ਟੁੱਟ ਜਾਏ ਵਿਸ਼ਵਾਸ ਤਾਂ ਕੁਝ ਵੀ ਰਹਿੰਦਾ ਨਹੀਂ - ਸ਼ਾਮ ਸਿੰਘ ਅੰਗ-ਸੰਗ

ਵਿਸ਼ਵਾਸ ਅਜਿਹੀ ਕਿਰਿਆ ਹੈ ਜਿਸ ਦਾ ਸੰਬੰਧ ਦਿਲ ਨਾਲ ਵੀ ਹੈ ਅਤੇ ਸੋਚ ਨਾਲ ਵੀ। ਬਚਪਨ ਤੋਂ ਹੀ ਵਿਸ਼ਵਾਸ ਦਾ ਬੀਜ ਅਜਿਹਾ ਬੀਜਿਆ ਜਾਂਦਾ ਹੈ, ਜੋ ਸਦਾ ਪੁੰਗਰਦਾ ਤਾਂ ਰਹਿੰਦਾ ਹੈ, ਕਦੇ ਮੁਰਝਾਂਦਾ ਨਹੀਂ। ਜੇ ਕੋਈ ਸ਼ੱਕ ਵੀ ਪੈ ਜਾਵੇ ਤਾਂ ਵੀ ਵਿਸ਼ਵਾਸ਼ ਦੀਆਂ ਜੜ੍ਹਾਂ ਨੂੰ ਨੁਕਸਾਨ ਨਹੀਂ ਪਹੁੰਚਦਾ, ਕਿਉਂਕਿ ਇਹ ਡੂੰਘੀਆਂ ਵੀ ਹੁੰਦੀਆਂ ਹਨ ਅਤੇ ਮਜ਼ਬੂਤ ਵੀ। ਭੋਲੇਪਨ ਦੀ ਉਮਰ ਵਿੱਚ ਬੱਚੇ ਨੂੰ ਮਾਤਾ-ਪਿਤਾ ਓਹੀ ਮੰਨਣੇ ਪੈਂਦੇ ਹਨ, ਜੋ ਉਸ ਨੂੰ ਦੱਸੇ ਜਾਂਦੇ ਹਨ, ਭਾਵੇਂ ਉਹ ਅਸਲੀ ਹੋਣ ਜਾਂ ਨਾ ਹੋਣ। ਅਜਿਹਾ ਕੁਝ ਵਿਸ਼ਵਾਸ ਹੀ ਹੁੰਦਾ ਹੈ, ਹੋਰ ਕੁਝ ਵੀ ਤਾਂ ਨਹੀਂ।
       ਰੱਬ ਪਤਾ ਨਹੀਂ ਕਿਸੇ ਨੇ ਦੇਖਿਆ ਜਾਂ ਨਹੀਂ, ਪਰ ਦੱਸੇ-ਦਸਾਏ 'ਤੇ ਹੀ ਉਸ ਨੂੰ ਮੰਨਣਾ ਪੈ ਜਾਂਦਾ ਹੈ, ਕਿਉਂਕਿ ਦੱਸਣ ਵਾਲੇ ਦਾ ਵਿਸ਼ਵਾਸ ਹੀ ਬੋਲ ਰਿਹਾ ਹੁੰਦਾ ਹੈ, ਉਹ ਖ਼ੁਦ ਨਹੀਂ ਬੋਲ ਰਿਹਾ ਹੁੰਦਾ। ਜਿਨ੍ਹਾਂ ਗੁਰੂਆਂ, ਪੀਰਾਂ ਅਤੇ ਪੈਗੰਬਰਾਂ ਨੇ ਰੱਬ ਨੂੰ ਦੇਖਿਆ ਵੀ ਹੈ, ਉਹ ਵੀ ਉਸ ਦੀ ਜਾਣ-ਪਛਾਣ ਦੱਸਣ ਨੂੰ ਕਰੜੀ ਸਾਰ ਵੀ ਕਹਿੰਦੇ ਹਨ, ਅਕੱਥ ਵੀ। ਅੱਲ੍ਹਾ, ਖ਼ੁਦਾ, ਗੌਡ, ਈਸ਼ਵਰ ਅਤੇ ਕਰਤਾ ਜਿਹੇ ਨਾਵਾਂ ਨਾਲ ਜਾਣੇ ਜਾਂਦੇ ਪ੍ਰਮੇਸ਼ਰ ਦੀ ਹੋਂਦ (ਅਣਹੋਂਦ) ਵਿਸ਼ਵਾਸ 'ਤੇ ਆਧਾਰਤ ਹੈ, ਕਿਸੇ ਹਕੀਕਤ 'ਤੇ ਨਹੀਂ।
        ਜੇ ਵਿਸ਼ਵਾਸ ਤਿੜਕ ਜਾਵੇ, ਵਿਸ਼ਵਾਸ ਦਾ ਸੁਫ਼ਨਾ ਟੁੱਟ ਜਾਵੇ ਤਾਂ ਪੱਲੇ ਕੁਝ ਨਹੀਂ ਰਹਿੰਦਾ। ਮਨੁੱਖਤਾ ਇੱਕ ਦੂਜੇ ਦੇ ਵਿਸ਼ਵਾਸ 'ਤੇ ਹੀ ਤੁਰੀ ਫਿਰਦੀ ਅਤੇ ਵਿਚਰਦੀ ਹੈ, ਨਹੀਂ ਤਾਂ ਇਹ ਬੇਸਿਰ-ਪੈਰ ਹੋ ਕੇ ਰਹਿ ਜਾਵੇ। ਇਸ ਲਈ ਜ਼ਰੂਰੀ ਹੈ ਕਿ ਸਮਾਜ ਦੇ ਰਹਿਬਰ ਉਨ੍ਹਾਂ ਗੱਲਾਂ ਵੱਲ ਸੰਜੀਦਾ ਹੋ ਕੇ ਧਿਆਨ ਦੇਣ, ਜੋ ਵਿਸ਼ਵਾਸ ਤੋਂ ਬਗ਼ੈਰ ਤੁਰ ਹੀ ਨਹੀਂ ਸਕਦੇ। ਜੇ ਧਾਰਮਿਕਤਾ ਦੇ ਖੇਤਰ ਵਿਚਲੇ ਅਗਵਾਈ ਦੇਣ ਵਾਲੇ ਪੀਰ-ਪੈਗੰਬਰ ਵਿਸ਼ਵਾਸ ਦੀ ਜ਼ਮੀਨ ਨੂੰ ਉੱਤਮ ਨਾ ਬਣਾਈ ਰੱਖਣ ਤਾਂ ਰੱਬ ਦੀ ਹੋਂਦ ਨੂੰ ਕਿਰਨ ਤੋਂ ਦੇਰ ਨਹੀਂ ਲੱਗਣ ਲੱਗੀ।
       ਰਾਜਨੀਤਕ ਖੇਤਰ ਵਿੱਚ ਸਿਆਸਤਦਾਨਾਂ ਦਾ ਅਹਿਮ ਫ਼ਰਜ਼ ਹੈ ਕਿ ਉਹ ਜਨਤਾ ਦੇ ਵਿਸ਼ਵਾਸ ਨੂੰ ਹਰ ਹੀਲੇ ਕਾਇਮ ਰੱਖਣ ਤਾਂ ਜੋ ਸਿਆਸੀ ਤਾਣਾ-ਬਾਣਾ ਕਿਸੇ ਉਲਝਣ ਵਿੱਚ ਨਾ ਉਲਝੇ। ਜੇ ਕਿਸੇ ਮਾੜੀ ਨੀਤ ਨਾਲ ਰਾਜ ਭਾਗ ਕਾਇਮ ਰੱਖਣ ਲਈ ਇੱਕ ਕਦਮ ਵੀ ਗ਼ਲਤ ਪੁੱਟਿਆ ਜਾਏ ਤਾਂ ਸਾਰੇ ਦਾ ਸਾਰਾ ਦੇਸ਼ ਖ਼ਤਰਿਆਂ ਤੋਂ ਬਚ ਕੇ ਨਹੀਂ ਰਹਿ ਸਕਦਾ ।
       ਅਸਲ ਵਿੱਚ ਵਿਸ਼ਵਾਸ ਦਾ ਬੂਟਾ ਅਜਿਹਾ ਹੁੰਦਾ ਹੈ, ਜਿਸ 'ਤੇ ਨਿਰੰਤਰ ਧਿਆਨ ਵੀ ਦੇਣਾ ਪੈਂਦਾ ਹੈ ਅਤੇ ਪਹਿਰਾ ਵੀ। ਰੱਬ 'ਚੋਂ ਵਿਸ਼ਵਾਸ ਹਟ ਵੀ ਜਾਵੇ ਤਾਂ ਨਾਸਤਕ ਹੋ ਕੇ ਵੀ ਕਾਰਜ ਚੱਲਦਾ ਰਹਿੰਦਾ ਹੈ, ਪਰ ਰਾਜਨੀਤੀ ਵਿੱਚ ਨੁਕਸ ਪੈ ਜਾਣ ਤਾਂ ਮਨੁੱਖਤਾ ਦਾ ਘਾਣ ਹੋਣ ਤੋਂ ਨਹੀਂ ਬਚਦਾ, ਜੋ ਕਿਸੇ ਤਰ੍ਹਾਂ ਵੀ ਠੀਕ ਨਹੀਂ। ਕਿਸੇ ਠੱਗੀ, ਹੇਰਾਫੇਰੀ, ਧੋਖੇਬਾਜ਼ੀ ਅਤੇ ਚਲਾਕੀ ਨਾਲ ਰਾਜ-ਭਾਗ ਹਥਿਆਉਣਾ ਥੋੜ੍ਹੇ ਸਮੇਂ ਲਈ ਤਾਂ ਠੀਕ ਹੋ ਸਕਦਾ ਹੈ, ਪਰ ਚਿਰ ਸਥਾਈ ਨਹੀਂ, ਇਸ ਲਈ ਜ਼ਰੂਰੀ ਹੈ ਕਿ ਰਾਜਨੀਤੀ ਦੇ ਖੇਤਰ ਵਿੱਚ ਸਾਫ਼-ਸੁਥਰਾ ਰਹਿ ਕੇ ਹੀ ਕੰਮ ਕੀਤੇ ਜਾਣ।
      ਜੇ ਰਾਜਨੀਤੀ ਦੇ ਵਿਹਾਰ 'ਤੇ ਦੇਸ਼ ਦੇ ਲੋਕਾਂ ਨੂੰ ਸ਼ੱਕ ਪੈ ਜਾਵੇ ਤਾਂ ਉਸ ਨੂੰ ਹਰੇਕ ਹਾਲਤ ਵਿੱਚ ਖ਼ਤਮ ਕਰਨ ਲਈ ਕਦਮ ਉਠਾਏ ਜਾਣ ਤਾਂ ਕਿ ਲੋਕ-ਮਨਾਂ ਵਿੱਚੋਂ ਕਲੇਸ਼ ਮੁੱਕ ਸਕੇ। ਜਨਤਾ ਦੀ ਮੰਗ ਉਡੀਕੇ ਬਗੈਰ ਹੀ ਰਾਜਨੀਤੀਵਾਨਾਂ ਨੂੰ ਸ਼ੱਕ ਖ਼ਤਮ ਕਰਨ ਲਈ ਤੁਰਤ ਵਸੀਲੇ ਕੀਤੇ ਜਾਣ ਤਾਂ ਕਿ ਲੋਕ ਸ਼ਾਂਤੀ ਨਾਲ ਰਹਿ ਕੇ ਮੁਲਕ ਦੇ ਵਿਕਾਸ ਲਈ ਜੁਟ ਜਾਣ।
      ਵਿਸ਼ਵਾਸ ਚੰਗੇ ਸੰਬੰਧਾਂ 'ਤੇ ਵੀ ਆਧਾਰਤ ਹੁੰਦਾ ਹੈ ਅਤੇ ਮੋਹ-ਮੁਹੱਬਤ 'ਤੇ ਵੀ। ਮੇਰੇ ਬਜ਼ੁਰਗ ਮਿੱਤਰ ਸੋਹਨ ਸਿੰਘ ਜੋਸ਼ ਨੇ ਜਦ 'ਟੁੱਟੇ ਦਿਲ ਨਹੀਂ ਜੁੜਦੇ ਵੇਖੀਂ ਤੋੜੀਂ ਨਾ, ਕਲੀਆਂ ਤੋਂ ਵੱਧ ਕੋਮਲ ਦੇਖ ਮਰੋੜੀਂ ਨਾ' ਇਹ ਲਿਖਿਆ ਤਾਂ ਇਸ ਪਿੱਛੇ ਛੁਪੇ ਵਿਸ਼ਵਾਸ ਦੀ ਵੀ ਗਵਾਹੀ ਹੈ, ਜਿਸ ਨੂੰ ਸਹਿਜੇ ਕੀਤੇ ਮੁਕਾਇਆ ਜਾਣਾ ਸੰਭਵ ਹੀ ਨਹੀਂ। ਦਿਲ ਤੋੜਨਾ ਵਿਸ਼ਵਾਸ ਤੋੜਨ ਵਰਗੀ ਹੀ ਗੱਲ ਹੈ, ਜਿਸ ਵੱਲ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਰਹਿਬਰਾਂ ਨੂੰ ਸੁਹਿਰਦਤਾ ਨਾਲ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਤਰੇੜਾਂ ਪੈਣ ਦੀ ਸੰਭਾਵਨਾ ਹੀ ਪੈਦਾ ਨਾ ਹੋ ਸਕੇ।
       ਜੇ ਵਿਸ਼ਵਾਸ ਟੁੱਟ ਜਾਏ ਤਾਂ ਪੱਲੇ ਵਿੱਚ ਕੁਝ ਵੀ ਨਹੀਂ ਰਹਿੰਦਾ। ਕਹਿੰਦੇ ਨੇ ਵਿਸ਼ਵਾਸ ਅੰਨ੍ਹਾ ਹੁੰਦਾ ਹੈ, ਪਰ ਅੱਖਾਂ ਵਾਲਾ ਵੀ ਹੁੰਦਾ ਹੈ, ਜਿਸ ਨੂੰ ਸਿਆਣੇ ਲੋਕਾਂ ਨੇ ਹੀ ਪਾਲਿਆ ਪੋਸਿਆ ਹੈ, ਜੋ ਸਹੀ ਰਾਹ ਵੀ ਹੈ ਤੇ ਮੰਜ਼ਿਲ ਵੀ। ਜਿੰਨਾ ਕਿਸ ਦਾ ਅਨੁਭਵ ਗਹਿਰਾ, ਓਨਾ ਹੀ ਉਸ ਦਾ ਵਿਸ਼ਵਾਸ ਮਜ਼ਬੂਤ। ਇਸ ਲਈ ਵਿਸ਼ਵਾਸ ਨਾ ਟੁੱਟਣ ਦੇਈਏ ਤੇ ਸਭ ਕੁਝ ਬਚਿਆ ਰਹੇ।


ਕਥਾ ਹੌਲੈਂਡ ਦੀ

ਹੌਲੈਂਡ ਅਜਿਹਾ ਅਦਭੁੱਤ ਦੇਸ਼ ਹੈ, ਕੁਦਰਤ ਦੇ ਨਿਯਮਾਂ ਮੁਤਾਬਕ ਸਾਫ਼-ਸੁਥਰਾ ਜੀਵਨ ਗੁਜ਼ਾਰਦਾ ਹੈ ਜਿਸ ਕਾਰਨ ਉੱਥੇ ਅਪਰਾਧ ਹੁੰਦੇ ਹੀ ਨਹੀਂ। ਜਦ ਅਪਰਾਧੀ ਹੀ ਨਹੀਂ ਤਾਂ ਉੱਥੋਂ ਦੀ ਸਰਕਾਰ ਨੇ ਸਾਰੀਆਂ ਦੀਆਂ ਸਾਰੀਆਂ ਜੇਲ੍ਹਾਂ ਬੰਦ ਕਰ ਦਿੱਤੀਆਂ। ਕੇਵਲ ਮੁਲਕ ਭਰ ਵਿੱਚ ਇੱਕ ਅਪਰਾਧੀ ਹੀ ਰਹਿ ਗਿਆ ਸੀ ਜਿਸ 'ਤੇ ਹੁੰਦਾ ਖਰਚਾ ਬਚਾਉਣ ਲਈ ਉਸ ਨੂੰ ਵੀ ਰਿਹਾਅ ਕਰ ਦਿੱਤਾ ਗਿਆ।
      ਹੁਣ ਆ ਜਾਓ ਭਾਰਤ ਦੇਸ਼ ਮਹਾਨ ਵੱਲ, ਜਿੱਥੇ ਹਰ ਅਪਰਾਧ ਹੋਈ ਜਾ ਰਿਹਾ, ਜਿਸ ਕਰਕੇ ਰੱਬ ਦੇ ਨਾਂ 'ਤੇ ਭਗਤੀ ਕਰਨ ਵਾਲੇ ਵੀ ਜੇਲ੍ਹਾਂ ਵਿੱਚ ਜਾ ਬਿਰਾਜੇ, ਕਿਉਂਕਿ 84 ਲੱਖ ਜੂਨਾਂ ਦੇ ਡਰ, ਨਰਕਾਂ ਦੇ ਤਸੀਹੇ ਅਤੇ ਸਵਰਗਾਂ ਦੇ ਵੱਡੇ ਲਾਲਚ ਦੇਣ ਵਾਲੇ ਸੰਤਾਂ, ਬਾਬਿਆਂ ਦੇ ਪਿੱਛੇ ਲੱਗ ਕੇ ਮੁਲਕ ਬਰਬਾਦ ਹੋ ਰਿਹੈ। ਉਨ੍ਹਾਂ ਨੇ ਵਿਸ਼ਵਾਸ ਤੋੜ ਕੇ ਰੱਖ ਦਿੱਤਾ, ਜਿਸ ਕਾਰਨ ਨਾ ਹੀ ਉਨ੍ਹਾਂ ਦੇ ਪੱਲੇ ਵਿੱਚ ਕੁਝ ਰਿਹਾ, ਨਾ ਉਨ੍ਹਾਂ ਮਗਰ ਲੱਗੀ ਭੋਲੀ ਜਨਤਾ ਦੇ। ਹੌਲੈਂਡ ਮਗਰ ਲੱਗੀਏ ਤਾਂ ਕਿ ਅਪਰਾਧ-ਮੁਕਤ ਹੋਈਏ।


ਗਹਿਰੇ ਭੇਤ ਵਿਲੱਖਣ ਜਾਣਕਾਰੀ

ਜੀਵਨ ਤੇ ਬ੍ਰਹਿਮੰਡ ਦੀਆਂ ਪਰਤਾਂ ਵਿੱਚ ਨਜ਼ਰ ਫੇਰਦਿਆਂ ਅਤੇ ਕਲਪਨਾ ਵਿੱਚ ਉਡਦਿਆਂ ਡਾਕਟਰ ਵਿਦਵਾਨ ਸਿੰਘ ਸੋਨੀ ਨੇ ਵਿਸ਼ਾਲ ਜਾਣਕਾਰੀਆਂ ਦਾ ਖੁਲਾਸਾ ਵੀ ਕੀਤਾ ਹੈ ਅਤੇ ਏਧਰੋਂ ਓਧਰੋਂ ਪ੍ਰਾਪਤ ਹੋਏ ਗਿਆਨ ਦਾ ਵੀ। ਇਨ੍ਹਾਂ ਜਾਣਕਾਰੀਆਂ ਅਤੇ ਗਿਆਨ ਨਾਲ ਲੇਖਕ ਹੀ ਨਹੀਂ, ਸਗੋਂ ਪਾਠਕ ਵੀ ਉਨ੍ਹਾਂ ਭੇਤਾਂ ਤੋਂ ਜਾਣੂ ਹੋਣਗੇ, ਜਿਹੜਾ ਉਨ੍ਹਾਂ ਦੇ ਚਿੱਤ-ਚੇਤਿਆਂ ਵਿੱਚ ਵੀ ਨਹੀਂ ਸੀ ਆ ਸਕਣਾ।

'ਕਈ ਕੋਟਿ ਅਕਾਸ਼ ਬ੍ਰਹਿਮੰਡ' ਪੁਸਤਕ ਦਾ ਮਨੋਰਥ ਜਿੱਥੇ ਧਰਤੀ ਅਤੇ ਇਸ ਉੱਤੇ ਵਿਚਰਦੇ ਜੀਵਨ ਬਾਰੇ ਵੱਖ-ਵੱਖ ਰੰਗਾਂ ਨੂੰ ਦਰਸਾਉਣਾ ਵੀ ਹੈ, ਸੂਰਜ, ਚੰਨ ਅਤੇ ਤਾਰਿਆਂ ਦੇ ਪਰਵਾਰ ਬਾਰੇ ਭਰਪੂਰ ਜਾਣਕਾਰੀ ਕਰਾਉਣਾ ਵੀ। ਭਾਵੇਂ ਸੂਰਜ ਅਤੇ ਚੰਨ ਕੋਲ ਆਪ ਪਹੁੰਚਣਾ ਤਾਂ ਬਹੁਤ ਮੁਸ਼ਕਲ ਹੈ, ਪਰ ਉਨ੍ਹਾਂ ਬਾਰੇ ਅੱਜ ਤੱਕ ਦੀ ਮਿਲਦੀ ਜਾਣਕਾਰੀ ਦੇ ਵੇਰਵਿਆਂ ਦੇ ਵਿਸਤਾਰ ਸੰਬੰਧੀ ਗੱਲਾਂ ਕਰਨੀਆਂ ਵੀ ਕ੍ਰਿਸ਼ਮਿਆਂ ਤੋਂ ਘੱਟ ਨਹੀਂ। ਅਕਾਸ਼ ਵਿੱਚ ਤਾਰਿਆਂ ਅਤੇ ਗਲੇਸ਼ੀਅਰਾਂ ਬਾਰੇ ਜਾਣਨਾ ਅਤੇ ਫੇਰ ਉਨ੍ਹਾਂ ਦੀ ਵਿਸ਼ਾਲਤਾ ਬਾਰੇ ਗਿਆਤ ਕਰਾਉਣਾ ਲੇਖਕ ਦੀ ਮਿਹਨਤ ਵੀ ਹੈ, ਹਾਸਲ ਵੀ।
      ਵਿਗਿਆਨਕ ਨਜ਼ਰੀਏ ਨਾਲ ਡਾ. ਸੋਨੀ ਨੇ ਧਰਤੀ ਦੇ ਸਾਜੇ ਜਾਣ ਅਤੇ ਬ੍ਰਹਿਮੰਡ ਦੀ ਬਣਤਰ ਬਾਰੇ ਸੱਚ ਦੇ ਨੇੜਲੇ ਸਪੱਸ਼ਟ ਨੁਕਤੇ ਵੀ ਦੱਸੇ ਹਨ ਅਤੇ ਪੁਲਾੜ ਵਿਚਲੇ ਅਦਭੁੱਤ ਗਹਿਰੇ ਭੇਤਾਂ ਬਾਰੇ ਵੀ। ਅੰਬਰ ਵੱਲ ਇੱਕ ਝਾਤ, ਕਿਹ ਬਿਧਿ ਸਜਾ ਪ੍ਰਥਮ ਸੰਸਾਰਾ, ਸੂਰਜਾਂ ਦੀ ਮੌਤ, ਮੰਗਲ ਗ੍ਰਹਿ 'ਤੇ ਪਾਣੀ ਵਗਦਾ ਹੈ, ਸਾਗਰ ਦੀ ਹਿੱਕ 'ਚੋਂ ਉੱਠਿਆ ਹਿਮਾਲਾ ਅਤੇ ਹੋਰ ਕਈ ਲੇਖਾਂ ਦੇ ਨਾਂਅ ਵੀ ਇਵੇਂ ਹੀ ਨਵੇਂ ਵਿਲੱਖਣ ਜਿਹੇ ਵੀ ਹਨ ਅਤੇ ਹਰੇਕ ਵਾਸਤੇ ਹੀ ਹੈਰਾਨਕੁੰਨ ਵੀ।
      ਕਿਤਾਬ ਵਿਚਲੇ ਲੇਖਾਂ ਬਾਰੇ ਜਿੰਨੀਆਂ ਮਰਜ਼ੀ ਟਿੱਪਣੀਆਂ ਕਰਦਾ ਰਹਾਂ, ਫੇਰ ਵੀ ਇਸ ਵਿਚਲੀ ਜਾਣਕਾਰੀ ਅਤੇ ਗਿਆਨ ਪਕੜ ਵਿੱਚ ਨਹੀਂ ਆਉਣ ਲੱਗੇ। ਨਾਲੇ ਜਿਹੜਾ ਅਨੰਦ ਲੇਖਾਂ ਨੂੰ ਖ਼ੁਦ ਪੜ੍ਹ ਕੇ ਆ ਸਕਦਾ ਹੈ, ਉਹ ਮੇਰੇ ਸਮੇਤ ਕਿਸੇ ਦੀਆਂ ਟਿੱਪਣੀਆਂ ਵਿੱਚੋਂ ਹਰਗਿਜ਼ ਨਹੀਂ ਆ ਸਕਦਾ।
       ਆਖਰ 'ਚ ਮੈਂ ਤਾਂ ਡਾ. ਵਿਦਵਾਨ ਸਿੰਘ ਸੋਨੀ ਨੂੰ ਇਸ ਲਈ ਮੁਬਾਰਕ ਪੇਸ਼ ਕਰਦਾ ਹਾਂ ਕਿ ਇਹੋ ਜਿਹੀ ਕਿਤਾਬ ਲਿਖ ਕੇ ਮਨੁੱਖਾਂ ਲਈ ਅਚੰਭੇ ਦੇ ਦਰ ਵੀ ਖੋਲ੍ਹੇ ਹਨ ਅਤੇ ਗਹਿਰੇ ਭੇਤਾਂ ਦੇ ਵੀ। ਨਾਲ ਦੀ ਨਾਲ ਨੈਸ਼ਨਲ ਬੁੱਕ ਟਰੱਸਟ ਨੂੰ ਵੀ ਵਧਾਈ ਕਿ ਇਹੋ ਜਿਹੀ ਦੁਰਲੱਭ ਅਤੇ ਅਮੁੱਲੀ ਜਾਣਕਾਰੀ ਵਾਲੀ ਕਿਤਾਬ ਛਾਪਣ ਲਈ ਤਿਆਰ ਹੋ ਗਿਆ।


ਪੂਰਨ ਸਿੰਘ ਨਹੀਂ ਰਹੇ

ਇੰਗਲੈਂਡ ਵਿੱਚ ਵਸਦੇ ਪੂਰਨ ਸਿੰਘ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ। ਉਹ ਬੜੇ ਦੂਰ-ਦਰਸ਼ੀ ਅਤੇ ਦਾਰਸ਼ਨਿਕ ਸੋਚ ਰੱਖਣ ਵਾਲੇ ਸਨ। ਉਹ ਕਈ ਪੁਸਤਕਾਂ ਦੇ ਰਚੇਤਾ ਸਨ ਅਤੇ ਆਪਣੀ ਗੱਲ ਨੂੰ ਬੜੀ ਹੀ ਦਲੀਲ ਅਤੇ ਠਰ੍ਹੰਮੇ ਨਾਲ ਆਖਦੇ। ਲੰਦਨ ਦੇ ਇੱਕ ਸਮਾਗਮ ਵਿੱਚ ਉਹ ਕਵਿਤਾ ਬਾਰੇ ਬੋਲੇ ਤਾਂ ਮੈਨੂੰ ਵੀ ਉੱਥੇ ਸੁਣਨ ਦਾ ਸੁਭਾਗ ਮਿਲਿਆ। ਮੈਂ ਉਨ੍ਹਾਂ ਦੀ ਗੱਲ ਦੇ ਉਲਟ ਬੋਲਿਆ, ਪਰ ਉਹ ਗੁੱਸੇ 'ਚ ਆਣ ਦੀ ਬਜਾਏ ਬਹੁਤ ਹੀ ਪ੍ਰਸੰਨ-ਚਿੱਤ ਹੋਏ। ਉਨ੍ਹਾਂ ਦੇ ਚਲਾਣੇ ਨਾਲ ਘਾਟਾ ਪੈ ਗਿਆ, ਜੋ ਹੁਣ ਪੂਰਾ ਹੋ ਸਕਣਾ ਆਸਾਨ ਨਹੀਂ।


ਲਤੀਫ਼ੇ ਦਾ ਚਿਹਰਾ ਮੋਹਰਾ

“ਗਵਰਨਰ ਸਾਹਿਬ ਕੀ ਤੁਸੀਂ ਮੈਨੂੰ ਮੁੱਖ ਮੰਤਰੀ ਬਣਾ ਸਕਦੇ ਹੋ, ਅੱਜ ਹੀ।''
''ਬਈ ਤੂੰ ਕੌਣ ਤੇ ਕਿਉਂ ਅਜਿਹਾ ਕਹਿ ਰਿਹਾਂ?''
''ਮੇਰੇ ਕੋਲ 95 ਵਿਧਾਇਕ ਹਨ ਅਤੇ ਮੈਂ ਉਸ ਤਬੇਲੇ ਦਾ ਮਾਲਕ ਹਾਂ ਜਿੱਥੇ ਇਹ ਸਾਰੇ ਦੇ ਸਾਰੇ ਵਿਧਾਇਕ ਐਸ਼ ਵਿੱਚ ਰੱਖੇ
 ਹੋਏ ਹਨ।''
ਇਸ 'ਤੇ ਗਵਰਨਰ ਜੀ ਚੁੱਪ ਹੀ ਰਹੇ, ਕੀ ਕਹਿੰਦੇ।

ਸੰਪਰਕ : 98141-13338