'ਤੇ ਉਸਰਨ ਵਾਲੇ 'ਉਚੇਰੇ ਸੱਭਿਆਚਾਰਾਂ' ਦੇ ਸੰਕਲਪ ਨੂੰ ਬਲ ਦਿੱਤਾ। ਵਿਨਾਇਕ ਦਮੋਦਰ ਸਾਵਰਕਰ ਦੀ ਬਣਾਈ ਹੋਈ ਹਿੰਦੂਤਵ ਦੀ ਉਚੇਰੇ ਸੱਭਿਆਚਾਰ ਦੀ ਬਣਤਰ ਵੀ ਇਸੇ ਕੜੀ ਦਾ ਹਿੱਸਾ ਹੈ। ਇਸੇ ਤਰ੍ਹਾਂ ਦੇ ਵਿਚਾਰ ਉਸ ਵੇਲੇ ਦੇ ਪੰਜਾਬੀ ਹਿੰਦੂ, ਸਿੱਖ ਤੇ ਮੁਸਲਮਾਨ ਲੇਖਕਾਂ ਦੀਆਂ ਲਿਖ਼ਤਾਂ ਵਿਚ ਪ੍ਰਗਟ ਹੋਏ।
'ਉਚੇਰੇ ਸੱਭਿਆਚਾਰ' ਦੀ 'ਸਮਝ' ਕਿਵੇਂ ਲੋਕਾਂ ਦੀ ਸਾਂਝੀਵਾਲਤਾ ਨੂੰ ਤੋੜਦੀ ਹੈ ਅਤੇ ਧਾਰਮਿਕ ਜਨੂਨ ਪੈਦਾ ਕਰਦੀ ਹੈ, ਦੀ ਮਿਸਾਲ ਪੰਜਾਬ ਦੀ ਵੰਡ ਵੇਲ਼ੇ ਪੈਦਾ ਹੋਏ ਸਾਹਿਤ ਵਿਚੋਂ ਕਈ ਥਾਵਾਂ 'ਤੇ ਮਿਲਦੀ ਹੈ। ਮਹਿੰਦਰ ਸਿੰਘ ਸਰਨਾ ਦੀ ਕਹਾਣੀ 'ਗੋਂਦਲਣਵਾਲਾ' ਵਿਚ ਪਿੰਡ ਦਾ ਸਰਪੰਚ ਕਰੀਮ ਬਖ਼ਸ਼ ਪੁਰਾਣੀ ਸਾਂਝੀਵਾਲਤਾ ਦਾ ਹਾਮੀ ਹੈ ਜਦੋਂਕਿ ਉਸ ਦਾ ਪੁੱਤਰ ਮਨਜ਼ੂਰ ਨਵੇਂ ਉਚੇਰੇ ਸੱਭਿਆਚਾਰ ਦੁਆਰਾ ਪ੍ਰਚਾਰੇ ਗਏ ਇਸਲਾਮ ਦਾ। ਕਰੀਮ ਬਖ਼ਸ਼ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਮਨਜ਼ੂਰ ਹਿੰਦੂ-ਸਿੱਖਾਂ ਦੇ ਕਤਲੇਆਮ ਤੇ ਲੁੱਟ-ਮਾਰ ਵਿਚ ਹਿੱਸਾ ਲੈਂਦਾ ਹੈ ਅਤੇ ਇਕ ਕੁੜੀ ਵੀ ਉਧਾਲ ਲਿਆਉਂਦਾ ਹੈ। ਪੁੱਤਰ ਦਾ ਇਹ ਵਰਤਾਰਾ ਵੇਖ ਕੇ ਕਰੀਮ ਬਖ਼ਸ਼ ਨੂੰ ਅੰਤਾਂ ਦਾ ਗੁੱਸਾ ਆਉਂਦਾ ਹੈ, ਉਹ ਉਸ ਨੂੰ ਗਾਲ੍ਹਾਂ ਕੱਢਦਾ ਹੋਇਆ ਕੁੱਟਣ ਲੱਗ ਪੈਂਦਾ ਹੈ, ਮਾਰਦਿਆਂ ਮਾਰਦਿਆਂ ਉਹਨੂੰ ਸਾਹ ਚੜ੍ਹ ਜਾਂਦਾ ਹੈ, ਮਨਜ਼ੂਰ ਛੁੱਟ ਕੇ ਭੱਜ ਜਾਂਦਾ ਹੈ, ਚੌਧਰੀ ਨੂੰ ਦਿਲ ਦਾ ਦੌਰਾ ਪੈਂਦਾ ਹੈ ਤੇ ਉਹ ਮਰ ਜਾਂਦਾ ਹੈ। ਚੌਧਰੀ ਦਾ ਭਣੇਵਾਂ ਪਿੰਡ ਅਫ਼ਸੋਸ ਕਰਨ ਆਉਂਦਾ ਹੈ। ਇਕ ਨੌਜਵਾਨ ਉਸ ਨਾਲ ਅਫ਼ਸੋਸ ਕਰਦਿਆਂ ਕਹਿੰਦਾ ਹੈ ਕਿ ਚੌਧਰੀ ਬਹੁਤ ਚੰਗਾ ਬੰਦਾ ਸੀ ਪਰ ਉਸ ਨੂੰ ''ਅਸਲਾਮ'' ਦਾ ਪਤਾ ਨਹੀਂ ਸੀ। ਇਨ੍ਹਾਂ ਨੌਜਵਾਨਾਂ ਨੂੰ ਨਵੇਂ 'ਇਸਲਾਮ' ਦਾ ਪਤਾ ਲੱਗ ਚੁੱਕਾ ਸੀ ਤੇ ਉਹ ਆਪਣੇ ਹੀ ਗਵਾਂਢੀਆਂ ਦੇ ਖ਼ੂਨ ਦੇ ਪਿਆਸੇ ਹੋ ਗਏ ਸਨ। ਇਸ ਤਰ੍ਹਾਂ ਵੰਡ ਤੋਂ ਪਹਿਲਾਂ, ਦੌਰਾਨ ਤੇ ਬਾਅਦ ਵਿਚ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੇ ਆਪਣੇ ਆਪਣੇ ਧਰਮਾਂ ਦੀ 'ਉਚੇਰੇ ਸੱਭਿਆਚਾਰ' ਦੀ ਬਣਤਰ ਨੂੰ ਪ੍ਰਚੰਡ ਕੀਤਾ।
ਲੋਕ ਧਾਰਮਿਕ ਜਨੂਨ ਵਿਰੁੱਧ ਨਾ ਲੜ ਸਕੇ ਅਤੇ ਦੇਸ਼ ਦੀ ਵੰਡ ਹੋਈ। ਫ਼ਿਰਕਾਪ੍ਰਸਤੀ ਦਾ ਜ਼ਹਿਰ ਲੋਕਾਂ ਦੇ ਮਨ ਵਿਚ ਘਰ ਕਰ ਗਿਆ। ਪਾਕਿਸਤਾਨ ਵਿਚ ਇਸ ਨੇ ਆਪਣਾ ਰੰਗ ਬਹੁਤ ਜਲਦੀ ਵਿਖਾਇਆ ਅਤੇ ਦੇਸ਼ ਕੱਟੜਪੰਥੀ ਵੱਲ ਵਧਦਾ ਗਿਆ। ਦੇਸ਼ ਦੇ ਦੋ ਹਿੱਸੇ ਹੋ ਗਏ ਅਤੇ ਅਹਿਮਦੀਆ ਫ਼ਿਰਕੇ ਨੂੰ ਗ਼ੈਰ-ਮੁਸਲਿਮ ਕਰਾਰ ਦਿੱਤਾ ਗਿਆ। ਹਿੰਦੋਸਤਾਨ ਦੇ ਪੱਛਮ ਵਿਚ ਬਚੇ ਹੋਏ ਪਾਕਿਸਤਾਨ ਦੇ ਲੋਕਾਂ ਦੀ ਕਿਸਮਤ ਮੁਲਾਣਿਆਂ ਦੇ ਹੱਥ ਵਿਚ ਚਲੀ ਗਈ ਜਿਸ ਦੇ ਬਹੁਤ ਦੁਖਦਾਈ ਸਿੱਟੇ ਨਿਕਲੇ।
ਭਾਰਤ ਵਿਚ ਸੰਵਿਧਾਨ ਦੇ ਰਚਣਹਾਰਾਂ ਨੇ ਧਰਮ ਨਿਰਪੱਖ ਜਮਹੂਰੀਅਤ ਦਾ ਤਸੱਵਰ ਪੇਸ਼ ਕੀਤਾ ਜਿਸ ਵਿਚ ਘੱਟਗਿਣਤੀਆਂ, ਅਨੁਸੂਚਿਤ ਜਾਤੀਆਂ ਤੇ ਜਨਜਾਤੀਆਂ ਦੇ ਹੱਕਾਂ ਦੀ ਸਾਂਭ-ਸੰਭਾਲ ਲਈ ਵਿਸ਼ੇਸ਼ ਹੱਕ ਦਿੱਤੇ ਗਏ। 1980ਵਿਆਂ ਵਿਚ ਇਸ ਧਰਮ ਨਿਰਪੱਖ ਬਣਤਰ ਵਿਚ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ। ਇਸ ਦੇ ਸਿੱਟੇ ਵਜੋਂ ਪੰਜਾਬ ਨੇ ਅਤਿਵਾਦ ਦਾ ਸੰਤਾਪ ਭੋਗਿਆ। ਜਨਸੰਘ, ਜੋ ਜਨਤਾ ਪਾਰਟੀ ਦੇ ਟੁੱਟਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਰੂਪ ਵਿਚ ਹੋਂਦ ਵਿਚ ਆਈ, ਨੂੰ ਵੀ ਇਹ ਗੱਲ ਚੰਗੀ ਤਰ੍ਹਾਂ ਸਮਝ ਵਿਚ ਆ ਗਈ ਕਿ ਧਰਮ ਜਮਹੂਰੀ ਸਿਆਸਤ ਵਿਚ ਵਿਸ਼ੇਸ਼ ਭੂਮਿਕਾ ਅਦਾ ਕਰ ਸਕਦਾ ਹੈ। ਇਸੇ ਸਮਝ ਅਨੁਸਾਰ ਰਾਮ ਮੰਦਰ ਦੀ ਸਮੱਸਿਆ ਨੂੰ ਉਭਾਰਿਆ ਗਿਆ ਅਤੇ ਮੱਧਕਾਲੀਨ ਸਮਿਆਂ ਦੇ ਇਤਿਹਾਸ ਵਿਚ ਮੁਸਲਮਾਨ ਹਾਕਮਾਂ ਦੁਆਰਾ ਕੀਤੇ ਗਏ ਜ਼ੋਰ-ਜ਼ਬਰ ਨੂੰ ਅੱਜ ਦੀ ਸਿਆਸਤ ਦਾ ਹਿੱਸਾ ਬਣਾਇਆ ਗਿਆ। ਹਿੰਦੂਤਵ ਦੀ ਵਿਚਾਰਧਾਰਕ ਬਣਤਰ ਨੇ ਇਸ ਤਹਿਰੀਕ ਵਿਚ ਵੱਡੀ ਸਿਆਸੀ ਭੂਮਿਕਾ ਨਿਭਾਈ। ਘੱਟਗਿਣਤੀ ਫ਼ਿਰਕੇ ਨੂੰ ਪਰਾਇਆ, ਓਪਰਾ, ਬੇਗਾਨਾ ਤੇ ਦੇਸ਼-ਵਿਰੋਧੀ ਦੱਸਣਾ ਤੇ ਪਾਕਿਸਤਾਨ-ਵਿਰੋਧ ਇਸ ਵਿਚਾਰਧਾਰਕ ਬਣਤਰ ਦੀਆਂ ਹੋਰ ਚੂਲਾਂ ਬਣ ਗਈਆਂ। 2002 ਵਿਚ ਗੁਜਰਾਤ ਵਿਚ ਹੋਏ ਦੰਗਿਆਂ ਨੇ ਇਹ ਵੀ ਦੱਸਿਆ ਕਿ ਕਿਵੇਂ ਲੋਕਾਂ ਵਿਚ ਵਧਦਾ ਤੇ ਵਧਾਇਆ ਜਾਂਦਾ ਫ਼ਿਰਕੂ ਪਾੜਾ ਸਿਆਸੀ ਲਾਹੇ ਲਈ ਵਰਤਿਆ ਜਾ ਸਕਦਾ ਹੈ। ਇਸ ਦਾ ਫ਼ਾਇਦਾ ਪ੍ਰਤੱਖ ਤੌਰ 'ਤੇ ਭਾਰਤੀ ਜਨਤਾ ਪਾਰਟੀ ਨੂੰ ਹੋਇਆ ਤੇ ਉਹ 2014 ਅਤੇ ਹੁਣ 2019 ਵਿਚ ਵੱਡੀ ਸਿਆਸੀ ਪਾਰਟੀ ਬਣ ਕੇ ਉੱਭਰੀ।
ਇਹ ਕਿਹਾ ਜਾ ਰਿਹਾ ਹੈ ਕਿ ਭਾਜਪਾ ਅਤੇ ਉਸ ਦੇ ਆਗੂ ਆਪਣੀ ਵੱਡੀ ਸੂਝ-ਬੂਝ ਕਾਰਨ ਹੀ ਇਹ ਸਮਝ ਸਕੇ ਹਨ ਕਿ ਦੇਸ਼ ਦੀ ਬਹੁਗਿਣਤੀ ਕੀ ਚਾਹੁੰਦੀ ਹੈ। ਇਸ ਤਰ੍ਹਾਂ ਦੀ ਦਲੀਲ ਬਹੁਤ ਖ਼ਤਰਨਾਕ ਹੈ। ਦੇਸ਼ ਦੀ ਬਹੁਗਿਣਤੀ ਬੇਰੁਜ਼ਗਾਰੀ ਤੇ ਗ਼ਰੀਬੀ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਜਾਂ ਆਪਣੀ ਸੱਭਿਆਚਾਰਕ ਸ੍ਰੇਸ਼ਟਤਾ ਦਾ ਝੰਡਾ ਬੁਲੰਦ ਕਰਨਾ ਚਾਹੁੰਦੀ ਹੈ? ਉਹ ਕੀ ਚਾਹੁੰਦੀ ਹੈ, ਦਾ ਫ਼ੈਸਲਾ ਕੌਣ ਕਰ ਰਿਹਾ ਹੈ? ਇਸ ਵੇਲ਼ੇ ਉਹ ਲੋਕ ਸਫ਼ਲ ਹਨ ਜੋ ਬਹੁਗਿਣਤੀ ਦੇ ਮਨ ਵਿਚ ਉਨ੍ਹਾਂ ਦੀ ਸੱਭਿਆਚਾਰਕ ਤੇ ਧਾਰਮਿਕ ਸ੍ਰੇਸ਼ਟਤਾ ਦੀ ਭਾਵਨਾ ਨੂੰ ਮੁੱਖ ਮੁੱਦਾ ਬਣਾਉਣ ਵਿਚ ਕਾਮਯਾਬ ਹੋਏ ਹਨ। ਉਨ੍ਹਾਂ ਨੇ ਬਹੁਗਿਣਤੀ ਨੂੰ ਇਹ ਯਕੀਨ ਦਿਵਾ ਦਿੱਤਾ ਹੈ ਕਿ ਸਦੀਆਂ ਬਾਅਦ ਉਨ੍ਹਾਂ ਨਾਲ ਨਿਆਂ ਹੋ ਰਿਹਾ ਹੈ। ਇਸ ਤਰ੍ਹਾਂ ਕਿਸੇ ਵੀ ਧਾਰਮਿਕ ਫ਼ਿਰਕੇ ਦੀਆਂ ਮੰਗਾਂ, ਉਮੰਗਾਂ ਤੇ ਖ਼ਾਹਿਸ਼ਾਂ ਦਾ ਫ਼ੈਸਲਾ ਉਸ ਫ਼ਿਰਕੇ ਦੇ ਆਮ ਲੋਕ ਨਹੀਂ ਸਗੋਂ ਕੁਝ ਖ਼ਾਸ ਤਰ੍ਹਾਂ ਦੇ ਲੋਕ ਕਰਦੇ ਹਨ ਜੋ ਉਸ ਫ਼ਿਰਕੇ ਦੀ ਸਰਬਉੱਚਤਾ ਦੇ ਰਖਵਾਲੇ ਹੋਣ ਦੇ ਨਾਂ ਹੇਠ ਆਪਣੀ ਤਾਕਤ ਮਜ਼ਬੂਤ ਕਰਦੇ ਹਨ। ਇਸ ਦੇ ਨਾਲ ਨਾਲ ਉਨ੍ਹਾਂ ਦਾ ਸਾਰਾ ਜ਼ੋਰ ਦੂਸਰੇ ਫ਼ਿਰਕਿਆਂ ਨੂੰ ਛੁਟਿਆਉਣ ਤੇ ਦਬਾ ਕੇ ਰੱਖਣ ਵਿਚ ਲੱਗ ਜਾਂਦਾ ਹੈ। ਇਹੋ ਜਿਹੇ ਹਾਲਾਤ ਕਿਸੇ ਵੀ ਦੇਸ਼ ਲਈ ਬਹੁਤ ਖ਼ਤਰਨਾਕ ਹੁੰਦੇ ਹਨ। ਹਿੰਦੋਸਤਾਨ ਵੀ ਇਤਿਹਾਸ ਦੇ ਅਜਿਹੇ ਹੀ ਮੋੜ 'ਤੇ ਖੜ੍ਹਾ ਹੈ।